ਪਹਿਲਾ ਰਾਜਿਆਂ
6 ਇਜ਼ਰਾਈਲੀਆਂ* ਦੇ ਮਿਸਰ ਦੇਸ਼ ਤੋਂ ਆਉਣ+ ਤੋਂ ਬਾਅਦ ਦੇ 480ਵੇਂ ਸਾਲ ਯਾਨੀ ਸੁਲੇਮਾਨ ਦੇ ਇਜ਼ਰਾਈਲ ਉੱਤੇ ਰਾਜਾ ਬਣਨ ਤੋਂ ਬਾਅਦ ਦੇ ਚੌਥੇ ਸਾਲ, ਜ਼ਿਵ*+ ਮਹੀਨੇ ਵਿਚ (ਯਾਨੀ ਦੂਸਰੇ ਮਹੀਨੇ) ਉਸ ਨੇ ਯਹੋਵਾਹ* ਦਾ ਘਰ ਬਣਾਉਣਾ ਸ਼ੁਰੂ ਕੀਤਾ।+ 2 ਰਾਜਾ ਸੁਲੇਮਾਨ ਨੇ ਯਹੋਵਾਹ ਲਈ ਜੋ ਭਵਨ ਬਣਾਇਆ, ਉਸ ਦੀ ਲੰਬਾਈ 60 ਹੱਥ,* ਚੁੜਾਈ 20 ਹੱਥ ਅਤੇ ਉਚਾਈ 30 ਹੱਥ ਸੀ।+ 3 ਮੰਦਰ* ਦੇ ਅਗਲੇ ਪਾਸੇ ਦੀ ਦਲਾਨ+ ਦੀ ਲੰਬਾਈ* 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ। ਭਵਨ ਦੇ ਅੱਗਿਓਂ ਨਾਪਣ ʼਤੇ ਇਸ ਦੀ ਚੁੜਾਈ 10 ਹੱਥ ਸੀ।
4 ਉਸ ਨੇ ਭਵਨ ਲਈ ਰੌਸ਼ਨਦਾਨ ਬਣਾਏ ਜੋ ਬਾਹਰੋਂ ਛੋਟੇ ਤੇ ਅੰਦਰੋਂ ਵੱਡੇ ਸਨ।+ 5 ਇਸ ਤੋਂ ਇਲਾਵਾ, ਉਸ ਨੇ ਭਵਨ ਦੀ ਕੰਧ ਦੇ ਨਾਲ ਲੱਗਦੀ ਇਕ ਇਮਾਰਤ ਬਣਾਈ; ਇਹ ਘਰ ਦੀਆਂ ਕੰਧਾਂ ਦੇ ਦੁਆਲੇ ਯਾਨੀ ਮੰਦਰ* ਅਤੇ ਅੰਦਰਲੇ ਕਮਰੇ+ ਦੀਆਂ ਕੰਧਾਂ ਦੇ ਦੁਆਲੇ ਸੀ ਅਤੇ ਉਸ ਨੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+ 6 ਪਾਸੇ ʼਤੇ ਬਣੀਆਂ ਇਨ੍ਹਾਂ ਕੋਠੜੀਆਂ ਦੀ ਸਭ ਤੋਂ ਹੇਠਲੀ ਮੰਜ਼ਲ ਪੰਜ ਹੱਥ ਚੌੜੀ ਸੀ, ਵਿਚਕਾਰਲੀ ਮੰਜ਼ਲ ਛੇ ਹੱਥ ਚੌੜੀ ਅਤੇ ਤੀਸਰੀ ਮੰਜ਼ਲ ਸੱਤ ਹੱਥ ਚੌੜੀ ਸੀ। ਉਸ ਨੇ ਬਾਲੇ ਰੱਖਣ ਲਈ ਭਵਨ ਦੇ ਸਾਰੇ ਪਾਸੇ ਵਾਧਰੇ* ਬਣਾਏ ਜਿਸ ਕਰਕੇ ਭਵਨ ਦੀਆਂ ਕੰਧਾਂ ਵਿਚ ਕੁਝ ਵੀ ਨਹੀਂ ਧੱਸਿਆ ਗਿਆ।+
7 ਇਹ ਭਵਨ ਖਾਣ ਵਿਚ ਪਹਿਲਾਂ ਤੋਂ ਤਿਆਰ ਕੀਤੇ ਗਏ ਪੱਥਰਾਂ ਨਾਲ ਬਣਾਇਆ ਗਿਆ ਸੀ+ ਜਿਸ ਕਰਕੇ ਭਵਨ ਦੀ ਉਸਾਰੀ ਵੇਲੇ ਹਥੌੜਿਆਂ, ਕੁਹਾੜੀਆਂ ਜਾਂ ਕਿਸੇ ਵੀ ਲੋਹੇ ਦੇ ਸੰਦ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। 8 ਸਭ ਤੋਂ ਹੇਠਲੀ ਕੋਠੜੀ ਦਾ ਦਰਵਾਜ਼ਾ ਭਵਨ ਦੇ ਦੱਖਣੀ* ਪਾਸੇ ਸੀ+ ਅਤੇ ਇਕ ਘੁਮਾਅਦਾਰ ਪੌੜੀ ਵਿਚਕਾਰਲੀ ਮੰਜ਼ਲ ਤਕ ਜਾਂਦੀ ਸੀ ਤੇ ਉੱਥੋਂ ਤੀਸਰੀ ਮੰਜ਼ਲ ਤਕ। 9 ਉਹ ਭਵਨ ਨੂੰ ਬਣਾਉਂਦਾ ਰਿਹਾ ਅਤੇ ਉਸ ਨੂੰ ਪੂਰਾ ਕੀਤਾ।+ ਉਸ ਨੇ ਭਵਨ ਦੀ ਛੱਤ ਦਿਆਰ ਦੀਆਂ ਸ਼ਤੀਰੀਆਂ ਅਤੇ ਦਿਆਰ ਦੇ ਫੱਟਿਆਂ ਨਾਲ ਬਣਾਈ।+ 10 ਉਸ ਨੇ ਭਵਨ ਦੇ ਸਾਰੇ ਪਾਸੇ ਕੋਠੜੀਆਂ ਬਣਾਈਆਂ।+ ਹਰੇਕ ਕੋਠੜੀ ਦੀ ਉਚਾਈ ਪੰਜ ਹੱਥ ਸੀ ਅਤੇ ਕੋਠੜੀਆਂ ਨੂੰ ਦਿਆਰ ਦੀਆਂ ਲੱਕੜਾਂ ਵਰਤ ਕੇ ਭਵਨ ਨਾਲ ਜੋੜਿਆ ਗਿਆ ਸੀ।
11 ਇਸ ਦੌਰਾਨ ਸੁਲੇਮਾਨ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 12 “ਜੇ ਤੂੰ ਮੇਰੇ ਨਿਯਮਾਂ ਅਨੁਸਾਰ ਚੱਲੇਂ, ਮੇਰੇ ਕਾਨੂੰਨਾਂ ਨੂੰ ਮੰਨੇਂ ਤੇ ਮੇਰੇ ਸਾਰੇ ਹੁਕਮਾਂ ਅਨੁਸਾਰ ਚੱਲ ਕੇ ਇਨ੍ਹਾਂ ਦੀ ਪਾਲਣਾ ਕਰੇਂ,+ ਤਾਂ ਮੈਂ ਤੇਰੇ ਬਾਰੇ ਉਹ ਵਾਅਦਾ ਪੂਰਾ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ,+ ਖ਼ਾਸ ਕਰਕੇ ਉਹ ਵਾਅਦਾ ਜੋ ਮੈਂ ਇਸ ਘਰ ਸੰਬੰਧੀ ਕੀਤਾ ਸੀ ਜੋ ਤੂੰ ਬਣਾ ਰਿਹਾ ਹੈਂ, 13 ਅਤੇ ਮੈਂ ਇਜ਼ਰਾਈਲੀਆਂ ਦੇ ਵਿਚਕਾਰ ਵੱਸਾਂਗਾ+ ਅਤੇ ਮੈਂ ਆਪਣੀ ਪਰਜਾ ਇਜ਼ਰਾਈਲ ਨੂੰ ਨਹੀਂ ਤਿਆਗਾਂਗਾ।”+
14 ਸੁਲੇਮਾਨ ਭਵਨ ਨੂੰ ਬਣਾਉਂਦਾ ਰਿਹਾ ਜਦੋਂ ਤਕ ਉਹ ਪੂਰਾ ਨਹੀਂ ਬਣ ਗਿਆ। 15 ਉਸ ਨੇ ਭਵਨ ਦੀਆਂ ਅੰਦਰਲੀਆਂ ਕੰਧਾਂ ਦਿਆਰ ਦੇ ਤਖ਼ਤਿਆਂ ਨਾਲ ਬਣਾਈਆਂ। ਉਸ ਨੇ ਥੱਲਿਓਂ ਲੈ ਕੇ ਭਵਨ ਦੀ ਛੱਤ ਦੀਆਂ ਸ਼ਤੀਰੀਆਂ ਤਕ ਅੰਦਰਲੀਆਂ ਕੰਧਾਂ ਉੱਤੇ ਲੱਕੜ ਲਾਈ ਅਤੇ ਉਸ ਨੇ ਭਵਨ ਦੇ ਫ਼ਰਸ਼ ਉੱਤੇ ਸਨੋਬਰ ਦੀ ਲੱਕੜ ਦੇ ਤਖ਼ਤੇ ਲਾਏ।+ 16 ਉਸ ਨੇ ਭਵਨ ਦੇ ਅੰਦਰ ਪਿਛਲੇ ਪਾਸੇ 20 ਹੱਥ ਦਾ ਇਕ ਹਿੱਸਾ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਦਿਆਰ ਦੇ ਤਖ਼ਤਿਆਂ ਨਾਲ ਬਣਾਇਆ। ਉਸ ਨੇ ਇਸ ਹਿੱਸੇ ਵਿਚ* ਅੰਦਰਲਾ ਕਮਰਾ+ ਯਾਨੀ ਅੱਤ ਪਵਿੱਤਰ ਕਮਰਾ ਬਣਾਇਆ।+ 17 ਭਵਨ ਦਾ ਅਗਲਾ ਹਿੱਸਾ, ਯਾਨੀ ਮੰਦਰ*+ 40 ਹੱਥ ਲੰਬਾ ਸੀ। 18 ਭਵਨ ਦੇ ਅੰਦਰ ਲੱਗੀ ਦਿਆਰ ਦੀ ਲੱਕੜ ਉੱਤੇ ਕੱਦੂ ਅਤੇ ਖਿੜੇ ਹੋਏ ਫੁੱਲ ਨਕਾਸ਼ੇ ਗਏ ਸਨ।+ ਇਹ ਸਾਰਾ ਦਿਆਰ ਦਾ ਸੀ; ਕਿਤੇ ਵੀ ਕੋਈ ਪੱਥਰ ਨਹੀਂ ਸੀ ਦਿਸਦਾ।
19 ਉਸ ਨੇ ਭਵਨ ਦੇ ਵਿਚਲਾ ਅੰਦਰਲਾ ਕਮਰਾ+ ਤਿਆਰ ਕੀਤਾ ਤਾਂਕਿ ਉੱਥੇ ਯਹੋਵਾਹ ਦੇ ਇਕਰਾਰ ਦਾ ਸੰਦੂਕ ਰੱਖਿਆ ਜਾਵੇ।+ 20 ਅੰਦਰਲੇ ਕਮਰੇ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 20 ਹੱਥ ਸੀ;+ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ; ਉਸ ਨੇ ਵੇਦੀ+ ʼਤੇ ਦਿਆਰ ਦੀ ਲੱਕੜ ਲਾਈ। 21 ਸੁਲੇਮਾਨ ਨੇ ਭਵਨ ਨੂੰ ਅੰਦਰੋਂ ਖਾਲਸ ਸੋਨੇ ਨਾਲ ਮੜ੍ਹਿਆ;+ ਉਸ ਨੇ ਸੋਨੇ ਨਾਲ ਮੜ੍ਹੇ ਅੰਦਰਲੇ ਕਮਰੇ+ ਦੇ ਸਾਮ੍ਹਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ। 22 ਉਸ ਨੇ ਪੂਰੇ ਦਾ ਪੂਰਾ ਭਵਨ ਸੋਨੇ ਨਾਲ ਮੜ੍ਹ ਦਿੱਤਾ; ਉਸ ਨੇ ਅੰਦਰਲੇ ਕਮਰੇ ਦੇ ਕੋਲ ਪਈ ਸਾਰੀ ਵੇਦੀ ਨੂੰ ਵੀ ਸੋਨੇ ਨਾਲ ਮੜ੍ਹਿਆ।+
23 ਅੰਦਰਲੇ ਕਮਰੇ ਵਿਚ ਉਸ ਨੇ ਚੀਲ੍ਹ ਦੀ ਲੱਕੜ* ਦੇ ਦੋ ਕਰੂਬੀ+ ਬਣਾਏ ਜਿਨ੍ਹਾਂ ਦੀ ਉਚਾਈ ਦਸ ਹੱਥ ਸੀ।+ 24 ਕਰੂਬੀ ਦੇ ਇਕ ਖੰਭ ਦੀ ਲੰਬਾਈ ਪੰਜ ਹੱਥ ਸੀ ਅਤੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ। ਇਕ ਖੰਭ ਦੇ ਸਿਰੇ ਤੋਂ ਲੈ ਕੇ ਦੂਜੇ ਖੰਭ ਦੇ ਸਿਰੇ ਤਕ ਲੰਬਾਈ ਦਸ ਹੱਥ ਸੀ। 25 ਦੂਜਾ ਕਰੂਬੀ ਵੀ ਦਸ ਹੱਥ ਸੀ। ਦੋਹਾਂ ਕਰੂਬੀਆਂ ਦਾ ਆਕਾਰ ਅਤੇ ਰੂਪ ਇੱਕੋ ਜਿਹਾ ਸੀ। 26 ਇਕ ਕਰੂਬੀ ਦੀ ਉਚਾਈ ਦਸ ਹੱਥ ਸੀ ਜਿਵੇਂ ਦੂਜੇ ਕਰੂਬੀ ਦੀ ਸੀ। 27 ਫਿਰ ਉਸ ਨੇ ਕਰੂਬੀਆਂ+ ਨੂੰ ਅੰਦਰਲੇ ਕਮਰੇ* ਵਿਚ ਰੱਖ ਦਿੱਤਾ। ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਇਕ ਕਰੂਬੀ ਦਾ ਇਕ ਖੰਭ ਇਕ ਕੰਧ ਨਾਲ ਅਤੇ ਦੂਜੇ ਕਰੂਬੀ ਦਾ ਇਕ ਖੰਭ ਦੂਸਰੀ ਕੰਧ ਨਾਲ ਲੱਗਦਾ ਸੀ। ਅਤੇ ਉਨ੍ਹਾਂ ਦੇ ਦੂਸਰੇ ਖੰਭ ਭਵਨ ਦੇ ਵਿਚਕਾਰ ਵੱਲ ਨੂੰ ਫੈਲੇ ਹੋਏ ਸਨ ਜਿਸ ਕਰਕੇ ਦੋਵੇਂ ਖੰਭ ਇਕ-ਦੂਜੇ ਨੂੰ ਛੋਂਹਦੇ ਸਨ। 28 ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹਿਆ।
29 ਉਸ ਨੇ ਭਵਨ ਦੀਆਂ ਸਾਰੀਆਂ ਕੰਧਾਂ ʼਤੇ, ਯਾਨੀ ਅੰਦਰਲੇ ਤੇ ਬਾਹਰਲੇ ਕਮਰਿਆਂ* ਦੀਆਂ ਸਾਰੀਆਂ ਕੰਧਾਂ ʼਤੇ ਕਰੂਬੀ,+ ਖਜੂਰਾਂ ਦੇ ਦਰਖ਼ਤ+ ਅਤੇ ਖਿੜੇ ਹੋਏ ਫੁੱਲ ਉੱਕਰੇ।+ 30 ਉਸ ਨੇ ਘਰ ਦੇ ਅੰਦਰਲੇ ਤੇ ਬਾਹਰਲੇ ਕਮਰਿਆਂ ਦੇ ਫ਼ਰਸ਼ ਨੂੰ ਸੋਨੇ ਨਾਲ ਮੜ੍ਹਿਆ। 31 ਉਸ ਨੇ ਅੰਦਰਲੇ ਕਮਰੇ ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੇ ਦਰਵਾਜ਼ੇ, ਦੋਹਾਂ ਪਾਸਿਆਂ ਦੇ ਥੰਮ੍ਹ ਅਤੇ ਚੁਗਾਠਾਂ ਬਣਾਈਆਂ ਜੋ ਪੰਜਵਾਂ ਹਿੱਸਾ* ਸੀ। 32 ਦੋਵੇਂ ਦਰਵਾਜ਼ੇ ਚੀਲ੍ਹ ਦੀ ਲੱਕੜ ਦੇ ਬਣੇ ਸਨ ਅਤੇ ਉਸ ਨੇ ਉਨ੍ਹਾਂ ਉੱਤੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ; ਅਤੇ ਉਸ ਨੇ ਕਰੂਬੀਆਂ ਅਤੇ ਖਜੂਰ ਦੇ ਦਰਖ਼ਤਾਂ ਉੱਤੇ ਸੋਨਾ ਕੁੱਟ-ਕੁੱਟ ਕੇ ਮੜ੍ਹਿਆ। 33 ਉਸ ਨੇ ਮੰਦਰ* ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੀਆਂ ਚੁਗਾਠਾਂ ਵੀ ਇਸੇ ਤਰ੍ਹਾਂ ਬਣਾਈਆਂ ਜੋ ਚੌਥਾ ਹਿੱਸਾ* ਸੀ। 34 ਉਸ ਨੇ ਸਨੋਬਰ ਦੀ ਲੱਕੜ ਦੇ ਦੋ ਦਰਵਾਜ਼ੇ ਬਣਾਏ। ਇਕ ਦਰਵਾਜ਼ੇ ਦੇ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ ਅਤੇ ਦੂਸਰੇ ਦਰਵਾਜ਼ੇ ਦੇ ਵੀ ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ।+ 35 ਉਸ ਨੇ ਕਰੂਬੀ, ਖਜੂਰ ਦੇ ਦਰਖ਼ਤ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨੇ ਦੀ ਪਰਤ ਚੜ੍ਹਾਈ।
36 ਉਸ ਨੇ ਤਰਾਸ਼ੇ ਹੋਏ ਪੱਥਰਾਂ ਦੇ ਤਿੰਨ ਰਦਿਆਂ ਅਤੇ ਦਿਆਰ ਦੀਆਂ ਸ਼ਤੀਰਾਂ ਦੀ ਇਕ ਕਤਾਰ ਨਾਲ+ ਅੰਦਰਲਾ ਵਿਹੜਾ ਬਣਾਇਆ।+
37 ਚੌਥੇ ਸਾਲ ਦੇ ਜ਼ਿਵ* ਮਹੀਨੇ ਵਿਚ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ;+ 38 11ਵੇਂ ਸਾਲ ਦੇ ਬੂਲ* ਮਹੀਨੇ ਵਿਚ (ਯਾਨੀ ਅੱਠਵੇਂ ਮਹੀਨੇ) ਭਵਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਤੇ ਨਕਸ਼ੇ ਮੁਤਾਬਕ ਇਸ ਦੀ ਹਰ ਚੀਜ਼ ਬਾਰੀਕੀ ਨਾਲ ਬਣਾਈ ਗਈ।+ ਉਸ ਨੂੰ ਇਹ ਘਰ ਉਸਾਰਨ ਵਿਚ ਸੱਤ ਸਾਲ ਲੱਗੇ।