ਨਿਆਈਆਂ
2 ਫਿਰ ਯਹੋਵਾਹ ਦਾ ਦੂਤ+ ਗਿਲਗਾਲ+ ਤੋਂ ਬੋਕੀਮ ਗਿਆ ਅਤੇ ਕਿਹਾ: “ਮੈਂ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਕੇ ਉਸ ਦੇਸ਼ ਵਿਚ ਲੈ ਆਇਆ ਜਿਸ ਬਾਰੇ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ ਨਾਲੇ ਮੈਂ ਕਿਹਾ ਸੀ, ‘ਮੈਂ ਤੁਹਾਡੇ ਨਾਲ ਕੀਤਾ ਆਪਣਾ ਇਕਰਾਰ ਕਦੇ ਨਹੀਂ ਤੋੜਾਂਗਾ।+ 2 ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਇਕਰਾਰ ਨਾ ਕਰਿਓ+ ਅਤੇ ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਸੁੱਟਿਓ।’+ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।+ ਤੁਸੀਂ ਇੱਦਾਂ ਕਿਉਂ ਕੀਤਾ? 3 ਇਸੇ ਕਰਕੇ ਮੈਂ ਇਹ ਵੀ ਕਿਹਾ ਸੀ, ‘ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਹੀਂ ਭਜਾਵਾਂਗਾ+ ਅਤੇ ਉਹ ਤੁਹਾਡੇ ਲਈ ਫੰਦਾ ਸਾਬਤ ਹੋਣਗੇ+ ਤੇ ਉਨ੍ਹਾਂ ਦੇ ਦੇਵਤੇ ਤੁਹਾਨੂੰ ਭਰਮਾ ਲੈਣਗੇ।’”+
4 ਜਦੋਂ ਯਹੋਵਾਹ ਦੇ ਦੂਤ ਨੇ ਸਾਰੇ ਇਜ਼ਰਾਈਲੀਆਂ ਨੂੰ ਇਹ ਗੱਲਾਂ ਕਹੀਆਂ, ਤਾਂ ਲੋਕ ਉੱਚੀ-ਉੱਚੀ ਰੋਣ ਲੱਗ ਪਏ। 5 ਇਸ ਲਈ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬੋਕੀਮ* ਰੱਖਿਆ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ।
6 ਜਦੋਂ ਯਹੋਸ਼ੁਆ ਨੇ ਲੋਕਾਂ ਨੂੰ ਭੇਜ ਦਿੱਤਾ, ਤਾਂ ਹਰੇਕ ਇਜ਼ਰਾਈਲੀ ਆਪੋ-ਆਪਣੀ ਵਿਰਾਸਤ ਦੀ ਜ਼ਮੀਨ ʼਤੇ ਕਬਜ਼ਾ ਕਰਨ ਚਲਾ ਗਿਆ।+ 7 ਲੋਕ ਯਹੋਸ਼ੁਆ ਦੇ ਸਾਰੇ ਦਿਨਾਂ ਦੌਰਾਨ ਅਤੇ ਉਨ੍ਹਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੀ ਭਗਤੀ ਕਰਦੇ ਰਹੇ ਜੋ ਯਹੋਸ਼ੁਆ ਤੋਂ ਬਾਅਦ ਜੀਉਂਦੇ ਰਹੇ ਅਤੇ ਜਿਨ੍ਹਾਂ ਨੇ ਉਹ ਸਾਰੇ ਵੱਡੇ-ਵੱਡੇ ਕੰਮ ਦੇਖੇ ਸਨ ਜੋ ਯਹੋਵਾਹ ਨੇ ਇਜ਼ਰਾਈਲ ਦੀ ਖ਼ਾਤਰ ਕੀਤੇ ਸਨ।+ 8 ਫਿਰ ਯਹੋਵਾਹ ਦਾ ਸੇਵਕ, ਨੂਨ ਦਾ ਪੁੱਤਰ ਯਹੋਸ਼ੁਆ 110 ਸਾਲਾਂ ਦੀ ਉਮਰ ਵਿਚ ਮਰ ਗਿਆ।+ 9 ਇਸ ਲਈ ਉਨ੍ਹਾਂ ਨੇ ਉਸ ਨੂੰ ਉਸ ਦੀ ਵਿਰਾਸਤ ਦੇ ਇਲਾਕੇ ਵਿਚ ਤਿਮਨਥ-ਹਰਸ ਵਿਚ ਦਫ਼ਨਾ ਦਿੱਤਾ+ ਜੋ ਗਾਸ਼ ਪਹਾੜ ਦੇ ਉੱਤਰ ਵਿਚ ਪੈਂਦੇ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਹੈ।+ 10 ਉਹ ਸਾਰੀ ਪੀੜ੍ਹੀ ਆਪਣੇ ਪੂਰਵਜਾਂ ਨਾਲ ਜਾ ਰਲ਼ੀ* ਅਤੇ ਉਨ੍ਹਾਂ ਤੋਂ ਬਾਅਦ ਇਕ ਹੋਰ ਪੀੜ੍ਹੀ ਉੱਠੀ ਜੋ ਨਾ ਤਾਂ ਯਹੋਵਾਹ ਨੂੰ ਜਾਣਦੀ ਸੀ ਤੇ ਨਾ ਹੀ ਇਜ਼ਰਾਈਲ ਲਈ ਕੀਤੇ ਉਸ ਦੇ ਕੰਮਾਂ ਬਾਰੇ ਜਾਣਦੀ ਸੀ।
11 ਇਸ ਲਈ ਇਜ਼ਰਾਈਲੀਆਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਨ੍ਹਾਂ ਨੇ ਬਆਲਾਂ ਦੀ ਸੇਵਾ* ਕੀਤੀ।+ 12 ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੂਰਵਜਾਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਜਿਹੜਾ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ।+ ਉਹ ਹੋਰ ਦੇਵਤਿਆਂ, ਹਾਂ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਮਗਰ ਲੱਗ ਗਏ+ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਦਾ ਕ੍ਰੋਧ ਭੜਕਾਇਆ।+ 13 ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ ਅਤੇ ਬਆਲ ਤੇ ਅਸ਼ਤਾਰੋਥ ਦੀਆਂ ਮੂਰਤਾਂ ਦੀ ਭਗਤੀ ਕੀਤੀ।+ 14 ਇਸ ਕਰਕੇ ਯਹੋਵਾਹ ਦਾ ਗੁੱਸਾ ਇਜ਼ਰਾਈਲ ʼਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ।+ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਦੇ ਹੱਥ ਵਿਚ ਵੇਚ ਦਿੱਤਾ+ ਅਤੇ ਉਹ ਫਿਰ ਆਪਣੇ ਦੁਸ਼ਮਣਾਂ ਅੱਗੇ ਟਿਕ ਨਹੀਂ ਪਾਏ।+ 15 ਉਹ ਜਿੱਥੇ ਵੀ ਗਏ, ਯਹੋਵਾਹ ਦਾ ਹੱਥ ਉਨ੍ਹਾਂ ਦੇ ਖ਼ਿਲਾਫ਼ ਰਿਹਾ ਤੇ ਉਹ ਉਨ੍ਹਾਂ ʼਤੇ ਬਿਪਤਾ ਲਿਆਉਂਦਾ ਰਿਹਾ,+ ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ ਅਤੇ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ+ ਅਤੇ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ।+ 16 ਇਸ ਲਈ ਯਹੋਵਾਹ ਨਿਆਂਕਾਰ ਖੜ੍ਹੇ ਕਰਦਾ ਰਿਹਾ ਜੋ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥੋਂ ਬਚਾਉਂਦੇ ਸਨ।+
17 ਪਰ ਉਨ੍ਹਾਂ ਨੇ ਨਿਆਂਕਾਰਾਂ ਦੀ ਵੀ ਨਹੀਂ ਸੁਣੀ ਅਤੇ ਉਨ੍ਹਾਂ ਨੇ ਦੂਜੇ ਦੇਵਤਿਆਂ ਨਾਲ ਹਰਾਮਕਾਰੀ ਕੀਤੀ ਤੇ ਉਨ੍ਹਾਂ ਨੂੰ ਮੱਥਾ ਟੇਕਿਆ। ਉਹ ਝੱਟ ਉਸ ਰਾਹ ʼਤੇ ਚੱਲਣੋਂ ਹਟ ਗਏ ਜਿਸ ਰਾਹ ʼਤੇ ਉਨ੍ਹਾਂ ਦੇ ਪਿਉ-ਦਾਦੇ ਚੱਲਦੇ ਸਨ, ਹਾਂ, ਉਹ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਸਨ।+ ਪਰ ਉਹ ਇਸ ਤਰ੍ਹਾਂ ਕਰਨ ਵਿਚ ਨਾਕਾਮ ਰਹੇ। 18 ਜਦੋਂ ਵੀ ਯਹੋਵਾਹ ਉਨ੍ਹਾਂ ਲਈ ਨਿਆਂਕਾਰ ਖੜ੍ਹੇ ਕਰਦਾ ਸੀ,+ ਤਾਂ ਯਹੋਵਾਹ ਉਸ ਨਿਆਂਕਾਰ ਨਾਲ ਹੁੰਦਾ ਸੀ ਤੇ ਉਸ ਨਿਆਂਕਾਰ ਦੇ ਸਾਰੇ ਦਿਨਾਂ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਹੱਥੋਂ ਬਚਾਉਂਦਾ ਸੀ; ਜਦੋਂ ਉਹ ਉਨ੍ਹਾਂ ਲੋਕਾਂ ਕਰਕੇ ਹੂੰਗਦੇ ਸਨ ਜਿਹੜੇ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਸਨ ਅਤੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ, ਤਾਂ ਉਨ੍ਹਾਂ ਦਾ ਹੂੰਗਣਾ ਸੁਣ ਕੇ+ ਯਹੋਵਾਹ ਤੜਫ ਉੱਠਦਾ ਸੀ।*+
19 ਪਰ ਜਦੋਂ ਨਿਆਂਕਾਰ ਮਰ ਜਾਂਦਾ ਸੀ, ਤਾਂ ਉਹ ਫਿਰ ਤੋਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਜ਼ਿਆਦਾ ਵਿਗੜ ਜਾਂਦੇ ਸਨ ਤੇ ਦੂਜੇ ਦੇਵਤਿਆਂ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕਰਦੇ ਸਨ ਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ।+ ਉਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਸੀ ਆਉਂਦੇ ਤੇ ਆਪਣਾ ਢੀਠਪੁਣਾ ਨਹੀਂ ਸੀ ਛੱਡਦੇ। 20 ਅਖ਼ੀਰ ਯਹੋਵਾਹ ਦੇ ਕ੍ਰੋਧ ਦੀ ਅੱਗ ਇਜ਼ਰਾਈਲ ʼਤੇ ਭੜਕ ਉੱਠੀ+ ਅਤੇ ਉਸ ਨੇ ਕਿਹਾ: “ਇਸ ਕੌਮ ਨੇ ਮੇਰਾ ਇਕਰਾਰ ਤੋੜਿਆ ਹੈ+ ਜਿਸ ਦਾ ਹੁਕਮ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਉਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ,+ ਇਸ ਕਰਕੇ 21 ਮੈਂ ਉਨ੍ਹਾਂ ਕੌਮਾਂ ਵਿੱਚੋਂ ਇਕ ਵੀ ਕੌਮ ਨੂੰ ਉਨ੍ਹਾਂ ਅੱਗੋਂ ਨਹੀਂ ਭਜਾਵਾਂਗਾ ਜਿਨ੍ਹਾਂ ʼਤੇ ਜਿੱਤ ਹਾਸਲ ਕੀਤੇ ਬਿਨਾਂ ਯਹੋਸ਼ੁਆ ਮਰ ਗਿਆ ਸੀ।+ 22 ਇਸ ਤਰ੍ਹਾਂ ਇਜ਼ਰਾਈਲ ਦੀ ਪਰੀਖਿਆ ਹੋਵੇਗੀ ਕਿ ਉਹ ਆਪਣੇ ਪੂਰਵਜਾਂ ਵਾਂਗ ਯਹੋਵਾਹ ਦੇ ਰਾਹ ʼਤੇ ਚੱਲਦੇ ਰਹਿਣਗੇ ਜਾਂ ਨਹੀਂ।”+ 23 ਇਸ ਲਈ ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਉੱਥੇ ਹੀ ਰਹਿਣ ਦਿੱਤਾ। ਉਸ ਨੇ ਉਨ੍ਹਾਂ ਨੂੰ ਭਜਾਉਣ ਵਿਚ ਜਲਦਬਾਜ਼ੀ ਨਹੀਂ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਯਹੋਸ਼ੁਆ ਦੇ ਹੱਥ ਵਿਚ ਨਹੀਂ ਦਿੱਤਾ।