ਰਸੂਲਾਂ ਦੇ ਕੰਮ
27 ਫਿਰ ਫ਼ੈਸਲਾ ਹੋਇਆ ਕਿ ਸਾਨੂੰ ਸਮੁੰਦਰੀ ਜਹਾਜ਼ ਰਾਹੀਂ ਇਟਲੀ ਘੱਲਿਆ ਜਾਵੇ, ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਹੋਰ ਕੁਝ ਕੈਦੀਆਂ ਨੂੰ ਸ਼ਾਹੀ ਟੁਕੜੀ* ਦੇ ਇਕ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ। 2 ਅਸੀਂ ਅਦ੍ਰਮੁੱਤਿਉਮ ਸ਼ਹਿਰ ਦੇ ਇਕ ਜਹਾਜ਼ ਵਿਚ ਬੈਠ ਕੇ ਚੱਲ ਪਏ ਜਿਸ ਨੇ ਏਸ਼ੀਆ* ਜ਼ਿਲ੍ਹੇ ਦੇ ਸਮੁੰਦਰੀ ਇਲਾਕਿਆਂ ਨੂੰ ਜਾਣਾ ਸੀ। ਸਾਡੇ ਨਾਲ ਥੱਸਲੁਨੀਕਾ ਸ਼ਹਿਰ ਦਾ ਅਰਿਸਤਰਖੁਸ ਮਕਦੂਨੀ ਵੀ ਸੀ। 3 ਅਸੀਂ ਅਗਲੇ ਦਿਨ ਸੀਦੋਨ ਪਹੁੰਚ ਗਏ ਅਤੇ ਯੂਲਿਉਸ ਨੇ ਇਨਸਾਨੀਅਤ ਦੇ ਨਾਤੇ ਪੌਲੁਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ ਉਨ੍ਹਾਂ ਦੀ ਸੇਵਾ-ਟਹਿਲ ਦਾ ਆਨੰਦ ਮਾਣ ਸਕੇ।
4 ਫਿਰ ਅਸੀਂ ਉੱਥੋਂ ਜਹਾਜ਼ ʼਤੇ ਚੜ੍ਹ ਕੇ ਚੱਲ ਪਏ ਅਤੇ ਤੇਜ਼ ਹਵਾ ਸਾਮ੍ਹਣਿਓਂ ਚੱਲ ਰਹੀ ਸੀ, ਇਸ ਕਰਕੇ ਇਸ ਤੋਂ ਬਚਣ ਲਈ ਅਸੀਂ ਸਾਈਪ੍ਰਸ ਟਾਪੂ ਦੇ ਨਾਲ-ਨਾਲ ਚੱਲਦੇ ਗਏ। 5 ਅਤੇ ਅਸੀਂ ਖੁੱਲ੍ਹੇ ਸਮੁੰਦਰ ਵਿਚ ਸਫ਼ਰ ਕਰਦਿਆਂ ਕਿਲਿਕੀਆ ਤੇ ਪਮਫੀਲੀਆ ਦੇ ਲਾਗਿਓਂ ਦੀ ਲੰਘ ਕੇ ਲੁਕੀਆ ਦੇ ਮੂਰਾ ਸ਼ਹਿਰ ਦੀ ਬੰਦਰਗਾਹ ਉੱਤੇ ਪਹੁੰਚ ਗਏ। 6 ਪਰ ਉੱਥੇ ਯੂਲਿਉਸ ਨੂੰ ਸਿਕੰਦਰੀਆ ਸ਼ਹਿਰ ਦਾ ਇਕ ਜਹਾਜ਼ ਮਿਲਿਆ ਜਿਹੜਾ ਇਟਲੀ ਜਾਣ ਵਾਲਾ ਸੀ ਅਤੇ ਉਸ ਨੇ ਸਾਨੂੰ ਆਪਣੇ ਨਾਲ ਉਸ ਜਹਾਜ਼ ਵਿਚ ਚੜ੍ਹਾ ਲਿਆ। 7 ਫਿਰ ਹੌਲੀ-ਹੌਲੀ ਚੱਲਦੇ ਹੋਏ ਅਸੀਂ ਕਈ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਕਨੀਦੁਸ ਪਹੁੰਚੇ। ਹਨੇਰੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਇਸ ਲਈ ਅਸੀਂ ਹਨੇਰੀ ਤੋਂ ਬਚਣ ਵਾਸਤੇ ਸਲਮੋਨੇ ਦੇ ਲਾਗਿਓਂ ਕ੍ਰੀਟ ਦੇ ਨਾਲ-ਨਾਲ ਚੱਲਦੇ ਗਏ। 8 ਇਸ ਦੇ ਨਾਲ-ਨਾਲ ਚੱਲਦੇ ਹੋਏ ਅਸੀਂ ਬੜੀ ਮੁਸ਼ਕਲ ਨਾਲ “ਸੁਰੱਖਿਅਤ ਬੰਦਰਗਾਹ” ਨਾਂ ਦੀ ਜਗ੍ਹਾ ਪਹੁੰਚੇ ਜਿਸ ਦੇ ਲਾਗੇ ਹੀ ਲਸਾਯਾ ਨਾਂ ਦਾ ਸ਼ਹਿਰ ਸੀ।
9 ਉੱਥੇ ਕਈ ਦਿਨ ਲੰਘ ਗਏ ਅਤੇ ਉਦੋਂ ਤਕ ਸਮੁੰਦਰੀ ਸਫ਼ਰ ਕਰਨਾ ਵੀ ਖ਼ਤਰਨਾਕ ਹੋ ਗਿਆ ਸੀ ਕਿਉਂਕਿ ਵਰਤ ਦਾ ਦਿਨ* ਵੀ ਲੰਘ ਚੁੱਕਾ ਸੀ। ਇਸ ਲਈ ਪੌਲੁਸ ਨੇ ਸਲਾਹ ਦਿੰਦਿਆਂ 10 ਉਨ੍ਹਾਂ ਨੂੰ ਕਿਹਾ: “ਭਰਾਵੋ, ਮੈਨੂੰ ਲੱਗਦਾ ਹੈ ਕਿ ਹੁਣ ਸਫ਼ਰ ਕਰਨ ਨਾਲ ਸਿਰਫ਼ ਸਾਮਾਨ ਦਾ ਅਤੇ ਜਹਾਜ਼ ਦਾ ਹੀ ਨੁਕਸਾਨ ਨਹੀਂ ਹੋਵੇਗਾ, ਸਗੋਂ ਅਸੀਂ ਆਪਣੀਆਂ ਜਾਨਾਂ ਤੋਂ ਵੀ ਹੱਥ ਧੋ ਬੈਠਾਂਗੇ।” 11 ਪਰ ਫ਼ੌਜੀ ਅਫ਼ਸਰ ਨੇ ਪੌਲੁਸ ਦੀ ਸਲਾਹ ਮੰਨਣ ਦੀ ਬਜਾਇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਸੁਣੀ। 12 ਉਸ ਬੰਦਰਗਾਹ ʼਤੇ ਸਿਆਲ ਕੱਟਣਾ ਬਹੁਤ ਔਖਾ ਸੀ, ਇਸ ਲਈ ਜ਼ਿਆਦਾਤਰ ਲੋਕਾਂ ਨੇ ਸਲਾਹ ਦਿੱਤੀ ਕਿ ਉੱਥੋਂ ਚੱਲ ਕੇ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚਿਆ ਜਾਵੇ ਅਤੇ ਉੱਥੇ ਸਿਆਲ ਕੱਟਿਆ ਜਾਵੇ। ਫ਼ੈਨੀਕੁਸ ਕ੍ਰੀਟ ਦੀ ਇਕ ਬੰਦਰਗਾਹ ਹੈ ਅਤੇ ਇਸ ਦਾ ਇਕ ਕੰਢਾ ਉੱਤਰ-ਪੂਰਬ ਵੱਲ ਹੈ ਅਤੇ ਦੂਜਾ ਕੰਢਾ ਦੱਖਣ-ਪੂਰਬ ਵੱਲ ਹੈ।
13 ਜਦੋਂ ਦੱਖਣ ਵੱਲੋਂ ਮੱਧਮ-ਮੱਧਮ ਹਵਾ ਵਗਣੀ ਸ਼ੁਰੂ ਹੋਈ, ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਫ਼ੈਨੀਕੁਸ ਪਹੁੰਚ ਜਾਣਗੇ ਅਤੇ ਉਨ੍ਹਾਂ ਨੇ ਲੰਗਰ ਚੁੱਕ ਲਿਆ ਅਤੇ ਕ੍ਰੀਟ ਦੇ ਕੰਢੇ ਦੇ ਨਾਲ-ਨਾਲ ਚੱਲਣਾ ਸ਼ੁਰੂ ਕਰ ਦਿੱਤਾ। 14 ਪਰ ਥੋੜ੍ਹੇ ਸਮੇਂ ਬਾਅਦ ਹੀ ਉੱਤਰ-ਪੂਰਬ ਵੱਲੋਂ ਤੂਫ਼ਾਨ* ਆ ਗਿਆ। 15 ਜਹਾਜ਼ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਅਤੇ ਤੂਫ਼ਾਨ ਦਾ ਸਾਮ੍ਹਣਾ ਨਾ ਕਰ ਸਕਿਆ। ਇਸ ਲਈ ਅਸੀਂ ਬੇਬੱਸ ਹੋ ਕੇ ਹਵਾ ਦੇ ਨਾਲ ਹੀ ਵਹਿਣ ਲੱਗੇ। 16 ਹੁਣ ਅਸੀਂ ਸਿੱਧੇ ਕੌਦਾ ਨਾਂ ਦੇ ਛੋਟੇ ਜਿਹੇ ਟਾਪੂ ਦੇ ਓਹਲੇ ਆ ਗਏ, ਪਰ ਅਸੀਂ ਜਹਾਜ਼ ਦੇ ਪਿਛਲੇ ਪਾਸੇ ਬੱਝੀ ਛੋਟੀ ਕਿਸ਼ਤੀ ਨੂੰ ਮਸਾਂ ਕਾਬੂ ਕਰ ਪਾਏ। 17 ਫਿਰ ਕਿਸ਼ਤੀ ਨੂੰ ਜਹਾਜ਼ ਵਿਚ ਉੱਪਰ ਖਿੱਚ ਕੇ ਉਨ੍ਹਾਂ ਨੇ ਜਹਾਜ਼ ਨੂੰ ਉੱਪਰੋਂ-ਥੱਲਿਓਂ ਰੱਸਿਆਂ ਨਾਲ ਕੱਸਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਡਰ ਸੀ ਕਿ ਜਹਾਜ਼ ਕਿਤੇ ਦਲਦਲੀ ਰੇਤ* ਵਿਚ ਫਸ ਨਾ ਜਾਵੇ, ਇਸ ਲਈ ਉਨ੍ਹਾਂ ਨੇ ਬਾਦਬਾਨਾਂ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਅਤੇ ਜਹਾਜ਼ ਹਵਾ ਦੇ ਨਾਲ ਹੀ ਵਹਿਣ ਲੱਗਾ। 18 ਤੂਫ਼ਾਨ ਕਰਕੇ ਸਾਨੂੰ ਬਹੁਤ ਹੁਝਕੇ ਲੱਗ ਰਹੇ ਸਨ, ਇਸ ਲਈ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਨੂੰ ਹਲਕਾ ਕਰਨ ਲਈ ਸਾਮਾਨ ਕੱਢ ਕੇ ਪਾਣੀ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ; 19 ਤੀਸਰੇ ਦਿਨ ਉਨ੍ਹਾਂ ਨੇ ਆਪਣੇ ਹੱਥੀਂ ਜਹਾਜ਼ ਦੇ ਰੱਸੇ ਤੇ ਹੋਰ ਸਾਜ਼ੋ-ਸਾਮਾਨ ਸੁੱਟ ਦਿੱਤਾ।
20 ਕਈ ਦਿਨ ਨਾ ਤਾਂ ਸੂਰਜ ਨਿਕਲਿਆ ਅਤੇ ਨਾ ਹੀ ਤਾਰੇ ਅਤੇ ਨਾ ਹੀ ਤੂਫ਼ਾਨ ਦਾ ਜ਼ੋਰ ਘਟਿਆ, ਇਸ ਲਈ ਸਾਨੂੰ ਲੱਗਾ ਕਿ ਹੁਣ ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ। 21 ਜਦੋਂ ਮੁਸਾਫ਼ਰਾਂ ਨੇ ਕਈ ਦਿਨਾਂ ਤਕ ਕੁਝ ਨਾ ਖਾਧਾ, ਤਾਂ ਪੌਲੁਸ ਨੇ ਉਨ੍ਹਾਂ ਵਿਚਕਾਰ ਖੜ੍ਹੇ ਹੋ ਕੇ ਕਿਹਾ: “ਭਰਾਵੋ, ਜੇ ਤੁਸੀਂ ਮੇਰੀ ਸਲਾਹ ਮੰਨੀ ਹੁੰਦੀ ਅਤੇ ਕ੍ਰੀਟ ਤੋਂ ਨਾ ਤੁਰੇ ਹੁੰਦੇ, ਤਾਂ ਤੁਹਾਡਾ ਇੰਨਾ ਨੁਕਸਾਨ ਨਹੀਂ ਹੋਣਾ ਸੀ। 22 ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਨੂੰ ਕਹਿੰਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ, ਸਿਰਫ਼ ਜਹਾਜ਼ ਤਬਾਹ ਹੋਵੇਗਾ। 23 ਕਿਉਂਕਿ, ਜਿਸ ਪਰਮੇਸ਼ੁਰ ਦੀ ਮੈਂ ਭਗਤੀ ਕਰਦਾ ਹਾਂ ਅਤੇ ਜੋ ਮੇਰਾ ਮਾਲਕ ਹੈ ਉਸ ਦੇ ਦੂਤ ਨੇ ਕੱਲ੍ਹ ਰਾਤ ਆ ਕੇ ਮੈਨੂੰ 24 ਕਿਹਾ ਸੀ, ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ* ਦੇ ਸਾਮ੍ਹਣੇ ਪੇਸ਼ ਹੋਵੇਂਗਾ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’ 25 ਇਸ ਲਈ ਭਰਾਵੋ, ਹੌਸਲਾ ਰੱਖੋ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਦੂਤ ਨੇ ਮੈਨੂੰ ਜੋ ਕਿਹਾ ਹੈ, ਪਰਮੇਸ਼ੁਰ ਉਹ ਜ਼ਰੂਰ ਕਰੇਗਾ। 26 ਪਰ ਸਾਡਾ ਜਹਾਜ਼ ਕਿਸੇ ਟਾਪੂ ਨਾਲ ਜਾ ਟਕਰਾਏਗਾ।”
27 ਜਦੋਂ ਚੌਦ੍ਹਵੀਂ ਰਾਤ ਨੂੰ ਅਸੀਂ ਅਦਰੀਆ ਸਮੁੰਦਰ ਵਿਚ ਡਿੱਕੋ-ਡੋਲੇ ਖਾ ਰਹੇ ਸਾਂ, ਤਾਂ ਅੱਧੀ ਰਾਤ ਨੂੰ ਮਲਾਹਾਂ ਨੂੰ ਲੱਗਾ ਕਿ ਉਹ ਜ਼ਮੀਨ ਦੇ ਲਾਗੇ ਪਹੁੰਚ ਰਹੇ ਸਨ। 28 ਉਨ੍ਹਾਂ ਨੇ ਪਾਣੀ ਦੀ ਡੂੰਘਾਈ ਮਾਪ ਕੇ ਦੇਖੀ ਅਤੇ ਇਹ 120 ਫੁੱਟ ਸੀ ਅਤੇ ਫਿਰ ਥੋੜ੍ਹਾ ਹੋਰ ਅੱਗੇ ਜਾ ਕੇ ਡੂੰਘਾਈ ਮਾਪੀ ਅਤੇ ਇਹ ਨੱਬੇ ਫੁੱਟ ਸੀ। 29 ਇਸ ਡਰੋਂ ਕਿ ਕਿਤੇ ਜਹਾਜ਼ ਚਟਾਨਾਂ ਨਾਲ ਨਾ ਟਕਰਾ ਜਾਵੇ, ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸਿਓਂ ਚਾਰ ਲੰਗਰ ਪਾਣੀ ਵਿਚ ਸੁੱਟ ਦਿੱਤੇ ਅਤੇ ਫ਼ਿਕਰਮੰਦ ਹੋ ਕੇ ਦਿਨ ਚੜ੍ਹਨ ਦੀ ਉਡੀਕ ਕਰਨ ਲੱਗੇ। 30 ਪਰ ਫਿਰ ਮਲਾਹਾਂ ਨੇ ਜਹਾਜ਼ ਦੇ ਅਗਲੇ ਪਾਸਿਓਂ ਪਾਣੀ ਵਿਚ ਲੰਗਰ ਸੁੱਟਣ ਦੇ ਬਹਾਨੇ ਛੋਟੀ ਕਿਸ਼ਤੀ ਪਾਣੀ ਵਿਚ ਉਤਾਰੀ। ਅਸਲ ਵਿਚ, ਉਹ ਜਹਾਜ਼ ਛੱਡ ਕੇ ਕਿਸ਼ਤੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। 31 ਪੌਲੁਸ ਨੇ ਫ਼ੌਜੀ ਅਫ਼ਸਰ ਅਤੇ ਫ਼ੌਜੀਆਂ ਨੂੰ ਕਿਹਾ: “ਜੇ ਇਹ ਬੰਦੇ ਜਹਾਜ਼ ʼਤੇ ਨਾ ਰਹੇ, ਤਾਂ ਤੁਸੀਂ ਬਚ ਨਹੀਂ ਸਕੋਗੇ।” 32 ਇਸ ਲਈ ਫ਼ੌਜੀਆਂ ਨੇ ਛੋਟੀ ਕਿਸ਼ਤੀ ਦੇ ਰੱਸੇ ਵੱਢ ਦਿੱਤੇ ਅਤੇ ਕਿਸ਼ਤੀ ਪਾਣੀ ਵਿਚ ਜਾ ਡਿਗੀ।
33 ਜਦੋਂ ਦਿਨ ਚੜ੍ਹਨ ਵਾਲਾ ਸੀ, ਤਾਂ ਪੌਲੁਸ ਨੇ ਸਾਰਿਆਂ ਨੂੰ ਕੁਝ ਖਾਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਅੱਜ ਤੁਹਾਨੂੰ ਬਚਣ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਅਤੇ ਤੁਸੀਂ ਉਦੋਂ ਤੋਂ ਕੁਝ ਨਹੀਂ ਖਾਧਾ। 34 ਇਸ ਲਈ ਮੇਰੀ ਗੱਲ ਮੰਨੋ ਤੇ ਕੁਝ ਖਾ ਲਓ ਕਿਉਂਕਿ ਇਸ ਤੋਂ ਤੁਹਾਨੂੰ ਹੀ ਫ਼ਾਇਦਾ ਹੋਵੇਗਾ; ਨਾਲੇ ਤੁਹਾਡੇ ਸਿਰ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿ ਕੇ ਉਸ ਨੇ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਦਾ ਧੰਨਵਾਦ ਕਰ ਕੇ ਖਾਣੀ ਸ਼ੁਰੂ ਕੀਤੀ। 36 ਸੋ ਉਨ੍ਹਾਂ ਸਾਰਿਆਂ ਨੂੰ ਹੌਸਲਾ ਮਿਲਿਆ ਅਤੇ ਰੋਟੀ ਖਾਣ ਲੱਗ ਪਏ। 37 ਜਹਾਜ਼ ਵਿਚ ਅਸੀਂ ਕੁੱਲ 276 ਮੁਸਾਫ਼ਰ ਸਾਂ। 38 ਜਦੋਂ ਉਹ ਰੱਜ ਕੇ ਖਾ ਹਟੇ, ਤਾਂ ਉਨ੍ਹਾਂ ਨੇ ਜਹਾਜ਼ ਨੂੰ ਹਲਕਾ ਕਰਨ ਲਈ ਕਣਕ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤੀ।
39 ਅਖ਼ੀਰ ਜਦੋਂ ਦਿਨ ਚੜ੍ਹਿਆ, ਤਾਂ ਉਹ ਉਸ ਜਗ੍ਹਾ ਨੂੰ ਪਛਾਣ ਨਾ ਸਕੇ, ਪਰ ਉਨ੍ਹਾਂ ਨੇ ਇਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ। ਉਨ੍ਹਾਂ ਨੇ ਹਰ ਹਾਲ ਵਿਚ ਜਹਾਜ਼ ਨੂੰ ਕੰਢੇ ʼਤੇ ਲਿਜਾਣ ਦਾ ਫ਼ੈਸਲਾ ਕੀਤਾ। 40 ਇਸ ਲਈ ਉਨ੍ਹਾਂ ਨੇ ਲੰਗਰਾਂ ਦੇ ਰੱਸੇ ਵੱਢ ਦਿੱਤੇ ਅਤੇ ਲੰਗਰ ਸਮੁੰਦਰ ਵਿਚ ਜਾ ਡਿਗੇ। ਨਾਲੇ ਉਨ੍ਹਾਂ ਨੇ ਪਤਵਾਰਾਂ ਦੇ ਰੱਸੇ ਵੀ ਢਿੱਲੇ ਕਰ ਦਿੱਤੇ। ਫਿਰ ਜਹਾਜ਼ ਦੇ ਅਗਲੇ ਪਾਸੇ ਦੇ ਛੋਟੇ ਬਾਦਬਾਨ ਨੂੰ ਖੋਲ੍ਹ ਦਿੱਤਾ ਤਾਂਕਿ ਹਵਾ ਦੇ ਨਾਲ ਜਹਾਜ਼ ਕੰਢੇ ʼਤੇ ਚਲਾ ਜਾਵੇ। 41 ਜਦੋਂ ਉਹ ਘੱਟ ਡੂੰਘੇ ਪਾਣੀ ਵਿਚ ਗਏ, ਤਾਂ ਜਹਾਜ਼ ਦਾ ਅਗਲਾ ਹਿੱਸਾ ਦਲਦਲੀ ਰੇਤ ਵਿਚ ਇੰਨਾ ਖੁੱਭ ਗਿਆ ਕਿ ਉੱਥੋਂ ਹਿੱਲ ਨਾ ਸਕਿਆ, ਪਰ ਦੋਵਾਂ ਪਾਸਿਆਂ ਤੋਂ ਲਹਿਰਾਂ ਦੀ ਮਾਰ ਨਾਲ ਜਹਾਜ਼ ਦਾ ਪਿਛਲਾ ਪਾਸਾ ਟੋਟੇ-ਟੋਟੇ ਹੋ ਗਿਆ। 42 ਉਦੋਂ ਫ਼ੌਜੀਆਂ ਨੇ ਕੈਦੀਆਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕੀਤਾ ਤਾਂਕਿ ਕੋਈ ਵੀ ਕੈਦੀ ਤੈਰ ਕੇ ਭੱਜ ਨਾ ਜਾਵੇ। 43 ਪਰ ਫ਼ੌਜੀ ਅਫ਼ਸਰ ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਫ਼ੌਜੀਆਂ ਨੂੰ ਰੋਕ ਦਿੱਤਾ ਕਿ ਉਹ ਕੈਦੀਆਂ ਨੂੰ ਜਾਨੋਂ ਨਾ ਮਾਰਨ। ਅਤੇ ਉਸ ਨੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਸਨ, ਉਹ ਤੈਰ ਕੇ ਪਹਿਲਾਂ ਕੰਢੇ ʼਤੇ ਚਲੇ ਜਾਣ। 44 ਅਤੇ ਬਾਕੀ ਜਣੇ ਜਹਾਜ਼ ਦੇ ਫੱਟਿਆਂ ਜਾਂ ਹੋਰ ਚੀਜ਼ਾਂ ਦੇ ਸਹਾਰੇ ਤੈਰ ਕੇ ਕੰਢੇ ʼਤੇ ਪਹੁੰਚ ਜਾਣ। ਇਸ ਤਰ੍ਹਾਂ ਸਾਰੇ ਬਚ ਕੇ ਸਹੀ-ਸਲਾਮਤ ਕੰਢੇ ʼਤੇ ਪਹੁੰਚ ਗਏ।