ਹੋਰ ਜਾਣਕਾਰੀ
1. ਮਹਾਂ ਬਾਬਲ ਦੀ ਪਛਾਣ
ਅਸੀਂ ਕਿਉਂ ਕਹਿ ਸਕਦੇ ਹਾਂ ਕਿ “ਮਹਾਂ ਬਾਬਲ” ਨਾਂ ਦੀ ਤੀਵੀਂ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ? (ਪ੍ਰਕਾਸ਼ ਦੀ ਕਿਤਾਬ 17:5) ਇਨ੍ਹਾਂ ਕੁਝ ਗੱਲਾਂ ’ਤੇ ਗੌਰ ਕਰੋ:
ਉਹ ਦੁਨੀਆਂ ’ਤੇ ਰਾਜ ਕਰਦੀ ਹੈ। ਬਾਈਬਲ ਵਿਚ ਲਿਖਿਆ ਹੈ ਕਿ ਮਹਾਂ ਬਾਬਲ ‘ਭੀੜਾਂ ਅਤੇ ਕੌਮਾਂ’ ਉੱਤੇ ਬੈਠੀ ਹੋਈ ਹੈ। ਨਾਲੇ ਉਸ ਦਾ “ਧਰਤੀ ਦੇ ਰਾਜਿਆਂ ਉੱਤੇ ਰਾਜ ਹੈ।”—ਪ੍ਰਕਾਸ਼ ਦੀ ਕਿਤਾਬ 17:15, 18.
ਉਹ ਰਾਜਨੀਤਿਕ ਜਾਂ ਵਪਾਰਕ ਸੰਸਥਾ ਨਹੀਂ ਹੈ। ਉਸ ਦੇ ਨਾਸ਼ ਹੋਣ ਵੇਲੇ “ਧਰਤੀ ਦੇ ਰਾਜੇ” ਅਤੇ “ਵਪਾਰੀ” ਬਚ ਜਾਣਗੇ।—ਪ੍ਰਕਾਸ਼ ਦੀ ਕਿਤਾਬ 18:9, 15.
ਉਹ ਪਰਮੇਸ਼ੁਰ ਨੂੰ ਬਦਨਾਮ ਕਰਦੀ ਹੈ। ਉਸ ਨੇ ਪੈਸੇ ਅਤੇ ਹੋਰ ਫ਼ਾਇਦਿਆਂ ਲਈ ਸਰਕਾਰਾਂ ਨਾਲ ਹੱਥ ਮਿਲਾਇਆ ਹੈ ਜਿਸ ਕਰਕੇ ਉਸ ਨੂੰ ਵੇਸਵਾ ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 17:1, 2) ਉਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਗੁਮਰਾਹ ਕਰਦੀ ਹੈ। ਨਾਲੇ ਉਸ ਨੇ ਬਹੁਤ ਸਾਰੇ ਲੋਕਾਂ ਦਾ ਖ਼ੂਨ ਵਹਾਇਆ ਹੈ।—ਪ੍ਰਕਾਸ਼ ਦੀ ਕਿਤਾਬ 18:23, 24.
2. ਮਸੀਹ ਨੇ ਕਦੋਂ ਪ੍ਰਗਟ ਹੋਣਾ ਸੀ?
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਸੀਹ ਦੇ ਆਉਣ ਤਕ 69 ਹਫ਼ਤੇ ਬੀਤਣਗੇ।—ਦਾਨੀਏਲ 9:25 ਪੜ੍ਹੋ।
69 ਹਫ਼ਤੇ ਕਦੋਂ ਸ਼ੁਰੂ ਹੋਏ? 455 ਈਸਵੀ ਪੂਰਵ ਵਿਚ। ਉਸ ਸਾਲ ਰਾਜਪਾਲ ਨਹਮਯਾਹ ਯਰੂਸ਼ਲਮ ਗਿਆ ਤਾਂਕਿ ਉਹ ਸ਼ਹਿਰ ਨੂੰ ‘ਦੁਬਾਰਾ ਉਸਾਰ ਕੇ ਪਹਿਲਾਂ ਵਾਲੀ ਹਾਲਤ ਵਿਚ ਲਿਆ’ ਸਕੇ।—ਦਾਨੀਏਲ 9:25; ਨਹਮਯਾਹ 2:1, 5-8.
69 ਹਫ਼ਤੇ ਕਿੰਨੇ ਲੰਬੇ ਸਨ? ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਵਿਚ ਇਕ ਦਿਨ ਇਕ ਸਾਲ ਨੂੰ ਦਰਸਾਉਂਦਾ ਹੈ। (ਗਿਣਤੀ 14:34; ਹਿਜ਼ਕੀਏਲ 4:6) ਇਸ ਦਾ ਮਤਲਬ ਹੈ ਕਿ ਇਕ ਹਫ਼ਤਾ ਸੱਤ ਸਾਲਾਂ ਨੂੰ ਦਰਸਾਉਂਦਾ ਹੈ। ਇਸ ਭਵਿੱਖਬਾਣੀ ਵਿਚ ਦੱਸੇ 69 ਹਫ਼ਤੇ 483 ਸਾਲ ਬਣਦੇ ਹਨ (69 ਹਫ਼ਤੇ x 7 ਦਿਨ)।
69 ਹਫ਼ਤੇ ਕਦੋਂ ਖ਼ਤਮ ਹੋਏ? ਜੇ ਅਸੀਂ 455 ਈਸਵੀ ਪੂਰਵ ਤੋਂ 483 ਸਾਲ ਗਿਣੀਏ, ਤਾਂ ਅਸੀਂ 29 ਈਸਵੀ ਤਕ ਪਹੁੰਚਦੇ ਹਾਂ।a ਇਹ ਉਹੀ ਸਾਲ ਸੀ ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਮਸੀਹ ਬਣਿਆ।—ਲੂਕਾ 3:1, 2, 21, 22.
3. ਇਲਾਜ ਵਿਚ ਆਪਣੇ ਖ਼ੂਨ ਦੀ ਵਰਤੋਂ
ਮਸੀਹੀ ਨਾ ਤਾਂ ਖ਼ੂਨ ਲੈਂਦੇ ਹਨ ਅਤੇ ਨਾ ਹੀ ਖ਼ੂਨ ਦਾਨ ਕਰਦੇ ਹਨ। ਪਰ ਇਲਾਜ ਦੇ ਕੁਝ ਤਰੀਕਿਆਂ ਵਿਚ ਮਰੀਜ਼ ਦਾ ਆਪਣਾ ਹੀ ਖ਼ੂਨ ਵਰਤਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਇਲਾਜ ਮਸੀਹੀਆਂ ਨੂੰ ਸਵੀਕਾਰ ਨਹੀਂ ਹਨ, ਜਿਵੇਂ ਓਪਰੇਸ਼ਨ ਤੋਂ ਪਹਿਲਾਂ ਮਰੀਜ਼ ਦਾ ਆਪਣਾ ਖ਼ੂਨ ਜਮ੍ਹਾ ਕਰਵਾਉਣਾ ਤਾਂਕਿ ਬਾਅਦ ਵਿਚ ਕੰਮ ਆ ਸਕੇ।—ਬਿਵਸਥਾ ਸਾਰ 15:23.
ਪਰ ਸ਼ਾਇਦ ਇਲਾਜ ਦੇ ਹੋਰ ਤਰੀਕੇ ਮਸੀਹੀਆਂ ਨੂੰ ਮਨਜ਼ੂਰ ਹੋਣ, ਜਿਵੇਂ ਖ਼ੂਨ ਟੈੱਸਟ ਕਰਾਉਣਾ, ਡਾਇਆਲਿਸਸ, ਹੀਮੋਡਾਈਲੂਸ਼ਨ, ਸੈੱਲ ਸਾਲਵੇਜ ਜਾਂ ਦਿਲ-ਫੇਫੜਾ ਮਸ਼ੀਨ ਦੀ ਵਰਤੋਂ ਕਰਨੀ।b ਜੇ ਕੋਈ ਓਪਰੇਸ਼ਨ, ਮੈਡੀਕਲ ਟੈੱਸਟ ਜਾਂ ਅਜਿਹਾ ਇਲਾਜ ਕਰਾਉਣ ਦੀ ਗੱਲ ਆਵੇ, ਤਾਂ ਹਰ ਮਸੀਹੀ ਨੂੰ ਖ਼ੁਦ ਫ਼ੈਸਲਾ ਕਰਨਾ ਪਵੇਗਾ ਕਿ ਉਸ ਦੇ ਖ਼ੂਨ ਨਾਲ ਕੀ ਕੀਤਾ ਜਾਵੇ। ਅਲੱਗ-ਅਲੱਗ ਡਾਕਟਰ ਸ਼ਾਇਦ ਵੱਖੋ-ਵੱਖਰੇ ਤਰੀਕੇ ਨਾਲ ਅਜਿਹੇ ਟੈੱਸਟ ਜਾਂ ਇਲਾਜ ਕਰਨ। ਇਸ ਕਰਕੇ ਕੋਈ ਟੈੱਸਟ, ਓਪਰੇਸ਼ਨ ਜਾਂ ਇਲਾਜ ਕਰਾਉਣ ਤੋਂ ਪਹਿਲਾਂ ਇਕ ਮਸੀਹੀ ਨੂੰ ਚੰਗੀ ਤਰ੍ਹਾਂ ਪਤਾ ਕਰਨਾ ਚਾਹੀਦਾ ਹੈ ਕਿ ਉਸ ਦੇ ਖ਼ੂਨ ਨਾਲ ਕੀ ਕੀਤਾ ਜਾਵੇਗਾ। ਅੱਗੇ ਦਿੱਤੇ ਸਵਾਲਾਂ ’ਤੇ ਗੌਰ ਕਰੋ:
ਉਦੋਂ ਕੀ ਜੇ ਮੇਰਾ ਥੋੜ੍ਹਾ-ਬਹੁਤ ਖ਼ੂਨ ਸਰੀਰ ਤੋਂ ਬਾਹਰ ਮਸ਼ੀਨ ਵਿੱਚੋਂ ਦੀ ਲੰਘਾਇਆ ਜਾਵੇ ਤੇ ਕੁਝ ਸਮੇਂ ਲਈ ਬਾਹਰ ਹੀ ਰੱਖਿਆ ਜਾਵੇ? ਕੀ ਮੇਰੀ ਜ਼ਮੀਰ ਮੰਨੇਗੀ ਕਿ ਇਹ ਖ਼ੂਨ ਹਾਲੇ ਵੀ ਮੇਰੇ ਸਰੀਰ ਦਾ ਹਿੱਸਾ ਹੈ ਅਤੇ ਇਸ ਨੂੰ ‘ਜ਼ਮੀਨ ਉੱਤੇ ਡੋਲ੍ਹਣ’ ਦੀ ਲੋੜ ਨਹੀਂ?—ਬਿਵਸਥਾ ਸਾਰ 12:23, 24.
ਉਦੋਂ ਕੀ ਜੇ ਮੇਰਾ ਖ਼ੂਨ ਕੱਢ ਕੇ ਸਾਫ਼ ਕੀਤਾ ਜਾਵੇ ਜਾਂ ਉਸ ਵਿਚ ਦਵਾਈ ਮਿਲਾਈ ਜਾਵੇ ਤੇ ਫਿਰ ਉਹ ਖ਼ੂਨ ਮੁੜ ਮੇਰੇ ਸਰੀਰ ਵਿਚ ਪਾਇਆ (ਜਾਂ ਓਪਰੇਸ਼ਨ ਤੋਂ ਬਾਅਦ ਜ਼ਖ਼ਮ ’ਤੇ ਲਾਇਆ) ਜਾਵੇ? ਕੀ ਮੈਂ ਇਹ ਇਲਾਜ ਕਰਾਵਾਂਗਾ ਜਾਂ ਕੀ ਮੇਰੀ ਜ਼ਮੀਰ ਮੈਨੂੰ ਤੰਗ ਕਰੇਗੀ?
4. ਪਤੀ-ਪਤਨੀ ਦਾ ਅਲੱਗ ਹੋਣਾ
ਪਰਮੇਸ਼ੁਰ ਦਾ ਬਚਨ ਪਤੀ-ਪਤਨੀ ਨੂੰ ਇਕ-ਦੂਜੇ ਤੋਂ ਅਲੱਗ ਹੋਣ ਦੀ ਹੱਲਾਸ਼ੇਰੀ ਨਹੀਂ ਦਿੰਦਾ ਅਤੇ ਸਾਫ਼-ਸਾਫ਼ ਦੱਸਦਾ ਹੈ ਕਿ ਜੇ ਉਹ ਅਲੱਗ ਹੋ ਵੀ ਜਾਂਦੇ ਹਨ, ਤਾਂ ਉਹ ਕਿਸੇ ਹੋਰ ਨਾਲ ਦੁਬਾਰਾ ਵਿਆਹ ਨਹੀਂ ਕਰਾ ਸਕਦੇ। (1 ਕੁਰਿੰਥੀਆਂ 7:10, 11) ਪਰ ਕੁਝ ਹਾਲਾਤਾਂ ਵਿਚ ਕੁਝ ਮਸੀਹੀਆਂ ਨੇ ਆਪਣੇ ਜੀਵਨ ਸਾਥੀ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਹੈ। ਆਓ ਉਨ੍ਹਾਂ ਹਾਲਾਤਾਂ ’ਤੇ ਗੌਰ ਕਰੀਏ:
ਜਾਣ-ਬੁੱਝ ਕੇ ਪਰਿਵਾਰ ਦੀ ਦੇਖ-ਭਾਲ ਨਾ ਕਰਨੀ: ਪਤੀ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਅਤੇ ਨੌਬਤ ਇੱਥੇ ਤਕ ਪਹੁੰਚ ਜਾਂਦੀ ਹੈ ਕਿ ਪਤਨੀ ਤੇ ਬੱਚਿਆਂ ਕੋਲ ਗੁਜ਼ਾਰੇ ਲਈ ਨਾ ਤਾਂ ਪੈਸੇ ਅਤੇ ਨਾ ਹੀ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਹਨ।—1 ਤਿਮੋਥਿਉਸ 5:8.
ਆਪਣੇ ਜੀਵਨ ਸਾਥੀ ਨੂੰ ਬਹੁਤ ਮਾਰਨਾ-ਕੁੱਟਣਾ: ਪਤਨੀ ਜਾਂ ਪਤੀ ਆਪਣੇ ਜੀਵਨ ਸਾਥੀ ਨੂੰ ਇੰਨਾ ਮਾਰਦਾ-ਕੁੱਟਦਾ ਹੈ ਕਿ ਉਸ ਦੀ ਸਿਹਤ ਖ਼ਰਾਬ ਹੋਣ ਲੱਗਦੀ ਹੈ ਜਾਂ ਉਸ ਦੀ ਜਾਨ ਖ਼ਤਰੇ ਵਿਚ ਹੁੰਦੀ ਹੈ।—ਗਲਾਤੀਆਂ 5:19-21.
ਯਹੋਵਾਹ ਨਾਲ ਰਿਸ਼ਤਾ ਪੂਰੀ ਤਰ੍ਹਾਂ ਖ਼ਤਰੇ ਵਿਚ ਹੋਣਾ: ਪਤਨੀ ਜਾਂ ਪਤੀ ਆਪਣੇ ਜੀਵਨ ਸਾਥੀ ਲਈ ਇੰਨੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦਾ ਹੈ ਕਿ ਉਸ ਲਈ ਯਹੋਵਾਹ ਦੀ ਸੇਵਾ ਕਰਨੀ ਨਾਮੁਮਕਿਨ ਹੋ ਜਾਂਦੀ ਹੈ।—ਰਸੂਲਾਂ ਦੇ ਕੰਮ 5:29.
5. ਦਿਨ-ਤਿਉਹਾਰ
ਮਸੀਹੀ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ। ਪਰ ਹਰ ਮਸੀਹੀ ਨੂੰ ਬਾਈਬਲ ਅਨੁਸਾਰ ਢਾਲ਼ੀ ਆਪਣੀ ਜ਼ਮੀਰ ਮੁਤਾਬਕ ਦੇਖਣਾ ਪਵੇਗਾ ਕਿ ਉਹ ਦਿਨ-ਤਿਉਹਾਰਾਂ ਸਮੇਂ ਖੜ੍ਹੇ ਹੋਣ ਵਾਲੇ ਹਾਲਾਤਾਂ ਵਿਚ ਕੀ ਕਰੇਗਾ। ਆਓ ਕੁਝ ਹਾਲਾਤਾਂ ’ਤੇ ਗੌਰ ਕਰੀਏ:
ਕੋਈ ਤੁਹਾਨੂੰ ਦਿਨ-ਤਿਉਹਾਰ ਦੀਆਂ ਵਧਾਈਆਂ ਜਾਂ ਮੁਬਾਰਕਾਂ ਦਿੰਦਾ ਹੈ। ਤੁਸੀਂ ਉਸ ਨੂੰ ਬੱਸ “ਧੰਨਵਾਦ” ਕਹਿ ਸਕਦੇ ਹੋ। ਜੇ ਵਿਅਕਤੀ ਹੋਰ ਜਾਣਨਾ ਚਾਹੁੰਦਾ ਹੈ, ਤਾਂ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਤੁਸੀਂ ਇਹ ਦਿਨ-ਤਿਉਹਾਰ ਕਿਉਂ ਨਹੀਂ ਮਨਾਉਂਦੇ।
ਦਿਨ-ਤਿਉਹਾਰ ’ਤੇ ਰਿਸ਼ਤੇਦਾਰਾਂ ਨੇ ਤੁਹਾਨੂੰ ਰੋਟੀ ਲਈ ਸੱਦਿਆ ਹੈ। ਤੁਹਾਡਾ ਜੀਵਨ ਸਾਥੀ, ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਚਾਹੁੰਦਾ ਹੈ ਕਿ ਤੁਸੀਂ ਵੀ ਉਸ ਨਾਲ ਜਾਓ। ਜੇ ਤੁਹਾਡੀ ਜ਼ਮੀਰ ਕਹੇ ਕਿ ਤੁਸੀਂ ਜਾ ਸਕਦੇ ਹੋ, ਤਾਂ ਪਹਿਲਾਂ ਆਪਣੇ ਜੀਵਨ ਸਾਥੀ ਨਾਲ ਗੱਲ ਕਰੋ ਕਿ ਜੇ ਉੱਥੇ ਕੋਈ ਰੀਤੀ-ਰਿਵਾਜ ਕੀਤਾ ਜਾਵੇਗਾ, ਤਾਂ ਤੁਸੀਂ ਉਸ ਵਿਚ ਹਿੱਸਾ ਨਹੀਂ ਲਓਗੇ।
ਤੁਹਾਡਾ ਮਾਲਕ ਕਿਸੇ ਦਿਨ-ਤਿਉਹਾਰ ’ਤੇ ਤੁਹਾਨੂੰ ਬੋਨਸ ਦਿੰਦਾ ਹੈ। ਕੀ ਤੁਹਾਨੂੰ ਬੋਨਸ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ? ਜ਼ਰੂਰੀ ਨਹੀਂ। ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਬੋਨਸ ਲੈਂਦਾ ਹਾਂ, ਤਾਂ ਕੀ ਮੇਰੇ ਮਾਲਕ ਨੂੰ ਲੱਗੇਗਾ ਕਿ ਮੈਂ ਵੀ ਇਹ ਦਿਨ-ਤਿਉਹਾਰ ਮਨਾਉਂਦਾ ਹਾਂ? ਜਾਂ ਕੀ ਉਹ ਇਸ ਲਈ ਬੋਨਸ ਦੇ ਰਿਹਾ ਹੈ ਕਿਉਂਕਿ ਉਹ ਮੇਰੀ ਮਿਹਨਤ ਦੀ ਕਦਰ ਕਰਦਾ ਹੈ?’
ਕੋਈ ਤੁਹਾਨੂੰ ਦਿਨ-ਤਿਉਹਾਰ ’ਤੇ ਤੋਹਫ਼ਾ ਦੇਣਾ ਚਾਹੁੰਦਾ ਹੈ। ਤੋਹਫ਼ਾ ਦੇਣ ਵਾਲਾ ਸ਼ਾਇਦ ਕਹੇ: “ਮੈਂ ਜਾਣਦਾ ਹਾਂ ਕਿ ਤੁਸੀਂ ਇਹ ਦਿਨ-ਤਿਉਹਾਰ ਨਹੀਂ ਮਨਾਉਂਦੇ, ਫਿਰ ਵੀ ਮੈਂ ਤੁਹਾਨੂੰ ਤੋਹਫ਼ਾ ਦੇਣਾ ਚਾਹੁੰਦਾ ਹਾਂ।” ਹੋ ਸਕਦਾ ਹੈ ਕਿ ਉਹ ਆਪਣੀ ਖ਼ੁਸ਼ੀ ਨਾਲ ਤੁਹਾਨੂੰ ਤੋਹਫ਼ਾ ਦੇ ਰਿਹਾ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਉਹ ਤੁਹਾਨੂੰ ਪਰਖ ਰਿਹਾ ਹੋਵੇ ਕਿ ਤੁਹਾਡਾ ਵਿਸ਼ਵਾਸ ਕਿੰਨਾ ਕੁ ਪੱਕਾ ਹੈ। ਜਾਂ ਫਿਰ ਸ਼ਾਇਦ ਉਹ ਤੁਹਾਨੂੰ ਕਿਸੇ ਤਰ੍ਹਾਂ ਦਿਨ-ਤਿਉਹਾਰ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਉਹ ਤੋਹਫ਼ਾ ਲਓਗੇ ਜਾਂ ਨਹੀਂ। ਅਸੀਂ ਹਮੇਸ਼ਾ ਅਜਿਹੇ ਫ਼ੈਸਲੇ ਕਰਨੇ ਚਾਹੁੰਦੇ ਹਾਂ ਜਿਨ੍ਹਾਂ ਕਰਕੇ ਸਾਡੀ ਜ਼ਮੀਰ ਸਾਫ਼ ਰਹੇ ਤੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹੀਏ।—ਰਸੂਲਾਂ ਦੇ ਕੰਮ 23:1.
6. ਛੂਤ ਦੀਆਂ ਬੀਮਾਰੀਆਂ
ਜੇ ਸਾਨੂੰ ਕੋਈ ਛੂਤ ਦੀ ਬੀਮਾਰੀ ਹੈ ਜਾਂ ਸਾਨੂੰ ਲੱਗਦਾ ਹੈ ਕਿ ਕਿਸੇ ਛੂਤ ਦੀ ਬੀਮਾਰੀ ਦਾ ਵਾਇਰਸ ਸਾਡੇ ਅੰਦਰ ਹੈ, ਤਾਂ ਅਸੀਂ ਬਹੁਤ ਧਿਆਨ ਰੱਖਦੇ ਹਾਂ ਕਿ ਅਸੀਂ ਇਹ ਬੀਮਾਰੀ ਦੂਜਿਆਂ ਵਿਚ ਨਾ ਫੈਲਾ ਦੇਈਏ। ਅਸੀਂ ਇੱਦਾਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਬਾਈਬਲ ਵਿਚ ਦਿੱਤੇ ਇਸ ਹੁਕਮ ਨੂੰ ਮੰਨਦੇ ਹਾਂ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”—ਰੋਮੀਆਂ 13:8-10.
ਜਿਸ ਵਿਅਕਤੀ ਨੂੰ ਛੂਤ ਦੀ ਬੀਮਾਰੀ ਹੈ, ਉਹ ਇਸ ਹੁਕਮ ਨੂੰ ਕਿਵੇਂ ਮੰਨੇਗਾ? ਉਸ ਨੂੰ ਦੂਜਿਆਂ ਨੂੰ ਗਲ਼ੇ ਲਾਉਣ, ਚੁੰਮਣ ਜਾਂ ਹੱਥ ਮਿਲਾਉਣ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਕੋਈ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਉਸ ਨੂੰ ਆਪਣੇ ਘਰ ਨਹੀਂ ਬੁਲਾਉਂਦਾ, ਤਾਂ ਉਸ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ। ਜੇ ਉਸ ਦਾ ਬਪਤਿਸਮਾ ਹੋਣਾ ਹੈ, ਤਾਂ ਉਸ ਨੂੰ ਪਹਿਲਾਂ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨੂੰ ਆਪਣੀ ਬੀਮਾਰੀ ਬਾਰੇ ਦੱਸਣਾ ਚਾਹੀਦਾ ਹੈ। ਉਹ ਬਪਤਿਸਮੇ ਲਈ ਕੁਝ ਅਜਿਹੇ ਇੰਤਜ਼ਾਮ ਕਰ ਸਕਦੇ ਹਨ ਜਿਨ੍ਹਾਂ ਕਰਕੇ ਬਪਤਿਸਮਾ ਲੈਣ ਵਾਲੇ ਹੋਰ ਭੈਣ-ਭਰਾ ਸੁਰੱਖਿਅਤ ਰਹਿਣ। ਇਸ ਤੋਂ ਇਲਾਵਾ, ਜੇ ਕਿਸੇ ਵਿਅਕਤੀ ਨੂੰ ਪਹਿਲਾਂ ਛੂਤ ਦੀ ਬੀਮਾਰੀ ਲੱਗਣ ਦਾ ਖ਼ਤਰਾ ਰਿਹਾ ਹੋਵੇ, ਤਾਂ ਉਸ ਨੂੰ ਆਪਣੇ ਵਿਆਹ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਖ਼ੂਨ ਦਾ ਟੈੱਸਟ ਕਰਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਵਿਅਕਤੀ ਦਿਖਾਉਂਦਾ ਹੈ ਕਿ ਉਹ ‘ਆਪਣੇ ਬਾਰੇ ਹੀ ਨਹੀਂ ਸੋਚਦਾ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚਦਾ ਹੈ।’—ਫ਼ਿਲਿੱਪੀਆਂ 2:4.
7. ਬਿਜ਼ਨਿਸ ਤੇ ਕਾਨੂੰਨੀ ਮਾਮਲੇ
ਪੈਸੇ ਤੇ ਬਿਜ਼ਨਿਸ ਨਾਲ ਜੁੜੇ ਮਾਮਲਿਆਂ ਬਾਰੇ ਲਿਖਤੀ ਇਕਰਾਰਨਾਮਾ ਕਰਨ ਨਾਲ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਇੱਦਾਂ ਕਰਨਾ ਉਦੋਂ ਵੀ ਜ਼ਰੂਰੀ ਹੈ ਜਦੋਂ ਅਸੀਂ ਕਿਸੇ ਮਸੀਹੀ ਭੈਣ-ਭਰਾ ਨਾਲ ਬਿਜ਼ਨਿਸ ਕਰਦੇ ਹਾਂ। (ਯਿਰਮਿਯਾਹ 32:9-12) ਫਿਰ ਵੀ ਸ਼ਾਇਦ ਮਸੀਹੀਆਂ ਵਿਚ ਪੈਸੇ ਜਾਂ ਹੋਰ ਮਾਮਲਿਆਂ ਨੂੰ ਲੈ ਕੇ ਥੋੜ੍ਹੀ-ਬਹੁਤ ਅਣਬਣ ਹੋ ਜਾਵੇ। ਉਦੋਂ ਉਨ੍ਹਾਂ ਨੂੰ ਬਿਨਾਂ ਦੇਰ ਕੀਤਿਆਂ ਆਪਸ ਵਿਚ ਸ਼ਾਂਤੀ ਨਾਲ ਮਸਲਾ ਸੁਲਝਾ ਲੈਣਾ ਚਾਹੀਦਾ ਹੈ।
ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਗੰਭੀਰ ਮਸਲਾ ਖੜ੍ਹਾ ਹੋ ਜਾਵੇ, ਜਿਵੇਂ ਜੇ ਕੋਈ ਸਾਡੇ ਨਾਲ ਧੋਖਾਧੜੀ ਕਰਦਾ ਹੈ ਜਾਂ ਸਾਡਾ ਨਾਂ ਬਦਨਾਮ ਕਰਦਾ ਹੈ? (ਮੱਤੀ 18:15-17 ਪੜ੍ਹੋ।) ਅਜਿਹੇ ਮਸਲਿਆਂ ਨੂੰ ਸੁਲਝਾਉਣ ਲਈ ਯਿਸੂ ਨੇ ਤਿੰਨ ਕਦਮ ਦੱਸੇ:
ਸਾਨੂੰ ਇਕੱਲਿਆਂ ਉਸ ਭਰਾ ਨਾਲ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਆਇਤ 15 ਦੇਖੋ।
ਜੇ ਮਾਮਲਾ ਨਹੀਂ ਸੁਲਝਦਾ, ਤਾਂ ਸਾਨੂੰ ਮੰਡਲੀ ਦੇ ਇਕ ਜਾਂ ਦੋ ਸਮਝਦਾਰ ਮਸੀਹੀਆਂ ਨੂੰ ਨਾਲ ਲੈ ਕੇ ਉਸ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ।—ਆਇਤ 16 ਦੇਖੋ।
ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ, ਤਾਂ ਇਸ ਤੋਂ ਬਾਅਦ ਹੀ ਬਜ਼ੁਰਗਾਂ ਤੋਂ ਮਦਦ ਮੰਗਣੀ ਚਾਹੀਦੀ ਹੈ।—ਆਇਤ 17 ਦੇਖੋ।
ਜ਼ਿਆਦਾਤਰ ਮਾਮਲਿਆਂ ਵਿਚ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਅਦਾਲਤ ਨਹੀਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਯਹੋਵਾਹ ਅਤੇ ਮੰਡਲੀ ਦਾ ਨਾਂ ਬਦਨਾਮ ਹੋ ਸਕਦਾ ਹੈ। (1 ਕੁਰਿੰਥੀਆਂ 6:1-8) ਪਰ ਕੁਝ ਮਾਮਲਿਆਂ ਨੂੰ ਨਿਪਟਾਉਣ ਲਈ ਸ਼ਾਇਦ ਅਦਾਲਤ ਜਾਣਾ ਹੀ ਪਵੇ, ਜਿਵੇਂ ਤਲਾਕ ਲੈਣਾ, ਤਲਾਕ ਤੋਂ ਬਾਅਦ ਗੁਜ਼ਾਰੇ ਲਈ ਖ਼ਰਚਾ ਲੈਣਾ ਅਤੇ ਬੱਚੇ ਨੂੰ ਆਪਣੇ ਕੋਲ ਰੱਖਣ ਦਾ ਹੱਕ ਪਾਉਣਾ, ਬੀਮੇ ਦੀ ਰਕਮ ਲੈਣਾ, ਦਿਵਾਲੀਆਪਣ ਜਾਂ ਵਸੀਅਤ ਨਾਲ ਜੁੜੇ ਮਾਮਲੇ। ਜੇ ਇਕ ਮਸੀਹੀ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਲਈ ਕਾਨੂੰਨ ਦੀ ਮਦਦ ਲੈਂਦਾ ਹੈ, ਤਾਂ ਉਹ ਬਾਈਬਲ ਦੀ ਸਲਾਹ ਦੇ ਖ਼ਿਲਾਫ਼ ਨਹੀਂ ਜਾ ਰਿਹਾ ਹੋਵੇਗਾ। ਪਰ ਉਸ ਨੂੰ ਇਹ ਮਸਲੇ ਸ਼ਾਂਤੀ ਨਾਲ ਨਿਪਟਾਉਣੇ ਚਾਹੀਦੇ ਹਨ।
ਜੇ ਕੋਈ ਵੱਡੇ ਅਪਰਾਧ ਦਾ ਮਾਮਲਾ ਹੋਵੇ, ਤਾਂ ਉਦੋਂ ਸਰਕਾਰੀ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਾਉਣੀ ਬਾਈਬਲ ਦੇ ਖ਼ਿਲਾਫ਼ ਨਹੀਂ ਹੋਵੇਗੀ, ਜਿਵੇਂ ਕੁੱਟ-ਮਾਰ, ਬਲਾਤਕਾਰ, ਬੱਚਿਆਂ ਨਾਲ ਬਦਸਲੂਕੀ (ਬਾਲ ਸ਼ੋਸ਼ਣ), ਵੱਡੀ ਚੋਰੀ ਜਾਂ ਕਤਲ।
a 455 ਈਸਵੀ ਪੂਰਵ ਤੋਂ 1 ਈਸਵੀ ਪੂਰਵ ਤਕ 454 ਸਾਲ ਬਣਦੇ ਹਨ। 1 ਈਸਵੀ ਪੂਰਵ ਤੋਂ 1 ਈਸਵੀ ਤਕ ਇਕ ਸਾਲ ਹੈ (ਕੋਈ ਜ਼ੀਰੋ ਸਾਲ ਨਹੀਂ ਹੈ)। 1 ਈਸਵੀ ਤੋਂ 29 ਈਸਵੀ ਤਕ 28 ਸਾਲ ਬਣਦੇ ਹਨ। ਕੁੱਲ ਮਿਲਾ ਕੇ ਇਹ 483 ਸਾਲ ਬਣਦੇ ਹਨ।
b ਇਲਾਜ ਦੇ ਇਨ੍ਹਾਂ ਤਰੀਕਿਆਂ ਬਾਰੇ ਹੋਰ ਜਾਣਨ ਲਈ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਵਿਚ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਦੇਖੋ।