ਰਸੂਲਾਂ ਦੇ ਕੰਮ
23 ਪੌਲੁਸ ਨੇ ਮਹਾਸਭਾ ਵੱਲ ਧਿਆਨ ਨਾਲ ਦੇਖ ਕੇ ਕਿਹਾ: “ਭਰਾਵੋ, ਮੈਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅੱਜ ਦੇ ਦਿਨ ਤਕ ਬਿਲਕੁਲ ਸਾਫ਼ ਜ਼ਮੀਰ ਨਾਲ ਜੀਵਨ ਗੁਜ਼ਾਰਿਆ ਹੈ।” 2 ਇਹ ਸੁਣ ਕੇ ਮਹਾਂ ਪੁਜਾਰੀ ਹਨਾਨਿਆ ਨੇ ਪੌਲੁਸ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ ਕਿ ਉਹ ਉਸ ਦੇ ਮੂੰਹ ʼਤੇ ਚਪੇੜ ਮਾਰਨ। 3 ਫਿਰ ਪੌਲੁਸ ਨੇ ਕਿਹਾ: “ਓਏ ਪਖੰਡੀਆ,* ਪਰਮੇਸ਼ੁਰ ਤੈਨੂੰ ਮਾਰੇਗਾ। ਇਕ ਪਾਸੇ ਤੂੰ ਬੈਠ ਕੇ ਮੂਸਾ ਦੇ ਕਾਨੂੰਨ ਅਨੁਸਾਰ ਮੇਰਾ ਨਿਆਂ ਕਰਦਾ ਹੈਂ ਤੇ ਦੂਜੇ ਪਾਸੇ ਮੇਰੇ ਚਪੇੜ ਮਾਰਨ ਦਾ ਹੁਕਮ ਦੇ ਕੇ ਇਸੇ ਕਾਨੂੰਨ ਦੀ ਉਲੰਘਣਾ ਕਰਦਾ ਹੈਂ!” 4 ਉਸ ਦੇ ਲਾਗੇ ਖੜ੍ਹੇ ਲੋਕਾਂ ਨੇ ਕਿਹਾ: “ਤੇਰੀ ਇੰਨੀ ਜੁਰਅਤ ਕਿ ਤੂੰ ਪਰਮੇਸ਼ੁਰ ਦੇ ਮਹਾਂ ਪੁਜਾਰੀ ਦੀ ਬੇਇੱਜ਼ਤੀ ਕਰੇਂ?” 5 ਪੌਲੁਸ ਨੇ ਕਿਹਾ: “ਭਰਾਵੋ, ਮੈਨੂੰ ਨਹੀਂ ਪਤਾ ਸੀ ਕਿ ਇਹ ਮਹਾਂ ਪੁਜਾਰੀ ਹੈ। ਧਰਮ-ਗ੍ਰੰਥ ਵਿਚ ਲਿਖਿਆ ਹੈ, ‘ਤੂੰ ਆਪਣੇ ਲੋਕਾਂ ਦੇ ਧਾਰਮਿਕ ਆਗੂ ਦੇ ਖ਼ਿਲਾਫ਼ ਬੁਰਾ-ਭਲਾ ਨਾ ਕਹਿ।’”
6 ਜਦੋਂ ਪੌਲੁਸ ਨੇ ਦੇਖਿਆ ਕਿ ਮਹਾਸਭਾ ਵਿਚ ਅੱਧੇ ਸਦੂਕੀ ਸਨ ਅਤੇ ਅੱਧੇ ਫ਼ਰੀਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਭਰਾਵੋ, ਮੈਂ ਇਕ ਫ਼ਰੀਸੀ ਹਾਂ ਅਤੇ ਮੇਰੇ ਦਾਦੇ-ਪੜਦਾਦੇ ਵੀ ਫ਼ਰੀਸੀ ਸਨ। ਅਤੇ ਮੇਰੇ ਉੱਤੇ ਇਸ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਕਿਉਂਕਿ ਮੈਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਹਾਂ।” 7 ਉਸ ਦੀ ਇਸ ਗੱਲ ਕਰਕੇ ਫ਼ਰੀਸੀਆਂ ਅਤੇ ਸਦੂਕੀਆਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉਨ੍ਹਾਂ ਸਾਰਿਆਂ ਵਿਚ ਫੁੱਟ ਪੈ ਗਈ। 8 ਕਿਉਂਕਿ ਸਦੂਕੀ ਕਹਿੰਦੇ ਹਨ ਕਿ ਮਰੇ ਹੋਏ ਜੀਉਂਦੇ ਨਹੀਂ ਹੋਣਗੇ ਅਤੇ ਦੂਤ ਤੇ ਸਵਰਗੀ ਪ੍ਰਾਣੀ ਨਹੀਂ ਹੁੰਦੇ, ਪਰ ਫ਼ਰੀਸੀ ਖੁੱਲ੍ਹੇ-ਆਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦੇ ਹਨ। 9 ਇਸ ਲਈ ਉੱਥੇ ਬਹੁਤ ਜ਼ਿਆਦਾ ਰੌਲ਼ਾ-ਰੱਪਾ ਪੈਣ ਲੱਗ ਪਿਆ ਅਤੇ ਫ਼ਰੀਸੀਆਂ ਵਿੱਚੋਂ ਕੁਝ ਗ੍ਰੰਥੀ ਉੱਠੇ ਅਤੇ ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਕਹਿਣ ਲੱਗੇ: “ਅਸੀਂ ਦੇਖ ਲਿਆ ਹੈ ਕਿ ਇਸ ਆਦਮੀ ਨੇ ਕੋਈ ਗੁਨਾਹ ਨਹੀਂ ਕੀਤਾ ਹੈ; ਪਰ ਜੇ ਕਿਸੇ ਸਵਰਗੀ ਪ੍ਰਾਣੀ ਜਾਂ ਦੂਤ ਨੇ ਇਸ ਨਾਲ ਗੱਲ ਕੀਤੀ ਹੈ, ਤਾਂ ਫਿਰ . . .।” 10 ਉੱਥੇ ਝਗੜਾ ਇੰਨਾ ਵਧ ਗਿਆ ਕਿ ਫ਼ੌਜ ਦਾ ਕਮਾਂਡਰ ਡਰ ਗਿਆ ਕਿ ਕਿਤੇ ਉਹ ਪੌਲੁਸ ਦੇ ਟੋਟੇ-ਟੋਟੇ ਨਾ ਕਰ ਦੇਣ। ਇਸ ਲਈ ਉਸ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਜਾ ਕੇ ਪੌਲੁਸ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਲਿਆਉਣ ਅਤੇ ਫ਼ੌਜੀ ਕੁਆਰਟਰਾਂ ਵਿਚ ਲੈ ਜਾਣ।
11 ਉਸੇ ਰਾਤ ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: “ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।”
12 ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਪੌਲੁਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜੀ ਅਤੇ ਉਨ੍ਹਾਂ ਨੇ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਉਹ ਕੁਝ ਵੀ ਨਹੀਂ ਖਾਣ-ਪੀਣਗੇ। ਜੇ ਉਨ੍ਹਾਂ ਨੇ ਉਦੋਂ ਤਕ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। 13 ਚਾਲੀ ਤੋਂ ਵੱਧ ਆਦਮੀਆਂ ਨੇ ਇਹ ਸਹੁੰ ਖਾਧੀ ਸੀ। 14 ਉਨ੍ਹਾਂ ਨੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ: “ਅਸੀਂ ਸਹੁੰ ਖਾਧੀ ਹੈ ਕਿ ਜੇ ਅਸੀਂ ਉਦੋਂ ਤਕ ਕੁਝ ਖਾਈਏ ਜਦ ਤਕ ਅਸੀਂ ਪੌਲੁਸ ਨੂੰ ਮਾਰ ਨਾ ਦੇਈਏ, ਤਾਂ ਸਾਨੂੰ ਸਰਾਪ ਲੱਗੇ। 15 ਇਸ ਲਈ, ਤੁਸੀਂ ਹੁਣ ਮਹਾਸਭਾ ਨਾਲ ਰਲ਼ ਕੇ ਫ਼ੌਜ ਦੇ ਕਮਾਂਡਰ ਨੂੰ ਕਹੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲੈ ਆਵੇ। ਤੁਸੀਂ ਉਸ ਨੂੰ ਇਹ ਬਹਾਨਾ ਲਾ ਕੇ ਕਹਿਓ ਕਿ ਤੁਸੀਂ ਪੌਲੁਸ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨੀ ਚਾਹੁੰਦੇ ਹੋ। ਪਰ ਤੁਹਾਡੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠੇ ਹੋਵਾਂਗੇ।”
16 ਪਰ ਪੌਲੁਸ ਦੇ ਭਾਣਜੇ ਨੇ ਸੁਣ ਲਿਆ ਕਿ ਉਹ ਘਾਤ ਲਾ ਕੇ ਪੌਲੁਸ ʼਤੇ ਹਮਲਾ ਕਰਨਗੇ, ਇਸ ਕਰਕੇ ਉਸ ਨੇ ਫ਼ੌਜੀ ਕੁਆਰਟਰਾਂ ਵਿਚ ਜਾ ਕੇ ਪੌਲੁਸ ਨੂੰ ਸਾਰੀ ਗੱਲ ਦੱਸ ਦਿੱਤੀ। 17 ਇਸ ਲਈ ਪੌਲੁਸ ਨੇ ਇਕ ਫ਼ੌਜੀ ਅਫ਼ਸਰ ਨੂੰ ਸੱਦ ਕੇ ਕਿਹਾ: “ਇਸ ਨੌਜਵਾਨ ਨੂੰ ਫ਼ੌਜ ਦੇ ਕਮਾਂਡਰ ਕੋਲ ਲੈ ਜਾ, ਇਹ ਉਸ ਨੂੰ ਕੁਝ ਦੱਸਣਾ ਚਾਹੁੰਦਾ ਹੈ।” 18 ਉਹ ਅਫ਼ਸਰ ਉਸ ਨੂੰ ਫ਼ੌਜ ਦੇ ਕਮਾਂਡਰ ਕੋਲ ਲੈ ਗਿਆ ਅਤੇ ਉਸ ਨੇ ਕਿਹਾ: “ਕੈਦੀ ਪੌਲੁਸ ਨੇ ਮੈਨੂੰ ਸੱਦ ਕੇ ਬੇਨਤੀ ਕੀਤੀ ਕਿ ਮੈਂ ਇਸ ਨੌਜਵਾਨ ਨੂੰ ਤੇਰੇ ਕੋਲ ਲੈ ਆਵਾਂ ਕਿਉਂਕਿ ਇਹ ਤੈਨੂੰ ਕੁਝ ਦੱਸਣਾ ਚਾਹੁੰਦਾ ਹੈ।” 19 ਫ਼ੌਜ ਦਾ ਕਮਾਂਡਰ ਉਸ ਨੂੰ ਹੱਥੋਂ ਫੜ ਕੇ ਇਕ ਪਾਸੇ ਲੈ ਗਿਆ ਅਤੇ ਪੁੱਛਿਆ: “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈਂ?” 20 ਉਸ ਨੇ ਕਿਹਾ: “ਯਹੂਦੀ ਇਕੱਠੇ ਹੋ ਕੇ ਇਸ ਬਹਾਨੇ ਨਾਲ ਤੈਨੂੰ ਬੇਨਤੀ ਕਰਨਗੇ ਕਿ ਤੂੰ ਕੱਲ੍ਹ ਨੂੰ ਪੌਲੁਸ ਨੂੰ ਮਹਾਸਭਾ ਵਿਚ ਲਿਆਵੇਂ ਤਾਂਕਿ ਉਹ ਉਸ ਤੋਂ ਹੋਰ ਪੁੱਛ-ਗਿੱਛ ਕਰਨ। 21 ਪਰ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ਕਿਉਂਕਿ ਉਨ੍ਹਾਂ ਦੇ ਚਾਲੀ ਤੋਂ ਜ਼ਿਆਦਾ ਆਦਮੀ ਘਾਤ ਲਾ ਕੇ ਉਸ ਉੱਤੇ ਹਮਲਾ ਕਰਨਗੇ ਅਤੇ ਉਨ੍ਹਾਂ ਨੇ ਸਹੁੰ ਖਾਧੀ ਹੈ ਕਿ ਜੇ ਉਹ ਉਦੋਂ ਤਕ ਕੁਝ ਖਾਣ-ਪੀਣ ਜਦੋਂ ਤਕ ਉਹ ਪੌਲੁਸ ਨੂੰ ਜਾਨੋਂ ਨਹੀਂ ਮਾਰ ਦਿੰਦੇ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। ਉਹ ਤਿਆਰ-ਬਰ-ਤਿਆਰ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਤੂੰ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰੇਂ।” 22 ਇਸ ਲਈ, ਫ਼ੌਜ ਦੇ ਕਮਾਂਡਰ ਨੇ ਇਹ ਹੁਕਮ ਦੇ ਕੇ ਉਸ ਨੌਜਵਾਨ ਨੂੰ ਘੱਲ ਦਿੱਤਾ: “ਤੂੰ ਕਿਸੇ ਨੂੰ ਵੀ ਇਹ ਨਾ ਦੱਸੀਂ ਕਿ ਤੂੰ ਮੈਨੂੰ ਇਹ ਖ਼ਬਰ ਦਿੱਤੀ ਹੈ।”
23 ਫਿਰ ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਬੁਲਾ ਕੇ ਕਿਹਾ: “ਆਪਣੇ ਨਾਲ 200 ਫ਼ੌਜੀ, ਸੱਤਰ ਘੋੜਸਵਾਰ ਤੇ 200 ਬਰਛਾਧਾਰੀ ਲੈ ਕੇ ਰਾਤ ਨੂੰ ਨੌਂ ਵਜੇ* ਸਿੱਧੇ ਕੈਸਰੀਆ ਨੂੰ ਚਲੇ ਜਾਓ। 24 ਨਾਲੇ ਪੌਲੁਸ ਦੀ ਸਵਾਰੀ ਵਾਸਤੇ ਵੀ ਘੋੜੇ ਲਓ ਅਤੇ ਉਸ ਨੂੰ ਸੁਰੱਖਿਅਤ ਰਾਜਪਾਲ ਫ਼ੇਲਿਕਸ ਕੋਲ ਲੈ ਜਾਓ।” 25 ਅਤੇ ਉਸ ਨੇ ਇਕ ਚਿੱਠੀ ਵਿਚ ਇਸ ਤਰ੍ਹਾਂ ਲਿਖਿਆ:
26 “ਮੈਂ ਕਲੋਡੀਉਸ ਲੁਸੀਅਸ, ਹਜ਼ੂਰ ਰਾਜਪਾਲ ਫ਼ੇਲਿਕਸ ਨੂੰ ਚਿੱਠੀ ਲਿਖ ਰਿਹਾ ਹਾਂ: ਨਮਸਕਾਰ! 27 ਯਹੂਦੀਆਂ ਨੇ ਇਸ ਆਦਮੀ ਨੂੰ ਫੜਿਆ ਹੋਇਆ ਸੀ ਅਤੇ ਉਹ ਇਸ ਨੂੰ ਜਾਨੋਂ ਮਾਰਨ ਹੀ ਵਾਲੇ ਸਨ ਕਿ ਮੈਂ ਉੱਥੇ ਅਚਾਨਕ ਆਪਣੇ ਫ਼ੌਜੀਆਂ ਨਾਲ ਪਹੁੰਚ ਗਿਆ ਅਤੇ ਇਸ ਨੂੰ ਬਚਾ ਲਿਆ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹ ਰੋਮੀ ਨਾਗਰਿਕ ਹੈ। 28 ਮੈਂ ਜਾਣਨਾ ਚਾਹੁੰਦਾ ਸਾਂ ਕਿ ਯਹੂਦੀ ਇਸ ਉੱਤੇ ਕਿਹੜਾ ਦੋਸ਼ ਲਾ ਰਹੇ ਸਨ, ਇਸ ਲਈ ਮੈਂ ਇਸ ਨੂੰ ਉਨ੍ਹਾਂ ਦੀ ਮਹਾਸਭਾ ਸਾਮ੍ਹਣੇ ਪੇਸ਼ ਕੀਤਾ। 29 ਮੈਂ ਦੇਖਿਆ ਕਿ ਉਹ ਇਸ ਉੱਤੇ ਆਪਣੇ ਕਾਨੂੰਨ ਸੰਬੰਧੀ ਦੋਸ਼ ਲਾ ਰਹੇ ਸਨ, ਪਰ ਅਜਿਹਾ ਕੋਈ ਦੋਸ਼ ਸਾਬਤ ਨਹੀਂ ਕਰ ਸਕੇ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਕੈਦ ਵਿਚ ਸੁੱਟਿਆ ਜਾਵੇ। 30 ਪਰ ਮੈਨੂੰ ਸੂਚਨਾ ਮਿਲੀ ਕਿ ਇਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਗਈ ਹੈ, ਇਸ ਲਈ ਮੈਂ ਤੁਰੰਤ ਇਸ ਨੂੰ ਤੇਰੇ ਕੋਲ ਘੱਲ ਰਿਹਾ ਹਾਂ ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਤੇਰੇ ਸਾਮ੍ਹਣੇ ਪੇਸ਼ ਹੋ ਕੇ ਇਸ ਉੱਤੇ ਦੋਸ਼ ਲਾਉਣ।”
31 ਇਸ ਲਈ ਫ਼ੌਜੀ ਇਸ ਹੁਕਮ ਅਨੁਸਾਰ ਪੌਲੁਸ ਨੂੰ ਨਾਲ ਲੈ ਕੇ ਰਾਤੋ-ਰਾਤ ਅੰਤਿਪਤ੍ਰਿਸ ਆ ਗਏ। 32 ਅਗਲੇ ਦਿਨ ਉਨ੍ਹਾਂ ਨੇ ਘੋੜਸਵਾਰਾਂ ਨੂੰ ਉਸ ਨਾਲ ਅੱਗੇ ਜਾਣ ਦਿੱਤਾ ਅਤੇ ਉਹ ਆਪ ਫ਼ੌਜੀ ਕੁਆਰਟਰਾਂ ਨੂੰ ਵਾਪਸ ਮੁੜ ਗਏ। 33 ਘੋੜਸਵਾਰਾਂ ਨੇ ਕੈਸਰੀਆ ਪਹੁੰਚ ਕੇ ਰਾਜਪਾਲ ਨੂੰ ਚਿੱਠੀ ਦੇ ਦਿੱਤੀ ਅਤੇ ਪੌਲੁਸ ਨੂੰ ਵੀ ਉਸ ਅੱਗੇ ਪੇਸ਼ ਕੀਤਾ। 34 ਰਾਜਪਾਲ ਨੇ ਚਿੱਠੀ ਪੜ੍ਹੀ ਅਤੇ ਉਸ ਤੋਂ ਪੁੱਛਿਆ ਕਿ ਉਹ ਕਿਹੜੇ ਜ਼ਿਲ੍ਹੇ ਤੋਂ ਸੀ ਅਤੇ ਜਾਣਿਆ ਕਿ ਉਹ ਕਿਲਿਕੀਆ ਜ਼ਿਲ੍ਹੇ ਤੋਂ ਸੀ। 35 ਫਿਰ ਉਸ ਨੇ ਕਿਹਾ: “ਜਦੋਂ ਤੇਰੇ ਉੱਤੇ ਦੋਸ਼ ਲਾਉਣ ਵਾਲੇ ਲੋਕ ਆ ਜਾਣਗੇ, ਉਦੋਂ ਮੈਂ ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਪੂਰਾ-ਪੂਰਾ ਮੌਕਾ ਦਿਆਂਗਾ।” ਅਤੇ ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ ਜਾਵੇ।