1.3
ਬਾਈਬਲ ਸਾਡੇ ਤਕ ਕਿਵੇਂ ਪਹੁੰਚੀ?
ਬਾਈਬਲ ਪਰਮੇਸ਼ੁਰ ਵੱਲੋਂ ਹੈ ਅਤੇ ਉਸ ਨੇ ਹੀ ਇਸ ਨੂੰ ਲਿਖਵਾਇਆ ਅਤੇ ਅੱਜ ਤਕ ਸੁਰੱਖਿਅਤ ਰੱਖਿਆ ਹੈ। ਉਸ ਨੇ ਹੀ ਬਾਈਬਲ ਵਿਚ ਇਹ ਗੱਲ ਲਿਖਵਾਈ ਹੈ:
“ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”—ਯਸਾਯਾਹ 40:8.
ਇਹ ਗੱਲ ਬਿਲਕੁਲ ਸੱਚ ਹੈ, ਭਾਵੇਂ ਕਿ ਇਬਰਾਨੀ ਅਤੇ ਅਰਾਮੀ ਲਿਖਤਾਂa ਜਾਂ ਮਸੀਹੀ ਯੂਨਾਨੀ ਲਿਖਤਾਂ ਦੀ ਕੋਈ ਵੀ ਮੁਢਲੀ ਹੱਥ-ਲਿਖਤ ਅੱਜ ਤਕ ਬਚੀ ਨਹੀਂ ਹੈ। ਤਾਂ ਫਿਰ, ਅਸੀਂ ਇਹ ਭਰੋਸਾ ਕਿਵੇਂ ਰੱਖ ਸਕਦੇ ਹਾਂ ਕਿ ਅੱਜ ਸਾਡੇ ਕੋਲ ਜੋ ਬਾਈਬਲ ਹੈ, ਉਸ ਵਿਚ ਉਹੀ ਲਿਖਿਆ ਹੈ ਜੋ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਲਿਖਵਾਇਆ ਸੀ?
ਨਕਲਨਵੀਸਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਸੁਰੱਖਿਅਤ ਰੱਖਿਆ
ਇਬਰਾਨੀ ਲਿਖਤਾਂ ਬਾਰੇ ਇਸ ਸਵਾਲ ਦਾ ਜਵਾਬ ਜਾਣਨ ਲਈ ਆਪਾਂ ਇਕ ਪੁਰਾਣੀ ਰੀਤ ਉੱਤੇ ਗੌਰ ਕਰਦੇ ਹਾਂ। ਪਰਮੇਸ਼ੁਰ ਨੇ ਇਹ ਰੀਤ ਕਾਇਮ ਕੀਤੀ ਸੀ ਕਿ ਉਸ ਦੇ ਬਚਨ ਦੀਆਂ ਨਕਲਾਂ ਤਿਆਰ ਕੀਤੀਆਂ ਜਾਣ।b ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲ ਦੇ ਰਾਜਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਹੱਥੀਂ ਮੂਸਾ ਦੇ ਕਾਨੂੰਨ ਦੀਆਂ ਨਕਲਾਂ ਤਿਆਰ ਕਰਨ। (ਬਿਵਸਥਾ ਸਾਰ 17:18) ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਲੇਵੀਆਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਮੂਸਾ ਦੇ ਕਾਨੂੰਨ ਦੀ ਕਿਤਾਬ ਨੂੰ ਸੰਭਾਲ ਕੇ ਰੱਖਣ ਅਤੇ ਲੋਕਾਂ ਨੂੰ ਇਸ ਬਾਰੇ ਸਿਖਾਉਣ। (ਬਿਵਸਥਾ ਸਾਰ 31:26; ਨਹਮਯਾਹ 8:7) ਫਿਰ ਜਦੋਂ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ, ਤਾਂ ਨਕਲਨਵੀਸਾਂ ਜਾਂ ਗ੍ਰੰਥੀਆਂ ਦਾ ਸਮੂਹ ਬਣਿਆ ਜਿਨ੍ਹਾਂ ਨੂੰ ਸੌਫਰਿਮ ਕਿਹਾ ਜਾਂਦਾ ਸੀ। (ਅਜ਼ਰਾ 7:6, ਫੁਟਨੋਟ) ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਇਬਰਾਨੀ ਲਿਖਤਾਂ ਦੀਆਂ 39 ਕਿਤਾਬਾਂ ਦੀਆਂ ਬਹੁਤ ਸਾਰੀਆਂ ਨਕਲਾਂ ਤਿਆਰ ਕੀਤੀਆਂ।
ਸਦੀਆਂ ਦੌਰਾਨ ਗ੍ਰੰਥੀਆਂ ਨੇ ਬਹੁਤ ਧਿਆਨ ਨਾਲ ਇਨ੍ਹਾਂ ਕਿਤਾਬਾਂ ਦੀਆਂ ਨਕਲਾਂ ਤਿਆਰ ਕੀਤੀਆਂ। ਮੱਧ ਯੁਗ (500-1500 ਈਸਵੀ) ਦੌਰਾਨ ਯਹੂਦੀ ਗ੍ਰੰਥੀਆਂ ਨੇ, ਜਿਨ੍ਹਾਂ ਨੂੰ ਮਸੋਰਾ ਦੇ ਲਿਖਾਰੀ ਕਿਹਾ ਜਾਂਦਾ ਹੈ, ਇਸ ਰੀਤ ਨੂੰ ਜਾਰੀ ਰੱਖਿਆ। ਉਨ੍ਹਾਂ ਵੱਲੋਂ ਤਿਆਰ ਕੀਤੀ ਅੱਜ ਮੌਜੂਦ ਸਭ ਤੋਂ ਪੁਰਾਣੀ ਹੱਥ-ਲਿਖਤ ਨੂੰ ਲੈਨਿਨਗ੍ਰਾਡ ਕੋਡੈਕਸ ਕਿਹਾ ਜਾਂਦਾ ਹੈ ਅਤੇ ਇਹ ਪੂਰੀ ਹੱਥ-ਲਿਖਤ 1008/1009 ਈਸਵੀ ਦੀ ਹੈ। ਪਰ 20ਵੀਂ ਸਦੀ ਦੇ ਅੱਧ ਵਿਚ ਮ੍ਰਿਤ ਸਾਗਰ ਪੋਥੀਆਂ ਲੱਭੀਆਂ ਅਤੇ ਇਨ੍ਹਾਂ ਵਿਚ ਬਾਈਬਲ ਦੀਆਂ ਲਗਭਗ 220 ਹੱਥ-ਲਿਖਤਾਂ ਜਾਂ ਟੁਕੜੇ ਸਨ। ਬਾਈਬਲ ਦੀਆਂ ਇਹ ਹੱਥ-ਲਿਖਤਾਂ ਲੈਨਿਨਗ੍ਰਾਡ ਕੋਡੈਕਸ ਤੋਂ 1,000 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ। ਮ੍ਰਿਤ ਸਾਗਰ ਪੋਥੀਆਂ ਅਤੇ ਲੈਨਿਨਗ੍ਰਾਡ ਕੋਡੈਕਸ ਦੀ ਤੁਲਨਾ ਕਰ ਕੇ ਇਹ ਗੱਲ ਪੱਕੀ ਹੋ ਗਈ ਹੈ: ਦੋਵੇਂ ਹੱਥ-ਲਿਖਤਾਂ ਵਿਚ ਸ਼ਬਦਾਂ ਦਾ ਥੋੜ੍ਹਾ-ਬਹੁਤ ਫ਼ਰਕ ਹੈ, ਪਰ ਇਨ੍ਹਾਂ ਦੇ ਸੰਦੇਸ਼ ਵਿਚ ਕੋਈ ਫ਼ਰਕ ਨਹੀਂ ਹੈ।
ਮਸੀਹੀ ਯੂਨਾਨੀ ਲਿਖਤਾਂ ਦੀਆਂ 27 ਕਿਤਾਬਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਕਿਤਾਬਾਂ ਯਿਸੂ ਮਸੀਹ ਦੇ ਕੁਝ ਰਸੂਲਾਂ ਅਤੇ ਹੋਰ ਚੇਲਿਆਂ ਨੇ ਲਿਖੀਆਂ ਸਨ। ਯਹੂਦੀ ਗ੍ਰੰਥੀਆਂ ਦੀ ਰੀਤ ਉੱਤੇ ਚੱਲਦੇ ਹੋਏ ਉਸ ਵੇਲੇ ਦੇ ਮਸੀਹੀਆਂ ਨੇ ਇਨ੍ਹਾਂ ਕਿਤਾਬਾਂ ਦੀਆਂ ਨਕਲਾਂ ਤਿਆਰ ਕੀਤੀਆਂ। (ਕੁਲੁੱਸੀਆਂ 4:16) ਰੋਮੀ ਸਮਰਾਟ ਡਾਇਓਕਲੀਸ਼ਨ ਅਤੇ ਹੋਰਨਾਂ ਨੇ ਉਨ੍ਹਾਂ ਸਾਰੀਆਂ ਕਿਤਾਬਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਕਿਤਾਬਾਂ ਦੀਆਂ ਹਜ਼ਾਰਾਂ ਹੱਥ-ਲਿਖਤਾਂ ਅਤੇ ਟੁਕੜੇ ਅੱਜ ਵੀ ਮੌਜੂਦ ਹਨ।
ਮਸੀਹੀ ਯੂਨਾਨੀ ਲਿਖਤਾਂ ਦਾ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਗਿਆ ਸੀ। ਸ਼ੁਰੂ ਵਿਚ ਆਰਮੀਨੀ, ਇਥੋਪੀਆਈ, ਸੀਰੀਆਈ, ਕਬਤੀ, ਜਾਰਜੀਅਨ ਅਤੇ ਲਾਤੀਨੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ ਗਿਆ ਸੀ।
ਇਬਰਾਨੀ ਅਤੇ ਯੂਨਾਨੀ ਲਿਖਤਾਂ ਦੇ ਅਨੁਵਾਦ ਲਈ ਕਿਹੜੇ ਮੂਲ-ਪਾਠ ਵਰਤੇ ਜਾਣ?
ਅੱਜ ਬਾਈਬਲ ਦੀਆਂ ਜੋ ਪੁਰਾਣੀਆਂ ਹੱਥ-ਲਿਖਤਾਂ ਮੌਜੂਦ ਹਨ, ਉਨ੍ਹਾਂ ਸਾਰਿਆਂ ਵਿਚ ਸ਼ਬਦ ਇੱਕੋ ਜਿਹੇ ਨਹੀਂ ਹਨ। ਤਾਂ ਫਿਰ, ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਸ਼ੁਰੂ ਵਿਚ ਬਾਈਬਲ ਵਿਚ ਕੀ ਲਿਖਿਆ ਗਿਆ ਸੀ?
ਇਸ ਦਾ ਜਵਾਬ ਜਾਣਨ ਲਈ ਅਸੀਂ ਇਸ ਮਿਸਾਲ ʼਤੇ ਗੌਰ ਕਰਦੇ ਹਾਂ: ਇਕ ਅਧਿਆਪਕ 100 ਵਿਦਿਆਰਥੀਆਂ ਨੂੰ ਇਕ ਕਿਤਾਬ ਦੇ ਇਕ ਅਧਿਆਇ ਨੂੰ ਸ਼ਬਦ-ਬ-ਸ਼ਬਦ ਲਿਖਣ ਲਈ ਕਹਿੰਦਾ ਹੈ। ਭਾਵੇਂ ਬਾਅਦ ਵਿਚ ਉਹ ਅਧਿਆਇ ਗੁੰਮ ਹੋ ਜਾਵੇ, ਫਿਰ ਵੀ ਵਿਦਿਆਰਥੀਆਂ ਨੇ ਜੋ 100 ਨਕਲਾਂ ਤਿਆਰ ਕੀਤੀਆਂ ਹਨ, ਉਨ੍ਹਾਂ ਦੀ ਤੁਲਨਾ ਕਰ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਅਧਿਆਇ ਵਿਚ ਕੀ ਲਿਖਿਆ ਗਿਆ ਸੀ। ਹਰ ਵਿਦਿਆਰਥੀ ਸ਼ਾਇਦ ਕੁਝ ਗ਼ਲਤੀਆਂ ਕਰੇ, ਪਰ ਇਹ ਨਾਮੁਮਕਿਨ ਹੋਵੇਗਾ ਕਿ ਸਾਰੇ ਵਿਦਿਆਰਥੀ ਇੱਕੋ ਜਿਹੀਆਂ ਗ਼ਲਤੀਆਂ ਕਰਨ। ਇਸੇ ਤਰ੍ਹਾਂ ਜਦੋਂ ਵਿਦਵਾਨ ਬਾਈਬਲ ਦੀਆਂ ਪੁਰਾਣੀਆਂ ਕਿਤਾਬਾਂ ਦੀਆਂ ਹਜ਼ਾਰਾਂ ਨਕਲਾਂ ਅਤੇ ਟੁਕੜਿਆਂ ਦੀ ਆਪਸ ਵਿਚ ਤੁਲਨਾ ਕਰਦੇ ਹਨ, ਤਾਂ ਉਨ੍ਹਾਂ ਨੂੰ ਨਕਲਨਵੀਸਾਂ ਦੀਆਂ ਗ਼ਲਤੀਆਂ ਪਤਾ ਲੱਗ ਜਾਂਦੀਆਂ ਹਨ ਅਤੇ ਉਹ ਇਹ ਵੀ ਜਾਣ ਸਕਦੇ ਹਨ ਕਿ ਸ਼ੁਰੂ ਵਿਚ ਕੀ ਲਿਖਵਾਇਆ ਗਿਆ ਸੀ।
“ਅਸੀਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਪ੍ਰਾਚੀਨ ਸਮੇਂ ਦੀ ਹੋਰ ਕੋਈ ਵੀ ਅਜਿਹੀ ਕਿਤਾਬ ਨਹੀਂ ਹੈ ਜੋ ਸਾਡੇ ਤਕ ਸਹੀ-ਸਹੀ ਪਹੁੰਚਾਈ ਗਈ ਹੋਵੇ”
ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਬਾਈਬਲ ਵਿਚ ਜੋ ਵੀ ਲਿਖਵਾਇਆ ਗਿਆ ਸੀ, ਉਹ ਸਾਡੇ ਤਕ ਸਹੀ-ਸਹੀ ਪਹੁੰਚਿਆ ਹੈ? ਇਬਰਾਨੀ ਲਿਖਤਾਂ ਬਾਰੇ ਵਿਦਵਾਨ ਵਿਲਿਅਮ ਐੱਚ. ਗ੍ਰੀਨ ਨੇ ਕਿਹਾ: “ਅਸੀਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਪ੍ਰਾਚੀਨ ਸਮੇਂ ਦੀ ਹੋਰ ਕੋਈ ਵੀ ਅਜਿਹੀ ਕਿਤਾਬ ਨਹੀਂ ਹੈ ਜੋ ਸਾਡੇ ਤਕ ਸਹੀ-ਸਹੀ ਪਹੁੰਚਾਈ ਗਈ ਹੋਵੇ।” ਮਸੀਹੀ ਯੂਨਾਨੀ ਲਿਖਤਾਂ (ਜਿਸ ਨੂੰ ਨਵਾਂ ਨੇਮ ਵੀ ਕਿਹਾ ਜਾਂਦਾ ਹੈ) ਬਾਰੇ ਬਾਈਬਲ ਦੇ ਵਿਦਵਾਨ ਐੱਫ਼. ਐੱਫ਼. ਬਰੂਸ ਨੇ ਲਿਖਿਆ: “ਪ੍ਰਾਚੀਨ ਸਮੇਂ ਦੇ ਬਹੁਤ ਸਾਰੇ ਲੇਖਕਾਂ ਦੀਆਂ ਕਿਤਾਬਾਂ ਦੀ ਭਰੋਸੇਯੋਗਤਾ ਉੱਤੇ ਅੱਜ ਕੋਈ ਵੀ ਸਵਾਲ ਖੜ੍ਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਪਰ ਸਾਡੇ ਨਵੇਂ ਨੇਮ ਦੀਆਂ ਕਿਤਾਬਾਂ ਦੇ ਭਰੋਸੇਯੋਗ ਹੋਣ ਦੇ ਇਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਬੂਤ ਹਨ।” ਉਸ ਨੇ ਇਹ ਵੀ ਕਿਹਾ: “ਜੇ ਨਵੇਂ ਨੇਮ ਦਾ ਧਰਮ ਨਾਲ ਸੰਬੰਧ ਨਾ ਹੁੰਦਾ, ਤਾਂ ਕੋਈ ਵੀ ਸਵਾਲ ਖੜ੍ਹਾ ਨਾ ਕਰਦਾ ਕਿ ਇਹ ਭਰੋਸੇਯੋਗ ਹੈ ਜਾਂ ਨਹੀਂ।”
ਇਬਰਾਨੀ ਮੂਲ-ਪਾਠ: ਅੰਗ੍ਰੇਜ਼ੀ ਵਿਚ ਇਬਰਾਨੀ ਲਿਖਤਾਂ—ਨਵੀਂ ਦੁਨੀਆਂ ਅਨੁਵਾਦ (1953-1960) ਰੂਡੋਲਫ ਕਿਟਲ ਦੁਆਰਾ ਤਿਆਰ ਕੀਤੇ ਗਏ ਬਿਬਲੀਆ ਹਿਬਰੇਈਕਾ ਤੋਂ ਕੀਤਾ ਗਿਆ ਸੀ। ਉਸ ਤੋਂ ਬਾਅਦ ਇਬਰਾਨੀ ਮੂਲ-ਪਾਠ ਦੇ ਨਵੇਂ ਸੰਸਕਰਣ ਤਿਆਰ ਕੀਤੇ ਗਏ ਜਿਨ੍ਹਾਂ ਨੂੰ ਬਿਬਲੀਆ ਹਿਬਰੇਈਕਾ ਸਟੁੱਟਗਾਰਟੰਸੀਆ ਅਤੇ ਬਿਬਲੀਆ ਹਿਬਰੇਈਕਾ ਕਵਿੰਟਾ ਕਿਹਾ ਜਾਂਦਾ ਹੈ। ਇਨ੍ਹਾਂ ਦੋਵਾਂ ਸੰਸਕਰਣਾਂ ਵਿਚ ਉਹ ਸਾਰੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਜੋ ਮ੍ਰਿਤ ਸਾਗਰ ਪੋਥੀਆਂ ਅਤੇ ਹੋਰ ਪੁਰਾਣੀਆਂ ਹੱਥ-ਲਿਖਤਾਂ ਬਾਰੇ ਖੋਜਬੀਨ ਕਰ ਕੇ ਹਾਸਲ ਹੋਈ। ਵਿਦਵਾਨਾਂ ਵੱਲੋਂ ਤਿਆਰ ਕੀਤੇ ਗਏ ਇਨ੍ਹਾਂ ਸੰਸਕਰਣਾਂ ਦੇ ਮੁੱਖ ਪਾਠ ਵਿਚ ਲੈਨਿਨਗ੍ਰਾਡ ਕੋਡੈਕਸ ਇਸਤੇਮਾਲ ਕੀਤਾ ਗਿਆ ਹੈ ਅਤੇ ਫੁਟਨੋਟਾਂ ਵਿਚ ਹੋਰ ਹੱਥ-ਲਿਖਤਾਂ ਵਿੱਚੋਂ ਜਾਣਕਾਰੀ ਪਾਈ ਗਈ ਹੈ ਜਿਵੇਂ ਸਾਮਰੀ ਪੈਂਟਾਟਯੂਕ, ਮ੍ਰਿਤ ਸਾਗਰ ਪੋਥੀਆਂ, ਯੂਨਾਨੀ ਸੈਪਟੁਜਿੰਟ, ਅਰਾਮੀ ਟਾਰਗਮ, ਲਾਤੀਨੀ ਵਲਗੇਟ ਅਤੇ ਸੀਰੀਆਈ ਪਸ਼ੀਟਾ। ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਦਾ ਨਵਾਂ ਸੰਸਕਰਣ ਤਿਆਰ ਕਰਦੇ ਸਮੇਂ ਬਿਬਲੀਆ ਹਿਬਰੇਈਕਾ ਸਟੁੱਟਗਾਰਟੰਸੀਆ ਅਤੇ ਬਿਬਲੀਆ ਹਿਬਰੇਈਕਾ ਕਵਿੰਟਾ ਦੀ ਮਦਦ ਲਈ ਗਈ।
ਯੂਨਾਨੀ ਮੂਲ-ਪਾਠ: 19ਵੀਂ ਸਦੀ ਦੇ ਅਖ਼ੀਰ ਵਿਚ ਬੀ. ਐੱਫ਼. ਵੈੱਸਕੌਟ ਅਤੇ ਐੱਫ਼. ਜੇ. ਏ. ਹੌਰਟ ਨੇ ਉਸ ਸਮੇਂ ਦੀਆਂ ਬਾਈਬਲ ਹੱਥ-ਲਿਖਤਾਂ ਅਤੇ ਟੁਕੜਿਆਂ ਦੀ ਤੁਲਨਾ ਕਰ ਕੇ ਯੂਨਾਨੀ ਲਿਖਤਾਂ ਦਾ ਇਕ ਮੂਲ-ਪਾਠ ਤਿਆਰ ਕੀਤਾ। ਉਨ੍ਹਾਂ ਦੇ ਮੁਤਾਬਕ ਇਹ ਮੂਲ-ਪਾਠ ਸ਼ੁਰੂ ਵਿਚ ਲਿਖੀਆਂ ਯੂਨਾਨੀ ਕਿਤਾਬਾਂ ਨਾਲ ਕਾਫ਼ੀ ਮੇਲ ਖਾਂਦਾ ਸੀ। 20ਵੀਂ ਸਦੀ ਦੇ ਅੱਧ ਵਿਚ ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਨੇ ਯੂਨਾਨੀ ਲਿਖਤਾਂ ਦਾ ਅਨੁਵਾਦ ਕਰਦੇ ਵੇਲੇ ਇਸੇ ਮੂਲ-ਪਾਠ ਨੂੰ ਵਰਤਿਆ ਸੀ। ਨਾਲੇ ਕੁਝ ਪੁਰਾਣੀਆਂ ਪਪਾਇਰੀ ਹੱਥ-ਲਿਖਤਾਂ ਇਸਤੇਮਾਲ ਕੀਤੀਆਂ ਗਈਆਂ ਜੋ ਸ਼ਾਇਦ ਦੂਜੀ ਅਤੇ ਤੀਜੀ ਸਦੀ ਈਸਵੀ ਦੀਆਂ ਹਨ। ਇਸ ਤੋਂ ਬਾਅਦ ਹੋਰ ਵੀ ਪਪਾਇਰੀ ਹੱਥ-ਲਿਖਤਾਂ ਮਿਲੀਆਂ। ਇਸ ਤੋਂ ਇਲਾਵਾ, ਵਿਦਵਾਨਾਂ ਵੱਲੋਂ ਕੀਤੇ ਅਧਿਐਨ ਦੇ ਆਧਾਰ ʼਤੇ ਨੇਸਲੇ ਅਤੇ ਆਲਾਂਟ ਅਤੇ ਯੂਨਾਇਟਿਡ ਬਾਈਬਲ ਸੋਸਾਇਟੀਜ਼ ਨੇ ਵੀ ਮੂਲ-ਪਾਠ ਤਿਆਰ ਕੀਤੇ। ਇਸ ਅਧਿਐਨ ਦੀ ਕੁਝ ਜਾਣਕਾਰੀ ਅੰਗ੍ਰੇਜ਼ੀ ਦੇ ਨਵੀਂ ਦੁਨੀਆਂ ਅਨੁਵਾਦ ਦੇ ਇਸ ਸੰਸਕਰਣ ਵਿਚ ਪਾਈ ਗਈ ਹੈ।
ਇਨ੍ਹਾਂ ਮੂਲ-ਪਾਠਾਂ ਦੇ ਆਧਾਰ ʼਤੇ ਇਹ ਗੱਲ ਸਾਫ਼ ਹੋ ਗਈ ਹੈ ਕਿ ਮਸੀਹੀ ਯੂਨਾਨੀ ਲਿਖਤਾਂ ਦੇ ਪੁਰਾਣੇ ਅਨੁਵਾਦਾਂ, ਜਿਵੇਂ ਕਿ ਕਿੰਗ ਜੇਮਜ਼ ਵਰਯਨ ਵਿਚ ਪਾਈਆਂ ਜਾਂਦੀਆਂ ਕੁਝ ਆਇਤਾਂ ਬਾਅਦ ਦੇ ਨਕਲਨਵੀਸਾਂ ਨੇ ਆਪ ਜੋੜੀਆਂ ਸਨ ਅਤੇ ਇਹ ਆਇਤਾਂ ਪਵਿੱਤਰ ਲਿਖਤਾਂ ਵਿਚ ਕਦੇ ਵੀ ਨਹੀਂ ਸਨ। ਜ਼ਿਆਦਾਤਰ ਬਾਈਬਲਾਂ ਵਿਚ ਇਨ੍ਹਾਂ ਆਇਤਾਂ ਦਾ ਅਨੁਵਾਦ ਨਹੀਂ ਕੀਤਾ ਗਿਆ ਹੈ, ਪਰ ਆਇਤਾਂ ਦੇ ਨੰਬਰ ਉਸੇ ਤਰਤੀਬ ਵਿਚ ਦਿੱਤੇ ਗਏ ਹਨ ਜੋ 16ਵੀਂ ਸਦੀ ਵਿਚ ਕਾਇਮ ਕੀਤੀ ਗਈ ਸੀ। ਇਹ ਆਇਤਾਂ ਹਨ: ਮੱਤੀ 17:21; 18:11; 23:14; ਮਰਕੁਸ 7:16; 9:44, 46; 11:26; 15:28; ਲੂਕਾ 17:36; 23:17; ਯੂਹੰਨਾ 5:4; ਰਸੂਲਾਂ ਦੇ ਕੰਮ 8:37; 15:34; 24:7; 28:29 ਅਤੇ ਰੋਮੀਆਂ 16:24. ਇਸ ਅਨੁਵਾਦ ਵਿੱਚੋਂ ਇਹ ਆਇਤਾਂ ਕੱਢੀਆਂ ਗਈਆਂ ਹਨ ਅਤੇ ਇਨ੍ਹਾਂ ਦੇ ਨੰਬਰਾਂ ਦੇ ਨਾਲ ਫੁਟਨੋਟ ਦਿੱਤਾ ਗਿਆ ਹੈ।
ਮਰਕੁਸ ਅਧਿਆਇ 16 ਦੀ ਲੰਬੀ (ਆਇਤਾਂ 9-20) ਅਤੇ ਛੋਟੀ ਸਮਾਪਤੀ ਅਤੇ ਯੂਹੰਨਾ 7:53–8:11 ਵਿਚ ਦਿੱਤੀਆਂ ਆਇਤਾਂ ਬਾਰੇ ਇਹ ਸਾਫ਼ ਹੈ ਕਿ ਇਹ ਪਵਿੱਤਰ ਲਿਖਤਾਂ ਵਿਚ ਨਹੀਂ ਸਨ। ਇਸ ਲਈ ਇਹ ਮਨਘੜਤ ਆਇਤਾਂ ਇਸ ਅਨੁਵਾਦ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ ਹਨ।c
ਵਿਦਵਾਨ ਮੰਨਦੇ ਹਨ ਕਿ ਕੁਝ ਆਇਤਾਂ ਦੇ ਸ਼ਬਦਾਂ ਵਿਚ ਫੇਰ-ਬਦਲ ਕੀਤਾ ਜਾਵੇ ਤਾਂਕਿ ਇਹ ਪਵਿੱਤਰ ਲਿਖਤਾਂ ਨਾਲ ਮੇਲ ਖਾਣ। ਮਿਸਾਲ ਲਈ, ਕੁਝ ਹੱਥ-ਲਿਖਤਾਂ ਮੁਤਾਬਕ ਮੱਤੀ 7:13 ਨੂੰ ਇਸ ਤਰ੍ਹਾਂ ਲਿਖਿਆ ਜਾਣਾ ਚਾਹੀਦਾ ਹੈ: “ਭੀੜੇ ਦਰਵਾਜ਼ੇ ਰਾਹੀਂ ਵੜੋ ਕਿਉਂਕਿ ਚੌੜਾ ਹੈ ਉਹ ਦਰਵਾਜ਼ਾ ਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਵੱਲ ਜਾਂਦਾ ਹੈ।” ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਦੇ ਪਹਿਲੇ ਸੰਸਕਰਣਾਂ ਵਿਚ “ਉਹ ਦਰਵਾਜ਼ਾ” ਸ਼ਬਦ ਨਹੀਂ ਸਨ। ਪਰ ਹੱਥ-ਲਿਖਤਾਂ ਦੇ ਹੋਰ ਅਧਿਐਨ ਤੋਂ ਇਹ ਗੱਲ ਸਾਫ਼ ਹੋਈ ਕਿ “ਉਹ ਦਰਵਾਜ਼ਾ” ਸ਼ਬਦ ਪਵਿੱਤਰ ਲਿਖਤਾਂ ਵਿਚ ਸਨ। ਇਸ ਲਈ ਇਸ ਸੰਸਕਰਣ ਵਿਚ ਇਹ ਸ਼ਬਦ ਪਾਏ ਗਏ ਹਨ। ਇਸ ਤਰ੍ਹਾਂ ਦੇ ਹੋਰ ਵੀ ਕਈ ਸੁਧਾਰ ਕੀਤੇ ਗਏ ਹਨ। ਪਰ ਇਹ ਤਬਦੀਲੀਆਂ ਛੋਟੀਆਂ ਹਨ ਅਤੇ ਇਨ੍ਹਾਂ ਨਾਲ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਨਹੀਂ ਬਦਲਿਆ ਹੈ।
a ਇਸ ਤੋਂ ਅੱਗੇ ਇਨ੍ਹਾਂ ਨੂੰ ਇਬਰਾਨੀ ਲਿਖਤਾਂ ਹੀ ਕਿਹਾ ਗਿਆ ਹੈ।
b ਹੱਥ-ਲਿਖਤਾਂ ਦੀਆਂ ਨਕਲਾਂ ਬਣਾਉਣੀਆਂ ਜ਼ਰੂਰੀ ਸਨ ਕਿਉਂਕਿ ਹੱਥ-ਲਿਖਤਾਂ ਲਈ ਅਜਿਹਾ ਕਾਗਜ਼ ਜਾਂ ਹੋਰ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਜੋ ਕੁਝ ਸਮੇਂ ਬਾਅਦ ਨਸ਼ਟ ਹੋ ਜਾਂਦੀਆਂ ਸਨ।
c ਇਨ੍ਹਾਂ ਆਇਤਾਂ ਨੂੰ ਮਨਘੜਤ ਕਿਉਂ ਸਮਝਿਆ ਜਾਂਦਾ ਹੈ, ਇਸ ਬਾਰੇ ਹੋਰ ਜਾਣਕਾਰੀ 1984 ਵਿਚ ਛਪੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਦੇ ਫੁਟਨੋਟਾਂ ਵਿਚ ਦਿੱਤੀ ਗਈ ਹੈ।