ਮੱਤੀ ਮੁਤਾਬਕ ਖ਼ੁਸ਼ ਖ਼ਬਰੀ
8 ਜਦੋਂ ਯਿਸੂ ਪਹਾੜੋਂ ਉੱਤਰ ਆਇਆ, ਤਾਂ ਭੀੜਾਂ ਦੀਆਂ ਭੀੜਾਂ ਉਸ ਦੇ ਪਿੱਛੇ-ਪਿੱਛੇ ਤੁਰ ਪਈਆਂ। 2 ਅਤੇ ਦੇਖੋ! ਉਸ ਕੋਲ ਇਕ ਕੋੜ੍ਹੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”+ 3 ਇਸ ਲਈ ਯਿਸੂ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।”+ ਉਸੇ ਵੇਲੇ ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ।+ 4 ਫਿਰ ਯਿਸੂ ਨੇ ਉਸ ਨੂੰ ਕਿਹਾ: “ਸੁਣ, ਕਿਸੇ ਨੂੰ ਇਹ ਗੱਲ ਨਾ ਦੱਸੀਂ।+ ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ+ ਅਤੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ+ ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”
5 ਜਦੋਂ ਉਹ ਕਫ਼ਰਨਾਹੂਮ ਗਿਆ, ਤਾਂ ਇਕ ਫ਼ੌਜੀ ਅਫ਼ਸਰ* ਉਸ ਕੋਲ ਆਇਆ ਤੇ ਮਿੰਨਤਾਂ ਕਰਦੇ ਹੋਏ+ 6 ਕਹਿਣ ਲੱਗਾ: “ਸਾਹਬ ਜੀ, ਮੇਰਾ ਨੌਕਰ ਅਧਰੰਗ ਕਰਕੇ ਘਰ ਵਿਚ ਪਿਆ ਤੜਫ ਰਿਹਾ ਹੈ।” 7 ਉਸ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਦੋਂ ਮੈਂ ਉੱਥੇ ਜਾਵਾਂਗਾ, ਤਾਂ ਮੈਂ ਉਸ ਨੂੰ ਠੀਕ ਕਰ ਦਿਆਂਗਾ।” 8 ਇਹ ਸੁਣ ਕੇ ਫ਼ੌਜੀ ਅਫ਼ਸਰ ਨੇ ਕਿਹਾ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 9 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 10 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।+ 11 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੂਰਬ ਤੇ ਪੱਛਮ ਵੱਲੋਂ ਬਹੁਤ ਸਾਰੇ ਲੋਕ ਆਣ ਕੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਸਵਰਗ ਦੇ ਰਾਜ ਵਿਚ ਮੇਜ਼ ਦੁਆਲੇ ਬੈਠ ਕੇ ਖਾਣਾ ਖਾਣਗੇ;+ 12 ਜਦ ਕਿ ਰਾਜ ਦੇ ਪੁੱਤਰਾਂ ਨੂੰ ਬਾਹਰ ਹਨੇਰੇ ਵਿਚ ਸੁੱਟਿਆ ਜਾਵੇਗਾ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ।”+ 13 ਫਿਰ ਯਿਸੂ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਾਹ। ਤੂੰ ਨਿਹਚਾ ਨਾਲ ਜੋ ਮੰਗਿਆ ਹੈ, ਉਹ ਤੈਨੂੰ ਮਿਲ ਜਾਵੇਗਾ।”+ ਉਸ ਦਾ ਨੌਕਰ ਉਸੇ ਵੇਲੇ ਠੀਕ ਹੋ ਗਿਆ।+
14 ਯਿਸੂ ਨੇ ਪਤਰਸ ਦੇ ਘਰ ਆ ਕੇ ਦੇਖਿਆ ਕਿ ਉਸ ਦੀ ਸੱਸ+ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਹ ਮੰਜੇ ʼਤੇ ਪਈ ਹੋਈ ਸੀ।+ 15 ਯਿਸੂ ਨੇ ਉਸ ਦੇ ਹੱਥ ਨੂੰ ਛੋਹਿਆ+ ਤੇ ਉਸ ਦਾ ਬੁਖ਼ਾਰ ਉੱਤਰ ਗਿਆ, ਫਿਰ ਉਹ ਉੱਠ ਕੇ ਉਸ ਦੀ ਸੇਵਾ-ਟਹਿਲ ਕਰਨ ਲੱਗ ਪਈ। 16 ਪਰ ਸ਼ਾਮ ਪੈ ਜਾਣ ਤੋਂ ਬਾਅਦ ਲੋਕ ਕਈ ਜਣਿਆਂ ਨੂੰ ਉਸ ਕੋਲ ਲਿਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ; ਉਸ ਨੇ ਦੁਸ਼ਟ ਦੂਤਾਂ ਨੂੰ ਉਨ੍ਹਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਅਤੇ ਸਾਰੇ ਬੀਮਾਰਾਂ ਨੂੰ ਚੰਗਾ ਕੀਤਾ। 17 ਉਸ ਵੇਲੇ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: “ਉਸ ਨੇ ਸਾਡੀਆਂ ਬੀਮਾਰੀਆਂ ਅਤੇ ਦੁੱਖ ਦੂਰ ਕੀਤੇ।”+
18 ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਨੂੰ ਦੇਖਿਆ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਕਿਸ਼ਤੀ ਝੀਲ ਦੇ ਦੂਜੇ ਪਾਸੇ ਲੈ ਜਾਣ।+ 19 ਅਤੇ ਇਕ ਗ੍ਰੰਥੀ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਜਿੱਥੇ ਕਿਤੇ ਤੂੰ ਜਾਏਂਗਾ, ਮੈਂ ਤੇਰੇ ਪਿੱਛੇ-ਪਿੱਛੇ* ਆਵਾਂਗਾ।”+ 20 ਪਰ ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਕੋਲ ਘੁਰਨੇ ਹਨ ਤੇ ਆਕਾਸ਼ ਦੇ ਪੰਛੀਆਂ ਕੋਲ ਆਲ੍ਹਣੇ, ਪਰ ਮਨੁੱਖ ਦੇ ਪੁੱਤਰ ਕੋਲ ਤਾਂ ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਹੈ।”+ 21 ਫਿਰ ਚੇਲਿਆਂ ਵਿੱਚੋਂ ਇਕ ਨੇ ਉਸ ਨੂੰ ਕਿਹਾ: “ਪ੍ਰਭੂ, ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।”+ 22 ਯਿਸੂ ਨੇ ਉਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ।”+
23 ਜਦੋਂ ਯਿਸੂ ਕਿਸ਼ਤੀ ਵਿਚ ਬੈਠ ਗਿਆ, ਤਾਂ ਉਸ ਦੇ ਚੇਲੇ ਵੀ ਉਸ ਨਾਲ ਆ ਗਏ।+ 24 ਉਸ ਵੇਲੇ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆਇਆ ਅਤੇ ਲਹਿਰਾਂ ਉੱਠਣ ਕਰਕੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ; ਪਰ ਉਹ ਸੁੱਤਾ ਪਿਆ ਸੀ।+ 25 ਉਨ੍ਹਾਂ ਨੇ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਸਾਨੂੰ ਬਚਾ ਲੈ, ਅਸੀਂ ਡੁੱਬਣ ਲੱਗੇ ਹਾਂ!” 26 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਐਨੇ ਡਰੇ ਹੋਏ ਕਿਉਂ ਹੋ?”*+ ਫਿਰ ਉਸ ਨੇ ਉੱਠ ਕੇ ਹਨੇਰੀ ਅਤੇ ਝੀਲ ਨੂੰ ਝਿੜਕਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ।+ 27 ਚੇਲੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ: “ਇਹ ਕਿਹੋ ਜਿਹਾ ਇਨਸਾਨ ਹੈ? ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।”
28 ਜਦੋਂ ਉਹ ਝੀਲ ਦੇ ਦੂਜੇ ਪਾਸੇ ਗਦਰੀਨੀਆਂ* ਦੇ ਇਲਾਕੇ ਵਿਚ ਪਹੁੰਚਿਆ, ਤਾਂ ਦੋ ਆਦਮੀ ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ।+ ਉਹ ਇੰਨੇ ਖੂੰਖਾਰ ਸਨ ਕਿ ਕੋਈ ਵੀ ਉਸ ਰਸਤਿਓਂ ਲੰਘਣ ਦੀ ਹਿੰਮਤ ਨਹੀਂ ਸੀ ਕਰਦਾ। 29 ਅਤੇ ਦੇਖੋ! ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਮਿਥੇ ਸਮੇਂ ਤੋਂ ਪਹਿਲਾਂ ਸਾਨੂੰ ਸਤਾਉਣ ਆਇਆ ਹੈਂ?”+ 30 ਉਨ੍ਹਾਂ ਤੋਂ ਕਾਫ਼ੀ ਦੂਰ ਸੂਰਾਂ ਦਾ ਵੱਡਾ ਸਾਰਾ ਝੁੰਡ ਚਰ ਰਿਹਾ ਸੀ।+ 31 ਅਤੇ ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ: “ਜੇ ਤੂੰ ਸਾਨੂੰ ਕੱਢਣਾ ਹੈ, ਤਾਂ ਸਾਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇ।”+ 32 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਾਓ!” ਅਤੇ ਦੁਸ਼ਟ ਦੂਤ ਨਿਕਲ ਕੇ ਸੂਰਾਂ ਨੂੰ ਜਾ ਚਿੰਬੜੇ, ਅਤੇ ਦੇਖੋ! ਸਾਰੇ ਸੂਰ ਤੇਜ਼-ਤੇਜ਼ ਭੱਜਣ ਲੱਗ ਪਏ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਪੂਰਾ ਝੁੰਡ ਪਾਣੀ ਵਿਚ ਡੁੱਬ ਕੇ ਮਰ ਗਿਆ। 33 ਪਰ ਚਰਵਾਹੇ ਉੱਥੋਂ ਭੱਜ ਗਏ ਅਤੇ ਸ਼ਹਿਰ ਵਿਚ ਜਾ ਕੇ ਉਨ੍ਹਾਂ ਨੇ ਲੋਕਾਂ ਨੂੰ ਸਾਰਾ ਕੁਝ ਦੱਸਿਆ, ਨਾਲੇ ਇਹ ਵੀ ਦੱਸਿਆ ਕਿ ਉਨ੍ਹਾਂ ਆਦਮੀਆਂ ਨਾਲ ਕੀ ਹੋਇਆ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਸਨ। 34 ਅਤੇ ਦੇਖੋ! ਸਾਰਾ ਸ਼ਹਿਰ ਯਿਸੂ ਨੂੰ ਮਿਲਣ ਆਇਆ ਅਤੇ ਜਦੋਂ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।+