ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
5 ਇਸ ਤੋਂ ਬਾਅਦ ਯਹੂਦੀਆਂ ਦਾ ਇਕ ਤਿਉਹਾਰ ਸੀ+ ਅਤੇ ਯਿਸੂ ਯਰੂਸ਼ਲਮ ਨੂੰ ਗਿਆ। 2 ਯਰੂਸ਼ਲਮ ਵਿਚ ਭੇਡ ਫਾਟਕ+ ਲਾਗੇ ਇਕ ਸਰੋਵਰ ਸੀ ਜਿਸ ਦਾ ਇਬਰਾਨੀ ਵਿਚ ਨਾਂ ਬੇਥਜ਼ਥਾ ਸੀ ਅਤੇ ਇਸ ਦੇ ਆਲੇ-ਦੁਆਲੇ ਥੰਮ੍ਹਾਂ ਵਾਲਾ ਬਰਾਂਡਾ ਸੀ। 3 ਉਸ ਬਰਾਂਡੇ ਵਿਚ ਬਹੁਤ ਸਾਰੇ ਬੀਮਾਰ, ਅੰਨ੍ਹੇ, ਲੰਗੜੇ ਅਤੇ ਹੋਰ ਅਪਾਹਜ* ਲੋਕ ਲੰਮੇ ਪਏ ਹੋਏ ਸਨ। 4 *— 5 ਪਰ ਉੱਥੇ ਇਕ ਆਦਮੀ ਸੀ ਜਿਹੜਾ 38 ਸਾਲਾਂ ਤੋਂ ਬੀਮਾਰ ਸੀ। 6 ਯਿਸੂ ਜਾਣਦਾ ਸੀ ਕਿ ਉਹ ਆਦਮੀ ਕਾਫ਼ੀ ਸਮੇਂ ਤੋਂ ਬੀਮਾਰ ਸੀ ਅਤੇ ਉਸ ਨੂੰ ਲੰਮਾ ਪਿਆ ਦੇਖ ਕੇ ਉਸ ਨੇ ਕਿਹਾ: “ਕੀ ਤੂੰ ਠੀਕ ਹੋਣਾ ਚਾਹੁੰਦਾ ਹੈਂ?”+ 7 ਉਸ ਬੀਮਾਰ ਆਦਮੀ ਨੇ ਕਿਹਾ: “ਸਾਹਬ ਜੀ, ਮੇਰੇ ਨਾਲ ਕੋਈ ਨਹੀਂ ਹੈ ਜਿਹੜਾ ਮੈਨੂੰ ਉਦੋਂ ਸਰੋਵਰ ਵਿਚ ਲੈ ਜਾਵੇ ਜਦੋਂ ਪਾਣੀ ਵਿਚ ਹਲਚਲ ਹੁੰਦੀ ਹੈ। ਮੇਰੇ ਪਾਣੀ ਵਿਚ ਜਾਣ ਤੋਂ ਪਹਿਲਾਂ ਹੀ ਕੋਈ ਹੋਰ ਪਾਣੀ ਵਿਚ ਚਲਾ ਜਾਂਦਾ ਹੈ।” 8 ਯਿਸੂ ਨੇ ਉਸ ਨੂੰ ਕਿਹਾ: “ਉੱਠ, ਆਪਣੀ ਚਟਾਈ* ਚੁੱਕ ਤੇ ਤੁਰ-ਫਿਰ।”+ 9 ਉਹ ਆਦਮੀ ਉਸੇ ਵੇਲੇ ਠੀਕ ਹੋ ਗਿਆ ਅਤੇ ਆਪਣੀ ਚਟਾਈ* ਚੁੱਕ ਕੇ ਤੁਰਨ ਲੱਗ ਪਿਆ।
ਇਹ ਸਬਤ ਦਾ ਦਿਨ ਸੀ। 10 ਇਸ ਲਈ, ਕੁਝ ਯਹੂਦੀ ਉਸ ਆਦਮੀ ਨੂੰ ਜਿਸ ਨੂੰ ਠੀਕ ਕੀਤਾ ਗਿਆ ਸੀ, ਕਹਿਣ ਲੱਗੇ: “ਅੱਜ ਸਬਤ ਦਾ ਦਿਨ ਹੈ ਅਤੇ ਤੇਰੇ ਲਈ ਚਟਾਈ* ਚੁੱਕਣੀ ਜਾਇਜ਼ ਨਹੀਂ ਹੈ।”+ 11 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਨੇ ਮੈਨੂੰ ਠੀਕ ਕੀਤਾ, ਉਸੇ ਨੇ ਮੈਨੂੰ ਕਿਹਾ ਸੀ, ‘ਆਪਣੀ ਚਟਾਈ* ਚੁੱਕ ਅਤੇ ਤੁਰ-ਫਿਰ।’” 12 ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੈਨੂੰ ਕਿਸ ਨੇ ਕਿਹਾ ਸੀ, ‘ਆਪਣੀ ਚਟਾਈ* ਚੁੱਕ ਅਤੇ ਤੁਰ-ਫਿਰ’?” 13 ਪਰ ਉਸ ਆਦਮੀ ਨੂੰ ਪਤਾ ਨਹੀਂ ਸੀ ਕਿ ਕਿਸ ਨੇ ਉਸ ਨੂੰ ਠੀਕ ਕੀਤਾ ਸੀ ਕਿਉਂਕਿ ਯਿਸੂ ਭੀੜ ਵਿਚ ਰਲ਼ ਗਿਆ ਸੀ।
14 ਇਸ ਤੋਂ ਬਾਅਦ ਯਿਸੂ ਉਸ ਆਦਮੀ ਨੂੰ ਮੰਦਰ ਵਿਚ ਮਿਲਿਆ ਅਤੇ ਉਸ ਨੂੰ ਕਿਹਾ: “ਦੇਖ, ਤੂੰ ਠੀਕ ਹੋ ਗਿਆ ਹੈਂ। ਅੱਗੇ ਤੋਂ ਪਾਪ ਨਾ ਕਰੀਂ ਤਾਂਕਿ ਤੇਰੇ ਨਾਲ ਇਸ ਤੋਂ ਵੀ ਬੁਰਾ ਨਾ ਹੋਵੇ।” 15 ਤਦ ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਯਿਸੂ ਨੇ ਹੀ ਉਸ ਨੂੰ ਚੰਗਾ ਕੀਤਾ ਸੀ। 16 ਇਸ ਕਰਕੇ ਯਹੂਦੀ ਯਿਸੂ ਨੂੰ ਬੁਰਾ-ਭਲਾ ਕਹਿਣ ਲੱਗ ਪਏ ਕਿਉਂਕਿ ਉਹ ਇਹ ਸਭ ਕੰਮ ਸਬਤ ਦੇ ਦਿਨ ਕਰ ਰਿਹਾ ਸੀ। 17 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰਾ ਪਿਤਾ ਅਜੇ ਤਕ ਕੰਮ ਕਰ ਰਿਹਾ ਹੈ, ਇਸ ਲਈ ਮੈਂ ਵੀ ਕੰਮ ਕਰਦਾ ਰਹਿੰਦਾ ਹਾਂ।”+ 18 ਇਸ ਕਰਕੇ ਯਹੂਦੀ ਉਸ ਨੂੰ ਮਾਰਨ ਲਈ ਹੋਰ ਵੀ ਉਤਾਵਲੇ ਹੋ ਗਏ ਕਿਉਂਕਿ ਉਨ੍ਹਾਂ ਮੁਤਾਬਕ ਉਸ ਨੇ ਨਾ ਸਿਰਫ਼ ਸਬਤ ਦਾ ਨਿਯਮ ਤੋੜਿਆ ਸੀ, ਸਗੋਂ ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ+ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾਇਆ ਸੀ।+
19 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਪੁੱਤਰ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ, ਪਰ ਆਪਣੇ ਪਿਤਾ ਨੂੰ ਜੋ ਕਰਦਿਆਂ ਦੇਖਦਾ ਹੈ,+ ਪੁੱਤਰ ਸਿਰਫ਼ ਉਹੀ ਕਰਦਾ ਹੈ। ਜੋ ਕੰਮ ਪਿਤਾ ਕਰਦਾ ਹੈ, ਪੁੱਤਰ ਵੀ ਉਹੀ ਕੰਮ ਕਰਦਾ ਹੈ। 20 ਪਿਤਾ ਪੁੱਤਰ ਨਾਲ ਮੋਹ ਰੱਖਦਾ ਹੈ+ ਅਤੇ ਉਸ ਨੂੰ ਉਹ ਸਾਰੇ ਕੰਮ ਦਿਖਾਉਂਦਾ ਹੈ ਜੋ ਉਹ ਆਪ ਕਰਦਾ ਹੈ ਅਤੇ ਉਹ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਦਿਖਾਵੇਗਾ ਤਾਂਕਿ ਤੁਹਾਨੂੰ ਹੈਰਾਨੀ ਹੋਵੇ।+ 21 ਠੀਕ ਜਿਵੇਂ ਪਿਤਾ ਮਰਿਆਂ ਨੂੰ ਜੀਉਂਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ਦਾ ਹੈ,+ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ, ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ਦਾ ਹੈ।+ 22 ਪਿਤਾ ਆਪ ਕਿਸੇ ਦਾ ਨਿਆਂ ਨਹੀਂ ਕਰਦਾ, ਸਗੋਂ ਉਸ ਨੇ ਨਿਆਂ ਕਰਨ ਦੀ ਸਾਰੀ ਜ਼ਿੰਮੇਵਾਰੀ ਪੁੱਤਰ ਨੂੰ ਸੌਂਪੀ ਹੈ+ 23 ਤਾਂਕਿ ਸਾਰੇ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਸ ਨੇ ਉਸ ਨੂੰ ਘੱਲਿਆ ਸੀ।+ 24 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੀ ਆਵਾਜ਼ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ।+ ਉਸ ਨੂੰ ਸਜ਼ਾ ਨਹੀਂ ਮਿਲਦੀ, ਸਗੋਂ ਉਸ ਨੇ ਮੌਤ ਤੋਂ ਛੁੱਟ ਕੇ ਜ਼ਿੰਦਗੀ ਪਾ ਲਈ ਹੈ।+
25 “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ੁਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਉਸ ਦੀ ਗੱਲ ਵੱਲ ਧਿਆਨ ਦੇਣਗੇ, ਉਹ ਜੀਉਂਦੇ ਰਹਿਣਗੇ। 26 ਜਿਸ ਤਰ੍ਹਾਂ ਪਿਤਾ ਕੋਲ ਜ਼ਿੰਦਗੀ ਦੇਣ ਦੀ ਸ਼ਕਤੀ ਹੈ,*+ ਉਸੇ ਤਰ੍ਹਾਂ ਉਸ ਨੇ ਪੁੱਤਰ ਨੂੰ ਵੀ ਜ਼ਿੰਦਗੀ ਦੇਣ ਦੀ ਸ਼ਕਤੀ ਦਿੱਤੀ ਹੈ।+ 27 ਨਾਲੇ ਪਿਤਾ ਨੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਹੈ+ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।+ 28 ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ* ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ+ 29 ਅਤੇ ਬਾਹਰ ਨਿਕਲ ਆਉਣਗੇ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸਨ, ਉਨ੍ਹਾਂ ਨੂੰ ਜ਼ਿੰਦਗੀ ਪਾਉਣ ਲਈ ਜੀਉਂਦਾ ਕੀਤਾ ਜਾਵੇਗਾ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਨ੍ਹਾਂ ਨੂੰ ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।+ 30 ਮੈਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ। ਪਰ ਜਿਵੇਂ ਪਿਤਾ ਮੈਨੂੰ ਦੱਸਦਾ ਹੈ, ਮੈਂ ਉਸੇ ਤਰ੍ਹਾਂ ਨਿਆਂ ਕਰਦਾ ਹਾਂ ਅਤੇ ਮੇਰਾ ਨਿਆਂ ਸਹੀ ਹੈ+ ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ ਜਿਸ ਨੇ ਮੈਨੂੰ ਘੱਲਿਆ ਹੈ।+
31 “ਜੇ ਮੈਂ ਇਕੱਲਾ ਹੀ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਲੋਕ ਮੇਰੀ ਗਵਾਹੀ ਨੂੰ ਸੱਚ ਨਹੀਂ ਮੰਨਣਗੇ।+ 32 ਪਰ ਇਕ ਹੋਰ ਜਣਾ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੇਰੇ ਬਾਰੇ ਉਸ ਦੀ ਗਵਾਹੀ ਸੱਚੀ ਹੈ।+ 33 ਤੁਸੀਂ ਯੂਹੰਨਾ ਕੋਲ ਆਦਮੀ ਘੱਲੇ ਅਤੇ ਉਸ ਨੇ ਸੱਚਾਈ ਬਾਰੇ ਗਵਾਹੀ ਦਿੱਤੀ ਹੈ।+ 34 ਪਰ ਮੈਨੂੰ ਕਿਸੇ ਆਦਮੀ ਦੀ ਗਵਾਹੀ ਦੀ ਲੋੜ ਨਹੀਂ ਹੈ, ਫਿਰ ਵੀ ਮੈਂ ਇਹ ਗੱਲਾਂ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਤੁਸੀਂ ਬਚਾਏ ਜਾਵੋ। 35 ਯੂਹੰਨਾ ਬਲ਼ਦਾ ਅਤੇ ਜਗਮਗਾਉਂਦਾ ਦੀਵਾ ਸੀ ਅਤੇ ਤੁਸੀਂ ਉਸ ਦੇ ਚਾਨਣ ਵਿਚ ਥੋੜ੍ਹੇ ਚਿਰ ਲਈ ਖ਼ੁਸ਼ੀਆਂ ਮਨਾਉਣੀਆਂ ਚਾਹੀਆਂ।+ 36 ਪਰ ਮੇਰੇ ਕੋਲ ਇਕ ਅਜਿਹੀ ਗਵਾਹੀ ਹੈ ਜੋ ਯੂਹੰਨਾ ਦੀ ਗਵਾਹੀ ਨਾਲੋਂ ਵੀ ਪੱਕੀ ਹੈ। ਇਹ ਗਵਾਹੀ ਹੈ ਉਹ ਕੰਮ ਜੋ ਮੇਰੇ ਪਿਤਾ ਨੇ ਮੈਨੂੰ ਕਰਨ ਲਈ ਦਿੱਤੇ ਸਨ ਅਤੇ ਜੋ ਮੈਂ ਕਰ ਰਿਹਾ ਹਾਂ। ਇਹ ਕੰਮ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਘੱਲਿਆ ਹੈ।+ 37 ਨਾਲੇ ਪਿਤਾ ਨੇ ਵੀ ਮੇਰੇ ਬਾਰੇ ਗਵਾਹੀ ਦਿੱਤੀ ਹੈ ਜਿਸ ਨੇ ਮੈਨੂੰ ਘੱਲਿਆ ਹੈ।+ ਤੁਸੀਂ ਨਾ ਕਦੀ ਉਸ ਦੀ ਆਵਾਜ਼ ਸੁਣੀ ਹੈ ਤੇ ਨਾ ਹੀ ਉਸ ਦਾ ਰੂਪ ਦੇਖਿਆ ਹੈ+ 38 ਅਤੇ ਤੁਹਾਡੇ ਦਿਲ ਵਿਚ ਉਸ ਦਾ ਬਚਨ ਨਹੀਂ ਹੈ ਕਿਉਂਕਿ ਤੁਸੀਂ ਉਸ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਉਸ ਨੇ ਘੱਲਿਆ ਹੈ।
39 “ਤੁਸੀਂ ਧਰਮ-ਗ੍ਰੰਥ ਦੀ ਖੋਜਬੀਨ ਕਰਦੇ ਹੋ+ ਕਿਉਂਕਿ ਤੁਸੀਂ ਸੋਚਦੇ ਹੋ ਕਿ ਇਸ ਦੇ ਜ਼ਰੀਏ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਧਰਮ-ਗ੍ਰੰਥ ਹੀ ਮੇਰੇ ਬਾਰੇ ਗਵਾਹੀ ਦਿੰਦਾ ਹੈ।+ 40 ਫਿਰ ਵੀ ਤੁਸੀਂ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ+ ਕਿ ਤੁਸੀਂ ਜ਼ਿੰਦਗੀ ਪਾ ਸਕੋ। 41 ਮੈਂ ਇਨਸਾਨਾਂ ਤੋਂ ਆਪਣੀ ਮਹਿਮਾ ਨਹੀਂ ਕਰਾਉਣੀ ਚਾਹੁੰਦਾ, 42 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਨਹੀਂ ਹੈ। 43 ਮੈਂ ਆਪਣੇ ਪਿਤਾ ਦੇ ਨਾਂ ʼਤੇ ਆਇਆ ਹਾਂ, ਪਰ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਜੇ ਹੋਰ ਕੋਈ ਆਪਣੇ ਨਾਂ ʼਤੇ ਆਇਆ ਹੁੰਦਾ, ਤਾਂ ਤੁਸੀਂ ਉਸ ਨੂੰ ਜ਼ਰੂਰ ਕਬੂਲ ਕਰ ਲੈਂਦੇ। 44 ਤੁਸੀਂ ਮੇਰਾ ਵਿਸ਼ਵਾਸ ਕਿਵੇਂ ਕਰ ਸਕਦੇ ਹੋ ਜਦੋਂ ਕਿ ਤੁਸੀਂ ਇਕ-ਦੂਜੇ ਤੋਂ ਆਪਣੀ ਮਹਿਮਾ ਕਰਾਉਂਦੇ ਹੋ ਅਤੇ ਉਹ ਮਹਿਮਾ ਨਹੀਂ ਚਾਹੁੰਦੇ ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ?+ 45 ਇਹ ਨਾ ਸੋਚੋ ਕਿ ਮੈਂ ਪਿਤਾ ਸਾਮ੍ਹਣੇ ਤੁਹਾਡੇ ਉੱਤੇ ਦੋਸ਼ ਲਾਵਾਂਗਾ; ਇਕ ਹੈ ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਹੈ ਮੂਸਾ+ ਜਿਸ ਉੱਤੇ ਤੁਸੀਂ ਉਮੀਦ ਲਾਈ ਬੈਠੇ ਹੋ। 46 ਅਸਲ ਵਿਚ, ਜੇ ਤੁਸੀਂ ਮੂਸਾ ਉੱਤੇ ਵਿਸ਼ਵਾਸ ਕਰਦੇ, ਤਾਂ ਤੁਸੀਂ ਮੇਰੇ ਉੱਤੇ ਵੀ ਵਿਸ਼ਵਾਸ ਕਰਦੇ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ।+ 47 ਪਰ ਜੇ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ, ਤਾਂ ਤੁਸੀਂ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਕਿਵੇਂ ਕਰੋਗੇ?”