ਨਿਆਈਆਂ
3 ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਰਹਿਣ ਦਿੱਤਾ ਤਾਂਕਿ ਉਹ ਇਜ਼ਰਾਈਲ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਪਰਖ ਸਕਣ ਜਿਨ੍ਹਾਂ ਨੂੰ ਕਨਾਨ ਦੇ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ+ 2 (ਇਹ ਇਸ ਲਈ ਸੀ ਤਾਂਕਿ ਇਜ਼ਰਾਈਲੀਆਂ ਦੀਆਂ ਨਵੀਆਂ ਪੀੜ੍ਹੀਆਂ ਯੁੱਧ ਬਾਰੇ ਜਾਣ ਸਕਣ ਜਿਨ੍ਹਾਂ ਨੂੰ ਪਹਿਲਾਂ ਇਨ੍ਹਾਂ ਗੱਲਾਂ ਦਾ ਕੋਈ ਤਜਰਬਾ ਨਹੀਂ ਸੀ): 3 ਫਲਿਸਤੀਆਂ ਦੇ ਪੰਜ ਹਾਕਮ+ ਅਤੇ ਸਾਰੇ ਕਨਾਨੀ, ਸੀਦੋਨੀ+ ਅਤੇ ਹਿੱਵੀ+ ਜੋ ਲਬਾਨੋਨ ਪਹਾੜ+ ਉੱਤੇ ਬਆਲ-ਹਰਮੋਨ ਪਹਾੜ ਤੋਂ ਲੈ ਕੇ ਲੇਬੋ-ਹਮਾਥ*+ ਤਕ ਰਹਿੰਦੇ ਸਨ। 4 ਇਹ ਕੌਮਾਂ ਇਜ਼ਰਾਈਲ ਨੂੰ ਪਰਖਣ ਦਾ ਜ਼ਰੀਆ ਸਨ ਜਿਸ ਤੋਂ ਜ਼ਾਹਰ ਹੋਣਾ ਸੀ ਕਿ ਇਜ਼ਰਾਈਲ ਯਹੋਵਾਹ ਦੇ ਉਨ੍ਹਾਂ ਹੁਕਮਾਂ ਨੂੰ ਮੰਨੇਗਾ ਜਾਂ ਨਹੀਂ ਜਿਹੜੇ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੂਰਵਜਾਂ ਨੂੰ ਦਿੱਤੇ ਸਨ।+ 5 ਇਸ ਲਈ ਇਜ਼ਰਾਈਲੀ ਕਨਾਨੀਆਂ,+ ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਵਿਚਕਾਰ ਵੱਸਦੇ ਰਹੇ। 6 ਉਹ ਉਨ੍ਹਾਂ ਦੀਆਂ ਧੀਆਂ ਨਾਲ ਵਿਆਹ ਕਰਾਉਂਦੇ ਸਨ ਅਤੇ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਦਿੰਦੇ ਸਨ ਤੇ ਉਹ ਉਨ੍ਹਾਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ।+
7 ਇਸ ਲਈ ਇਜ਼ਰਾਈਲੀਆਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਗਏ ਅਤੇ ਉਹ ਬਆਲਾਂ ਤੇ ਪੂਜਾ-ਖੰਭਿਆਂ* ਦੀ ਭਗਤੀ ਕਰ ਰਹੇ ਸਨ।+ 8 ਇਸ ਕਾਰਨ ਇਜ਼ਰਾਈਲ ʼਤੇ ਯਹੋਵਾਹ ਦੇ ਗੁੱਸੇ ਦੀ ਅੱਗ ਭੜਕ ਉੱਠੀ ਅਤੇ ਉਸ ਨੇ ਉਨ੍ਹਾਂ ਨੂੰ ਮੈਸੋਪੋਟਾਮੀਆ* ਦੇ ਰਾਜੇ ਕੂਸ਼ਨ-ਰਿਸ਼ਾਤੈਮ ਦੇ ਹੱਥ ਵਿਚ ਵੇਚ ਦਿੱਤਾ। ਇਜ਼ਰਾਈਲੀ ਅੱਠ ਸਾਲਾਂ ਤਕ ਕੂਸ਼ਨ-ਰਿਸ਼ਾਤੈਮ ਦੀ ਸੇਵਾ ਕਰਦੇ ਰਹੇ। 9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ। 10 ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ ਤੇ ਉਹ ਇਜ਼ਰਾਈਲ ਦਾ ਨਿਆਂਕਾਰ ਬਣ ਗਿਆ।+ ਜਦੋਂ ਉਹ ਯੁੱਧ ਵਿਚ ਗਿਆ, ਤਾਂ ਯਹੋਵਾਹ ਨੇ ਮੈਸੋਪੋਟਾਮੀਆ* ਦੇ ਰਾਜੇ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿਚ ਦੇ ਦਿੱਤਾ ਅਤੇ ਉਹ ਕੂਸ਼ਨ-ਰਿਸ਼ਾਤੈਮ ʼਤੇ ਭਾਰੀ ਪੈ ਗਿਆ। 11 ਇਸ ਤੋਂ ਬਾਅਦ ਦੇਸ਼ ਨੂੰ 40 ਸਾਲ ਆਰਾਮ ਰਿਹਾ।* ਫਿਰ ਕਨਜ਼ ਦੇ ਪੁੱਤਰ ਆਥਨੀਏਲ ਦੀ ਮੌਤ ਹੋ ਗਈ।
12 ਇਜ਼ਰਾਈਲੀ ਫਿਰ ਤੋਂ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ ਇਸ ਲਈ ਯਹੋਵਾਹ ਨੇ ਮੋਆਬ+ ਦੇ ਰਾਜੇ ਅਗਲੋਨ ਨੂੰ ਇਜ਼ਰਾਈਲ ʼਤੇ ਹਾਵੀ ਹੋਣ ਦਿੱਤਾ ਕਿਉਂਕਿ ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। 13 ਇਸ ਤੋਂ ਇਲਾਵਾ, ਉਹ ਉਨ੍ਹਾਂ ਖ਼ਿਲਾਫ਼ ਅੰਮੋਨੀਆਂ+ ਤੇ ਅਮਾਲੇਕੀਆਂ+ ਨੂੰ ਲੈ ਆਇਆ। ਉਨ੍ਹਾਂ ਨੇ ਇਜ਼ਰਾਈਲ ʼਤੇ ਹਮਲਾ ਕੀਤਾ ਅਤੇ ਖਜੂਰ ਦੇ ਦਰਖ਼ਤਾਂ ਦੇ ਸ਼ਹਿਰ ʼਤੇ ਕਬਜ਼ਾ ਕਰ ਲਿਆ।+ 14 ਇਜ਼ਰਾਈਲੀ 18 ਸਾਲ ਮੋਆਬ ਦੇ ਰਾਜੇ ਅਗਲੋਨ ਦੀ ਸੇਵਾ ਕਰਦੇ ਰਹੇ।+ 15 ਫਿਰ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਇਸ ਲਈ ਯਹੋਵਾਹ ਨੇ ਉਨ੍ਹਾਂ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਗੇਰਾ ਦਾ ਪੁੱਤਰ ਬਿਨਯਾਮੀਨੀ+ ਏਹੂਦ+ ਜੋ ਖੱਬੂ ਸੀ।+ ਸਮਾਂ ਆਉਣ ਤੇ ਇਜ਼ਰਾਈਲੀਆਂ ਨੇ ਉਸ ਰਾਹੀਂ ਮੋਆਬ ਦੇ ਰਾਜੇ ਅਗਲੋਨ ਨੂੰ ਨਜ਼ਰਾਨਾ ਭੇਜਿਆ। 16 ਇਸੇ ਸਮੇਂ ਦੌਰਾਨ ਏਹੂਦ ਨੇ ਆਪਣੇ ਲਈ ਇਕ ਹੱਥ* ਲੰਬੀ ਦੋ ਧਾਰੀ ਤਲਵਾਰ ਬਣਾਈ ਅਤੇ ਇਸ ਨੂੰ ਆਪਣੇ ਕੱਪੜੇ ਥੱਲੇ ਸੱਜੇ ਪੱਟ ਨਾਲ ਬੰਨ੍ਹ ਲਿਆ। 17 ਫਿਰ ਉਸ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਨਜ਼ਰਾਨਾ ਪੇਸ਼ ਕੀਤਾ। ਅਗਲੋਨ ਬਹੁਤ ਹੀ ਮੋਟਾ ਆਦਮੀ ਸੀ।
18 ਜਦੋਂ ਏਹੂਦ ਨਜ਼ਰਾਨਾ ਪੇਸ਼ ਕਰ ਚੁੱਕਿਆ, ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਭੇਜ ਦਿੱਤਾ ਜੋ ਨਜ਼ਰਾਨਾ ਚੁੱਕ ਕੇ ਲਿਆਏ ਸਨ। 19 ਪਰ ਗਿਲਗਾਲ+ ਵਿਚ ਘੜੀਆਂ ਹੋਈਆਂ ਮੂਰਤੀਆਂ* ਕੋਲ ਪਹੁੰਚਣ ਤੋਂ ਬਾਅਦ ਉਹ ਆਪੇ ਪਿੱਛੇ ਮੁੜ ਗਿਆ ਤੇ ਕਿਹਾ: “ਹੇ ਮਹਾਰਾਜ, ਮੈਂ ਤੇਰੇ ਲਈ ਇਕ ਗੁਪਤ ਸੰਦੇਸ਼ ਲਿਆਇਆ ਹਾਂ।” ਇਸ ਲਈ ਰਾਜੇ ਨੇ ਕਿਹਾ: “ਖ਼ਾਮੋਸ਼!” ਇਸ ਲਈ ਉਸ ਦੇ ਸਾਰੇ ਸੇਵਾਦਾਰ ਉਸ ਕੋਲੋਂ ਚਲੇ ਗਏ। 20 ਏਹੂਦ ਉਸ ਕੋਲ ਆਇਆ ਜਦੋਂ ਉਹ ਆਪਣੇ ਹਵਾਦਾਰ ਚੁਬਾਰੇ ਵਿਚ ਇਕੱਲਾ ਬੈਠਾ ਹੋਇਆ ਸੀ। ਫਿਰ ਏਹੂਦ ਨੇ ਕਿਹਾ: “ਮੈਂ ਤੇਰੇ ਲਈ ਜੋ ਸੰਦੇਸ਼ ਲਿਆਇਆ ਹਾਂ, ਉਹ ਪਰਮੇਸ਼ੁਰ ਵੱਲੋਂ ਹੈ।” ਇਸ ਲਈ ਉਹ ਆਪਣੇ ਸਿੰਘਾਸਣ ਤੋਂ ਉੱਠਿਆ। 21 ਫਿਰ ਏਹੂਦ ਨੇ ਆਪਣੇ ਖੱਬੇ ਹੱਥ ਨਾਲ ਆਪਣੇ ਸੱਜੇ ਪੱਟ ʼਤੇ ਬੱਝੀ ਤਲਵਾਰ ਕੱਢੀ ਅਤੇ ਉਸ ਦੇ ਢਿੱਡ ਵਿਚ ਖੋਭ ਦਿੱਤੀ। 22 ਤਲਵਾਰ ਦੇ ਨਾਲ-ਨਾਲ ਇਸ ਦੀ ਮੁੱਠ ਵੀ ਢਿੱਡ ਵਿਚ ਚਲੀ ਗਈ ਅਤੇ ਤਲਵਾਰ ਚਰਬੀ ਨਾਲ ਭਰ ਗਈ ਕਿਉਂਕਿ ਉਸ ਨੇ ਤਲਵਾਰ ਨੂੰ ਉਸ ਦੇ ਢਿੱਡ ਵਿੱਚੋਂ ਕੱਢਿਆ ਨਹੀਂ ਸੀ ਤੇ ਸਾਰਾ ਮਲ ਬਾਹਰ ਆ ਗਿਆ। 23 ਏਹੂਦ ਨੇ ਚੁਬਾਰੇ ਦੇ ਦਰਵਾਜ਼ੇ ਬੰਦ ਕਰ ਕੇ ਉਨ੍ਹਾਂ ਨੂੰ ਤਾਲਾ ਲਾ ਦਿੱਤਾ ਤੇ ਆਪ ਬਰਾਂਡੇ* ਵਿੱਚੋਂ ਦੀ ਬਾਹਰ ਨਿਕਲ ਗਿਆ। 24 ਉਸ ਦੇ ਜਾਣ ਤੋਂ ਬਾਅਦ ਸੇਵਾਦਾਰ ਵਾਪਸ ਆਏ ਤੇ ਉਨ੍ਹਾਂ ਨੇ ਚੁਬਾਰੇ ਦੇ ਦਰਵਾਜ਼ਿਆਂ ਨੂੰ ਤਾਲਾ ਲੱਗਾ ਦੇਖਿਆ। ਇਸ ਲਈ ਉਨ੍ਹਾਂ ਨੇ ਕਿਹਾ: “ਸ਼ਾਇਦ ਉਹ ਅੰਦਰਲੇ ਹਵਾਦਾਰ ਕਮਰੇ ਵਿਚ ਹਲਕਾ ਹੋਣ* ਗਿਆ ਹੋਣਾ।” 25 ਉਹ ਇੰਤਜ਼ਾਰ ਕਰਦੇ-ਕਰਦੇ ਪਰੇਸ਼ਾਨ ਹੋ ਗਏ, ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੇ ਅਜੇ ਤਕ ਚੁਬਾਰੇ ਦੇ ਦਰਵਾਜ਼ੇ ਨਹੀਂ ਖੋਲ੍ਹੇ ਸਨ, ਤਾਂ ਉਨ੍ਹਾਂ ਨੇ ਚਾਬੀ ਲੈ ਕੇ ਉਨ੍ਹਾਂ ਨੂੰ ਖੋਲ੍ਹਿਆ ਅਤੇ ਦੇਖਿਆ ਕਿ ਉਨ੍ਹਾਂ ਦਾ ਮਾਲਕ ਫ਼ਰਸ਼* ʼਤੇ ਮਰਿਆ ਪਿਆ ਸੀ!
26 ਉਨ੍ਹਾਂ ਦੇ ਇੰਤਜ਼ਾਰ ਕਰਦੇ ਸਮੇਂ ਏਹੂਦ ਭੱਜ ਚੁੱਕਾ ਸੀ ਅਤੇ ਉਹ ਘੜੀਆਂ ਹੋਈਆਂ ਮੂਰਤੀਆਂ* ਕੋਲੋਂ ਦੀ ਲੰਘ ਕੇ+ ਸਹੀ-ਸਲਾਮਤ ਸਈਰਾਹ ਪਹੁੰਚ ਗਿਆ। 27 ਜਦੋਂ ਉਹ ਪਹੁੰਚਿਆ, ਤਾਂ ਉਸ ਨੇ ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਨਰਸਿੰਗਾ ਵਜਾਇਆ;+ ਅਤੇ ਇਜ਼ਰਾਈਲੀ ਪਹਾੜੀ ਇਲਾਕੇ ਤੋਂ ਥੱਲੇ ਆ ਗਏ ਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਸੀ। 28 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਆਓ ਕਿਉਂਕਿ ਯਹੋਵਾਹ ਨੇ ਤੁਹਾਡੇ ਦੁਸ਼ਮਣ ਮੋਆਬੀਆਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ।” ਇਸ ਲਈ ਉਹ ਉਸ ਦੇ ਮਗਰ-ਮਗਰ ਗਏ ਅਤੇ ਮੋਆਬੀਆਂ ਵੱਲ ਪੈਂਦੇ ਯਰਦਨ ਦੇ ਘਾਟਾਂ ʼਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਕਿਸੇ ਨੂੰ ਵੀ ਪਾਰ ਨਾ ਲੰਘਣ ਦਿੱਤਾ। 29 ਉਸ ਸਮੇਂ ਉਨ੍ਹਾਂ ਨੇ ਲਗਭਗ 10,000 ਮੋਆਬੀਆਂ ਨੂੰ ਮਾਰ ਸੁੱਟਿਆ।+ ਉਹ ਸਾਰੇ ਤਕੜੇ ਤੇ ਦਲੇਰ ਆਦਮੀ ਸਨ; ਉਨ੍ਹਾਂ ਵਿੱਚੋਂ ਇਕ ਵੀ ਨਹੀਂ ਬਚਿਆ।+ 30 ਉਸ ਦਿਨ ਮੋਆਬ ਇਜ਼ਰਾਈਲ ਦੇ ਅਧੀਨ ਹੋ ਗਿਆ; ਅਤੇ ਦੇਸ਼ ਨੂੰ 80 ਸਾਲ ਆਰਾਮ ਰਿਹਾ।*+
31 ਉਸ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਰ+ ਉੱਠਿਆ ਜਿਸ ਨੇ 600 ਫਲਿਸਤੀ+ ਆਦਮੀਆਂ ਨੂੰ ਪਰਾਣੀ* ਦੀ ਆਰ ਨਾਲ ਮਾਰ ਸੁੱਟਿਆ;+ ਉਸ ਨੇ ਵੀ ਇਜ਼ਰਾਈਲ ਨੂੰ ਬਚਾਇਆ ਸੀ।