ਯਿਰਮਿਯਾਹ
32 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਦਸਵੇਂ ਸਾਲ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸਾਲ ਨਬੂਕਦਨੱਸਰ* ਦੇ ਰਾਜ ਦਾ 18ਵਾਂ ਸਾਲ ਸੀ।+ 2 ਉਸ ਵੇਲੇ ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਪਹਿਰੇਦਾਰਾਂ ਦੇ ਵਿਹੜੇ ਵਿਚ ਕੈਦ ਸੀ+ ਜੋ ਯਹੂਦਾਹ ਦੇ ਰਾਜੇ ਦੇ ਮਹਿਲ ਵਿਚ ਸੀ। 3 ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਇਹ ਕਹਿ ਕੇ ਉਸ ਨੂੰ ਕੈਦ ਵਿਚ ਸੁੱਟ ਦਿੱਤਾ ਸੀ:+ “ਤੂੰ ਇਹ ਭਵਿੱਖਬਾਣੀ ਕਿਉਂ ਕਰਦਾ ਹੈਂ? ਤੂੰ ਕਹਿੰਦਾ ਹੈਂ, ‘ਯਹੋਵਾਹ ਨੇ ਕਿਹਾ ਹੈ: “ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਇਸ ʼਤੇ ਕਬਜ਼ਾ ਕਰ ਲਵੇਗਾ+ 4 ਅਤੇ ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਹੀਂ ਬਚੇਗਾ ਕਿਉਂਕਿ ਉਸ ਨੂੰ ਜ਼ਰੂਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ ਅਤੇ ਸਿਦਕੀਯਾਹ ਨੂੰ ਉਸ ਦੇ ਸਾਮ੍ਹਣੇ ਪੇਸ਼ ਹੋ ਕੇ ਉਸ ਨਾਲ ਗੱਲ ਕਰਨੀ ਪਵੇਗੀ।”’+ 5 ਯਹੋਵਾਹ ਕਹਿੰਦਾ ਹੈ, ‘ਉਹ ਸਿਦਕੀਯਾਹ ਨੂੰ ਬਾਬਲ ਲੈ ਜਾਵੇਗਾ ਅਤੇ ਉਹ ਉੱਥੇ ਤਦ ਤਕ ਰਹੇਗਾ ਜਦ ਤਕ ਮੈਂ ਉਸ ਵੱਲ ਧਿਆਨ ਨਹੀਂ ਦਿੰਦਾ। ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੀ ਜਾਂਦੇ ਹੋ, ਪਰ ਤੁਸੀਂ ਜਿੱਤੋਗੇ ਨਹੀਂ।’”+
6 ਯਿਰਮਿਯਾਹ ਨੇ ਕਿਹਾ: “ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ, 7 ‘ਤੇਰੇ ਚਾਚੇ ਸ਼ਲੂਮ ਦਾ ਪੁੱਤਰ ਹਨਮੇਲ ਆ ਕੇ ਤੈਨੂੰ ਕਹੇਗਾ: “ਤੂੰ ਅਨਾਥੋਥ ਵਿਚਲਾ ਮੇਰਾ ਖੇਤ+ ਖ਼ਰੀਦ ਲੈ ਕਿਉਂਕਿ ਉਸ ਨੂੰ ਖ਼ਰੀਦਣ ਦਾ ਹੱਕ ਪਹਿਲਾਂ ਤੇਰਾ ਬਣਦਾ ਹੈ।”’”+
8 ਫਿਰ ਜਿਵੇਂ ਯਹੋਵਾਹ ਨੇ ਕਿਹਾ ਸੀ, ਮੇਰੇ ਚਾਚੇ ਸ਼ਲੂਮ ਦਾ ਪੁੱਤਰ ਹਨਮੇਲ ਮੇਰੇ ਕੋਲ ਪਹਿਰੇਦਾਰਾਂ ਦੇ ਵਿਹੜੇ ਵਿਚ ਆਇਆ ਅਤੇ ਉਸ ਨੇ ਮੈਨੂੰ ਕਿਹਾ: “ਕਿਰਪਾ ਕਰ ਕੇ ਤੂੰ ਅਨਾਥੋਥ ਵਿਚਲਾ ਮੇਰਾ ਖੇਤ ਖ਼ਰੀਦ ਲੈ ਜੋ ਬਿਨਯਾਮੀਨ ਦੇ ਇਲਾਕੇ ਵਿਚ ਹੈ ਕਿਉਂਕਿ ਉਸ ਨੂੰ ਖ਼ਰੀਦਣ ਅਤੇ ਉਸ ʼਤੇ ਕਬਜ਼ਾ ਕਰਨ ਦਾ ਹੱਕ ਪਹਿਲਾਂ ਤੇਰਾ ਬਣਦਾ ਹੈ। ਤੂੰ ਉਸ ਨੂੰ ਆਪਣੇ ਲਈ ਖ਼ਰੀਦ ਲੈ।” ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦੇ ਕਹੇ ਅਨੁਸਾਰ ਹੋਇਆ ਹੈ।
9 ਇਸ ਲਈ ਮੈਂ ਆਪਣੇ ਚਾਚੇ ਸ਼ਲੂਮ ਦੇ ਪੁੱਤਰ ਹਨਮੇਲ ਤੋਂ ਅਨਾਥੋਥ ਵਿਚਲਾ ਖੇਤ ਖ਼ਰੀਦ ਲਿਆ। ਮੈਂ ਉਸ ਨੂੰ 17 ਸ਼ੇਕੇਲ* ਚਾਂਦੀ* ਤੋਲ ਕੇ ਦੇ ਦਿੱਤੀ।+ 10 ਫਿਰ ਮੈਂ ਇਸ ਦੀ ਇਕ ਕਾਨੂੰਨੀ ਲਿਖਤ ਤਿਆਰ ਕੀਤੀ,+ ਇਸ ʼਤੇ ਮੁਹਰ ਲਾਈ, ਗਵਾਹਾਂ ਨੂੰ ਬੁਲਾਇਆ+ ਅਤੇ ਤੱਕੜੀ ਵਿਚ ਪੈਸਾ ਤੋਲਿਆ। 11 ਜਿਸ ਕਾਨੂੰਨੀ ਲਿਖਤ ʼਤੇ ਕਾਨੂੰਨਾਂ ਅਤੇ ਨਿਯਮਾਂ ਮੁਤਾਬਕ ਮੁਹਰ ਲਾਈ ਗਈ ਸੀ, ਮੈਂ ਉਹ ਅਤੇ ਬਿਨਾਂ ਮੁਹਰ ਵਾਲੀ ਲਿਖਤ ਲਈ 12 ਅਤੇ ਮੈਂ ਉਹ ਕਾਨੂੰਨੀ ਲਿਖਤ ਆਪਣੇ ਚਾਚੇ ਦੇ ਪੁੱਤਰ ਹਨਮੇਲ ਦੇ ਸਾਮ੍ਹਣੇ, ਲਿਖਤ ʼਤੇ ਦਸਤਖਤ ਕਰਨ ਵਾਲੇ ਗਵਾਹਾਂ ਦੇ ਸਾਮ੍ਹਣੇ ਅਤੇ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੈਠੇ ਸਾਰੇ ਯਹੂਦੀਆਂ ਦੇ ਸਾਮ੍ਹਣੇ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ+ ਦੇ ਪੁੱਤਰ ਬਾਰੂਕ+ ਨੂੰ ਦੇ ਦਿੱਤੀ।
13 ਫਿਰ ਮੈਂ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਬਾਰੂਕ ਨੂੰ ਹੁਕਮ ਦਿੱਤਾ: 14 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਤੂੰ ਮੁਹਰ ਵਾਲੀ ਅਤੇ ਬਿਨਾਂ ਮੁਹਰ ਵਾਲੀ ਕਾਨੂੰਨੀ ਲਿਖਤ ਲੈ ਅਤੇ ਦੋਵਾਂ ਨੂੰ ਇਕ ਮਿੱਟੀ ਦੇ ਭਾਂਡੇ ਵਿਚ ਰੱਖ ਦੇ ਤਾਂਕਿ ਇਹ ਲੰਬੇ ਸਮੇਂ ਤਕ ਸਾਂਭੀਆਂ ਰਹਿਣ’ 15 ਕਿਉਂਕਿ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਇਸ ਦੇਸ਼ ਵਿਚ ਘਰ, ਖੇਤ ਅਤੇ ਅੰਗੂਰਾਂ ਦੇ ਬਾਗ਼ ਦੁਬਾਰਾ ਤੋਂ ਖ਼ਰੀਦੇ ਜਾਣਗੇ।’”+
16 ਫਿਰ ਮੈਂ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਕਾਨੂੰਨੀ ਲਿਖਤ ਦੇਣ ਤੋਂ ਬਾਅਦ ਯਹੋਵਾਹ ਨੂੰ ਪ੍ਰਾਰਥਨਾ ਵਿਚ ਇਹ ਕਿਹਾ: 17 “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।+ ਤੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੈ। 18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ। 19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+ 20 ਤੂੰ ਮਿਸਰ ਵਿਚ ਕਰਾਮਾਤਾਂ ਅਤੇ ਚਮਤਕਾਰ ਕੀਤੇ ਜਿਨ੍ਹਾਂ ਨੂੰ ਲੋਕ ਅੱਜ ਤਕ ਯਾਦ ਕਰਦੇ ਹਨ। ਇਸ ਤਰ੍ਹਾਂ ਤੂੰ ਇਜ਼ਰਾਈਲ ਅਤੇ ਦੁਨੀਆਂ ਵਿਚ ਆਪਣੇ ਲਈ ਇਕ ਵੱਡਾ ਨਾਂ ਕਮਾਇਆ+ ਜੋ ਅੱਜ ਵੀ ਕਾਇਮ ਹੈ। 21 ਤੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਕਰਾਮਾਤਾਂ, ਚਮਤਕਾਰ ਅਤੇ ਦਿਲ ਦਹਿਲਾਉਣ ਵਾਲੇ ਕੰਮ ਕਰ ਕੇ ਆਪਣੀ ਪਰਜਾ ਇਜ਼ਰਾਈਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।+
22 “ਸਮੇਂ ਦੇ ਬੀਤਣ ਨਾਲ ਤੂੰ ਉਨ੍ਹਾਂ ਨੂੰ ਇਹ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 23 ਉਨ੍ਹਾਂ ਨੇ ਆ ਕੇ ਇਸ ਦੇਸ਼ ʼਤੇ ਕਬਜ਼ਾ ਕਰ ਲਿਆ, ਪਰ ਉਨ੍ਹਾਂ ਨੇ ਤੇਰਾ ਕਹਿਣਾ ਨਹੀਂ ਮੰਨਿਆ ਅਤੇ ਨਾ ਹੀ ਉਹ ਤੇਰੇ ਕਾਨੂੰਨ ਮੁਤਾਬਕ ਚੱਲੇ। ਤੂੰ ਉਨ੍ਹਾਂ ਨੂੰ ਜੋ ਵੀ ਹੁਕਮ ਦਿੱਤੇ ਸਨ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਇਕ ਵੀ ਹੁਕਮ ਨਹੀਂ ਮੰਨਿਆ ਜਿਸ ਕਰਕੇ ਤੂੰ ਉਨ੍ਹਾਂ ʼਤੇ ਇਹ ਸਾਰੀ ਬਿਪਤਾ ਲਿਆਂਦੀ।+ 24 ਦੇਖ, ਲੋਕ ਇਸ ਸ਼ਹਿਰ ʼਤੇ ਕਬਜ਼ਾ ਕਰਨ ਲਈ ਆ ਗਏ ਹਨ। ਕਸਦੀਆਂ ਨੇ ਸ਼ਹਿਰ ਦੀ ਘੇਰਾਬੰਦੀ ਕਰ ਕੇ+ ਇਸ ʼਤੇ ਹਮਲਾ ਕਰ ਦਿੱਤਾ ਹੈ ਅਤੇ ਇਹ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਕਰਕੇ ਜ਼ਰੂਰ ਉਨ੍ਹਾਂ ਦੇ ਹੱਥਾਂ ਵਿਚ ਚਲਾ ਜਾਵੇਗਾ। ਤੂੰ ਜੋ ਵੀ ਕਿਹਾ ਸੀ, ਉਹ ਸਾਰਾ ਕੁਝ ਹੋ ਰਿਹਾ ਹੈ ਜਿਵੇਂ ਕਿ ਤੂੰ ਦੇਖ ਰਿਹਾ ਹੈਂ। 25 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਭਾਵੇਂ ਕਿ ਇਹ ਸ਼ਹਿਰ ਜ਼ਰੂਰ ਕਸਦੀਆਂ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ, ਫਿਰ ਵੀ ਤੂੰ ਮੈਨੂੰ ਕਿਹਾ, ‘ਤੂੰ ਪੈਸੇ ਦੇ ਕੇ ਆਪਣੇ ਲਈ ਖੇਤ ਖ਼ਰੀਦ ਲੈ ਅਤੇ ਗਵਾਹਾਂ ਨੂੰ ਬੁਲਾ।’”
26 ਤਦ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 27 “ਮੈਂ ਯਹੋਵਾਹ ਹਾਂ, ਮੈਂ ਸਾਰੇ ਇਨਸਾਨਾਂ ਦਾ ਪਰਮੇਸ਼ੁਰ ਹਾਂ। ਕੀ ਮੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਹੈ? 28 ਇਸ ਲਈ ਯਹੋਵਾਹ ਕਹਿੰਦਾ ਹੈ, ‘ਮੈਂ ਇਸ ਸ਼ਹਿਰ ਨੂੰ ਕਸਦੀਆਂ ਦੇ ਹੱਥ ਵਿਚ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਇਸ ʼਤੇ ਕਬਜ਼ਾ ਕਰ ਲਵੇਗਾ।+ 29 ਕਸਦੀ ਸ਼ਹਿਰ ʼਤੇ ਹਮਲਾ ਕਰ ਕੇ ਇਸ ਨੂੰ ਅਤੇ ਉਨ੍ਹਾਂ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਜਿਨ੍ਹਾਂ ਦੀਆਂ ਛੱਤਾਂ ਉੱਪਰ ਲੋਕਾਂ ਨੇ ਬਆਲ ਨੂੰ ਬਲ਼ੀਆਂ ਚੜ੍ਹਾਈਆਂ ਹਨ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਈਆਂ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਹੈ।’+
30 “‘ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੇ ਜਵਾਨੀ ਤੋਂ ਹੀ ਉਹ ਕੰਮ ਕੀਤੇ ਹਨ ਜੋ ਮੇਰੀਆਂ ਨਜ਼ਰਾਂ ਵਿਚ ਬੁਰੇ ਹਨ।+ ਇਜ਼ਰਾਈਲ ਦੇ ਲੋਕ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਗੁੱਸਾ ਚੜ੍ਹਾ ਰਹੇ ਹਨ,’ ਯਹੋਵਾਹ ਕਹਿੰਦਾ ਹੈ। 31 ‘ਜਿਸ ਦਿਨ ਤੋਂ ਇਹ ਸ਼ਹਿਰ ਬਣਿਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਇਸ ਸ਼ਹਿਰ ਨੇ ਬੱਸ ਮੇਰਾ ਗੁੱਸਾ ਤੇ ਕ੍ਰੋਧ ਹੀ ਭੜਕਾਇਆ ਹੈ।+ ਇਸ ਲਈ ਇਸ ਸ਼ਹਿਰ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਜਾਣਾ ਚਾਹੀਦਾ ਹੈ+ 32 ਕਿਉਂਕਿ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੇ, ਉਨ੍ਹਾਂ ਦੇ ਰਾਜਿਆਂ ਨੇ,+ ਉਨ੍ਹਾਂ ਦੇ ਹਾਕਮਾਂ ਨੇ,+ ਉਨ੍ਹਾਂ ਦੇ ਪੁਜਾਰੀਆਂ ਨੇ, ਉਨ੍ਹਾਂ ਦੇ ਨਬੀਆਂ ਨੇ,+ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਬੁਰੇ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ ਹੈ। 33 ਉਹ ਮੇਰੇ ਵੱਲ ਆਪਣਾ ਮੂੰਹ ਕਰਨ ਦੀ ਬਜਾਇ ਪਿੱਠ ਕਰਦੇ ਰਹੇ।+ ਭਾਵੇਂ ਕਿ ਮੈਂ ਉਨ੍ਹਾਂ ਨੂੰ ਵਾਰ-ਵਾਰ* ਸਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ ਅਤੇ ਮੇਰਾ ਅਨੁਸ਼ਾਸਨ ਕਬੂਲ ਨਹੀਂ ਕੀਤਾ।+ 34 ਅਤੇ ਜਿਸ ਘਰ ਨਾਲ ਮੇਰਾ ਨਾਂ ਜੁੜਿਆ ਹੈ, ਉੱਥੇ ਉਨ੍ਹਾਂ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ ਰੱਖ ਕੇ ਇਸ ਨੂੰ ਭ੍ਰਿਸ਼ਟ ਕੀਤਾ।+ 35 ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ*+ ਵਿਚ ਬਆਲ ਲਈ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉਹ ਮੋਲਕ ਦੇਵਤੇ ਅੱਗੇ ਅੱਗ ਵਿਚ ਆਪਣੇ ਧੀਆਂ-ਪੁੱਤਰਾਂ ਦੀਆਂ ਬਲ਼ੀਆਂ ਦੇਣ।*+ ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ+ ਤੇ ਨਾ ਹੀ ਕਦੇ ਅਜਿਹਾ ਘਿਣਾਉਣਾ ਕੰਮ ਕਰਾਉਣ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ। ਇਸ ਤਰ੍ਹਾਂ ਯਹੂਦਾਹ ਨੇ ਘੋਰ ਪਾਪ ਕੀਤਾ।’
36 “ਇਸ ਲਈ ਜਿਸ ਸ਼ਹਿਰ ਬਾਰੇ ਤੁਸੀਂ ਕਹਿੰਦੇ ਹੋ ਕਿ ਇਹ ਤਲਵਾਰ, ਕਾਲ਼ ਤੇ ਮਹਾਂਮਾਰੀ ਕਰਕੇ ਜ਼ਰੂਰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ ਜਾਵੇਗਾ, ਉਸ ਸ਼ਹਿਰ ਬਾਰੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, 37 ‘ਮੈਂ ਡਾਢੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਜਿਨ੍ਹਾਂ ਸਾਰੇ ਦੇਸ਼ਾਂ ਵਿਚ ਖਿੰਡਾ ਦਿੱਤਾ ਹੈ,+ ਮੈਂ ਉੱਥੋਂ ਉਨ੍ਹਾਂ ਨੂੰ ਇਕੱਠਾ ਕਰ ਕੇ ਇਸ ਜਗ੍ਹਾ ਵਾਪਸ ਲੈ ਆਵਾਂਗਾ ਅਤੇ ਉਹ ਇੱਥੇ ਸੁਰੱਖਿਅਤ ਵੱਸਣਗੇ।+ 38 ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।+ 39 ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ+ ਅਤੇ ਇਕ ਰਾਹ ਦਿਖਾਵਾਂਗਾ ਤਾਂਕਿ ਉਹ ਹਮੇਸ਼ਾ ਮੇਰਾ ਡਰ ਮੰਨਣ। ਇਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਲਾ ਹੋਵੇਗਾ।+ 40 ਨਾਲੇ ਮੈਂ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ+ ਕਿ ਮੈਂ ਉਨ੍ਹਾਂ ਦਾ ਭਲਾ ਕਰਨ ਤੋਂ ਪਿੱਛੇ ਨਹੀਂ ਹਟਾਂਗਾ।+ ਮੈਂ ਉਨ੍ਹਾਂ ਦੇ ਦਿਲਾਂ ਵਿਚ ਆਪਣਾ ਡਰ ਬਿਠਾਵਾਂਗਾ ਤਾਂਕਿ ਉਹ ਮੇਰੇ ਤੋਂ ਕਦੇ ਵੀ ਮੂੰਹ ਨਾ ਮੋੜਨ।+ 41 ਮੈਨੂੰ ਉਨ੍ਹਾਂ ਦਾ ਭਲਾ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ+ ਅਤੇ ਮੈਂ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਨ੍ਹਾਂ ਨੂੰ ਇਸ ਦੇਸ਼ ਵਿਚ ਪੱਕੇ ਤੌਰ ਤੇ ਵਸਾਵਾਂਗਾ।’”*+
42 “ਯਹੋਵਾਹ ਇਹ ਕਹਿੰਦਾ ਹੈ, ‘ਜਿਵੇਂ ਮੈਂ ਇਨ੍ਹਾਂ ਲੋਕਾਂ ʼਤੇ ਇਹ ਵੱਡੀ ਬਿਪਤਾ ਲਿਆਇਆ ਹਾਂ, ਤਿਵੇਂ ਮੈਂ ਇਨ੍ਹਾਂ ਨਾਲ ਭਲਾਈ ਕਰਾਂਗਾ* ਜਿਸ ਦਾ ਮੈਂ ਇਨ੍ਹਾਂ ਨਾਲ ਵਾਅਦਾ ਕਰ ਰਿਹਾ ਹਾਂ।+ 43 ਨਾਲੇ ਇਸ ਦੇਸ਼ ਵਿਚ ਦੁਬਾਰਾ ਤੋਂ ਖੇਤ ਖ਼ਰੀਦੇ ਜਾਣਗੇ,+ ਭਾਵੇਂ ਕਿ ਤੁਸੀਂ ਕਹਿ ਰਹੇ ਹੋ: “ਇਹ ਦੇਸ਼ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਿਆ ਹੈ ਅਤੇ ਇਹ ਕਸਦੀਆਂ ਦੇ ਹਵਾਲੇ ਕੀਤਾ ਗਿਆ ਹੈ।”’
44 “‘ਬਿਨਯਾਮੀਨ ਦੇ ਇਲਾਕੇ ਵਿਚ, ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ, ਯਹੂਦਾਹ ਦੇ ਸ਼ਹਿਰਾਂ ਵਿਚ,+ ਪਹਾੜੀ ਇਲਾਕਿਆਂ ਦੇ ਸ਼ਹਿਰਾਂ ਵਿਚ, ਨੀਵੇਂ ਇਲਾਕਿਆਂ ਦੇ ਸ਼ਹਿਰਾਂ ਵਿਚ+ ਅਤੇ ਦੱਖਣ ਦੇ ਸ਼ਹਿਰਾਂ ਵਿਚ ਪੈਸੇ ਨਾਲ ਖੇਤ ਖ਼ਰੀਦੇ ਜਾਣਗੇ, ਕਾਨੂੰਨੀ ਲਿਖਤਾਂ ਤਿਆਰ ਕਰ ਕੇ ਉਨ੍ਹਾਂ ʼਤੇ ਮੁਹਰ ਲਾਈ ਜਾਵੇਗੀ ਅਤੇ ਗਵਾਹਾਂ ਨੂੰ ਬੁਲਾਇਆ ਜਾਵੇਗਾ+ ਕਿਉਂਕਿ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ।”