ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
16 “ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਦੱਸੀਆਂ ਹਨ ਤਾਂਕਿ ਤੁਸੀਂ ਨਿਹਚਾ ਕਰਨੀ ਨਾ ਛੱਡੋ।* 2 ਲੋਕ ਤੁਹਾਨੂੰ ਸਭਾ ਘਰਾਂ ਵਿੱਚੋਂ ਛੇਕ ਦੇਣਗੇ।*+ ਅਸਲ ਵਿਚ, ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਜਾਨੋਂ ਮਾਰ ਕੇ+ ਸੋਚਣਗੇ ਕਿ ਉਹ ਰੱਬ ਦੀ ਭਗਤੀ ਕਰ ਰਹੇ ਹਨ। 3 ਪਰ ਉਹ ਇਹ ਸਭ ਕੁਝ ਇਸ ਲਈ ਕਰਨਗੇ ਕਿਉਂਕਿ ਨਾ ਤਾਂ ਉਹ ਪਿਤਾ ਨੂੰ ਅਤੇ ਨਾ ਹੀ ਮੈਨੂੰ ਜਾਣਦੇ ਹਨ।+ 4 ਫਿਰ ਵੀ, ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਜਦੋਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਆਵੇ, ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਸਨ।+
“ਮੈਂ ਤੁਹਾਨੂੰ ਇਹ ਗੱਲਾਂ ਪਹਿਲਾਂ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। 5 ਹੁਣ ਮੈਂ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹਾਂ;+ ਪਰ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁੱਛ ਰਿਹਾ, ‘ਤੂੰ ਕਿੱਥੇ ਜਾ ਰਿਹਾ ਹੈਂ?’ 6 ਤੁਹਾਡੇ ਦਿਲ ਦੁੱਖ ਨਾਲ ਭਰੇ ਹੋਏ ਹਨ ਕਿਉਂਕਿ ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ।+ 7 ਫਿਰ ਵੀ, ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਕਿ ਮੇਰੇ ਜਾਣ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਕਿਉਂਕਿ ਜੇ ਮੈਂ ਨਾ ਜਾਵਾਂ, ਤਾਂ ਮਦਦਗਾਰ+ ਤੁਹਾਡੇ ਕੋਲ ਨਹੀਂ ਆਵੇਗਾ; ਪਰ ਜੇ ਮੈਂ ਚਲਾ ਜਾਵਾਂ, ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲ ਦਿਆਂਗਾ। 8 ਜਦੋਂ ਉਹ ਮਦਦਗਾਰ ਆਵੇਗਾ, ਤਾਂ ਉਹ ਦੁਨੀਆਂ ਨੂੰ ਸਾਫ਼-ਸਾਫ਼ ਦਿਖਾਏਗਾ ਕਿ ਪਾਪ ਕੀ ਹੈ, ਧਾਰਮਿਕਤਾ* ਕੀ ਹੈ ਅਤੇ ਨਿਆਂ ਕੀ ਹੈ: 9 ਪਹਿਲਾਂ ਦੁਨੀਆਂ ਦੇ ਪਾਪ+ ਬਾਰੇ ਦੱਸੇਗਾ ਕਿਉਂਕਿ ਉਨ੍ਹਾਂ ਨੇ ਮੇਰੇ ਉੱਤੇ ਨਿਹਚਾ ਨਹੀਂ ਕੀਤੀ;+ 10 ਫਿਰ ਉਹ ਦਿਖਾਵੇਗਾ ਕਿ ਮੇਰੇ ਕੰਮ ਧਰਮੀ ਹਨ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਦੁਬਾਰਾ ਨਹੀਂ ਦੇਖੋਗੇ; 11 ਇਸ ਤੋਂ ਬਾਅਦ ਉਹ ਦੱਸੇਗਾ ਕਿ ਪਰਮੇਸ਼ੁਰ ਕਿਸ ਦਾ ਨਿਆਂ ਕਰੇਗਾ ਕਿਉਂਕਿ ਦੁਨੀਆਂ ਦੇ ਹਾਕਮ ਦਾ ਨਿਆਂ ਕਰ ਦਿੱਤਾ ਗਿਆ ਹੈ।+
12 “ਮੈਂ ਤੁਹਾਨੂੰ ਅਜੇ ਹੋਰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਹਨ, ਪਰ ਤੁਸੀਂ ਇਸ ਵੇਲੇ ਉਨ੍ਹਾਂ ਨੂੰ ਸਮਝ ਨਹੀਂ ਸਕਦੇ। 13 ਪਰ ਜਦੋਂ ਉਹ* ਆਵੇਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ,+ ਤਾਂ ਉਹ ਤੁਹਾਡੀ ਅਗਵਾਈ ਕਰੇਗਾ ਅਤੇ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਤੁਹਾਡੀ ਮਦਦ ਕਰੇਗਾ। ਉਹ ਆਪਣੀਆਂ ਗੱਲਾਂ ਨਹੀਂ ਦੱਸੇਗਾ, ਸਗੋਂ ਜੋ ਉਹ ਸੁਣੇਗਾ ਉਹੀ ਦੱਸੇਗਾ ਅਤੇ ਉਹ ਤੁਹਾਨੂੰ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਦੱਸੇਗਾ।+ 14 ਉਹ ਮੇਰੀ ਮਹਿਮਾ ਕਰੇਗਾ+ ਕਿਉਂਕਿ ਉਹ ਤੁਹਾਨੂੰ ਉਹੀ ਦੱਸੇਗਾ ਜੋ ਮੇਰੇ ਤੋਂ ਸੁਣੇਗਾ।+ 15 ਜੋ ਕੁਝ ਪਿਤਾ ਦਾ ਹੈ, ਉਹ ਸਭ ਮੇਰਾ ਹੈ।+ ਮੈਂ ਇਸੇ ਲਈ ਕਿਹਾ ਕਿ ਮਦਦਗਾਰ ਮੇਰੇ ਤੋਂ ਜੋ ਸੁਣੇਗਾ, ਉਹੀ ਤੁਹਾਨੂੰ ਦੱਸੇਗਾ। 16 ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ+ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ।”
17 ਤਦ ਉਸ ਦੇ ਕੁਝ ਚੇਲੇ ਇਕ-ਦੂਜੇ ਨੂੰ ਪੁੱਛਣ ਲੱਗੇ: “ਉਸ ਦੀਆਂ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ, ‘ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ’ ਅਤੇ ‘ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ’?” 18 ਇਸ ਲਈ ਉਹ ਕਹਿ ਰਹੇ ਸਨ: “ਉਸ ਦੀ ਇਸ ਗੱਲ ਦਾ ਕੀ ਮਤਲਬ ਹੈ, ‘ਥੋੜ੍ਹੇ ਚਿਰ ਬਾਅਦ’? ਅਸੀਂ ਨਹੀਂ ਜਾਣਦੇ ਕਿ ਉਹ ਕੀ ਗੱਲ ਕਰ ਰਿਹਾ ਹੈ।” 19 ਯਿਸੂ ਜਾਣਦਾ ਸੀ ਕਿ ਚੇਲੇ ਉਸ ਨੂੰ ਕੁਝ ਪੁੱਛਣਾ ਚਾਹੁੰਦੇ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਸ ਬਾਰੇ ਇਕ-ਦੂਜੇ ਤੋਂ ਪੁੱਛ ਰਹੇ ਹੋ ਕਿ ਮੈਂ ਇਹ ਕਿਉਂ ਕਿਹਾ ਸੀ: ‘ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਅਤੇ ਫਿਰ ਥੋੜ੍ਹੇ ਚਿਰ ਬਾਅਦ ਤੁਸੀਂ ਮੈਨੂੰ ਦੇਖੋਗੇ’? 20 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਰੋਵੋਗੇ ਅਤੇ ਪਿੱਟੋਗੇ, ਪਰ ਦੁਨੀਆਂ ਖ਼ੁਸ਼ੀਆਂ ਮਨਾਏਗੀ; ਤੁਹਾਨੂੰ ਦੁੱਖ ਹੋਵੇਗਾ, ਪਰ ਤੁਹਾਡਾ ਦੁੱਖ ਖ਼ੁਸ਼ੀ ਵਿਚ ਬਦਲ ਜਾਵੇਗਾ।+ 21 ਜਦੋਂ ਬੱਚੇ ਨੂੰ ਜਨਮ ਦੇਣ ਦਾ ਸਮਾਂ ਆਉਂਦਾ ਹੈ, ਤਾਂ ਤੀਵੀਂ ਬੜਾ ਦੁੱਖ ਸਹਿੰਦੀ ਹੈ; ਪਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਆਪਣਾ ਦੁੱਖ-ਦਰਦ ਭੁੱਲ ਜਾਂਦੀ ਹੈ ਕਿਉਂਕਿ ਉਸ ਨੂੰ ਖ਼ੁਸ਼ੀ ਹੁੰਦੀ ਹੈ ਕਿ ਉਸ ਦੇ ਬੱਚੇ ਨੇ ਦੁਨੀਆਂ ਵਿਚ ਕਦਮ ਰੱਖਿਆ ਹੈ। 22 ਇਸੇ ਤਰ੍ਹਾਂ ਤੁਹਾਨੂੰ ਵੀ ਹੁਣ ਦੁੱਖ ਹੋ ਰਿਹਾ ਹੈ, ਪਰ ਮੈਂ ਤੁਹਾਨੂੰ ਦੁਬਾਰਾ ਦੇਖਾਂਗਾ ਅਤੇ ਤੁਹਾਡੇ ਦਿਲ ਖ਼ੁਸ਼ੀ ਨਾਲ ਭਰ ਜਾਣਗੇ+ ਅਤੇ ਕੋਈ ਵੀ ਤੁਹਾਡੇ ਤੋਂ ਤੁਹਾਡੀ ਖ਼ੁਸ਼ੀ ਨਹੀਂ ਖੋਹੇਗਾ। 23 ਉਸ ਦਿਨ ਤੁਸੀਂ ਮੈਨੂੰ ਕੋਈ ਸਵਾਲ ਨਹੀਂ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਕੁਝ ਵੀ ਮੰਗੋਗੇ,+ ਤਾਂ ਉਹ ਤੁਹਾਨੂੰ ਦੇ ਦੇਵੇਗਾ।+ 24 ਹੁਣ ਤਕ ਤੁਸੀਂ ਮੇਰੇ ਨਾਂ ʼਤੇ ਕੁਝ ਵੀ ਨਹੀਂ ਮੰਗਿਆ ਹੈ। ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤਾਂਕਿ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।
25 “ਮੈਂ ਮਿਸਾਲਾਂ ਦੇ ਦੇ ਕੇ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੁਹਾਨੂੰ ਮਿਸਾਲਾਂ ਦੇ ਕੇ ਨਹੀਂ, ਸਗੋਂ ਆਪਣੇ ਪਿਤਾ ਬਾਰੇ ਸਾਫ਼-ਸਾਫ਼ ਦੱਸਾਂਗਾ। 26 ਉਸ ਦਿਨ ਤੁਸੀਂ ਮੇਰੇ ਨਾਂ ʼਤੇ ਪਿਤਾ ਨੂੰ ਫ਼ਰਿਆਦ ਕਰੋਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਤੁਹਾਡੇ ਵਾਸਤੇ ਹਰ ਵਾਰ ਫ਼ਰਿਆਦ ਨਹੀਂ ਕਰਨੀ ਪਵੇਗੀ। 27 ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਮੇਰੇ ਨਾਲ ਪਿਆਰ ਕੀਤਾ ਹੈ+ ਅਤੇ ਵਿਸ਼ਵਾਸ ਕੀਤਾ ਹੈ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+ 28 ਮੈਂ ਪਿਤਾ ਕੋਲੋਂ ਇਸ ਦੁਨੀਆਂ ਵਿਚ ਆਇਆ ਸੀ ਅਤੇ ਹੁਣ ਮੈਂ ਇਹ ਦੁਨੀਆਂ ਛੱਡ ਕੇ ਪਿਤਾ ਕੋਲ ਵਾਪਸ ਜਾ ਰਿਹਾ ਹਾਂ।”+
29 ਉਸ ਦੇ ਚੇਲਿਆਂ ਨੇ ਕਿਹਾ: “ਦੇਖ! ਹੁਣ ਤੂੰ ਬਿਨਾਂ ਕੋਈ ਮਿਸਾਲ ਵਰਤੇ ਸਾਫ਼-ਸਾਫ਼ ਗੱਲ ਕਰ ਰਿਹਾ ਹੈਂ। 30 ਹੁਣ ਅਸੀਂ ਜਾਣ ਗਏ ਹਾਂ ਕਿ ਤੈਨੂੰ ਸਭ ਕੁਝ ਪਤਾ ਹੈ ਅਤੇ ਕਿਸੇ ਨੂੰ ਤੇਰੇ ਕੋਲੋਂ ਸਵਾਲ ਪੁੱਛਣ ਦੀ ਲੋੜ ਨਹੀਂ। ਇਸ ਤੋਂ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਤੂੰ ਪਰਮੇਸ਼ੁਰ ਤੋਂ ਆਇਆ ਹੈਂ।” 31 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਕੀ ਤੁਸੀਂ ਹੁਣ ਵਿਸ਼ਵਾਸ ਕਰਦੇ ਹੋ? 32 ਦੇਖੋ! ਉਹ ਸਮਾਂ ਆ ਰਿਹਾ ਹੈ, ਸਗੋਂ ਆ ਗਿਆ ਹੈ, ਜਦੋਂ ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਭੱਜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ;+ ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ।+ 33 ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ ਤੁਹਾਨੂੰ ਸ਼ਾਂਤੀ ਮਿਲੇ।+ ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”+