ਅਧਿਆਇ 10
“ਯਹੋਵਾਹ ਦਾ ਬਚਨ ਫੈਲਦਾ ਗਿਆ”
ਪਤਰਸ ਨੂੰ ਬਚਾਇਆ ਜਾਂਦਾ ਹੈ ਅਤੇ ਅਤਿਆਚਾਰਾਂ ਦੇ ਬਾਵਜੂਦ ਖ਼ੁਸ਼ ਖ਼ਬਰੀ ਦਾ ਸੰਦੇਸ਼ ਫੈਲਦਾ ਹੈ
ਰਸੂਲਾਂ ਦੇ ਕੰਮ 12:1-25 ਵਿੱਚੋਂ
1-4. ਪਤਰਸ ਉੱਤੇ ਕਿਹੜੀ ਮੁਸ਼ਕਲ ਆਈ ਸੀ ਅਤੇ ਜੇ ਤੁਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ?
ਪਤਰਸ ਦੇ ਅੰਦਰ ਜਾਂਦਿਆਂ ਹੀ ਲੋਹੇ ਦਾ ਵੱਡਾ ਦਰਵਾਜ਼ਾ ਜ਼ੋਰ ਦੀ ਬੰਦ ਹੋ ਜਾਂਦਾ ਹੈ। ਦੋ ਰੋਮੀ ਪਹਿਰੇਦਾਰ ਬੇੜੀਆਂ ਨਾਲ ਬੱਝੇ ਪਤਰਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿਚ ਲੈ ਜਾਂਦੇ ਹਨ। ਫਿਰ ਉਹ ਕੋਠੜੀ ਵਿਚ ਬੈਠਾ ਉਡੀਕ ਕਰਦਾ ਹੈ ਕਿ ਉਸ ਦਾ ਕੀ ਹਸ਼ਰ ਹੋਵੇਗਾ। ਇਹ ਉਡੀਕ ਕਰਦਿਆਂ ਕਈ ਘੰਟੇ, ਸ਼ਾਇਦ ਕਈ ਦਿਨ ਬੀਤ ਜਾਂਦੇ ਹਨ। ਜੇਲ੍ਹ ਦੀ ਚਾਰ-ਦੀਵਾਰੀ ਅੰਦਰ ਉਸ ਨੂੰ ਸਲਾਖਾਂ, ਬੇੜੀਆਂ ਤੇ ਪਹਿਰੇਦਾਰ ਹੀ ਨਜ਼ਰ ਆਉਂਦੇ ਹਨ।
2 ਫਿਰ ਇਕ ਦਿਨ ਪਤਰਸ ਨੂੰ ਬੁਰੀ ਖ਼ਬਰ ਮਿਲਦੀ ਹੈ। ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਠਾਣਿਆ ਹੋਇਆ ਹੈ ਕਿ ਪਤਰਸ ਜੇਲ੍ਹ ਵਿੱਚੋਂ ਜੀਉਂਦਾ ਬਚ ਕੇ ਨਹੀਂ ਜਾਵੇਗਾ।a ਦਰਅਸਲ ਉਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਮੌਤ ਲੋਕਾਂ ਲਈ ਇਕ ਸੁਗਾਤ ਹੋਵੇਗੀ ਜੋ ਉਨ੍ਹਾਂ ਦੀ ਖ਼ੁਸ਼ੀ ਦੁਗਣੀ-ਚੌਗੁਣੀ ਕਰ ਦੇਵੇਗੀ। ਇਹ ਕੋਈ ਫੋਕੀ ਧਮਕੀ ਨਹੀਂ ਹੈ ਕਿਉਂਕਿ ਇਸ ਰਾਜੇ ਨੇ ਪਤਰਸ ਦੇ ਸਾਥੀ ਯਾਕੂਬ ਰਸੂਲ ਨੂੰ ਹਾਲ ਹੀ ਵਿਚ ਜਾਨੋਂ ਮਰਵਾਇਆ ਸੀ।
3 ਮੌਤ ਦੀ ਸਜ਼ਾ ਮਿਲਣ ਤੋਂ ਪਹਿਲਾਂ ਦੀ ਰਾਤ ਪਤਰਸ ਜੇਲ੍ਹ ਦੀ ਹਨੇਰੀ ਕੋਠੜੀ ਵਿਚ ਬੈਠਾ ਕੀ ਸੋਚ ਰਿਹਾ ਹੈ? ਕੀ ਉਸ ਨੂੰ ਕਈ ਸਾਲ ਪਹਿਲਾਂ ਯਿਸੂ ਦੀ ਕਹੀ ਇਹ ਗੱਲ ਯਾਦ ਆਉਂਦੀ ਹੈ ਕਿ ਉਸ ਨੂੰ ਇਕ ਦਿਨ ਬੰਨ੍ਹ ਕੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਲਿਜਾਇਆ ਜਾਵੇਗਾ ਤੇ ਮੌਤ ਦੇ ਘਾਟ ਉਤਾਰਿਆ ਜਾਵੇਗਾ? (ਯੂਹੰ. 21:18, 19) ਪਤਰਸ ਸੋਚਦਾ ਹੋਣਾ ਕਿ ਸ਼ਾਇਦ ਉਹ ਸਮਾਂ ਆ ਗਿਆ ਹੈ।
4 ਜੇ ਤੁਸੀਂ ਪਤਰਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? ਕਈ ਢੇਰੀ ਢਾਹ ਦਿੰਦੇ ਅਤੇ ਸੋਚਦੇ ਕਿ ਬਚਣ ਦੀ ਕੋਈ ਉਮੀਦ ਨਹੀਂ। ਪਰ ਕੀ ਕਦੀ ਇੱਦਾਂ ਹੋ ਸਕਦਾ ਕਿ ਯਿਸੂ ਦੇ ਕਿਸੇ ਸੱਚੇ ਚੇਲੇ ਲਈ ਸਾਰੇ ਰਾਹ ਬੰਦ ਹੋ ਜਾਣ? ਅਤਿਆਚਾਰ ਹੋਣ ਤੇ ਪਤਰਸ ਅਤੇ ਹੋਰ ਮਸੀਹੀਆਂ ਨੇ ਜੋ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਦੇਖੀਏ।
“ਮੰਡਲੀ . . . ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ” (ਰਸੂ. 12:1-5)
5, 6. (ੳ) ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਕਿਉਂ ਅਤੇ ਕਿਵੇਂ ਮਸੀਹੀ ਮੰਡਲੀ ਨੂੰ ਆਪਣਾ ਨਿਸ਼ਾਨਾ ਬਣਾਇਆ? (ਅ) ਯਾਕੂਬ ਦੀ ਮੌਤ ਮੰਡਲੀ ਲਈ ਮੁਸ਼ਕਲ ਦੀ ਘੜੀ ਕਿਉਂ ਸੀ?
5 ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਮਸੀਹੀ ਮੰਡਲੀ ਨੂੰ ਬਹੁਤ ਖ਼ੁਸ਼ੀ ਹੋਈ ਸੀ ਜਦੋਂ ਗ਼ੈਰ-ਯਹੂਦੀ ਕੁਰਨੇਲੀਅਸ ਅਤੇ ਉਸ ਦਾ ਪਰਿਵਾਰ ਮਸੀਹੀ ਬਣਿਆ ਸੀ। ਪਰ ਅਵਿਸ਼ਵਾਸੀ ਯਹੂਦੀਆਂ ਨੂੰ ਇਹ ਜਾਣ ਕੇ ਜ਼ੋਰਦਾਰ ਝਟਕਾ ਲੱਗਾ ਹੋਣਾ ਕਿ ਬਹੁਤ ਸਾਰੇ ਯਹੂਦੀ ਮਸੀਹੀ ਹੁਣ ਗ਼ੈਰ-ਯਹੂਦੀਆਂ ਨਾਲ ਰਲ਼ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ।
6 ਚਲਾਕ ਸਿਆਸਤਦਾਨ ਹੇਰੋਦੇਸ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਯਹੂਦੀਆਂ ਦੀ ਵਾਹ-ਵਾਹ ਖੱਟਣੀ ਚਾਹੁੰਦਾ ਸੀ, ਇਸ ਲਈ ਉਸ ਨੇ ਮਸੀਹੀਆਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸੁਣਿਆ ਹੋਣਾ ਕਿ ਯਾਕੂਬ ਰਸੂਲ ਯਿਸੂ ਮਸੀਹ ਦਾ ਕਰੀਬੀ ਦੋਸਤ ਸੀ। ਇਸ ਲਈ, ਹੇਰੋਦੇਸ ਨੇ “ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਜਾਨੋਂ ਮਾਰ ਦਿੱਤਾ।” (ਰਸੂ. 12:2) ਇਹ ਵਾਕਈ ਮੰਡਲੀ ਲਈ ਮੁਸ਼ਕਲ ਘੜੀ ਸੀ! ਯਾਕੂਬ ਉਨ੍ਹਾਂ ਤਿੰਨ ਰਸੂਲਾਂ ਵਿੱਚੋਂ ਸੀ ਜਿਨ੍ਹਾਂ ਨੇ ਯਿਸੂ ਦੇ ਖ਼ਾਸ ਚਮਤਕਾਰ ਦੇਖੇ ਸਨ ਜੋ ਹੋਰ ਰਸੂਲਾਂ ਨੇ ਨਹੀਂ ਦੇਖੇ ਸਨ, ਜਿਵੇਂ ਯਿਸੂ ਦਾ ਰੂਪ ਬਦਲਣ ਦਾ ਦਰਸ਼ਣ। (ਮੱਤੀ 17:1, 2; ਮਰ. 5:37-42) ਯਿਸੂ ਨੇ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਦਾ ਠਾਠਾਂ ਮਾਰਦਾ ਜੋਸ਼ ਦੇਖ ਕੇ ਉਨ੍ਹਾਂ ਦਾ ਨਾਂ “ਗਰਜ ਦੇ ਪੁੱਤਰ” ਰੱਖਿਆ ਸੀ। (ਮਰ. 3:17) ਇਸ ਤਰ੍ਹਾਂ ਮੰਡਲੀ ਨੂੰ ਇਸ ਦਲੇਰ, ਵਫ਼ਾਦਾਰ ਗਵਾਹ ਅਤੇ ਪਿਆਰੇ ਰਸੂਲ ਦੀ ਮੌਤ ਦਾ ਗਮ ਸਹਿਣਾ ਪਿਆ।
7, 8. ਪਤਰਸ ਨੂੰ ਕੈਦ ਵਿਚ ਸੁੱਟੇ ਜਾਣ ਤੇ ਮੰਡਲੀ ਨੇ ਕੀ ਕੀਤਾ?
7 ਅਗ੍ਰਿੱਪਾ ਦੀਆਂ ਆਸਾਂ ਮੁਤਾਬਕ ਯਾਕੂਬ ਨੂੰ ਮਾਰੇ ਜਾਣ ਤੇ ਯਹੂਦੀ ਖ਼ੁਸ਼ ਹੋਏ ਸਨ। ਇਸ ਕਰਕੇ ਉਹ ਹੁਣ ਪਤਰਸ ਦੇ ਪਿੱਛੇ ਪੈ ਗਿਆ ਸੀ। ਜਿਵੇਂ ਅਧਿਆਇ ਦੇ ਸ਼ੁਰੂ ਵਿਚ ਦੇਖਿਆ ਸੀ, ਪਤਰਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਅਗ੍ਰਿੱਪਾ ਨੂੰ ਯਾਦ ਹੋਣਾ ਕਿ ਜੇਲ੍ਹਾਂ ਦੀਆਂ ਉੱਚੀਆਂ-ਉੱਚੀਆਂ ਕੰਧਾਂ ਵੀ ਰਸੂਲਾਂ ਨੂੰ ਡੱਕ ਕੇ ਨਹੀਂ ਰੱਖ ਸਕੀਆਂ, ਜਿਵੇਂ ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਦੱਸਿਆ ਗਿਆ ਸੀ। ਕੋਈ ਲਾਪਰਵਾਹੀ ਨਾ ਵਰਤਦੇ ਹੋਏ ਅਗ੍ਰਿੱਪਾ ਨੇ ਪਤਰਸ ʼਤੇ ਸਖ਼ਤ ਪਹਿਰਾ ਲਗਵਾ ਦਿੱਤਾ। ਉਸ ਨੂੰ ਦੋ ਪਹਿਰੇਦਾਰਾਂ ਨਾਲ ਬੇੜੀਆਂ ਨਾਲ ਬੰਨ੍ਹ ਦਿੱਤਾ ਗਿਆ ਅਤੇ 16 ਪਹਿਰੇਦਾਰ ਦਿਨ-ਰਾਤ ਵਾਰੀ-ਵਾਰੀ ਉਸ ʼਤੇ ਪਹਿਰਾ ਦਿੰਦੇ ਸਨ ਤਾਂਕਿ ਉਹ ਕਿਸੇ ਤਰ੍ਹਾਂ ਬਚ ਕੇ ਨਿਕਲ ਨਾ ਜਾਵੇ। ਜੇ ਉਹ ਭੱਜ ਜਾਂਦਾ, ਤਾਂ ਉਸ ਦੀ ਸਜ਼ਾ ਪਹਿਰੇਦਾਰਾਂ ਨੂੰ ਮਿਲਣੀ ਸੀ। ਇਸ ਔਖੀ ਘੜੀ ਵਿਚ ਪਤਰਸ ਦੇ ਮਸੀਹੀ ਭੈਣਾਂ-ਭਰਾਵਾਂ ਨੇ ਕੀ ਕੀਤਾ?
8 ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਸੀ। ਰਸੂਲਾਂ ਦੇ ਕੰਮ 12:5 ਵਿਚ ਅਸੀਂ ਪੜ੍ਹਦੇ ਹਾਂ: “ਜਦੋਂ ਪਤਰਸ ਜੇਲ੍ਹ ਵਿਚ ਸੀ, ਉਦੋਂ ਮੰਡਲੀ ਉਸ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ।” ਜੀ ਹਾਂ, ਉਨ੍ਹਾਂ ਨੇ ਆਪਣੇ ਇਸ ਪਿਆਰੇ ਭਰਾ ਲਈ ਸੱਚੇ ਦਿਲੋਂ ਪ੍ਰਾਰਥਨਾਵਾਂ ਤੇ ਫ਼ਰਿਆਦਾਂ ਕੀਤੀਆਂ ਸਨ। ਯਾਕੂਬ ਦੀ ਮੌਤ ਕਾਰਨ ਉਹ ਨਿਰਾਸ਼ਾ ਵਿਚ ਨਹੀਂ ਡੁੱਬੇ ਅਤੇ ਨਾ ਹੀ ਉਨ੍ਹਾਂ ਨੇ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਨੂੰ ਪਤਾ ਸੀ ਕਿ ਪ੍ਰਾਰਥਨਾਵਾਂ ਯਹੋਵਾਹ ਲਈ ਬਹੁਤ ਮਾਅਨੇ ਰੱਖਦੀਆਂ ਸਨ। ਉਸ ਦੀ ਮਰਜ਼ੀ ਮੁਤਾਬਕ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਦਾ ਉਹ ਜ਼ਰੂਰ ਜਵਾਬ ਦਿੰਦਾ ਹੈ। (ਇਬ. 13:18, 19; ਯਾਕੂ. 5:16) ਅੱਜ ਮਸੀਹੀਆਂ ਨੂੰ ਇਹ ਜ਼ਰੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ।
9. ਪ੍ਰਾਰਥਨਾ ਦੇ ਸੰਬੰਧ ਵਿਚ ਅਸੀਂ ਪਤਰਸ ਦੇ ਮਸੀਹੀ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦੇ ਹਾਂ?
9 ਕੀ ਤੁਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜਿਹੜੇ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ? ਉਨ੍ਹਾਂ ʼਤੇ ਸ਼ਾਇਦ ਅਤਿਆਚਾਰ ਹੋ ਰਹੇ ਹਨ, ਉਹ ਸਰਕਾਰੀ ਪਾਬੰਦੀਆਂ ਹੇਠ ਹਨ ਜਾਂ ਉਹ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹਨ। ਉਨ੍ਹਾਂ ਲਈ ਜ਼ਰੂਰ ਪ੍ਰਾਰਥਨਾ ਕਰੋ। ਤੁਸੀਂ ਸ਼ਾਇਦ ਉਨ੍ਹਾਂ ਨੂੰ ਵੀ ਜਾਣਦੇ ਹੋਵੋ ਜਿਹੜੇ ਅਜਿਹੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਬਾਰੇ ਸ਼ਾਇਦ ਦੂਜਿਆਂ ਨੂੰ ਪਤਾ ਨਾ ਹੋਵੇ। ਮਿਸਾਲ ਲਈ, ਉਨ੍ਹਾਂ ਦੇ ਪਰਿਵਾਰ ਵਿਚ ਸ਼ਾਇਦ ਕੋਈ ਸਮੱਸਿਆ ਹੋਵੇ, ਉਹ ਕਿਸੇ ਗੱਲ ਕਰਕੇ ਨਿਰਾਸ਼ ਹੋਣ ਜਾਂ ਨਿਹਚਾ ਕਮਜ਼ੋਰ ਕਰਨ ਵਾਲੀ ਕਿਸੇ ਹੋਰ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋਣ। ਜੇ ਤੁਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਸੋਚੋ, ਤਾਂ ਤੁਹਾਨੂੰ ਕਈ ਅਜਿਹੇ ਭੈਣ-ਭਰਾ ਯਾਦ ਆਉਣਗੇ ਜਿਨ੍ਹਾਂ ਦੇ ਨਾਂ ਲੈ ਕੇ ਤੁਸੀਂ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਯਹੋਵਾਹ ਅੱਗੇ ਪ੍ਰਾਰਥਨਾ ਕਰ ਸਕਦੇ ਹੋ। (ਜ਼ਬੂ. 65:2) ਯਾਦ ਰੱਖੋ ਕਿ ਤੁਹਾਡੇ ਉੱਤੇ ਵੀ ਮੁਸ਼ਕਲ ਘੜੀ ਆ ਸਕਦੀ ਹੈ ਜਿਸ ਕਰਕੇ ਤੁਹਾਨੂੰ ਭੈਣਾਂ-ਭਰਾਵਾਂ ਦੀਆਂ ਪ੍ਰਾਰਥਨਾਵਾਂ ਦੀ ਲੋੜ ਪੈ ਸਕਦੀ ਹੈ।
“ਮੇਰੇ ਪਿੱਛੇ-ਪਿੱਛੇ ਆਜਾ” (ਰਸੂ. 12:6-11)
10, 11. ਦੱਸੋ ਕਿ ਯਹੋਵਾਹ ਦੇ ਦੂਤ ਨੇ ਪਤਰਸ ਨੂੰ ਜੇਲ੍ਹ ਵਿੱਚੋਂ ਕਿਵੇਂ ਆਜ਼ਾਦ ਕੀਤਾ ਸੀ।
10 ਕੀ ਪਤਰਸ ਆਪਣੇ ਹੋਣ ਵਾਲੇ ਅੰਜਾਮ ਕਰਕੇ ਘਬਰਾਇਆ ਹੋਇਆ ਸੀ? ਅਸੀਂ ਇਹ ਪੱਕਾ ਤਾਂ ਨਹੀਂ ਕਹਿ ਸਕਦੇ, ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਵਿਚ ਆਖ਼ਰੀ ਰਾਤ ਦੌਰਾਨ ਉਹ ਦੋ ਚੌਕਸ ਪਹਿਰੇਦਾਰਾਂ ਦੇ ਗੱਭੇ ਘੂਕ ਸੁੱਤਾ ਪਿਆ ਸੀ। ਪਰਮੇਸ਼ੁਰ ਦਾ ਇਹ ਵਫ਼ਾਦਾਰ ਸੇਵਕ ਜਾਣਦਾ ਸੀ ਕਿ ਕੱਲ੍ਹ ਨੂੰ ਜੋ ਮਰਜ਼ੀ ਹੋ ਜਾਵੇ, ਉਹ ਯਹੋਵਾਹ ਦੇ ਹੱਥਾਂ ਵਿਚ ਮਹਿਫੂਜ਼ ਸੀ। (ਰੋਮੀ. 14:7, 8) ਪਰ ਅੱਗੇ ਵਾਪਰਨ ਵਾਲੀਆਂ ਚਮਤਕਾਰੀ ਘਟਨਾਵਾਂ ਬਾਰੇ ਪਤਰਸ ਨੇ ਕਦੀ ਸੋਚਿਆ ਵੀ ਨਹੀਂ ਸੀ। ਅਚਾਨਕ ਉਸ ਦੀ ਕੋਠੜੀ ਚਾਨਣ ਨਾਲ ਭਰ ਗਈ। ਉੱਥੇ ਇਕ ਦੂਤ ਆ ਖੜ੍ਹਾ ਹੋਇਆ ਜੋ ਪਹਿਰੇਦਾਰਾਂ ਨੂੰ ਨਜ਼ਰ ਨਹੀਂ ਆਇਆ ਅਤੇ ਉਸ ਨੇ ਫਟਾਫਟ ਪਤਰਸ ਨੂੰ ਜਗਾਇਆ। ਉਸ ਦੇ ਹੱਥਾਂ ਦੀਆਂ ਮਜ਼ਬੂਤ ਬੇੜੀਆਂ ਆਪਣੇ ਆਪ ਖੁੱਲ੍ਹ ਕੇ ਡਿਗ ਪਈਆਂ!
11 ਦੂਤ ਨੇ ਪਤਰਸ ਨੂੰ ਕਿਹਾ: “ਫਟਾਫਟ ਉੱਠ। . . . ਤਿਆਰ ਹੋ ਅਤੇ ਆਪਣੀ ਜੁੱਤੀ ਪਾ ਲੈ। . . . ਆਪਣਾ ਚੋਗਾ ਪਾ।” ਪਤਰਸ ਨੇ ਤੁਰੰਤ ਉਸ ਦਾ ਹੁਕਮ ਮੰਨਿਆ। ਅਖ਼ੀਰ ਵਿਚ ਦੂਤ ਨੇ ਕਿਹਾ: “ਮੇਰੇ ਪਿੱਛੇ-ਪਿੱਛੇ ਆਜਾ” ਅਤੇ ਪਤਰਸ ਨੇ ਉਸੇ ਤਰ੍ਹਾਂ ਕੀਤਾ। ਉਹ ਕੋਠੜੀ ਤੋਂ ਬਾਹਰ ਆ ਕੇ ਪਹਿਰੇਦਾਰਾਂ ਦੀ ਚੌਂਕੀ ਕੋਲੋਂ ਚੁੱਪ-ਚਾਪ ਲੰਘ ਕੇ ਲੋਹੇ ਦੇ ਵੱਡੇ ਸਾਰੇ ਦਰਵਾਜ਼ੇ ਕੋਲ ਆ ਗਏ। ਉਹ ਬਾਹਰ ਕਿੱਦਾਂ ਜਾਣਗੇ? ਪਤਰਸ ਦੇ ਮਨ ਵਿਚ ਜੇ ਇਹ ਖ਼ਿਆਲ ਆਇਆ ਵੀ ਹੋਵੇ, ਤਾਂ ਛੇਤੀ ਹੀ ਉਸ ਦੀ ਇਹ ਚਿੰਤਾ ਦੂਰ ਹੋ ਗਈ। ਦਰਵਾਜ਼ੇ ਕੋਲ ਪਹੁੰਚਦਿਆਂ ਹੀ ਦਰਵਾਜ਼ਾ “ਆਪਣੇ ਆਪ ਖੁੱਲ੍ਹ ਗਿਆ।” ਪਤਰਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਦੋਵੇਂ ਕਦੋਂ ਦਰਵਾਜ਼ੇ ਵਿੱਚੋਂ ਲੰਘ ਕੇ ਗਲੀ ਵਿਚ ਆ ਗਏ ਅਤੇ ਦੂਤ ਗਾਇਬ ਹੋ ਗਿਆ। ਫਿਰ ਪਤਰਸ ਨੂੰ ਹੋਸ਼ ਆਇਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਦਰਸ਼ਣ ਨਹੀਂ ਸੀ, ਸਗੋਂ ਅਸਲ ਵਿਚ ਹੋ ਰਿਹਾ ਸੀ। ਉਹ ਆਜ਼ਾਦ ਹੋ ਚੁੱਕਾ ਸੀ!—ਰਸੂ. 12:7-11.
12. ਯਹੋਵਾਹ ਵੱਲੋਂ ਪਤਰਸ ਨੂੰ ਬਚਾਉਣ ਬਾਰੇ ਸੋਚ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ?
12 ਕੀ ਇਹ ਜਾਣ ਕੇ ਸਾਨੂੰ ਹੌਸਲਾ ਨਹੀਂ ਮਿਲਦਾ ਕਿ ਯਹੋਵਾਹ ਕੋਲ ਆਪਣੇ ਸੇਵਕਾਂ ਨੂੰ ਬਚਾਉਣ ਦੀ ਅਥਾਹ ਤਾਕਤ ਹੈ? ਪਤਰਸ ਨੂੰ ਜਿਸ ਰਾਜੇ ਨੇ ਕੈਦ ਕੀਤਾ ਸੀ, ਉਸ ਨੂੰ ਉਸ ਜ਼ਮਾਨੇ ਦੀ ਸਭ ਤੋਂ ਤਾਕਤਵਰ ਸਰਕਾਰ ਦੀ ਹਿਮਾਇਤ ਹਾਸਲ ਸੀ। ਪਰ ਪਤਰਸ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਅਤੇ ਉਹ ਜੇਲ੍ਹ ਵਿੱਚੋਂ ਸਹੀ-ਸਲਾਮਤ ਬਾਹਰ ਆ ਗਿਆ! ਇਹ ਸੱਚ ਹੈ ਕਿ ਯਹੋਵਾਹ ਆਪਣੇ ਸਾਰੇ ਸੇਵਕਾਂ ਲਈ ਇਸ ਤਰ੍ਹਾਂ ਦੇ ਚਮਤਕਾਰ ਨਹੀਂ ਕਰਦਾ। ਉਸ ਨੇ ਯਾਕੂਬ ਨੂੰ ਮਰਨੋਂ ਨਹੀਂ ਬਚਾਇਆ ਸੀ ਤੇ ਨਾ ਹੀ ਬਾਅਦ ਵਿਚ ਪਤਰਸ ਨੂੰ ਬਚਾਇਆ ਜਦੋਂ ਉਸ ਦੀ ਮੌਤ ਬਾਰੇ ਯਿਸੂ ਦੇ ਸ਼ਬਦ ਸੱਚੀ-ਮੁੱਚੀ ਪੂਰੇ ਹੋਏ ਸਨ। ਅੱਜ ਮਸੀਹੀ ਇਹ ਉਮੀਦ ਨਹੀਂ ਰੱਖਦੇ ਕਿ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਬਚਾਇਆ ਜਾਵੇਗਾ। ਪਰ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਯਹੋਵਾਹ ਬਦਲਦਾ ਨਹੀਂ। (ਮਲਾ. 3:6) ਉਹ ਜਲਦੀ ਹੀ ਆਪਣੇ ਪੁੱਤਰ ਦੇ ਜ਼ਰੀਏ ਲੱਖਾਂ ਹੀ ਲੋਕਾਂ ਨੂੰ ਦੁਨੀਆਂ ਦੀ ਸਭ ਤੋਂ ਮਜ਼ਬੂਤ ਜੇਲ੍ਹ ਯਾਨੀ ਮੌਤ ਤੋਂ ਆਜ਼ਾਦ ਕਰੇਗਾ। (ਯੂਹੰ. 5:28, 29) ਅਜ਼ਮਾਇਸ਼ਾਂ ਵਿੱਚੋਂ ਲੰਘਦਿਆਂ ਅਜਿਹੇ ਵਾਅਦਿਆਂ ʼਤੇ ਵਿਚਾਰ ਕਰ ਕੇ ਸਾਨੂੰ ਮੁਸ਼ਕਲਾਂ ਸਹਿਣ ਦੀ ਹਿੰਮਤ ਮਿਲ ਸਕਦੀ ਹੈ।
“ਉਹ ਉਸ ਨੂੰ ਦੇਖ ਕੇ ਦੰਗ ਰਹਿ ਗਏ” (ਰਸੂ. 12:12-17)
13-15. (ੳ) ਮਰੀਅਮ ਦੇ ਘਰ ਇਕੱਠੇ ਹੋਏ ਭੈਣਾਂ-ਭਰਾਵਾਂ ਨੂੰ ਪਤਰਸ ਨੂੰ ਦੇਖ ਕੇ ਕਿਵੇਂ ਲੱਗਾ? (ਅ) ਹੁਣ ਰਸੂਲਾਂ ਦੇ ਕੰਮ ਦੀ ਕਿਤਾਬ ਕਿਸ ਬਾਰੇ ਗੱਲ ਕਰਦੀ ਹੈ, ਪਰ ਪਤਰਸ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦਾ ਰਿਹਾ?
13 ਪਤਰਸ ਹਨੇਰੀ ਗਲੀ ਵਿਚ ਖੜ੍ਹਾ ਸੋਚ ਰਿਹਾ ਸੀ ਕਿ ਉਹ ਕਿੱਥੇ ਜਾਵੇ। ਉਸ ਨੂੰ ਪਤਾ ਸੀ ਕਿ ਲਾਗੇ ਹੀ ਮਸੀਹੀ ਭੈਣ ਮਰੀਅਮ ਰਹਿੰਦੀ ਸੀ ਤੇ ਉਸ ਨੇ ਉਸ ਦੇ ਘਰ ਜਾਣ ਦਾ ਫ਼ੈਸਲਾ ਕੀਤਾ। ਉਹ ਵਿਧਵਾ ਭੈਣ ਅਮੀਰ ਸੀ ਅਤੇ ਉਸ ਦਾ ਘਰ ਇੰਨਾ ਵੱਡਾ ਸੀ ਕਿ ਉਸ ਵਿਚ ਸਾਰੀ ਮੰਡਲੀ ਇਕੱਠੀ ਹੋ ਸਕਦੀ ਸੀ। ਉਹ ਯੂਹੰਨਾ ਮਰਕੁਸ ਦੀ ਮਾਤਾ ਸੀ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਇੱਥੇ ਪਹਿਲੀ ਵਾਰ ਮਰਕੁਸ ਦਾ ਜ਼ਿਕਰ ਆਉਂਦਾ ਹੈ ਜੋ ਬਾਅਦ ਵਿਚ ਪਤਰਸ ਲਈ ਇਕ ਪੁੱਤਰ ਵਾਂਗ ਬਣ ਗਿਆ। (1 ਪਤ. 5:13) ਉਸ ਰਾਤ ਮਰੀਅਮ ਦੇ ਘਰ ਮੰਡਲੀ ਦੇ ਕਈ ਭੈਣ-ਭਰਾ ਇਕੱਠੇ ਹੋਏ ਸਨ ਅਤੇ ਪ੍ਰਾਰਥਨਾ ਕਰਦਿਆਂ ਉਨ੍ਹਾਂ ਨੂੰ ਕਾਫ਼ੀ ਰਾਤ ਹੋ ਗਈ ਸੀ। ਬਿਨਾਂ ਸ਼ੱਕ ਉਹ ਪਤਰਸ ਦੀ ਰਿਹਾਈ ਲਈ ਪ੍ਰਾਰਥਨਾ ਕਰ ਰਹੇ ਸਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਯਹੋਵਾਹ ਇੰਨੀ ਜਲਦੀ ਉਨ੍ਹਾਂ ਦੀ ਪ੍ਰਾਰਥਨਾ ਸੁਣ ਲਵੇਗਾ!
14 ਪਤਰਸ ਨੇ ਘਰ ਦੇ ਵਿਹੜੇ ਦਾ ਦਰਵਾਜ਼ਾ ਖੜਕਾਇਆ। ਰੋਦੇ (ਯੂਨਾਨੀ ਵਿਚ ਮਤਲਬ “ਗੁਲਾਬ ਦਾ ਫੁੱਲ”) ਨਾਂ ਦੀ ਨੌਕਰਾਣੀ ਦਰਵਾਜ਼ਾ ਖੋਲ੍ਹਣ ਆਈ। ਜਦੋਂ ਉਸ ਨੇ ਪਤਰਸ ਦੀ ਆਵਾਜ਼ ਸੁਣੀ, ਤਾਂ ਉਸ ਨੂੰ ਆਪਣੇ ਕੰਨਾਂ ʼਤੇ ਯਕੀਨ ਨਹੀਂ ਆਇਆ! ਦਰਵਾਜ਼ਾ ਖੋਲ੍ਹਣ ਦੀ ਬਜਾਇ ਉਹ ਖ਼ੁਸ਼ੀ ਦੇ ਮਾਰੇ ਅੰਦਰ ਚਲੀ ਗਈ ਅਤੇ ਭੈਣਾਂ-ਭਰਾਵਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਤਰਸ ਬਾਹਰ ਖੜ੍ਹਾ ਸੀ। ਸਾਰੇ ਕਹਿਣ ਲੱਗ ਪਏ ਕਿ ਉਹ ਕਮਲ਼ੀ ਹੋ ਗਈ ਸੀ, ਪਰ ਉਹ ਵਾਰ-ਵਾਰ ਕਹਿੰਦੀ ਰਹੀ ਕਿ ਉਹ ਸੱਚ ਬੋਲ ਰਹੀ ਸੀ। ਕੁਝ ਨੇ ਉਸ ਦੀ ਗੱਲ ʼਤੇ ਥੋੜ੍ਹਾ ਯਕੀਨ ਕਰਦੇ ਹੋਏ ਕਿਹਾ ਕਿ ਉਹ ਪਤਰਸ ਦਾ ਘੱਲਿਆ ਦੂਤ ਹੋਣਾ। (ਰਸੂ. 12:12-15) ਇਸ ਸਮੇਂ ਦੌਰਾਨ ਪਤਰਸ ਬਾਹਰ ਖੜ੍ਹਾ ਦਰਵਾਜ਼ਾ ਖੜਕਾਉਂਦਾ ਰਿਹਾ ਤੇ ਅਖ਼ੀਰ ਉਨ੍ਹਾਂ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ।
15 ਪਤਰਸ ਨੂੰ ਦਰਵਾਜ਼ੇ ʼਤੇ ਦੇਖ ਕੇ ‘ਉਹ ਦੰਗ ਰਹਿ ਗਏ’! (ਰਸੂ. 12:16) ਉਸ ਨੂੰ ਦੇਖ ਕੇ ਸਾਰਿਆਂ ਨੂੰ ਚਾਅ ਚੜ੍ਹ ਗਿਆ। ਉਸ ਨੇ ਉਨ੍ਹਾਂ ਨੂੰ ਚੁੱਪ ਕਰਾ ਕੇ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਛੁਡਾਇਆ ਸੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਦੀ ਰਿਹਾਈ ਦੀ ਖ਼ਬਰ ਚੇਲੇ ਯਾਕੂਬ ਅਤੇ ਹੋਰ ਭਰਾਵਾਂ ਨੂੰ ਦੇ ਦੇਣ। ਫਿਰ ਉਹ ਹੇਰੋਦੇਸ ਦੇ ਫ਼ੌਜੀਆਂ ਦੇ ਦੁਬਾਰਾ ਹੱਥ ਆਉਣ ਤੋਂ ਪਹਿਲਾਂ-ਪਹਿਲਾਂ ਉੱਥੋਂ ਚਲਾ ਗਿਆ। ਉਹ ਕਿਸੇ ਹੋਰ ਸੁਰੱਖਿਅਤ ਥਾਂ ʼਤੇ ਵਫ਼ਾਦਾਰੀ ਨਾਲ ਸੇਵਾ ਕਰਦਾ ਰਿਹਾ। ਇਸ ਤੋਂ ਬਾਅਦ ਰਸੂਲਾਂ ਦੇ ਕੰਮ ਦੇ 15ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਸੁੰਨਤ ਦੇ ਮੁੱਦੇ ਨੂੰ ਸੁਲਝਾਉਣ ਵਿਚ ਕੀ ਯੋਗਦਾਨ ਪਾਇਆ ਸੀ। ਫਿਰ ਇਸ ਕਿਤਾਬ ਵਿਚ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਸਗੋਂ ਪੌਲੁਸ ਰਸੂਲ ਦੀ ਸੇਵਕਾਈ ਅਤੇ ਸਫ਼ਰ ਬਾਰੇ ਗੱਲ ਕੀਤੀ ਗਈ ਹੈ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਤਰਸ ਜਿੱਥੇ ਵੀ ਗਿਆ, ਉਸ ਨੇ ਉੱਥੇ ਦੇ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਮਜ਼ਬੂਤ ਕੀਤਾ। ਮਰੀਅਮ ਦੇ ਘਰੋਂ ਉਸ ਦੇ ਜਾਣ ਵੇਲੇ ਭੈਣਾਂ-ਭਰਾਵਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਹੋਏ ਸਨ।
16. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਸਾਨੂੰ ਭਵਿੱਖ ਵਿਚ ਖ਼ੁਸ਼ੀਆਂ ਮਿਲਣਗੀਆਂ?
16 ਕਦੇ-ਕਦੇ ਯਹੋਵਾਹ ਆਪਣੇ ਸੇਵਕਾਂ ਲਈ ਉਨ੍ਹਾਂ ਦੀਆਂ ਉਮੀਦਾਂ ਨਾਲੋਂ ਵੱਧ ਕਰਦਾ ਹੈ ਜਿਸ ਕਰਕੇ ਉਨ੍ਹਾਂ ਤੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ। ਉਸ ਰਾਤ ਪਤਰਸ ਦੇ ਮਸੀਹੀ ਭੈਣਾਂ-ਭਰਾਵਾਂ ਨਾਲ ਇਸੇ ਤਰ੍ਹਾਂ ਹੋਇਆ ਸੀ। ਅਸੀਂ ਵੀ ਕਈ ਵਾਰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਜਦੋਂ ਯਹੋਵਾਹ ਬਰਕਤਾਂ ਦੇ ਕੇ ਸਾਡੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ। (ਕਹਾ. 10:22) ਭਵਿੱਖ ਵਿਚ ਅਸੀਂ ਦੁਨੀਆਂ ਭਰ ਵਿਚ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਦੇਖਾਂਗੇ। ਉਸ ਵੇਲੇ ਸਾਨੂੰ ਇੰਨੀਆਂ ਬਰਕਤਾਂ ਮਿਲਣਗੀਆਂ ਜਿਨ੍ਹਾਂ ਦੀ ਅਸੀਂ ਹੁਣ ਕਲਪਨਾ ਵੀ ਨਹੀਂ ਕਰ ਸਕਦੇ। ਜਿੰਨੀ ਦੇਰ ਤਕ ਅਸੀਂ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਾਂਗੇ, ਯਹੋਵਾਹ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਂਦਾ ਰਹੇਗਾ।
“ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ” (ਰਸੂ. 12:18-25)
17, 18. ਕਿਹੜੀ ਸਥਿਤੀ ਪੈਦਾ ਹੋਈ ਜਿਸ ਕਰਕੇ ਲੋਕਾਂ ਨੇ ਹੇਰੋਦੇਸ ਦੀ ਝੂਠੀ ਪ੍ਰਸ਼ੰਸਾ ਕੀਤੀ?
17 ਪਤਰਸ ਦੇ ਬਚ ਨਿਕਲਣ ਕਰਕੇ ਹੇਰੋਦੇਸ ਦੇ ਹੋਸ਼ ਉੱਡ ਗਏ। ਹੇਰੋਦੇਸ ਨੇ ਉਸ ਦੀ ਭਾਲ ਕਰਨ ਦਾ ਤੁਰੰਤ ਹੁਕਮ ਦਿੱਤਾ ਤੇ ਫਿਰ ਪਤਰਸ ʼਤੇ ਪਹਿਰਾ ਦੇ ਰਹੇ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕੀਤੀ। ਫਿਰ ਉਨ੍ਹਾਂ ਨੂੰ ‘ਸਜ਼ਾ ਦੇਣ ਲਈ’ ਲਿਜਾਇਆ ਗਿਆ, ਸ਼ਾਇਦ ਮੌਤ ਦੀ ਸਜ਼ਾ ਲਈ। (ਰਸੂ. 12:19) ਹੇਰੋਦੇਸ ਅਗ੍ਰਿੱਪਾ ਦੇ ਦਿਲ ਵਿਚ ਕਿਸੇ ਲਈ ਦਇਆ ਨਹੀਂ ਸੀ। ਇਸ ਲਈ ਉਸ ਨੇ ਆਪਣਾ ਨਾਂ ਇਤਿਹਾਸ ਦੇ ਪੰਨਿਆਂ ʼਤੇ ਕਾਲੇ ਅੱਖਰਾਂ ਵਿਚ ਲਿਖਵਾਇਆ। ਕੀ ਇਸ ਜ਼ਾਲਮ ਇਨਸਾਨ ਨੂੰ ਕਦੇ ਸਜ਼ਾ ਮਿਲੀ?
18 ਹੇਰੋਦੇਸ ਨੇ ਆਪਣੇ ਆਪ ਨੂੰ ਬਹੁਤ ਬੇਇੱਜ਼ਤ ਮਹਿਸੂਸ ਕੀਤਾ ਹੋਣਾ ਕਿ ਪਤਰਸ ਉਸ ਦੇ ਹੱਥੋਂ ਬਚ ਨਿਕਲਿਆ ਸੀ। ਉਸ ਦੇ ਘਮੰਡੀ ਮਨ ਨੂੰ ਜ਼ਰੂਰ ਸੱਟ ਲੱਗੀ ਹੋਣੀ। ਪਰ ਜਲਦੀ ਹੀ ਅਜਿਹੀ ਸਥਿਤੀ ਪੈਦਾ ਹੋਈ ਜਿਸ ਨੇ ਉਸ ਦੀ ਇਸ ਸੱਟ ʼਤੇ ਮਲ੍ਹਮ ਦਾ ਕੰਮ ਕੀਤਾ। ਉਸ ਦੇ ਕੁਝ ਦੁਸ਼ਮਣ ਉਸ ਨਾਲ ਸੁਲ੍ਹਾ ਕਰਨ ਲਈ ਇਕੱਠੇ ਹੋ ਕੇ ਉਸ ਕੋਲ ਆਏ। ਇਕ ਦਿਨ ਉਹ ਨਿਆਂ ਦੇ ਸਿੰਘਾਸਣ ʼਤੇ ਬੈਠਿਆ ਅਤੇ ਉਹ ਉੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਅੱਗੇ ਭਾਸ਼ਣ ਦੇਣ ਲਈ ਉਤਾਵਲਾ ਸੀ। ਲੂਕਾ ਨੇ ਦੱਸਿਆ ਕਿ ਉਹ ਭਾਸ਼ਣ ਦੇਣ ਲਈ “ਸ਼ਾਹੀ ਲਿਬਾਸ ਪਾ ਕੇ” ਆਇਆ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਲਿਖਿਆ ਕਿ ਹੇਰੋਦੇਸ ਦਾ ਸ਼ਾਹੀ ਲਿਬਾਸ ਚਾਂਦੀ ਦਾ ਬਣਿਆ ਹੋਇਆ ਸੀ, ਇਸ ਕਰਕੇ ਜਦੋਂ ਰਾਜੇ ਉੱਤੇ ਰੌਸ਼ਨੀ ਪੈਂਦੀ ਸੀ, ਤਾਂ ਉਹ ਚਮਕਣ ਲੱਗ ਪੈਂਦਾ ਸੀ। ਫਿਰ ਇਸ ਆਕੜਬਾਜ਼ ਸਿਆਸਤਦਾਨ ਨੇ ਭਾਸ਼ਣ ਦਿੱਤਾ। ਉਸ ਦੀ ਝੂਠੀ ਪ੍ਰਸ਼ੰਸਾ ਕਰਦਿਆਂ ਭੀੜ ਉੱਚੀ-ਉੱਚੀ ਕਹਿਣ ਲੱਗ ਪਈ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!”—ਰਸੂ. 12:20-22.
19, 20. (ੳ) ਯਹੋਵਾਹ ਨੇ ਹੇਰੋਦੇਸ ਨੂੰ ਸਜ਼ਾ ਕਿਉਂ ਦਿੱਤੀ ਸੀ? (ਅ) ਹੇਰੋਦੇਸ ਦੀ ਅਚਾਨਕ ਹੋਈ ਮੌਤ ਬਾਰੇ ਪੜ੍ਹ ਕੇ ਸਾਨੂੰ ਕੀ ਭਰੋਸਾ ਮਿਲਦਾ ਹੈ?
19 ਇਹੋ ਜਿਹੀ ਵਡਿਆਈ ਦਾ ਹੱਕਦਾਰ ਸਿਰਫ਼ ਪਰਮੇਸ਼ੁਰ ਹੀ ਹੈ ਅਤੇ ਪਰਮੇਸ਼ੁਰ ਸਾਰਾ ਕੁਝ ਦੇਖ ਰਿਹਾ ਸੀ! ਹੇਰੋਦੇਸ ਚਾਹੁੰਦਾ ਤਾਂ ਉਹ ਝਿੜਕ ਕੇ ਭੀੜ ਨੂੰ ਉਸ ਦੀ ਵਡਿਆਈ ਕਰਨ ਤੋਂ ਰੋਕ ਸਕਦਾ ਸੀ ਜਾਂ ਕਹਿ ਸਕਦਾ ਸੀ ਕਿ ਉਹ ਵੀ ਮਾਮੂਲੀ ਇਨਸਾਨ ਹੀ ਸੀ। ਇਸ ਤਰ੍ਹਾਂ ਉਹ ਆਪਣੇ ਹੋਣ ਵਾਲੇ ਬੁਰੇ ਹਸ਼ਰ ਤੋਂ ਬਚ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਇਸ ਕਹਾਵਤ ਨੂੰ ਆਪਣੇ ਉੱਤੇ ਸਹੀ ਸਿੱਧ ਕਰ ਦਿਖਾਇਆ: “ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ।” (ਕਹਾ. 16:18) “ਉਸੇ ਵੇਲੇ ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ” ਅਤੇ ਘਮੰਡ ਨਾਲ ਅੰਨ੍ਹੇ ਹੋਏ ਇਸ ਰਾਜੇ ਨੂੰ ਭਿਆਨਕ ਮੌਤ ਮਾਰਿਆ। ਉਹ “ਕੀੜੇ ਪੈ ਕੇ ਮਰ ਗਿਆ।” (ਰਸੂ. 12:23) ਜੋਸੀਫ਼ਸ ਨੇ ਵੀ ਕਿਹਾ ਸੀ ਕਿ ਅਗ੍ਰਿੱਪਾ ਅਚਾਨਕ ਬੀਮਾਰ ਹੋ ਗਿਆ ਸੀ ਅਤੇ ਉਸ ਨੇ ਆਪ ਮੰਨਿਆ ਸੀ ਕਿ ਭੀੜ ਤੋਂ ਝੂਠੀ ਪ੍ਰਸ਼ੰਸਾ ਕਰਾਉਣ ਕਰਕੇ ਉਹ ਮੌਤ ਦੇ ਮੂੰਹ ਵਿਚ ਜਾ ਰਿਹਾ ਸੀ। ਜੋਸੀਫ਼ਸ ਨੇ ਲਿਖਿਆ ਕਿ ਅਗ੍ਰਿੱਪਾ ਪੰਜ ਦਿਨ ਅੱਡੀਆਂ ਰਗੜ-ਰਗੜ ਕੇ ਮਰਿਆ।b
20 ਕਦੇ-ਕਦੇ ਸ਼ਾਇਦ ਸਾਨੂੰ ਲੱਗੇ ਕਿ ਕਈ ਲੋਕ ਐਨੇ ਬੁਰੇ ਕੰਮ ਕਰਦੇ ਹਨ ਤੇ ਸਜ਼ਾ ਤੋਂ ਵੀ ਬਚ ਜਾਂਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।” (1 ਯੂਹੰ. 5:19) ਫਿਰ ਵੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਕਦੇ-ਕਦੇ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਦੁਸ਼ਟ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ। ਪਰ ਸਾਨੂੰ ਇਹੋ ਜਿਹੀਆਂ ਘਟਨਾਵਾਂ ਬਾਰੇ ਪੜ੍ਹ ਕੇ ਦਿਲਾਸਾ ਮਿਲਦਾ ਹੈ। ਇਸ ਘਟਨਾ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਸਜ਼ਾ ਦੇਣ ਲਈ ਕਦਮ ਚੁੱਕਦਾ ਹੈ ਅਤੇ ਆਪਣੇ ਸੇਵਕਾਂ ਨੂੰ ਯਾਦ ਕਰਾਉਂਦਾ ਹੈ ਕਿ ਉਹ ਨਿਆਂ-ਪਸੰਦ ਪਰਮੇਸ਼ੁਰ ਹੈ। (ਜ਼ਬੂ. 33:5) ਇਕ-ਨਾ-ਇਕ ਦਿਨ ਉਹ ਬੁਰੇ ਲੋਕਾਂ ਨੂੰ ਜ਼ਰੂਰ ਸਜ਼ਾ ਦੇਵੇਗਾ।
21. ਰਸੂਲਾਂ ਦੇ ਕੰਮ ਦਾ 12ਵਾਂ ਅਧਿਆਇ ਖ਼ਾਸ ਤੌਰ ਤੇ ਕਿਸ ਬਾਰੇ ਹੈ ਅਤੇ ਅੱਜ ਇਸ ਤੋਂ ਸਾਨੂੰ ਕਿਉਂ ਹੌਸਲਾ ਮਿਲਦਾ ਹੈ?
21 ਇਸ ਕਹਾਣੀ ਦੇ ਅਖ਼ੀਰ ਵਿਚ ਸਾਨੂੰ ਇਸ ਤੋਂ ਵੀ ਜ਼ਿਆਦਾ ਹੌਸਲਾ ਦੇਣ ਵਾਲੀ ਗੱਲ ਪਤਾ ਲੱਗਦੀ ਹੈ: “ਯਹੋਵਾਹ ਦਾ ਬਚਨ ਫੈਲਦਾ ਗਿਆ ਅਤੇ ਨਵੇਂ ਚੇਲਿਆਂ ਦੀ ਗਿਣਤੀ ਵਧਦੀ ਗਈ।” (ਰਸੂ. 12:24) ਇਸ ਵਾਧੇ ਦੀ ਰਿਪੋਰਟ ਸਾਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਅੱਜ ਵੀ ਪ੍ਰਚਾਰ ਦੇ ਕੰਮ ʼਤੇ ਬਰਕਤ ਪਾ ਰਿਹਾ ਹੈ। ਜ਼ਾਹਰ ਹੈ ਕਿ ਰਸੂਲਾਂ ਦੇ ਕੰਮ ਦੇ 12ਵੇਂ ਅਧਿਆਇ ਵਿਚ ਇਕ ਰਸੂਲ ਦੀ ਮੌਤ ਬਾਰੇ ਅਤੇ ਦੂਜੇ ਦੇ ਬਚ ਜਾਣ ਬਾਰੇ ਹੀ ਨਹੀਂ ਦੱਸਿਆ ਗਿਆ ਹੈ। ਇਸ ਦੀ ਬਜਾਇ, ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸ਼ੈਤਾਨ ਨੇ ਮਸੀਹੀ ਮੰਡਲੀ ਨੂੰ ਕੁਚਲਣ ਅਤੇ ਜ਼ੋਰਾਂ-ਸ਼ੋਰਾਂ ਨਾਲ ਹੋ ਰਹੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਯਹੋਵਾਹ ਨੇ ਕਿਵੇਂ ਇਹ ਕੋਸ਼ਿਸ਼ਾਂ ਨਾਕਾਮ ਕੀਤੀਆਂ। ਜਿਸ ਤਰ੍ਹਾਂ ਉਸ ਵੇਲੇ ਸ਼ੈਤਾਨ ਦੇ ਹਮਲੇ ਕਾਮਯਾਬ ਨਹੀਂ ਹੋਏ ਸਨ, ਉਸੇ ਤਰ੍ਹਾਂ ਉਸ ਦੇ ਬਾਕੀ ਸਾਰੇ ਹਮਲੇ ਵੀ ਕਾਮਯਾਬ ਨਹੀਂ ਹੋਣਗੇ। (ਯਸਾ. 54:17) ਦੂਸਰੇ ਪਾਸੇ, ਜਿਹੜੇ ਲੋਕ ਯਹੋਵਾਹ ਅਤੇ ਯਿਸੂ ਮਸੀਹ ਦਾ ਪੱਖ ਲੈਂਦੇ ਹਨ, ਉਹ ਉਸ ਕੰਮ ਵਿਚ ਲੱਗੇ ਹੋਏ ਹਨ ਜੋ ਕਦੇ ਅਸਫ਼ਲ ਨਹੀਂ ਹੋਵੇਗਾ। ਕੀ ਇਹ ਹੌਸਲੇ ਵਾਲੀ ਗੱਲ ਨਹੀਂ ਹੈ? ਅੱਜ ਸਾਡੇ ਕੋਲ ‘ਯਹੋਵਾਹ ਦੇ ਬਚਨ’ ਦਾ ਸੰਦੇਸ਼ ਫੈਲਾਉਣ ਦਾ ਕਿੰਨਾ ਵੱਡਾ ਸਨਮਾਨ ਹੈ!
a “ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲਾ” ਨਾਂ ਦੀ ਡੱਬੀ ਦੇਖੋ।
b ਇਕ ਡਾਕਟਰ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ ਕਿ ਜੋਸੀਫ਼ਸ ਅਤੇ ਲੂਕਾ ਨੇ ਬੀਮਾਰੀ ਦੇ ਜੋ ਲੱਛਣ ਦੱਸੇ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਢਿੱਡ ਵਿਚ ਕੀੜੇ ਪੈਣ ਕਰਕੇ ਉਸ ਦੀਆਂ ਅੰਤੜੀਆਂ ਬੰਦ ਹੋ ਗਈਆਂ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਜਿਹੇ ਕੀੜੇ ਕਈ ਵਾਰ ਉਲਟੀ ਨਾਲ ਬਾਹਰ ਆ ਜਾਂਦੇ ਹਨ ਜਾਂ ਫਿਰ ਮੌਤ ਹੋਣ ਤੋਂ ਬਾਅਦ ਮਰੀਜ਼ ਦੇ ਸਰੀਰ ਵਿੱਚੋਂ ਨਿਕਲ ਆਉਂਦੇ ਹਨ। ਇਕ ਕਿਤਾਬ ਕਹਿੰਦੀ ਹੈ: “ਡਾਕਟਰ ਹੋਣ ਕਰਕੇ ਲੂਕਾ ਨੇ ਬੀਮਾਰੀ ਦਾ ਸਹੀ ਕਾਰਨ ਦੱਸਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਹੇਰੋਦੇਸ ਕਿੰਨੀ ਬੁਰੀ ਮੌਤ ਮਰਿਆ ਸੀ।”