ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
“ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ।”—ਕਹਾ. 4:5.
1, 2. (ੳ) ਕਿਹੜੀ ਗੱਲ ਦੀ ਮਦਦ ਨਾਲ ਪੌਲੁਸ ਰਸੂਲ ਆਪਣੇ ਅੰਦਰ ਚੱਲ ਰਹੇ ਸੰਘਰਸ਼ ਦਾ ਸਾਮ੍ਹਣਾ ਕਰ ਸਕਿਆ? (ਅ) ਤੁਸੀਂ ਬੁੱਧ ਅਤੇ ਸਮਝ ਕਿਵੇਂ ਪਾ ਸਕਦੇ ਹੋ?
“ਜਦ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਦ ਮੇਰੇ ਅੰਦਰ ਬੁਰਾਈ ਹੁੰਦੀ ਹੈ।” ਕੀ ਤੁਹਾਨੂੰ ਪਤਾ ਇਹ ਕਿਸ ਨੇ ਕਿਹਾ ਸੀ? ਪੌਲੁਸ ਰਸੂਲ ਨੇ। ਹਾਲਾਂਕਿ ਪੌਲੁਸ ਯਹੋਵਾਹ ਨੂੰ ਪਿਆਰ ਕਰਦਾ ਸੀ, ਫਿਰ ਵੀ ਕਦੇ-ਕਦੇ ਉਸ ਨੂੰ ਸਹੀ ਕੰਮ ਕਰਨ ਲਈ ਸੰਘਰਸ਼ ਕਰਨਾ ਪੈਂਦਾ ਸੀ। ਉਹ ਆਪਣੇ ਅੰਦਰ ਚੱਲ ਰਹੇ ਇਸ ਸੰਘਰਸ਼ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਉਸ ਨੇ ਲਿਖਿਆ ਸੀ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ!” (ਰੋਮੀ. 7:21-24) ਕੀ ਤੁਸੀਂ ਪੌਲੁਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ? ਕੀ ਤੁਹਾਨੂੰ ਕਦੇ-ਕਦੇ ਸਹੀ ਕੰਮ ਕਰਨਾ ਔਖਾ ਲੱਗਦਾ ਹੈ? ਕੀ ਤੁਸੀਂ ਇਸ ਕਾਰਨ ਨਿਰਾਸ਼ ਹੋ ਜਾਂਦੇ ਹੋ ਜਿਵੇਂ ਪੌਲੁਸ ਹੋ ਗਿਆ ਸੀ? ਜੇ ਹਾਂ, ਤਾਂ ਹਿੰਮਤ ਨਾ ਹਾਰੋ। ਪੌਲੁਸ ਨੇ ਸਫ਼ਲਤਾ ਨਾਲ ਆਪਣੇ ਅੰਦਰ ਚੱਲ ਰਹੇ ਸੰਘਰਸ਼ ਦਾ ਸਾਮ੍ਹਣਾ ਕੀਤਾ ਅਤੇ ਤੁਸੀਂ ਵੀ ਕਰ ਸਕਦੇ ਹੋ।
2 ਪੌਲੁਸ ਇਸ ਲਈ ਸਫ਼ਲ ਹੋਇਆ ਕਿਉਂਕਿ ਉਹ “ਖਰੀਆਂ ਗੱਲਾਂ” ਮੁਤਾਬਕ ਚੱਲਿਆ। (2 ਤਿਮੋ. 1:13, 14) ਨਤੀਜੇ ਵਜੋਂ ਉਸ ਨੂੰ ਬੁੱਧ ਅਤੇ ਸਮਝ ਮਿਲੀ ਜੋ ਮੁਸ਼ਕਲਾਂ ਨਾਲ ਸਿੱਝਣ ਅਤੇ ਚੰਗੇ ਫ਼ੈਸਲੇ ਕਰਨ ਲਈ ਜ਼ਰੂਰੀ ਸੀ। ਇਹ ਬੁੱਧ ਅਤੇ ਸਮਝ ਪਾਉਣ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ। (ਕਹਾ. 4:5) ਉਸ ਨੇ ਆਪਣੇ ਬਚਨ ਬਾਈਬਲ ਵਿਚ ਸਭ ਤੋਂ ਵਧੀਆ ਸਲਾਹ ਦਿੱਤੀ ਹੈ। (2 ਤਿਮੋਥਿਉਸ 3:16, 17 ਪੜ੍ਹੋ।) ਦੇਖੋ ਕਿ ਬਾਈਬਲ ਵਿਚ ਪਾਏ ਜਾਂਦੇ ਸਿਧਾਂਤਾਂ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ ਜਦ ਤੁਸੀਂ ਆਪਣੇ ਮਾਪਿਆਂ ਨਾਲ ਗੱਲ ਕਰਦੇ ਹੋ, ਪੈਸੇ ਖ਼ਰਚਦੇ ਹੋ ਅਤੇ ਇਕੱਲੇ ਹੁੰਦੇ ਹੋ।
ਪਰਿਵਾਰ ਵਿਚ ਪਰਮੇਸ਼ੁਰ ਦੇ ਬਚਨ ਦੀ ਸੇਧੇ ਚੱਲੋ
3, 4. ਤੁਹਾਨੂੰ ਸ਼ਾਇਦ ਆਪਣੇ ਮਾਪਿਆਂ ਦੇ ਅਸੂਲਾਂ ਮੁਤਾਬਕ ਚੱਲਣਾ ਕਿਉਂ ਔਖਾ ਲੱਗੇ, ਪਰ ਮਾਪੇ ਅਸੂਲ ਕਿਉਂ ਬਣਾਉਂਦੇ ਹਨ?
3 ਕੀ ਤੁਹਾਨੂੰ ਆਪਣੇ ਮਾਪਿਆਂ ਦੇ ਅਸੂਲਾਂ ਮੁਤਾਬਕ ਜੀਣਾ ਔਖਾ ਲੱਗਦਾ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ? ਇਕ ਕਾਰਨ ਹੋ ਸਕਦਾ ਹੈ ਕਿ ਤੁਸੀਂ ਜ਼ਿਆਦਾ ਆਜ਼ਾਦੀ ਚਾਹੁੰਦੇ ਹੋ। ਇਸ ਤਰ੍ਹਾਂ ਚਾਹੁਣਾ ਆਮ ਗੱਲ ਹੈ ਕਿਉਂਕਿ ਤੁਸੀਂ ਵੱਡੇ ਹੋ ਰਹੇ ਹੋ। ਪਰ ਘਰ ਰਹਿੰਦਿਆਂ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨੋ।—ਅਫ਼. 6:1-3.
4 ਜੇ ਤੁਸੀਂ ਸਮਝੋ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਲਈ ਅਸੂਲ ਕਿਉਂ ਬਣਾਏ ਅਤੇ ਮੰਗਾਂ ਰੱਖੀਆਂ ਹਨ, ਤਾਂ ਇਨ੍ਹਾਂ ਮੁਤਾਬਕ ਚੱਲਣਾ ਤੁਹਾਡੇ ਵਾਸਤੇ ਸੌਖਾ ਹੋਵੇਗਾ। ਇਹ ਸੱਚ ਹੈ ਕਿ ਤੁਸੀਂ ਸ਼ਾਇਦ 18 ਸਾਲਾਂ ਦੀ ਬ੍ਰੀਏਲa ਨਾਂ ਦੀ ਕੁੜੀ ਵਾਂਗ ਕਦੇ-ਕਦੇ ਮਹਿਸੂਸ ਕਰੋ ਜਿਸ ਨੇ ਆਪਣੇ ਮਾਪਿਆਂ ਬਾਰੇ ਕਿਹਾ: “ਉਹ ਬਿਲਕੁਲ ਹੀ ਭੁੱਲ ਗਏ ਹਨ ਕਿ ਮੇਰੀ ਉਮਰ ਦੇ ਨੌਜਵਾਨ ਕਿਵੇਂ ਸੋਚਦੇ ਹਨ। ਉਹ ਨਹੀਂ ਚਾਹੁੰਦੇ ਕਿ ਮੈਂ ਆਪਣੀ ਰਾਇ ਦੇਵਾਂ ਤੇ ਆਪ ਫ਼ੈਸਲੇ ਕਰਾਂ। ਉਹ ਤਾਂ ਚਾਹੁੰਦੇ ਹਨ ਕਿ ਮੈਂ ਬੱਚੀ ਹੀ ਰਹਾਂ।” ਬ੍ਰੀਏਲ ਵਾਂਗ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ਮਾਪੇ ਤੁਹਾਨੂੰ ਉੱਨੀ ਆਜ਼ਾਦੀ ਨਹੀਂ ਦਿੰਦੇ, ਜਿੰਨੀ ਕੁ ਤੁਹਾਡੇ ਖ਼ਿਆਲ ਵਿਚ ਤੁਹਾਨੂੰ ਮਿਲਣੀ ਚਾਹੀਦੀ ਹੈ। ਪਰ ਤੁਹਾਡੇ ਮਾਪੇ ਇਸ ਲਈ ਅਸੂਲ ਬਣਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਤੁਹਾਡਾ ਫ਼ਿਕਰ ਹੈ। ਇਸ ਦੇ ਨਾਲ-ਨਾਲ ਮਸੀਹੀ ਮਾਪੇ ਜਾਣਦੇ ਹਨ ਕਿ ਉਨ੍ਹਾਂ ਨੇ ਤੁਹਾਡੀ ਪਰਵਰਿਸ਼ ਸੰਬੰਧੀ ਯਹੋਵਾਹ ਨੂੰ ਲੇਖਾ ਦੇਣਾ ਹੈ।—1 ਤਿਮੋ. 5:8.
5. ਮਾਪਿਆਂ ਦੇ ਆਗਿਆਕਾਰ ਰਹਿਣ ਨਾਲ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
5 ਆਪਣੇ ਮਾਪਿਆਂ ਦੇ ਅਸੂਲਾਂ ਦੀ ਪਾਲਣਾ ਕਰਨੀ ਬੈਂਕ ਤੋਂ ਲਿਆ ਕਰਜ਼ਾ ਮੋੜਨ ਦੇ ਬਰਾਬਰ ਹੈ। ਬੈਂਕ ਤੁਹਾਡੇ ʼਤੇ ਜ਼ਿਆਦਾ ਭਰੋਸਾ ਕਰੇਗੀ ਜੇ ਤੁਸੀਂ ਸਮੇਂ ਸਿਰ ਕਿਸ਼ਤਾਂ ਦਿੰਦੇ ਹੋ। ਬੈਂਕ ਤੁਹਾਨੂੰ ਹੋਰ ਜ਼ਿਆਦਾ ਕਰਜ਼ਾ ਦੇਣ ਲਈ ਤਿਆਰ ਹੋਵੇਗੀ। ਉਸੇ ਤਰ੍ਹਾਂ ਨਾਲ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦਾ ਆਦਰ ਕਰੋ ਅਤੇ ਕਹਿਣਾ ਮੰਨੋ। (ਕਹਾਉਤਾਂ 1:8 ਪੜ੍ਹੋ।) ਤੁਸੀਂ ਜਿੰਨਾ ਜ਼ਿਆਦਾ ਕਹਿਣਾ ਮੰਨੋਗੇ, ਤੁਹਾਡੇ ਮਾਪੇ ਉੱਨੀ ਹੀ ਜ਼ਿਆਦਾ ਆਜ਼ਾਦੀ ਦੇਣ ਲਈ ਤਿਆਰ ਹੋਣਗੇ। (ਲੂਕਾ 16:10) ਪਰ ਜੇ ਤੁਸੀਂ ਲਗਾਤਾਰ ਅਸੂਲ ਤੋੜਦੇ ਹੋ, ਤਾਂ ਹੈਰਾਨ ਨਾ ਹੋਵੋ ਜੇ ਤੁਹਾਡੇ ਮਾਪੇ ਤੁਹਾਨੂੰ ਘੱਟ ਆਜ਼ਾਦੀ ਦਿੰਦੇ ਹਨ ਜਾਂ ਬਿਲਕੁਲ ਆਜ਼ਾਦੀ ਦੇਣੀ ਬੰਦ ਕਰ ਦਿੰਦੇ ਹਨ ਜਿਵੇਂ ਬੈਂਕ ਹੋਰ ਕਰਜ਼ਾ ਦੇਣਾ ਬੰਦ ਕਰ ਦਿੰਦੀ ਹੈ।
6. ਮਾਪੇ ਆਗਿਆ ਮੰਨਣ ਵਿਚ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
6 ਮਾਪੇ ਇਕ ਤਰੀਕੇ ਨਾਲ ਅਸੂਲਾਂ ਦੀ ਪਾਲਣਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਨੂੰ ਖ਼ੁਦ ਚੰਗੀ ਮਿਸਾਲ ਬਣਨ ਦੀ ਲੋੜ ਹੈ। ਉਨ੍ਹਾਂ ਨੂੰ ਦਿਲੋਂ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾਉਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਅਸੂਲ ਔਖੇ ਨਹੀਂ ਹਨ। ਇਹ ਦੇਖ ਕੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਦੇ ਅਸੂਲਾਂ ʼਤੇ ਚੱਲਣਾ ਸੌਖਾ ਲੱਗੇਗਾ। (1 ਯੂਹੰ. 5:3) ਇਸ ਤੋਂ ਇਲਾਵਾ, ਬਾਈਬਲ ਕੁਝ ਮੌਕਿਆਂ ਦਾ ਜ਼ਿਕਰ ਕਰਦੀ ਹੈ ਜਦੋਂ ਯਹੋਵਾਹ ਨੇ ਕੁਝ ਮਾਮਲਿਆਂ ਬਾਰੇ ਆਪਣੇ ਸੇਵਕਾਂ ਨੂੰ ਆਪਣੀ ਰਾਇ ਦੇਣ ਲਈ ਕਿਹਾ। (ਉਤ. 18:22-32; 1 ਰਾਜ. 22:19-22) ਕੀ ਕੁਝ ਸਮਿਆਂ ਤੇ ਮਾਪੇ ਆਪਣੇ ਬੱਚਿਆਂ ਨੂੰ ਵੱਖੋ-ਵੱਖਰੇ ਵਿਸ਼ਿਆਂ ਉੱਤੇ ਟਿੱਪਣੀ ਦੇਣ ਦਾ ਮੌਕਾ ਦੇ ਸਕਦੇ ਹਨ?
7, 8. (ੳ) ਕੁਝ ਨੌਜਵਾਨ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ? (ਅ) ਕਿਹੜੀ ਗੱਲ ਯਾਦ ਰੱਖ ਕੇ ਤੁਹਾਨੂੰ ਅਨੁਸ਼ਾਸਨ ਤੋਂ ਫ਼ਾਇਦਾ ਮਿਲ ਸਕਦਾ ਹੈ?
7 ਬੱਚਿਆਂ ਲਈ ਇਹ ਵੀ ਚੁਣੌਤੀ ਹੋ ਸਕਦੀ ਹੈ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਪੇ ਬਿਨਾਂ ਵਜ੍ਹਾ ਉਨ੍ਹਾਂ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ। ਕਦੇ-ਕਦੇ ਤੁਸੀਂ ਸ਼ਾਇਦ ਕਰੇਗ ਨਾਂ ਦੇ ਨੌਜਵਾਨ ਵਾਂਗ ਮਹਿਸੂਸ ਕੀਤਾ ਹੋਵੇਗਾ ਜਿਸ ਨੇ ਕਿਹਾ, “ਮੈਨੂੰ ਮੇਰੇ ਮੰਮੀ ਜੀ ਜਾਸੂਸ ਵਾਂਗ ਲੱਗਦੇ ਸਨ ਜੋ ਹਮੇਸ਼ਾ ਇਹੀ ਦੇਖਦੇ ਰਹਿੰਦੇ ਸਨ ਕਿ ਮੈਂ ਕਿੱਥੇ ਗ਼ਲਤੀ ਕੀਤੀ ਹੈ।”
8 ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਜਦੋਂ ਸਾਨੂੰ ਤਾੜਨਾ ਜਾਂ ਅਨੁਸ਼ਾਸਨ ਮਿਲਦਾ ਹੈ। ਬਾਈਬਲ ਦੱਸਦੀ ਹੈ ਕਿ ਤਾੜਨਾ ਭਾਵੇਂ ਪੂਰੀ ਤਰ੍ਹਾਂ ਜਾਇਜ਼ ਵੀ ਹੋਵੇ, ਫਿਰ ਵੀ ਇਸ ਨੂੰ ਮੰਨਣਾ ਬਹੁਤ ਔਖਾ ਲੱਗਦਾ ਹੈ। (ਇਬ. 12:11) ਸੋ ਤੁਸੀਂ ਕਿਹੜੀ ਗੱਲ ਦੀ ਮਦਦ ਨਾਲ ਅਨੁਸ਼ਾਸਨ ਤੋਂ ਫ਼ਾਇਦਾ ਉਠਾ ਸਕਦੇ ਹੋ? ਇਕ ਜ਼ਰੂਰੀ ਗੱਲ ਯਾਦ ਰੱਖੋ ਕਿ ਤੁਹਾਡੇ ਮਾਪੇ ਤੁਹਾਨੂੰ ਇਸ ਲਈ ਤਾੜਦੇ ਹਨ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ। (ਕਹਾ. 3:12) ਉਹ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਤੁਸੀਂ ਬੁਰੀਆਂ ਆਦਤਾਂ ਨਾ ਅਪਣਾਓ ਸਗੋਂ ਚੰਗੀਆਂ ਆਦਤਾਂ ਅਪਣਾਓ। ਤੁਹਾਡੇ ਮਾਪੇ ਜਾਣਦੇ ਹਨ ਕਿ ਜੇ ਉਨ੍ਹਾਂ ਨੇ ਤੁਹਾਨੂੰ ਨਹੀਂ ਸੁਧਾਰਿਆ, ਤਾਂ ਇਸ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਤੁਹਾਡੇ ਨਾਲ ਨਫ਼ਰਤ ਹੈ! (ਕਹਾਉਤਾਂ 13:24 ਪੜ੍ਹੋ।) ਇਹ ਵੀ ਯਾਦ ਰੱਖੋ ਕਿ ਤੁਸੀਂ ਗ਼ਲਤੀਆਂ ਕਰਕੇ ਸਿੱਖੋਗੇ। ਇਸ ਲਈ ਜਦੋਂ ਤੁਹਾਨੂੰ ਸੁਧਾਰਿਆ ਜਾਂਦਾ ਹੈ, ਤਾਂ ਕਿਉਂ ਨਾ ਕਹੀਆਂ ਗਈਆਂ ਗੱਲਾਂ ਵਿੱਚੋਂ ਬੁੱਧ ਦੇ ਨਗਾਂ ਨੂੰ ਭਾਲੋ? ‘ਬੁੱਧ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ, ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ।’—ਕਹਾ. 3:13, 14.
9. ਨੌਜਵਾਨ ਇਹ ਸੋਚਦੇ ਰਹਿਣ ਦੀ ਬਜਾਇ ਕੀ ਕਰ ਸਕਦੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ?
9 ਪਰ ਮਾਪਿਆਂ ਤੋਂ ਵੀ ਗ਼ਲਤੀਆਂ ਹੋ ਜਾਂਦੀਆਂ ਹਨ। (ਯਾਕੂ. 3:2) ਜਦੋਂ ਉਹ ਤੁਹਾਨੂੰ ਅਨੁਸ਼ਾਸਨ ਦਿੰਦੇ ਹਨ, ਤਾਂ ਸ਼ਾਇਦ ਉਹ ਬਿਨਾਂ ਸੋਚੇ-ਸਮਝੇ ਬੋਲਣ। (ਕਹਾ. 12:18) ਕਿਸ ਕਾਰਨ ਤੁਹਾਡੇ ਮਾਪੇ ਇਸ ਤਰ੍ਹਾਂ ਪੇਸ਼ ਆ ਸਕਦੇ ਹਨ? ਉਹ ਸ਼ਾਇਦ ਤਣਾਅ ਵਿਚ ਹੋਣ ਜਾਂ ਤੁਹਾਡੀਆਂ ਗ਼ਲਤੀਆਂ ਦੇ ਜ਼ਿੰਮੇਵਾਰ ਆਪਣੇ ਆਪ ਨੂੰ ਸਮਝਣ। ਇਹ ਸੋਚਦੇ ਰਹਿਣ ਦੀ ਬਜਾਇ ਕਿ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ, ਕਿਉਂ ਨਾ ਤੁਸੀਂ ਕਦਰ ਦਿਖਾਓ ਕਿ ਉਹ ਤੁਹਾਡੀ ਦਿਲੋਂ ਮਦਦ ਕਰਨੀ ਚਾਹੁੰਦੇ ਹਨ? ਜੇ ਤੁਸੀਂ ਹੁਣ ਅਨੁਸ਼ਾਸਨ ਕਬੂਲ ਕਰੋਗੇ, ਤਾਂ ਇਹ ਵੱਡੇ ਹੋਣ ਤੇ ਵੀ ਤੁਹਾਡੇ ਕੰਮ ਆਵੇਗਾ।
10. ਤੁਸੀਂ ਕਿਸ ਤਰ੍ਹਾਂ ਆਪਣੇ ਮਾਪਿਆਂ ਦੇ ਅਸੂਲਾਂ ਅਤੇ ਤਾੜਨਾ ਨੂੰ ਆਸਾਨੀ ਨਾਲ ਮੰਨ ਕੇ ਫ਼ਾਇਦਾ ਉਠਾ ਸਕਦੇ ਹੋ?
10 ਕੀ ਤੁਸੀਂ ਆਪਣੇ ਮਾਪਿਆਂ ਦੇ ਅਸੂਲਾਂ ਅਤੇ ਤਾੜਨਾ ਨੂੰ ਆਸਾਨੀ ਨਾਲ ਮੰਨ ਕੇ ਫ਼ਾਇਦਾ ਉਠਾਉਣਾ ਚਾਹੁੰਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਆਪਣੇ ਗੱਲ ਕਰਨ ਦੇ ਢੰਗ ਨੂੰ ਸੁਧਾਰਨ ਦੀ ਲੋੜ ਹੈ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ? ਪਹਿਲਾ ਕਦਮ ਹੈ ਸੁਣੋ। ਬਾਈਬਲ ਦੱਸਦੀ ਹੈ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਵੋ।’ (ਯਾਕੂ. 1:19) ਫਟਾਫਟ ਸਫ਼ਾਈ ਦੇਣ ਦੀ ਬਜਾਇ ਆਪਣੇ ਜਜ਼ਬਾਤਾਂ ʼਤੇ ਕਾਬੂ ਰੱਖਣ ਅਤੇ ਆਪਣੇ ਮਾਪਿਆਂ ਦੀ ਸੁਣਨ ਦੀ ਕੋਸ਼ਿਸ਼ ਕਰੋ। ਇਸ ਗੱਲ ਤੇ ਧਿਆਨ ਦਿਓ ਕਿ ਕੀ ਕਿਹਾ ਗਿਆ ਹੈ ਨਾ ਕਿ ਕਿਸ ਤਰ੍ਹਾਂ ਕਿਹਾ ਗਿਆ ਹੈ। ਫਿਰ ਆਦਰ ਸਹਿਤ ਆਪਣੀ ਗ਼ਲਤੀ ਮੰਨ ਕੇ ਆਪਣੇ ਮਾਪਿਆਂ ਨੂੰ ਦਿਖਾਓ ਕਿ ਉਨ੍ਹਾਂ ਨੇ ਜੋ ਕੁਝ ਕਿਹਾ ਹੈ ਤੁਸੀਂ ਸਮਝ ਗਏ ਹੋ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਤਸੱਲੀ ਹੋਵੇਗੀ ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣੀ ਹੈ। ਉਦੋਂ ਕੀ ਜਦੋਂ ਤੁਸੀਂ ਆਪਣੀ ਗੱਲ ਜਾਂ ਕੰਮਾਂ ਬਾਰੇ ਉਨ੍ਹਾਂ ਨੂੰ ਸਮਝਾਉਣਾ ਚਾਹੁੰਦੇ ਹੋ? ਬਹੁਤੀ ਵਾਰ ਚੰਗਾ ਹੋਵੇਗਾ ਜੇ ਤੁਸੀਂ ਉਦੋਂ ਤਕ ‘ਆਪਣਿਆਂ ਬੁੱਲ੍ਹਾਂ ਨੂੰ ਰੋਕੀ ਰੱਖੋ’ ਜਦ ਤਕ ਤੁਸੀਂ ਆਪਣੇ ਮਾਪਿਆਂ ਨਾਲ ਸਹਿਮਤ ਨਹੀਂ ਹੋ ਜਾਂਦੇ। (ਕਹਾ. 10:19) ਜਦੋਂ ਤੁਹਾਡੇ ਮਾਪੇ ਦੇਖਦੇ ਹਨ ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣੀ ਹੈ, ਤਾਂ ਉਹ ਵੀ ਤੁਹਾਡੀ ਗੱਲ ਸੁਣਨਗੇ। ਤੁਹਾਡੀ ਇਸ ਸਿਆਣਪ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲਦੇ ਹੋ।
ਪੈਸੇ ਖ਼ਰਚਣ ਵੇਲੇ ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
11, 12. (ੳ) ਪੈਸੇ ਸੰਬੰਧੀ ਪਰਮੇਸ਼ੁਰ ਦਾ ਬਚਨ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਕਿਉਂ? (ਅ) ਪੈਸੇ ਵਰਤਣ ਸੰਬੰਧੀ ਤੁਹਾਡੇ ਮਾਪੇ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?
11 ਬਾਈਬਲ ਕਹਿੰਦੀ ਹੈ ਕਿ ‘ਧਨ ਸੁਰੱਖਿਆ ਦਿੰਦਾ ਹੈ।’ ਪਰ ਇਹੀ ਆਇਤ ਦਿਖਾਉਂਦੀ ਹੈ ਕਿ ਬੁੱਧ ਧਨ ਨਾਲੋਂ ਵੀ ਬਹੁਮੁੱਲੀ ਹੈ। (ਉਪ. 7:12, CL) ਪਰਮੇਸ਼ੁਰ ਦਾ ਬਚਨ ਹੱਲਾਸ਼ੇਰੀ ਦਿੰਦਾ ਹੈ ਕਿ ਪੈਸੇ ਬਾਰੇ ਸਹੀ ਨਜ਼ਰੀਆ ਰੱਖੋ, ਇਸ ਨੂੰ ਪਿਆਰ ਨਾ ਕਰੋ। ਤੁਹਾਨੂੰ ਪੈਸੇ ਨਾਲ ਪਿਆਰ ਕਰਨ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ? ਇਸ ਉਦਾਹਰਣ ʼਤੇ ਗੌਰ ਕਰੋ: ਇਕ ਮਾਹਰ ਰਸੋਈਏ ਦੇ ਹੱਥਾਂ ਵਿਚ ਤਿੱਖੀ ਕਰਦ ਇਕ ਲਾਭਦਾਇਕ ਸੰਦ ਹੈ। ਪਰ ਇਹੀ ਕਰਦ ਜੇ ਕਿਸੇ ਲਾਪਰਵਾਹ ਬੰਦੇ ਦੇ ਹੱਥ ਵਿਚ ਹੋਵੇ, ਤਾਂ ਕਾਫ਼ੀ ਨੁਕਸਾਨ ਕਰ ਸਕਦੀ ਹੈ। ਇਸੇ ਤਰ੍ਹਾਂ ਜੇ ਪੈਸੇ ਨੂੰ ਅਕਲਮੰਦੀ ਨਾਲ ਵਰਤਿਆ ਜਾਵੇ, ਤਾਂ ਇਹ ਵੀ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਪਰ ‘ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ,’ ਉਹ ਅਕਸਰ ਆਪਣੀਆਂ ਦੋਸਤੀਆਂ, ਪਰਿਵਾਰਕ ਰਿਸ਼ਤਿਆਂ, ਇੱਥੋਂ ਤਕ ਕਿ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਵੀ ਕੁਰਬਾਨ ਕਰ ਦਿੰਦੇ ਹਨ। ਨਤੀਜੇ ਵਜੋਂ ਉਹ ਆਪਣੇ ਆਪ ਨੂੰ ‘ਅਨੇਕ ਗਮਾਂ ਦਿਆਂ ਤੀਰਾਂ ਨਾਲ’ ਵਿੰਨ੍ਹ ਲੈਂਦੇ ਹਨ।—1 ਤਿਮੋਥਿਉਸ 6:9, 10 ਪੜ੍ਹੋ।
12 ਤੁਸੀਂ ਪੈਸੇ ਨੂੰ ਅਕਲਮੰਦੀ ਨਾਲ ਵਰਤਣਾ ਕਿਵੇਂ ਸਿੱਖ ਸਕਦੇ ਹੋ? ਕਿਉਂ ਨਾ ਆਪਣੇ ਮਾਪਿਆਂ ਤੋਂ ਪੈਸਾ ਖ਼ਰਚਣ ਬਾਰੇ ਸਲਾਹ ਲਓ? ਸੁਲੇਮਾਨ ਨੇ ਲਿਖਿਆ: “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ।” (ਕਹਾ. 1:5) ਆਨਾ ਨਾਂ ਦੀ ਇਕ ਨੌਜਵਾਨ ਨੇ ਆਪਣੇ ਮਾਪਿਆਂ ਤੋਂ ਚੰਗੀ ਸਲਾਹ ਲਈ। ਉਹ ਦੱਸਦੀ ਹੈ: “ਮੇਰੇ ਡੈਡੀ ਨੇ ਸਿਖਾਇਆ ਕਿ ਬਜਟ ਕਿਵੇਂ ਬਣਾਉਣਾ ਹੈ ਅਤੇ ਪਰਿਵਾਰ ਵਿਚ ਪੈਸੇ ਨੂੰ ਸਾਂਭ ਕੇ ਚਲਾਉਣਾ ਕਿੰਨਾ ਜ਼ਰੂਰੀ ਹੈ।” ਆਨਾ ਦੀ ਮੰਮੀ ਨੇ ਵੀ ਉਸ ਨੂੰ ਚੰਗੀਆਂ ਗੱਲਾਂ ਸਿਖਾਈਆਂ। ਆਨਾ ਕਹਿੰਦੀ ਹੈ: “ਉਨ੍ਹਾਂ ਨੇ ਮੈਨੂੰ ਦਿਖਾਇਆ ਕਿ ਕਿੰਨਾ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਖ਼ਰੀਦਣ ਤੋਂ ਪਹਿਲਾਂ ਅਲੱਗ-ਅਲੱਗ ਥਾਵਾਂ ਤੇ ਉਸ ਦੇ ਭਾਅ ਨੂੰ ਦੇਖਦੇ ਹਾਂ।” ਆਨਾ ਨੂੰ ਕਿਵੇਂ ਫ਼ਾਇਦਾ ਹੋਇਆ? ਉਹ ਕਹਿੰਦੀ ਹੈ: “ਮੈਂ ਹੁਣ ਆਪਣੇ ਪੈਸਿਆਂ ਨੂੰ ਸੰਭਾਲ ਕੇ ਵਰਤਦੀ ਹਾਂ। ਮੈਂ ਧਿਆਨ ਨਾਲ ਪੈਸੇ ਖ਼ਰਚਦੀ ਹਾਂ ਜਿਸ ਕਰਕੇ ਮੈਂ ਬੇਲੋੜੇ ਕਰਜ਼ੇ ਦੇ ਬੋਝ ਥੱਲੇ ਆਉਣ ਤੋਂ ਬਚੀ ਹੋਈ ਹਾਂ ਤੇ ਸ਼ਾਂਤੀ ਨਾਲ ਰਹਿੰਦੀ ਹਾਂ।”
13. ਜਦੋਂ ਪੈਸੇ ਖ਼ਰਚਣ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਆਪਣੇ ʼਤੇ ਕਾਬੂ ਕਿਵੇਂ ਰੱਖ ਸਕਦੇ ਹੋ?
13 ਜੇ ਤੁਸੀਂ ਦੇਖਦਿਆਂ ਹੀ ਕਿਸੇ ਚੀਜ਼ ਨੂੰ ਖ਼ਰੀਦ ਲੈਂਦੇ ਹੋ ਜਾਂ ਆਪਣੇ ਦੋਸਤਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਖ਼ਰਚਦੇ ਹੋ, ਤਾਂ ਤੁਸੀਂ ਜਲਦੀ ਹੀ ਕਰਜ਼ੇ ਥੱਲੇ ਆ ਜਾਓਗੇ। ਇਨ੍ਹਾਂ ਫੰਦਿਆਂ ਤੋਂ ਬਚਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਪੈਸੇ ਖ਼ਰਚਣ ਵੇਲੇ ਤੁਹਾਨੂੰ ਆਪਣੇ ʼਤੇ ਕਾਬੂ ਰੱਖਣ ਦੀ ਲੋੜ ਹੈ। 20 ਕੁ ਸਾਲਾਂ ਦੀ ਐਲਨਾ ਇਸੇ ਤਰ੍ਹਾਂ ਕਰਦੀ ਹੈ। ਉਹ ਕਹਿੰਦੀ ਹੈ: “ਜਦੋਂ ਮੈਂ ਆਪਣੀਆਂ ਸਹੇਲੀਆਂ ਨਾਲ ਬਾਹਰ ਜਾਂਦੀ ਹਾਂ, ਤਾਂ ਮੈਂ ਪਹਿਲਾਂ ਹੀ ਸੋਚ ਲੈਂਦੀ ਹਾਂ ਕਿ ਮੈਂ ਕਿੰਨੇ ਕੁ ਪੈਸੇ ਖ਼ਰਚਣੇ ਹਨ। . . . ਮੈਂ ਉਨ੍ਹਾਂ ਸਹੇਲੀਆਂ ਨਾਲ ਹੀ ਬਾਜ਼ਾਰ ਜਾਂਦੀ ਹਾਂ ਜੋ ਧਿਆਨ ਨਾਲ ਪੈਸੇ ਖ਼ਰਚਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਮੈਂ ਵੱਖੋ-ਵੱਖਰੀਆਂ ਦੁਕਾਨਾਂ ਉੱਤੇ ਭਾਅ ਦੇਖ ਕੇ ਚੀਜ਼ਾਂ ਖ਼ਰੀਦਾਂ ਅਤੇ ਦੇਖਦਿਆਂ ਹੀ ਕਿਸੇ ਚੀਜ਼ ਨੂੰ ਨਾ ਖ਼ਰੀਦਾਂ।”
14. ਤੁਹਾਨੂੰ ‘ਧਨ ਦੇ ਧੋਖੇ’ ਤੋਂ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ?
14 ਪੈਸਾ ਕਮਾਉਣਾ ਤੇ ਚਲਾਉਣਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਯਿਸੂ ਨੇ ਕਿਹਾ ਸੀ ਕਿ ਸੱਚੀ ਖ਼ੁਸ਼ੀ ਉਨ੍ਹਾਂ ਨੂੰ ਮਿਲਦੀ ਹੈ ਜਿਹੜੇ “ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ” ਹਨ। (ਲੂਕਾ 11:28) ਉਸ ਨੇ ਚੇਤਾਵਨੀ ਦਿੱਤੀ ਕਿ “ਧਨ ਦਾ ਧੋਖਾ” ਪਰਮੇਸ਼ੁਰੀ ਗੱਲਾਂ ਵਿਚ ਕਿਸੇ ਦੀ ਰੁਚੀ ਨੂੰ ਦਬਾ ਸਕਦਾ ਹੈ। (ਮਰ. 4:19) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ ਅਤੇ ਪੈਸੇ ਬਾਰੇ ਸਹੀ ਨਜ਼ਰੀਆ ਰੱਖੋ!
ਇਕੱਲੇ ਹੁੰਦਿਆਂ ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
15. ਪਰਮੇਸ਼ੁਰ ਪ੍ਰਤਿ ਤੁਹਾਡੀ ਵਫ਼ਾਦਾਰੀ ਦੀ ਸਭ ਤੋਂ ਜ਼ਿਆਦਾ ਪਰਖ ਕਦੋਂ ਹੁੰਦੀ ਹੈ?
15 ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਪ੍ਰਤਿ ਤੁਹਾਡੀ ਵਫ਼ਾਦਾਰੀ ਦੀ ਸਭ ਤੋਂ ਜ਼ਿਆਦਾ ਪਰਖ ਕਦੋਂ ਹੁੰਦੀ ਹੈ? ਕੀ ਉਦੋਂ ਜਦ ਤੁਸੀਂ ਦੂਜਿਆਂ ਨਾਲ ਹੁੰਦੇ ਹੋ ਜਾਂ ਜਦੋਂ ਤੁਸੀਂ ਇਕੱਲੇ ਹੁੰਦੇ ਹੋ? ਜਦ ਤੁਸੀਂ ਸਕੂਲ ਵਿਚ ਜਾਂ ਕੰਮ ਤੇ ਹੁੰਦੇ ਹੋ, ਤਾਂ ਤੁਸੀਂ ਚੁਕੰਨੇ ਹੁੰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਤੋਂ ਚੁਕੰਨੇ ਰਹਿੰਦੇ ਹੋ ਜੋ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀਆਂ ਹਨ। ਜ਼ਿਆਦਾ ਪਰਖ ਉਦੋਂ ਹੁੰਦੀ ਹੈ ਜਦ ਤੁਸੀਂ ਮਨੋਰੰਜਨ ਕਰ ਰਹੇ ਹੁੰਦੇ ਹੋ। ਉਸ ਵੇਲੇ ਤੁਸੀਂ ਇੰਨੇ ਚੁਕੰਨੇ ਨਹੀਂ ਹੁੰਦੇ ਜਿਸ ਕਰਕੇ ਤੁਹਾਡੇ ਤੋਂ ਆਸਾਨੀ ਨਾਲ ਨੈਤਿਕ ਮਿਆਰਾਂ ਦੀ ਉਲੰਘਣਾ ਹੋ ਸਕਦੀ ਹੈ।
16. ਤੁਹਾਨੂੰ ਇਕੱਲੇ ਹੁੰਦਿਆਂ ਵੀ ਯਹੋਵਾਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
16 ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਉਦੋਂ ਵੀ ਤੁਹਾਨੂੰ ਯਹੋਵਾਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ? ਯਾਦ ਰੱਖੋ: ਤੁਸੀਂ ਜਾਂ ਤਾਂ ਯਹੋਵਾਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹੋ ਜਾਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹੋ। (ਉਤ. 6:5, 6; ਕਹਾ. 27:11) ਯਹੋਵਾਹ ਤੁਹਾਡੇ ਕੰਮਾਂ ਤੋਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ “ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤ. 5:7) ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੁਣੋ ਤਾਂਕਿ ਤੁਹਾਨੂੰ ਫ਼ਾਇਦਾ ਹੋਵੇ। (ਯਸਾ. 48:17, 18) ਪ੍ਰਾਚੀਨ ਇਸਰਾਏਲ ਵਿਚ ਜਦੋਂ ਯਹੋਵਾਹ ਦੇ ਕੁਝ ਸੇਵਕਾਂ ਨੇ ਉਸ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਸੀ, ਤਾਂ ਉਨ੍ਹਾਂ ਨੇ ਯਹੋਵਾਹ ਨੂੰ ਦੁੱਖ ਪਹੁੰਚਾਇਆ ਸੀ। (ਜ਼ਬੂ. 78:40, 41) ਦੂਜੇ ਪਾਸੇ, ਯਹੋਵਾਹ ਦਾਨੀਏਲ ਨਬੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਇਕ ਦੂਤ ਨੇ ਉਸ ਨੂੰ ‘ਅੱਤ ਪਿਆਰਾ ਮਨੁੱਖ’ ਕਿਹਾ ਸੀ। (ਦਾਨੀ. 10:11) ਕਿਉਂ? ਦਾਨੀਏਲ ਨਾ ਸਿਰਫ਼ ਲੋਕਾਂ ਸਾਮ੍ਹਣੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ, ਬਲਕਿ ਇਕੱਲੇ ਹੁੰਦਿਆਂ ਵੀ ਵਫ਼ਾਦਾਰ ਰਿਹਾ।—ਦਾਨੀਏਲ 6:10 ਪੜ੍ਹੋ।
17. ਮਨੋਰੰਜਨ ਦੀ ਚੋਣ ਕਰਦਿਆਂ ਤੁਸੀਂ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ?
17 ਇਕੱਲੇ ਹੁੰਦਿਆਂ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿਣ ਲਈ ਤੁਹਾਨੂੰ ਆਪਣੀਆਂ “ਗਿਆਨ ਇੰਦਰੀਆਂ” ਵਿਕਸਿਤ ਕਰਨ ਦੀ ਲੋੜ ਹੈ ਤਾਂਕਿ ਤੁਸੀਂ “ਭਲੇ ਬੁਰੇ ਦੀ ਜਾਚ” ਕਰ ਸਕੋ ਅਤੇ ਫਿਰ ਇਨ੍ਹਾਂ ਇੰਦਰੀਆਂ ਦਾ “ਅਭਿਆਸ” ਕਰ ਕੇ ਉਹੀ ਕੰਮ ਕਰੋ ਜੋ ਤੁਹਾਨੂੰ ਸਹੀ ਲੱਗਦੇ ਹਨ। ਇਸ ਤਰ੍ਹਾਂ ਤੁਸੀਂ ਇਨ੍ਹਾਂ ਇੰਦਰੀਆਂ ਨੂੰ ਸਿਖਲਾਈ ਦਿੰਦੇ ਹੋ। (ਇਬ. 5:14) ਮਿਸਾਲ ਲਈ, ਜਦੋਂ ਤੁਸੀਂ ਚੁਣਦੇ ਹੋ ਕਿ ਕਿਹੜਾ ਸੰਗੀਤ ਸੁਣੋਗੇ, ਕਿਹੜੀਆਂ ਫਿਲਮਾਂ ਦੇਖੋਗੇ ਜਾਂ ਇੰਟਰਨੈੱਟ ਉੱਤੇ ਕਿਸ ਵੈੱਬ ਸਾਈਟ ਉੱਤੇ ਜਾਓਗੇ, ਤਾਂ ਅੱਗੇ ਦਿੱਤੇ ਸਵਾਲਾਂ ਦੀ ਮਦਦ ਨਾਲ ਤੁਸੀਂ ਸਹੀ ਚੋਣ ਕਰ ਸਕੋਗੇ ਅਤੇ ਗ਼ਲਤ ਚੋਣ ਕਰਨ ਤੋਂ ਬਚ ਸਕੋਗੇ। ਆਪਣੇ ਤੋਂ ਇਹ ਸਵਾਲ ਪੁੱਛੋ: ‘ਜੋ ਵੀ ਮੈਂ ਸੁਣਦਾ ਜਾਂ ਦੇਖਦਾ ਹਾਂ, ਕੀ ਉਸ ਨਾਲ ਮੈਨੂੰ ਹਮਦਰਦ ਬਣਨ ਦੀ ਹੱਲਾਸ਼ੇਰੀ ਮਿਲੇਗੀ ਜਾਂ ਕੀ ਇਹ ਮੈਨੂੰ ਦੂਜੇ ਦੀ “ਬਿਪਤਾ” ਉੱਤੇ ਖ਼ੁਸ਼ ਹੋਣ ਲਈ ਉਕਸਾਵੇਗਾ?’ (ਕਹਾ. 17:5) ‘ਕੀ ਇਹ ‘ਨੇਕੀ ਨੂੰ ਪਿਆਰ ਕਰਨ’ ਵਿਚ ਮੇਰੀ ਮਦਦ ਕਰੇਗਾ ਜਾਂ ਕੀ ਇਹ ‘ਬਦੀ ਤੋਂ ਘਿਣ ਕਰਨੀ’ ਮੇਰੇ ਲਈ ਔਖਾ ਕਰ ਦੇਵੇਗਾ?’ (ਆਮੋ. 5:15) ਇਕੱਲਿਆਂ ਹੁੰਦਿਆਂ ਤੁਸੀਂ ਜੋ ਕੁਝ ਕਰਦੇ ਹੋ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਪਸੰਦ ਕਰਦੇ ਹੋ।—ਲੂਕਾ 6:45.
18. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਸੀਂ ਲੁਕ-ਛਿਪ ਕੇ ਕੋਈ ਗ਼ਲਤ ਕੰਮ ਕਰ ਰਹੇ ਹੋ ਅਤੇ ਕਿਉਂ?
18 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਸੀਂ ਲੁਕ-ਛਿਪ ਕੇ ਉਹ ਕੰਮ ਕਰਦੇ ਹੋ ਜੋ ਤੁਹਾਨੂੰ ਪਤਾ ਹੈ ਕਿ ਗ਼ਲਤ ਹੈ? ਯਾਦ ਰੱਖੋ ਕਿ “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾ. 28:13) ਗ਼ਲਤ ਕੰਮ ਕਰਦੇ ਰਹਿਣਾ ਅਤੇ ‘ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਉਦਾਸ ਕਰਨਾ’ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ! (ਅਫ਼. 4:30) ਇਹ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਪਰਮੇਸ਼ੁਰ ਅਤੇ ਆਪਣੇ ਮਾਪਿਆਂ ਅੱਗੇ ਆਪਣੇ ਕਿਸੇ ਵੀ ਪਾਪ ਨੂੰ ਕਬੂਲ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਵੀ ਫ਼ਾਇਦਾ ਹੋਵੇਗਾ। ‘ਕਲੀਸਿਯਾ ਦੇ ਬਜ਼ੁਰਗ’ ਇਸ ਮਾਮਲੇ ਵਿਚ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ। ਚੇਲਾ ਯਾਕੂਬ ਦੱਸਦਾ ਹੈ: “ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ [ਗ਼ਲਤੀ ਕਰਨ ਵਾਲੇ ਨੂੰ] ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।” (ਯਾਕੂ. 5:14, 15) ਇਹ ਤਾਂ ਸੱਚ ਹੈ ਕਿ ਇਸ ਕਾਰਨ ਤੁਹਾਨੂੰ ਕੁਝ ਸ਼ਰਮਿੰਦਗੀ ਹੋ ਸਕਦੀ ਹੈ ਅਤੇ ਸ਼ਾਇਦ ਕੁਝ ਬੁਰੇ ਅੰਜਾਮ ਵੀ ਭੁਗਤਣੇ ਪੈਣ। ਪਰ ਜੇ ਤੁਸੀਂ ਹਿੰਮਤ ਕਰ ਕੇ ਮਦਦ ਮੰਗੋਗੇ, ਤਾਂ ਤੁਸੀਂ ਆਪਣਾ ਹੋਰ ਨੁਕਸਾਨ ਕਰਨ ਤੋਂ ਬਚ ਸਕਦੇ ਹੋ ਅਤੇ ਫਿਰ ਤੋਂ ਸਾਫ਼ ਜ਼ਮੀਰ ਹਾਸਲ ਕਰ ਕੇ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ।—ਜ਼ਬੂ. 32:1-5.
ਯਹੋਵਾਹ ਦਾ ਦਿਲ ਖ਼ੁਸ਼ ਕਰੋ
19, 20. ਯਹੋਵਾਹ ਤੁਹਾਡੇ ਲਈ ਕੀ ਚਾਹੁੰਦਾ ਹੈ, ਪਰ ਤੁਹਾਨੂੰ ਕੀ ਕਰਨ ਦੀ ਲੋੜ ਹੈ?
19 ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਅਤੇ ਉਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। (1 ਤਿਮੋ. 1:11) ਉਹ ਤੁਹਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਭਾਵੇਂ ਕਿ ਕੋਈ ਹੋਰ ਸਹੀ ਕੰਮ ਕਰਨ ਲਈ ਕੀਤੇ ਤੁਹਾਡੇ ਜਤਨਾਂ ਨੂੰ ਨਹੀਂ ਦੇਖਦਾ, ਪਰ ਯਹੋਵਾਹ ਦੇਖਦਾ ਹੈ। ਕੁਝ ਵੀ ਯਹੋਵਾਹ ਦੀਆਂ ਨਜ਼ਰਾਂ ਤੋਂ ਲੁਕਿਆ ਨਹੀਂ। ਉਹ ਤੁਹਾਡੇ ਵਿਚ ਨੁਕਸ ਲੱਭਣ ਲਈ ਤੁਹਾਡੇ ਉੱਤੇ ਨਜ਼ਰ ਨਹੀਂ ਰੱਖਦਾ, ਸਗੋਂ ਚੰਗੇ ਕੰਮ ਕਰਨ ਵਿਚ ਤੁਹਾਡਾ ਸਾਥ ਦੇਣ ਲਈ ਤੁਹਾਡੇ ਉੱਤੇ ਨਿਗਾਹ ਰੱਖਦਾ ਹੈ। ਪਰਮੇਸ਼ੁਰ ਦੀਆਂ “ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤ. 16:9.
20 ਇਸ ਲਈ ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ ਅਤੇ ਇਸ ਦੀ ਸਲਾਹ ਮੰਨੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਬੁੱਧ ਅਤੇ ਸਮਝ ਪਾਓਗੇ ਜੋ ਔਖੀਆਂ ਘੜੀਆਂ ਅਤੇ ਜ਼ਿੰਦਗੀ ਵਿਚ ਮੁਸ਼ਕਲ ਫ਼ੈਸਲੇ ਕਰਨ ਲਈ ਜ਼ਰੂਰੀ ਹਨ। ਫਿਰ ਨਾ ਸਿਰਫ਼ ਤੁਹਾਡੇ ਮਾਪੇ ਅਤੇ ਯਹੋਵਾਹ ਖ਼ੁਸ਼ ਹੋਵੇਗਾ, ਸਗੋਂ ਤੁਸੀਂ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਓਗੇ।
[ਫੁਟਨੋਟ]
a ਨਾਂ ਬਦਲੇ ਗਏ ਹਨ।
ਤੁਸੀਂ ਕਿਵੇਂ ਜਵਾਬ ਦਿਓਗੇ?
• ਮਾਪਿਆਂ ਦੇ ਅਸੂਲਾਂ ਅਤੇ ਤਾੜਨਾ ਨੂੰ ਮੰਨ ਕੇ ਫ਼ਾਇਦਾ ਉਠਾਉਣ ਲਈ ਨੌਜਵਾਨ ਕੀ ਕਰ ਸਕਦੇ ਹਨ?
• ਪੈਸੇ ਬਾਰੇ ਸਹੀ ਨਜ਼ਰੀਆ ਰੱਖਣਾ ਕਿਉਂ ਜ਼ਰੂਰੀ ਹੈ?
• ਤੁਸੀਂ ਇਕੱਲੇ ਹੁੰਦਿਆਂ ਹੋਇਆਂ ਵੀ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹੋ?
[ਸਫ਼ਾ 6 ਉੱਤੇ ਤਸਵੀਰ]
ਕੀ ਤੁਸੀਂ ਇਕੱਲੇ ਹੁੰਦਿਆਂ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹੋਗੇ?