ਬਿਵਸਥਾ ਸਾਰ
29 ਜਦੋਂ ਇਜ਼ਰਾਈਲੀ ਮੋਆਬ ਵਿਚ ਸਨ, ਤਾਂ ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨਾਲ ਇਕਰਾਰ ਕਾਇਮ ਕਰਨ ਦਾ ਹੁਕਮ ਦਿੱਤਾ ਸੀ। ਇਹ ਉਸ ਇਕਰਾਰ ਨਾਲੋਂ ਵੱਖਰਾ ਸੀ ਜੋ ਉਸ ਨੇ ਉਨ੍ਹਾਂ ਨਾਲ ਹੋਰੇਬ ਵਿਚ ਕੀਤਾ ਸੀ। ਮੋਆਬ ਵਿਚ ਕੀਤੇ ਇਕਰਾਰ ਦੀਆਂ ਗੱਲਾਂ ਇਹ ਹਨ।+
2 ਫਿਰ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਬੁਲਾ ਕੇ ਕਿਹਾ: “ਤੁਸੀਂ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਨੇ ਮਿਸਰ ਵਿਚ ਫ਼ਿਰਊਨ ਅਤੇ ਉਸ ਦੇ ਸਾਰੇ ਨੌਕਰਾਂ ਅਤੇ ਉਸ ਦੇ ਸਾਰੇ ਦੇਸ਼ ਨਾਲ ਕੀ-ਕੀ ਕੀਤਾ ਸੀ।+ 3 ਤੁਸੀਂ ਇਹ ਵੀ ਦੇਖਿਆ ਕਿ ਉਸ ਨੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ* ਅਤੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਕੀਤੇ।+ 4 ਪਰ ਯਹੋਵਾਹ ਨੇ ਤੁਹਾਨੂੰ ਸਮਝਣ ਲਈ ਮਨ, ਦੇਖਣ ਲਈ ਅੱਖਾਂ ਅਤੇ ਸੁਣਨ ਲਈ ਕੰਨ ਨਹੀਂ ਦਿੱਤੇ। ਅੱਜ ਤਕ ਤੁਹਾਡਾ ਇਹੀ ਹਾਲ ਹੈ।+ 5 ਉਸ ਨੇ ਕਿਹਾ ਸੀ, ‘ਉਜਾੜ ਵਿਚ 40 ਸਾਲਾਂ ਦੌਰਾਨ ਮੇਰੀ ਅਗਵਾਈ ਵਿਚ+ ਤੁਹਾਡੇ ਨਾ ਤਾਂ ਕੱਪੜੇ ਫਟੇ ਅਤੇ ਨਾ ਹੀ ਤੁਹਾਡੀਆਂ ਜੁੱਤੀਆਂ ਟੁੱਟੀਆਂ।+ 6 ਤੁਹਾਡੇ ਕੋਲ ਖਾਣ ਲਈ ਰੋਟੀ ਨਹੀਂ ਸੀ ਅਤੇ ਨਾ ਹੀ ਪੀਣ ਲਈ ਦਾਖਰਸ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼, ਪਰ ਫਿਰ ਵੀ ਮੈਂ ਤੁਹਾਡੀ ਦੇਖ-ਭਾਲ ਕੀਤੀ ਤਾਂਕਿ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।’ 7 ਜਦੋਂ ਤੁਸੀਂ ਇਸ ਜਗ੍ਹਾ ਆਏ, ਤਾਂ ਹਸ਼ਬੋਨ ਦਾ ਰਾਜਾ ਸੀਹੋਨ+ ਅਤੇ ਬਾਸ਼ਾਨ ਦਾ ਰਾਜਾ ਓਗ+ ਸਾਡੇ ਨਾਲ ਯੁੱਧ ਕਰਨ ਆਏ, ਪਰ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ।+ 8 ਫਿਰ ਅਸੀਂ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਹ ਇਲਾਕਾ ਰਊਬੇਨੀਆਂ, ਗਾਦੀਆਂ ਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਵਿਰਾਸਤ ਵਿਚ ਦੇ ਦਿੱਤਾ।+ 9 ਇਸ ਲਈ ਤੁਸੀਂ ਇਸ ਇਕਰਾਰ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਅਤੇ ਇਨ੍ਹਾਂ ਮੁਤਾਬਕ ਚੱਲੋ ਤਾਂਕਿ ਤੁਸੀਂ ਆਪਣੇ ਹਰ ਕੰਮ ਵਿਚ ਸਫ਼ਲ ਹੋਵੋ।+
10 “ਅੱਜ ਤੁਸੀਂ ਸਾਰੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਹੋ: ਤੁਸੀਂ, ਤੁਹਾਡੇ ਗੋਤਾਂ ਦੇ ਮੁਖੀ, ਤੁਹਾਡੇ ਬਜ਼ੁਰਗ, ਤੁਹਾਡੇ ਅਧਿਕਾਰੀ, ਇਜ਼ਰਾਈਲ ਦੇ ਸਾਰੇ ਆਦਮੀ, 11 ਤੁਹਾਡੇ ਬੱਚੇ, ਤੁਹਾਡੀਆਂ ਪਤਨੀਆਂ+ ਅਤੇ ਛਾਉਣੀ ਵਿਚ ਤੁਹਾਡੇ ਨਾਲ ਰਹਿੰਦੇ ਪਰਦੇਸੀ,+ ਤੁਹਾਡੇ ਲਈ ਲੱਕੜਾਂ ਇਕੱਠੀਆਂ ਕਰਨ ਵਾਲੇ ਅਤੇ ਪਾਣੀ ਭਰਨ ਵਾਲੇ। 12 ਤੁਸੀਂ ਸਾਰੇ ਇੱਥੇ ਇਸ ਲਈ ਇਕੱਠੇ ਹੋ ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਇਕਰਾਰ ਵਿਚ ਸ਼ਾਮਲ ਹੋ ਸਕੋ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਅੱਜ ਤੁਹਾਡੇ ਨਾਲ ਕਰਨ ਜਾ ਰਿਹਾ ਹੈ ਅਤੇ ਇਸ ਨੂੰ ਸਹੁੰ ਖਾ ਕੇ ਪੱਕਾ ਕੀਤਾ ਜਾ ਰਿਹਾ ਹੈ।+ 13 ਇਸ ਤਰ੍ਹਾਂ ਕਰ ਕੇ ਅੱਜ ਉਹ ਤੁਹਾਨੂੰ ਆਪਣੇ ਲੋਕ ਬਣਾਵੇਗਾ+ ਅਤੇ ਉਹ ਤੁਹਾਡਾ ਪਰਮੇਸ਼ੁਰ ਹੋਵੇਗਾ,+ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਤੇ ਜਿਵੇਂ ਉਸ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ+ ਨਾਲ ਸਹੁੰ ਖਾਧੀ ਸੀ।
14 “ਪਰ ਮੈਂ* ਸਹੁੰ ਖਾ ਕੇ ਇਹ ਇਕਰਾਰ ਸਿਰਫ਼ ਤੁਹਾਡੇ ਨਾਲ ਹੀ ਨਹੀਂ ਕਰ ਰਿਹਾ 15 ਜਿਹੜੇ ਅੱਜ ਇੱਥੇ ਸਾਡੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਸਾਡੇ ਨਾਲ ਖੜ੍ਹੇ ਹਨ, ਸਗੋਂ ਉਨ੍ਹਾਂ ਨਾਲ ਵੀ ਕਰ ਰਿਹਾ ਹਾਂ ਜੋ ਅੱਜ ਇੱਥੇ ਸਾਡੇ ਨਾਲ ਨਹੀਂ ਹਨ।* 16 (ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਮਿਸਰ ਵਿਚ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਸੀ ਅਤੇ ਕਿਵੇਂ ਅਸੀਂ ਵੱਖੋ-ਵੱਖਰੀਆਂ ਕੌਮਾਂ ਦੇ ਇਲਾਕਿਆਂ ਵਿੱਚੋਂ ਦੀ ਸਫ਼ਰ ਕੀਤਾ ਸੀ।+ 17 ਅਤੇ ਤੁਸੀਂ ਉਨ੍ਹਾਂ ਦੀਆਂ ਘਿਣਾਉਣੀ ਚੀਜ਼ਾਂ ਅਤੇ ਉਨ੍ਹਾਂ ਦੀਆਂ ਲੱਕੜ, ਪੱਥਰ ਤੇ ਸੋਨੇ-ਚਾਂਦੀ ਦੀਆਂ ਘਿਣਾਉਣੀਆਂ ਮੂਰਤਾਂ*+ ਦੇਖੀਆਂ ਸਨ ਜੋ ਉਨ੍ਹਾਂ ਦੇ ਕੋਲ ਸਨ।) 18 ਖ਼ਬਰਦਾਰ ਰਹੋ ਕਿ ਅੱਜ ਤੁਹਾਡੇ ਵਿਚ ਕੋਈ ਅਜਿਹਾ ਆਦਮੀ, ਔਰਤ, ਪਰਿਵਾਰ ਜਾਂ ਗੋਤ ਨਾ ਹੋਵੇ ਜਿਸ ਦਾ ਦਿਲ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਹੋ ਜਾਵੇ ਅਤੇ ਉਹ ਉਨ੍ਹਾਂ ਕੌਮਾਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਵੇ।+ ਅਜਿਹਾ ਇਨਸਾਨ ਨਾਗਦੋਨੇ* ਦੀ ਜੜ੍ਹ ਵਰਗਾ ਹੁੰਦਾ ਹੈ ਜਿਸ ਨੂੰ ਜ਼ਹਿਰੀਲਾ ਫਲ ਲੱਗਦਾ ਹੈ।+
19 “ਪਰ ਜੇ ਕੋਈ ਇਸ ਸਹੁੰ ਨੂੰ ਸੁਣਨ ਤੋਂ ਬਾਅਦ ਘਮੰਡ ਵਿਚ ਆ ਕੇ ਆਪਣੇ ਦਿਲ ਵਿਚ ਕਹਿੰਦਾ ਹੈ, ‘ਮੈਂ ਆਪਣੀ ਮਨ-ਮਰਜ਼ੀ ਕਰਾਂਗਾ* ਤੇ ਮੈਨੂੰ ਕੁਝ ਨਹੀਂ ਹੋਵੇਗਾ,’ ਤਾਂ ਉਹ ਆਪਣੇ ਰਾਹ ਵਿਚ ਆਉਣ ਵਾਲੀ ਹਰ ਚੀਜ਼* ਨੂੰ ਤਬਾਹ ਕਰਦਾ ਹੈ। 20 ਯਹੋਵਾਹ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ।+ ਇਸ ਦੀ ਬਜਾਇ, ਯਹੋਵਾਹ ਦਾ ਡਾਢਾ ਗੁੱਸਾ ਉਸ ʼਤੇ ਭੜਕੇਗਾ ਅਤੇ ਉਸ ਉੱਤੇ ਇਸ ਕਿਤਾਬ ਵਿਚ ਲਿਖੇ ਸਾਰੇ ਸਰਾਪ ਜ਼ਰੂਰ ਆ ਪੈਣਗੇ+ ਅਤੇ ਯਹੋਵਾਹ ਉਸ ਦਾ ਨਾਂ ਧਰਤੀ ਤੋਂ ਜ਼ਰੂਰ ਮਿਟਾ ਦੇਵੇਗਾ। 21 ਯਹੋਵਾਹ ਉਸ ਨੂੰ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਵੱਖਰਾ ਕਰੇਗਾ ਅਤੇ ਇਸ ਕਾਨੂੰਨ ਦੀ ਕਿਤਾਬ ਵਿਚ ਇਕਰਾਰ ਸੰਬੰਧੀ ਜਿਹੜੇ ਸਰਾਪ ਲਿਖੇ ਗਏ ਹਨ, ਉਨ੍ਹਾਂ ਮੁਤਾਬਕ ਉਸ ਉੱਤੇ ਬਿਪਤਾ ਲਿਆਵੇਗਾ।
22 “ਤੁਹਾਡੇ ਪੁੱਤਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੂਰ ਦੇਸ਼ ਤੋਂ ਆਏ ਪਰਦੇਸੀ ਉਹ ਕਹਿਰ ਅਤੇ ਬਿਪਤਾਵਾਂ ਦੇਖਣਗੇ ਜੋ ਯਹੋਵਾਹ ਇਸ ਦੇਸ਼ ʼਤੇ ਲਿਆਇਆ ਹੈ। 23 ਉਹ ਦੇਖਣਗੇ ਕਿ ਉਸ ਨੇ ਗੰਧਕ, ਲੂਣ ਤੇ ਅੱਗ ਨਾਲ ਇਸ ਦੇਸ਼ ਦੀ ਸਾਰੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਤਾਂਕਿ ਕੋਈ ਫ਼ਸਲ ਬੀਜੀ ਨਾ ਜਾ ਸਕੇ, ਨਾ ਕੁਝ ਪੁੰਗਰ ਸਕੇ ਅਤੇ ਨਾ ਹੀ ਕੋਈ ਪੇੜ-ਪੌਦਾ ਉੱਗ ਸਕੇ। ਉਸ ਨੇ ਇਸ ਦੇਸ਼ ਦੀ ਹਾਲਤ ਸਦੂਮ, ਗਮੋਰਾ,*+ ਅਦਮਾਹ ਤੇ ਸਬੋਈਮ+ ਵਰਗੀ ਕਰ ਦਿੱਤੀ ਜਿਨ੍ਹਾਂ ਨੂੰ ਯਹੋਵਾਹ ਨੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਤਬਾਹ ਕਰ ਦਿੱਤਾ ਸੀ। 24 ਫਿਰ ਉਹ ਅਤੇ ਸਾਰੀਆਂ ਕੌਮਾਂ ਦੇ ਲੋਕ ਪੁੱਛਣਗੇ, ‘ਯਹੋਵਾਹ ਨੇ ਇਸ ਦੇਸ਼ ਦਾ ਇਹ ਹਸ਼ਰ ਕਿਉਂ ਕੀਤਾ?+ ਉਸ ਦੇ ਗੁੱਸੇ ਦੀ ਅੱਗ ਇੰਨੀ ਕਿਉਂ ਭੜਕੀ?’ 25 ਫਿਰ ਲੋਕ ਉਨ੍ਹਾਂ ਨੂੰ ਦੱਸਣਗੇ, ‘ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨਾਲ ਕੀਤੇ ਇਕਰਾਰ ਦੀ ਉਲੰਘਣਾ ਕੀਤੀ।+ ਉਸ ਨੇ ਉਨ੍ਹਾਂ ਨਾਲ ਇਹ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ 26 ਉਨ੍ਹਾਂ ਨੇ ਦੂਜੇ ਦੇਵਤਿਆਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕੀਤੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ ਜਿਨ੍ਹਾਂ ਨੂੰ ਉਹ ਨਾ ਤਾਂ ਜਾਣਦੇ ਸਨ ਅਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਇਨ੍ਹਾਂ ਦੇਵਤਿਆਂ ਦੀ ਭਗਤੀ ਕਰਨ ਦੀ ਇਜਾਜ਼ਤ ਦਿੱਤੀ ਸੀ।*+ 27 ਫਿਰ ਇਸ ਦੇਸ਼ ਉੱਤੇ ਯਹੋਵਾਹ ਦੇ ਗੁੱਸੇ ਦੀ ਅੱਗ ਭੜਕੀ ਅਤੇ ਇਸ ਕਿਤਾਬ ਵਿਚ ਲਿਖੇ ਸਾਰੇ ਸਰਾਪ ਇਸ ਦੇਸ਼ ʼਤੇ ਆ ਪਏ।+ 28 ਇਸ ਲਈ ਯਹੋਵਾਹ ਨੇ ਡਾਢੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਕੱਢ ਦਿੱਤਾ+ ਅਤੇ ਦੂਜੇ ਦੇਸ਼ ਲੈ ਗਿਆ ਜਿੱਥੇ ਉਹ ਅਜੇ ਤਕ ਹਨ।’+
29 “ਸਾਡਾ ਪਰਮੇਸ਼ੁਰ ਯਹੋਵਾਹ ਸਾਰੀਆਂ ਗੁਪਤ ਗੱਲਾਂ ਜਾਣਦਾ ਹੈ,+ ਪਰ ਉਹ ਸਾਡੇ ʼਤੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ʼਤੇ ਕਈ ਗੱਲਾਂ ਜ਼ਾਹਰ ਕਰਦਾ ਹੈ ਤਾਂਕਿ ਅਸੀਂ ਇਸ ਕਾਨੂੰਨ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰ ਸਕੀਏ।+