ਤਿਮੋਥਿਉਸ ਨੂੰ ਦੂਜੀ ਚਿੱਠੀ
2 ਇਸ ਲਈ ਮੇਰੇ ਬੇਟੇ,+ ਤੂੰ ਉਸ ਅਪਾਰ ਕਿਰਪਾ ਰਾਹੀਂ ਤਕੜਾ ਹੁੰਦਾ ਰਹਿ ਜੋ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਮਿਲਦੀ ਹੈ। 2 ਨਾਲੇ ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ ਅਤੇ ਜਿਨ੍ਹਾਂ ਦੀ ਬਹੁਤ ਸਾਰੇ ਗਵਾਹਾਂ ਨੇ ਹਾਮੀ ਭਰੀ ਸੀ,+ ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ। 3 ਤੂੰ ਮਸੀਹ ਯਿਸੂ ਦਾ ਵਧੀਆ ਫ਼ੌਜੀ+ ਹੋਣ ਦੇ ਨਾਤੇ ਮੁਸੀਬਤਾਂ ਝੱਲਣ ਲਈ ਤਿਆਰ ਰਹਿ।+ 4 ਕੋਈ ਵੀ ਫ਼ੌਜੀ ਜ਼ਿੰਦਗੀ ਦੇ ਕਿਸੇ ਹੋਰ ਕੰਮ-ਧੰਦੇ* ਵਿਚ ਨਹੀਂ ਪੈਂਦਾ* ਤਾਂਕਿ ਉਹ ਉਸ ਆਦਮੀ ਦੀ ਮਨਜ਼ੂਰੀ ਪਾ ਸਕੇ ਜਿਸ ਨੇ ਉਸ ਨੂੰ ਫ਼ੌਜੀ ਭਰਤੀ ਕੀਤਾ ਸੀ। 5 ਇਸ ਤੋਂ ਇਲਾਵਾ, ਜੇ ਖੇਡਾਂ ਵਿਚ ਹਿੱਸਾ ਲੈਣ ਵਾਲਾ ਖਿਡਾਰੀ ਨਿਯਮਾਂ ਮੁਤਾਬਕ ਨਹੀਂ ਖੇਡਦਾ, ਤਾਂ ਉਸ ਨੂੰ ਇਨਾਮ* ਨਹੀਂ ਮਿਲਦਾ।+ 6 ਮਿਹਨਤ ਕਰਨ ਵਾਲੇ ਕਿਸਾਨ ਨੂੰ ਹੀ ਸਭ ਤੋਂ ਪਹਿਲਾਂ ਆਪਣੀ ਫ਼ਸਲ ਦਾ ਹਿੱਸਾ ਮਿਲਣਾ ਚਾਹੀਦਾ ਹੈ। 7 ਮੈਂ ਜੋ ਵੀ ਕਹਿ ਰਿਹਾ ਹਾਂ, ਉਸ ਬਾਰੇ ਸੋਚ-ਵਿਚਾਰ ਕਰਦਾ ਰਹਿ ਅਤੇ ਪਰਮੇਸ਼ੁਰ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਬਖ਼ਸ਼ੇਗਾ।
8 ਯਾਦ ਰੱਖ ਕਿ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ+ ਅਤੇ ਉਹ ਦਾਊਦ ਦੀ ਸੰਤਾਨ*+ ਵਿੱਚੋਂ ਸੀ; ਮੈਂ ਇਸੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹਾਂ+ 9 ਅਤੇ ਇਸੇ ਲਈ ਮੈਂ ਦੁੱਖ ਝੱਲ ਰਿਹਾ ਹਾਂ ਅਤੇ ਅਪਰਾਧੀ ਦੇ ਤੌਰ ਤੇ ਕੈਦ ਵਿਚ ਹਾਂ।+ ਪਰ ਪਰਮੇਸ਼ੁਰ ਦੇ ਬਚਨ ਨੂੰ ਕੈਦ ਨਹੀਂ ਕੀਤਾ ਜਾ ਸਕਦਾ।+ 10 ਇਸ ਕਰਕੇ ਮੈਂ ਚੁਣੇ ਹੋਇਆਂ ਦੀ ਖ਼ਾਤਰ ਸਭ ਕੁਝ ਸਹਿ ਰਿਹਾ ਹਾਂ+ ਤਾਂਕਿ ਉਹ ਵੀ ਮਸੀਹ ਯਿਸੂ ਰਾਹੀਂ ਮੁਕਤੀ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਮਹਿਮਾ ਪਾ ਸਕਣ। 11 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਅਸੀਂ ਉਸ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਉਸ ਨਾਲ ਜੀਵਾਂਗੇ ਵੀ;+ 12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+ 13 ਭਾਵੇਂ ਅਸੀਂ ਬੇਵਫ਼ਾ ਹੋ ਜਾਈਏ, ਪਰ ਉਹ ਹਮੇਸ਼ਾ ਵਫ਼ਾਦਾਰ ਰਹਿੰਦਾ ਕਿਉਂਕਿ ਉਹ ਆਪਣੇ ਸੁਭਾਅ ਤੋਂ ਉਲਟ ਕੁਝ ਵੀ ਨਹੀਂ ਕਰ ਸਕਦਾ।
14 ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹਿ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਹਿਦਾਇਤ ਦੇ* ਕਿ ਉਹ ਸ਼ਬਦਾਂ ਬਾਰੇ ਬਹਿਸਬਾਜ਼ੀ ਨਾ ਕਰਨ। ਬਹਿਸਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਸੁਣਨ ਵਾਲਿਆਂ ਦੀ ਨਿਹਚਾ ਬਰਬਾਦ ਕਰ ਦਿੰਦੀ ਹੈ। 15 ਤੂੰ ਆਪਣੀ ਪੂਰੀ ਵਾਹ ਲਾ ਕੇ ਆਪਣੇ ਆਪ ਨੂੰ ਅਜਿਹਾ ਸੇਵਕ ਸਾਬਤ ਕਰ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਹੋਈ ਹੈ ਅਤੇ ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ ਅਤੇ ਜਿਹੜਾ ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦਾ ਅਤੇ ਸਮਝਾਉਂਦਾ ਹੈ।+ 16 ਪਰ ਖੋਖਲੀਆਂ ਗੱਲਾਂ ਨੂੰ ਨਕਾਰ ਜੋ ਪਵਿੱਤਰ ਗੱਲਾਂ ਦੇ ਉਲਟ ਹਨ+ ਕਿਉਂਕਿ ਅਜਿਹੀਆਂ ਗੱਲਾਂ ਪਿੱਛੇ ਲੱਗ ਕੇ ਲੋਕ ਬੁਰੇ ਤੋਂ ਬੁਰੇ ਹੁੰਦੇ ਜਾਣਗੇ। 17 ਉਨ੍ਹਾਂ ਦੀਆਂ ਖੋਖਲੀਆਂ ਗੱਲਾਂ ਪੱਕੇ ਫੋੜੇ ਵਾਂਗ ਫੈਲਣਗੀਆਂ। ਹਮਿਨਾਉਸ ਤੇ ਫ਼ਿਲੇਤੁਸ ਇਹੋ ਜਿਹੇ ਲੋਕ ਹਨ।+ 18 ਇਹ ਆਦਮੀ ਸੱਚਾਈ ਦੇ ਰਾਹ ਤੋਂ ਭਟਕ ਗਏ ਹਨ ਅਤੇ ਕਹਿੰਦੇ ਹਨ ਕਿ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾ ਚੁੱਕਾ ਹੈ+ ਅਤੇ ਉਹ ਕੁਝ ਲੋਕਾਂ ਦੀ ਨਿਹਚਾ ਨੂੰ ਬਰਬਾਦ ਕਰ ਰਹੇ ਹਨ। 19 ਇਸ ਦੇ ਬਾਵਜੂਦ, ਪਰਮੇਸ਼ੁਰ ਦੁਆਰਾ ਧਰੀ ਪੱਕੀ ਨੀਂਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਅਤੇ ਇਸ ਉੱਤੇ ਇਹ ਮੁਹਰ ਲੱਗੀ ਹੋਈ ਹੈ: “ਯਹੋਵਾਹ* ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”+ ਅਤੇ “ਯਹੋਵਾਹ* ਦਾ ਨਾਂ ਲੈਣ ਵਾਲਾ ਹਰ ਇਨਸਾਨ+ ਬੁਰਾਈ ਨੂੰ ਤਿਆਗ ਦੇਵੇ।”
20 ਇਕ ਵੱਡੇ ਘਰ ਵਿਚ ਸਿਰਫ਼ ਸੋਨੇ-ਚਾਂਦੀ ਦੇ ਭਾਂਡੇ ਹੀ ਨਹੀਂ ਹੁੰਦੇ, ਸਗੋਂ ਲੱਕੜ ਤੇ ਮਿੱਟੀ ਦੇ ਭਾਂਡੇ ਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਦਰ ਦੇ ਕੰਮਾਂ ਲਈ ਅਤੇ ਕੁਝ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਂਦੇ ਹਨ। 21 ਇਸ ਲਈ ਜਿਹੜਾ ਇਨਸਾਨ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਭਾਂਡਿਆਂ ਤੋਂ ਦੂਰ ਰਹਿੰਦਾ ਹੈ, ਉਹ ਆਦਰ ਦੇ ਕੰਮ ਲਈ ਵਰਤਿਆ ਜਾਣ ਵਾਲਾ ਭਾਂਡਾ ਬਣੇਗਾ ਜੋ ਪਵਿੱਤਰ ਅਤੇ ਆਪਣੇ ਮਾਲਕ ਲਈ ਫ਼ਾਇਦੇਮੰਦ ਅਤੇ ਹਰ ਚੰਗੇ ਕੰਮ ਲਈ ਤਿਆਰ ਕੀਤਾ ਗਿਆ ਹੈ। 22 ਇਸ ਕਰਕੇ ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ, ਪਰ ਸਾਫ਼ ਦਿਲ ਨਾਲ ਪਰਮੇਸ਼ੁਰ ਦਾ ਨਾਂ ਲੈਣ ਵਾਲੇ ਲੋਕਾਂ ਵਾਂਗ ਸਹੀ ਕੰਮ ਕਰ ਅਤੇ ਨਿਹਚਾ, ਪਿਆਰ ਅਤੇ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਰਹਿ।
23 ਇਸ ਤੋਂ ਇਲਾਵਾ, ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪੈ+ ਕਿਉਂਕਿ ਤੂੰ ਜਾਣਦਾ ਹੈਂ ਕਿ ਇਸ ਕਰਕੇ ਲੜਾਈ-ਝਗੜੇ ਹੁੰਦੇ ਹਨ। 24 ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਨਰਮਾਈ* ਨਾਲ ਪੇਸ਼ ਆਉਣਾ ਚਾਹੀਦਾ ਹੈ+ ਅਤੇ ਉਹ ਸਿਖਾਉਣ ਦੇ ਕਾਬਲ ਹੋਵੇ ਅਤੇ ਬੁਰਾ ਸਲੂਕ ਹੋਣ ਵੇਲੇ ਆਪਣੇ ਉੱਤੇ ਕਾਬੂ ਰੱਖੇ।+ 25 ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਸਿਖਾਵੇ ਜਿਹੜੇ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ।+ ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਤੋਬਾ ਕਰਨ* ਦਾ ਮੌਕਾ ਦੇਵੇ ਤਾਂਕਿ ਉਹ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰ ਲੈਣ+ 26 ਅਤੇ ਉਨ੍ਹਾਂ ਨੂੰ ਅਹਿਸਾਸ ਹੋ ਜਾਵੇ ਕਿ ਸ਼ੈਤਾਨ ਨੇ ਆਪਣੀ ਮਰਜ਼ੀ ਪੂਰੀ ਕਰਾਉਣ ਲਈ ਉਨ੍ਹਾਂ ਨੂੰ ਆਪਣੇ ਫੰਦੇ ਵਿਚ ਜੀਉਂਦੇ-ਜੀ ਫਸਾ ਲਿਆ ਹੈ। ਫਿਰ ਸ਼ਾਇਦ ਉਹ ਹੋਸ਼ ਵਿਚ ਆ ਕੇ ਉਸ ਦੇ ਫੰਦੇ ਤੋਂ ਬਚ ਜਾਣ।+