ਪ੍ਰਕਾਸ਼ ਦੀ ਕਿਤਾਬ
22 ਅਤੇ ਦੂਤ ਨੇ ਮੈਨੂੰ ਅੰਮ੍ਰਿਤ ਜਲ* ਦੀ ਸਾਫ਼ ਨਦੀ ਦਿਖਾਈ ਜਿਹੜੀ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਤੋਂ ਵਗ ਰਹੀ ਸੀ 2 ਅਤੇ ਇਹ ਨਦੀ ਉਸ ਸ਼ਹਿਰ ਦੀ ਵੱਡੀ ਸੜਕ ਦੇ ਵਿਚਕਾਰ ਵਗ ਰਹੀ ਸੀ। ਇਸ ਨਦੀ ਦੇ ਦੋਹਾਂ ਪਾਸਿਆਂ ʼਤੇ ਜੀਵਨ ਦੇ ਦਰਖ਼ਤ ਲੱਗੇ ਹੋਏ ਸਨ। ਇਨ੍ਹਾਂ ਦਰਖ਼ਤਾਂ ਨੂੰ ਸਾਲ ਵਿਚ ਬਾਰਾਂ ਵਾਰ ਯਾਨੀ ਹਰ ਮਹੀਨੇ ਫਲ ਲੱਗਦਾ ਸੀ। ਅਤੇ ਇਨ੍ਹਾਂ ਦਰਖ਼ਤਾਂ ਦੇ ਪੱਤਿਆਂ ਨਾਲ ਕੌਮਾਂ ਦਾ ਇਲਾਜ ਹੁੰਦਾ ਸੀ।
3 ਅਤੇ ਪਰਮੇਸ਼ੁਰ ਫਿਰ ਕਦੇ ਵੀ ਸ਼ਹਿਰ ਨੂੰ ਸਰਾਪ ਨਹੀਂ ਦੇਵੇਗਾ, ਸਗੋਂ ਉਸ ਦਾ ਸਿੰਘਾਸਣ ਅਤੇ ਲੇਲੇ ਦਾ ਸਿੰਘਾਸਣ ਇਸ ਸ਼ਹਿਰ ਵਿਚ ਹੋਵੇਗਾ ਅਤੇ ਪਰਮੇਸ਼ੁਰ ਦੇ ਸੇਵਕ ਉਸ ਦੀ ਭਗਤੀ ਕਰਨਗੇ; 4 ਅਤੇ ਉਹ ਉਸ ਦਾ ਚਿਹਰਾ ਦੇਖਣਗੇ ਅਤੇ ਉਸ ਦਾ ਨਾਂ ਉਨ੍ਹਾਂ ਦੇ ਮੱਥਿਆਂ ਉੱਤੇ ਲਿਖਿਆ ਹੋਵੇਗਾ। 5 ਅਤੇ ਫਿਰ ਕਦੇ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਨਾ ਹੀ ਦੀਵੇ ਦੀ ਤੇ ਨਾ ਹੀ ਸੂਰਜ ਦੀ ਲੋੜ ਪਵੇਗੀ ਕਿਉਂਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਰਾਜਿਆਂ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰਨਗੇ।
6 ਅਤੇ ਦੂਤ ਨੇ ਮੈਨੂੰ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ; ਜੀ ਹਾਂ, ਯਹੋਵਾਹ ਪਰਮੇਸ਼ੁਰ ਨੇ, ਜਿਸ ਨੇ ਨਬੀਆਂ ਨੂੰ ਭਵਿੱਖਬਾਣੀਆਂ ਕਰਨ ਲਈ ਪ੍ਰੇਰਿਤ ਕੀਤਾ ਸੀ, ਆਪਣਾ ਦੂਤ ਘੱਲ ਕੇ ਆਪਣੇ ਸੇਵਕਾਂ ਨੂੰ ਉਹ ਸਭ ਕੁਝ ਦਿਖਾਇਆ ਹੈ ਜੋ ਬਹੁਤ ਛੇਤੀ ਹੋਣ ਵਾਲਾ ਹੈ। 7 ਅਤੇ ਦੇਖ! ਮੈਂ ਜਲਦੀ ਆ ਰਿਹਾ ਹਾਂ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ* ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ।”
8 ਮੈਂ ਯੂਹੰਨਾ, ਇਹ ਸਾਰੀਆਂ ਗੱਲਾਂ ਸੁਣ ਅਤੇ ਦੇਖ ਰਿਹਾ ਸਾਂ। ਜਦੋਂ ਮੈਂ ਇਹ ਸਭ ਕੁਝ ਸੁਣ ਅਤੇ ਦੇਖ ਹਟਿਆ, ਤਾਂ ਜਿਸ ਦੂਤ ਨੇ ਮੈਨੂੰ ਇਹ ਸਾਰੀਆਂ ਗੱਲਾਂ ਦਿਖਾਈਆਂ ਸਨ, ਮੈਂ ਉਸ ਦੂਤ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ। 9 ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ, ਜਿਹੜੇ ਨਬੀ ਹਨ, ਅਤੇ ਉਨ੍ਹਾਂ ਲੋਕਾਂ ਵਾਂਗ ਇਕ ਦਾਸ ਹੀ ਹਾਂ ਜਿਹੜੇ ਇਸ ਕਿਤਾਬ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ। ਪਰਮੇਸ਼ੁਰ ਦੀ ਭਗਤੀ ਕਰ।”
10 ਦੂਤ ਨੇ ਮੈਨੂੰ ਇਹ ਵੀ ਦੱਸਿਆ: “ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਨੂੰ ਗੁਪਤ ਨਾ ਰੱਖ ਕਿਉਂਕਿ ਮਿਥਿਆ ਹੋਇਆ ਸਮਾਂ ਨੇੜੇ ਆ ਗਿਆ ਹੈ। 11 ਜਿਹੜਾ ਇਨਸਾਨ ਬੁਰੇ ਕੰਮ ਕਰਦਾ ਹੈ, ਉਹ ਬੁਰੇ ਕੰਮ ਕਰਦਾ ਰਹੇ; ਅਤੇ ਜਿਸ ਇਨਸਾਨ ਦਾ ਚਾਲ-ਚਲਣ ਗੰਦਾ ਹੈ, ਉਹ ਗੰਦੇ ਕੰਮ ਕਰਦਾ ਰਹੇ; ਪਰ ਜਿਹੜਾ ਇਨਸਾਨ ਧਰਮੀ ਹੈ, ਉਹ ਧਰਮੀ ਕੰਮ ਕਰਦਾ ਰਹੇ ਅਤੇ ਜਿਹੜਾ ਇਨਸਾਨ ਪਵਿੱਤਰ ਹੈ, ਉਹ ਪਵਿੱਤਰ ਰਹੇ।
12 “‘ਦੇਖ! ਮੈਂ ਜਲਦੀ ਆ ਰਿਹਾ ਹਾਂ ਅਤੇ ਮੈਂ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦਿਆਂਗਾ ਅਤੇ ਇਹ ਫਲ ਮੇਰੇ ਕੋਲ ਹੈ। 13 ਮੈਂ “ਐਲਫਾ ਅਤੇ ਓਮੇਗਾ”* ਹਾਂ, ਮੈਂ ਹੀ ਪਹਿਲਾ ਅਤੇ ਆਖ਼ਰੀ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ। 14 ਖ਼ੁਸ਼ ਹਨ ਉਹ ਇਨਸਾਨ ਜਿਹੜੇ ਆਪਣੇ ਕੱਪੜੇ ਧੋਂਦੇ ਹਨ ਤਾਂਕਿ ਉਨ੍ਹਾਂ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਦਾ ਅਤੇ ਸ਼ਹਿਰ ਵਿਚ ਇਸ ਦੇ ਦਰਵਾਜ਼ਿਆਂ ਰਾਹੀਂ ਦਾਖ਼ਲ ਹੋਣ ਦਾ ਹੱਕ ਮਿਲੇ। 15 ਸ਼ਹਿਰੋਂ ਬਾਹਰ ਕੁੱਤੇ* ਅਤੇ ਜਾਦੂਗਰ, ਹਰਾਮਕਾਰ, ਖ਼ੂਨੀ, ਮੂਰਤੀ-ਪੂਜਕ ਤੇ ਉਹ ਲੋਕ ਹਨ ਜਿਨ੍ਹਾਂ ਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦੂਜਿਆਂ ਨੂੰ ਧੋਖਾ ਦੇਣਾ ਚੰਗਾ ਲੱਗਦਾ ਹੈ।’
16 “‘ਮੈਂ ਯਿਸੂ ਨੇ ਆਪਣਾ ਦੂਤ ਘੱਲ ਕੇ ਤੁਹਾਨੂੰ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਜਿਹੜੀਆਂ ਮੰਡਲੀਆਂ ਦੇ ਫ਼ਾਇਦੇ ਲਈ ਹਨ। ਮੈਂ ਦਾਊਦ ਦੀ ਜੜ੍ਹ ਅਤੇ ਉਸ ਦੀ ਸੰਤਾਨ ਹਾਂ ਅਤੇ ਮੈਂ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।’”
17 ਅਤੇ ਪਵਿੱਤਰ ਸ਼ਕਤੀ ਅਤੇ ਲਾੜੀ ਲਗਾਤਾਰ ਕਹਿ ਰਹੀਆਂ ਹਨ: “ਆਓ!” ਜਿਹੜਾ ਸੁਣਦਾ ਹੈ, ਉਹ ਕਹੇ: “ਆਓ!” ਅਤੇ ਜਿਹੜਾ ਵੀ ਪਿਆਸਾ ਹੈ, ਉਹ ਆਵੇ; ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।
18 “ਜਿਹੜਾ ਵੀ ਇਸ ਕਿਤਾਬ ਵਿਚ ਲਿਖੀ ਭਵਿੱਖਬਾਣੀ ਦੀਆਂ ਗੱਲਾਂ ਸੁਣਦਾ ਹੈ, ਮੈਂ ਉਸ ਨੂੰ ਗਵਾਹੀ ਦੇ ਰਿਹਾ ਹਾਂ: ਜੇ ਕੋਈ ਇਨਸਾਨ ਇਨ੍ਹਾਂ ਗੱਲਾਂ ਵਿਚ ਕੋਈ ਗੱਲ ਜੋੜਦਾ ਹੈ, ਤਾਂ ਪਰਮੇਸ਼ੁਰ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਬਿਪਤਾਵਾਂ ਉਸ ਉੱਤੇ ਲਿਆਵੇਗਾ; 19 ਅਤੇ ਜੇ ਕੋਈ ਇਨਸਾਨ ਇਸ ਭਵਿੱਖਬਾਣੀ ਦੀ ਕਿਤਾਬ ਵਿੱਚੋਂ ਕੋਈ ਗੱਲ ਕੱਢਦਾ ਹੈ, ਤਾਂ ਇਸ ਕਿਤਾਬ ਵਿਚ ਜੋ ਵੀ ਲਿਖਿਆ ਹੈ, ਉਸ ਵਿੱਚੋਂ ਪਰਮੇਸ਼ੁਰ ਉਸ ਦਾ ਹਿੱਸਾ ਲੈ ਲਵੇਗਾ ਯਾਨੀ ਉਸ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਪਵਿੱਤਰ ਸ਼ਹਿਰ ਵਿਚ ਨਹੀਂ ਵੜਨ ਦਿੱਤਾ ਜਾਵੇਗਾ।
20 “ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ, ਉਹ ਕਹਿੰਦਾ ਹੈ, ‘ਹਾਂ; ਮੈਂ ਜਲਦੀ ਆ ਰਿਹਾ ਹਾਂ।’”
“ਆਮੀਨ! ਪ੍ਰਭੂ ਯਿਸੂ ਆ।”
21 ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਪਵਿੱਤਰ ਸੇਵਕਾਂ ਉੱਤੇ ਹੋਵੇ।