ਯਹੋਸ਼ੁਆ
18 ਫਿਰ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿਚ ਇਕੱਠੀ ਹੋਈ+ ਅਤੇ ਉਨ੍ਹਾਂ ਨੇ ਉੱਥੇ ਮੰਡਲੀ ਦਾ ਤੰਬੂ ਲਾਇਆ+ ਕਿਉਂਕਿ ਦੇਸ਼ ਹੁਣ ਉਨ੍ਹਾਂ ਦੇ ਅਧੀਨ ਹੋ ਗਿਆ ਸੀ।+ 2 ਪਰ ਅਜੇ ਵੀ ਇਜ਼ਰਾਈਲੀਆਂ ਦੇ ਸੱਤ ਗੋਤ ਬਾਕੀ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ। 3 ਇਸ ਲਈ ਯਹੋਸ਼ੁਆ ਨੇ ਇਜ਼ਰਾਈਲੀਆਂ ਨੂੰ ਕਿਹਾ: “ਤੁਸੀਂ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰਨ ਵਿਚ ਹੋਰ ਕਿੰਨਾ ਚਿਰ ਢਿੱਲ-ਮੱਠ ਕਰੀ ਜਾਓਗੇ ਜੋ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ?+ 4 ਮੈਨੂੰ ਹਰ ਗੋਤ ਵਿੱਚੋਂ ਤਿੰਨ ਆਦਮੀ ਦਿਓ ਤਾਂਕਿ ਮੈਂ ਉਨ੍ਹਾਂ ਨੂੰ ਘੱਲਾਂ; ਉਹ ਜਾ ਕੇ ਸਾਰੇ ਦੇਸ਼ ਵਿਚ ਘੁੰਮਣ ਅਤੇ ਆਪਣੀ ਵਿਰਾਸਤ ਅਨੁਸਾਰ ਇਸ ਦਾ ਵੇਰਵਾ ਲਿਖਣ। ਫਿਰ ਉਹ ਮੇਰੇ ਕੋਲ ਵਾਪਸ ਆਉਣ। 5 ਉਹ ਇਸ ਨੂੰ ਆਪਸ ਵਿਚ ਸੱਤ ਹਿੱਸਿਆਂ ਵਿਚ ਵੰਡਣ।+ ਯਹੂਦਾਹ ਦੱਖਣ ਵੱਲ ਆਪਣੇ ਇਲਾਕੇ ਵਿਚ ਰਹੇਗਾ+ ਅਤੇ ਯੂਸੁਫ਼ ਦਾ ਘਰਾਣਾ ਉੱਤਰ ਵੱਲ ਆਪਣੇ ਇਲਾਕੇ ਵਿਚ ਰਹੇਗਾ।+ 6 ਤੁਸੀਂ ਦੇਸ਼ ਨੂੰ ਸੱਤ ਹਿੱਸਿਆਂ ਵਿਚ ਵੰਡ ਕੇ ਇਸ ਦਾ ਵੇਰਵਾ ਲਿਖ ਲਇਓ ਤੇ ਫਿਰ ਇਸ ਨੂੰ ਮੇਰੇ ਕੋਲ ਇੱਥੇ ਲੈ ਆਇਓ ਅਤੇ ਮੈਂ ਸਾਡੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਇੱਥੇ ਤੁਹਾਡੇ ਲਈ ਗੁਣੇ ਪਾਵਾਂਗਾ।+ 7 ਪਰ ਤੁਹਾਡੇ ਵਿਚਕਾਰ ਲੇਵੀਆਂ ਨੂੰ ਕੋਈ ਹਿੱਸਾ ਨਹੀਂ ਦਿੱਤਾ ਜਾਵੇਗਾ+ ਕਿਉਂਕਿ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਨੀ ਹੀ ਉਨ੍ਹਾਂ ਦੀ ਵਿਰਾਸਤ ਹੈ;+ ਅਤੇ ਗਾਦ, ਰਊਬੇਨ ਤੇ ਮਨੱਸ਼ਹ ਦੇ ਅੱਧੇ ਗੋਤ+ ਨੇ ਯਰਦਨ ਦੇ ਪੂਰਬ ਵੱਲ ਪਹਿਲਾਂ ਹੀ ਆਪਣੀ ਵਿਰਾਸਤ ਲੈ ਲਈ ਹੈ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤੀ ਸੀ।”
8 ਆਦਮੀਆਂ ਨੇ ਜਾਣ ਦੀ ਤਿਆਰੀ ਕੀਤੀ ਅਤੇ ਯਹੋਸ਼ੁਆ ਨੇ ਉਨ੍ਹਾਂ ਨੂੰ, ਜਿਨ੍ਹਾਂ ਨੇ ਦੇਸ਼ ਬਾਰੇ ਵੇਰਵਾ ਲਿਖਣਾ ਸੀ, ਹੁਕਮ ਦਿੱਤਾ: “ਜਾ ਕੇ ਸਾਰੇ ਦੇਸ਼ ਵਿਚ ਘੁੰਮੋ ਅਤੇ ਇਸ ਦਾ ਵੇਰਵਾ ਲਿਖ ਕੇ ਮੇਰੇ ਕੋਲ ਵਾਪਸ ਆਓ ਅਤੇ ਮੈਂ ਸ਼ੀਲੋਹ ਵਿਚ ਯਹੋਵਾਹ ਦੇ ਸਾਮ੍ਹਣੇ ਤੁਹਾਡੇ ਲਈ ਗੁਣੇ ਪਾਵਾਂਗਾ।”+ 9 ਇਹ ਸੁਣ ਕੇ ਉਹ ਆਦਮੀ ਚਲੇ ਗਏ ਤੇ ਉਹ ਪੂਰੇ ਦੇਸ਼ ਵਿਚ ਘੁੰਮੇ ਤੇ ਉਨ੍ਹਾਂ ਨੇ ਦੇਸ਼ ਨੂੰ ਉਸ ਦੇ ਸ਼ਹਿਰਾਂ ਅਨੁਸਾਰ ਸੱਤ ਹਿੱਸਿਆਂ ਵਿਚ ਵੰਡਿਆ ਤੇ ਇਹ ਵੇਰਵਾ ਇਕ ਕਿਤਾਬ ਵਿਚ ਲਿਖ ਲਿਆ। ਉਸ ਤੋਂ ਬਾਅਦ ਉਹ ਸ਼ੀਲੋਹ ਵਿਚ ਯਹੋਸ਼ੁਆ ਕੋਲ ਛਾਉਣੀ ਵਿਚ ਵਾਪਸ ਆ ਗਏ। 10 ਫਿਰ ਯਹੋਸ਼ੁਆ ਨੇ ਸ਼ੀਲੋਹ ਵਿਚ ਯਹੋਵਾਹ ਸਾਮ੍ਹਣੇ ਉਨ੍ਹਾਂ ਲਈ ਗੁਣੇ ਪਾਏ।+ ਉੱਥੇ ਯਹੋਸ਼ੁਆ ਨੇ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਹਿੱਸਿਆਂ ਅਨੁਸਾਰ ਦੇਸ਼ ਵੰਡਿਆ।+
11 ਗੁਣਾ ਬਿਨਯਾਮੀਨ ਦੇ ਗੋਤ ਦੇ ਘਰਾਣਿਆਂ ਦੇ ਨਾਂ ʼਤੇ ਨਿਕਲਿਆ ਅਤੇ ਉਨ੍ਹਾਂ ਦੇ ਹਿੱਸੇ ਆਇਆ ਇਲਾਕਾ ਯਹੂਦਾਹ ਦੇ ਲੋਕਾਂ+ ਅਤੇ ਯੂਸੁਫ਼ ਦੇ ਲੋਕਾਂ ਦੇ ਵਿਚਕਾਰ ਪੈਂਦਾ ਸੀ।+ 12 ਉੱਤਰ ਵਿਚ ਉਨ੍ਹਾਂ ਦੀ ਸਰਹੱਦ ਯਰਦਨ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ+ ਦੀ ਉੱਤਰੀ ਢਲਾਣ ਤੋਂ ਹੁੰਦੀ ਹੋਈ ਪੱਛਮ ਵੱਲ ਪਹਾੜ ʼਤੇ ਜਾਂਦੀ ਸੀ ਤੇ ਫਿਰ ਬੈਤ-ਆਵਨ+ ਦੀ ਉਜਾੜ ਨੂੰ ਜਾਂਦੀ ਸੀ। 13 ਉੱਥੋਂ ਇਹ ਸਰਹੱਦ ਲੂਜ਼ ਯਾਨੀ ਬੈਤੇਲ+ ਦੀ ਦੱਖਣੀ ਢਲਾਣ ਤਕ ਜਾਂਦੀ ਸੀ; ਫਿਰ ਇਹ ਪਹਾੜ ʼਤੇ ਵੱਸੇ ਅਟਾਰੋਥ-ਅੱਦਾਰ+ ਤਕ ਜਾਂਦੀ ਸੀ ਜੋ ਹੇਠਲੇ ਬੈਤ-ਹੋਰੋਨ+ ਦੇ ਦੱਖਣ ਵਿਚ ਹੈ। 14 ਉੱਥੋਂ ਇਹ ਸਰਹੱਦ ਪੱਛਮ ਵੱਲ ਜਾਂਦੀ ਸੀ ਅਤੇ ਬੈਤ-ਹੋਰੋਨ ਦੇ ਸਾਮ੍ਹਣੇ ਪੈਂਦੇ ਪਹਾੜ ਤੋਂ ਦੱਖਣ ਵੱਲ ਮੁੜਦੀ ਸੀ; ਅਤੇ ਇਹ ਕਿਰਯਥ-ਬਆਲ ਯਾਨੀ ਕਿਰਯਥ-ਯਾਰੀਮ+ ʼਤੇ ਖ਼ਤਮ ਹੁੰਦੀ ਸੀ ਜੋ ਯਹੂਦਾਹ ਦਾ ਸ਼ਹਿਰ ਸੀ। ਇਹ ਪੱਛਮ ਵਾਲਾ ਪਾਸਾ ਹੈ।
15 ਦੱਖਣ ਵਿਚ ਉਨ੍ਹਾਂ ਦੀ ਸਰਹੱਦ ਕਿਰਯਥ-ਯਾਰੀਮ ਦੇ ਸਿਰੇ ਤੋਂ ਸ਼ੁਰੂ ਹੋ ਕੇ ਪੱਛਮ ਵੱਲ ਜਾਂਦੀ ਸੀ; ਇਹ ਨਫਤੋਆ ਦੇ ਪਾਣੀਆਂ ਦੇ ਸੋਮੇ+ ਵੱਲ ਜਾਂਦੀ ਸੀ। 16 ਫਿਰ ਇਹ ਸਰਹੱਦ ਰਫ਼ਾਈਮ+ ਵਾਦੀ ਦੇ ਉੱਤਰੀ ਸਿਰੇ ʼਤੇ ਪਹਾੜ ਦੇ ਹੇਠਾਂ ਤਕ ਜਾਂਦੀ ਸੀ। ਇਸ ਪਹਾੜ ਦੇ ਸਾਮ੍ਹਣੇ ਹਿੰਨੋਮ ਦੇ ਪੁੱਤਰ ਦੀ ਵਾਦੀ+ ਸੀ। ਪਹਾੜ ਤੋਂ ਇਹ ਸਰਹੱਦ ਹਿੰਨੋਮ ਵਾਦੀ ਵਿਚ ਜਾਂਦੀ ਸੀ ਅਤੇ ਯਬੂਸੀ+ ਸ਼ਹਿਰ ਦੀ ਦੱਖਣੀ ਢਲਾਣ ਤੋਂ ਹੋ ਕੇ ਹੇਠਾਂ ਏਨ-ਰੋਗੇਲ+ ਤਕ ਜਾਂਦੀ ਸੀ। 17 ਉੱਥੋਂ ਇਹ ਉੱਤਰ ਵੱਲ ਏਨ-ਸ਼ਮਸ਼ ਨੂੰ ਜਾਂਦੀ ਸੀ ਅਤੇ ਉੱਥੋਂ ਗਲੀਲੋਥ ਵੱਲ ਜਾਂਦੀ ਸੀ ਜੋ ਅਦੁਮੀਮ ਦੀ ਚੜ੍ਹਾਈ ਦੇ ਸਾਮ੍ਹਣੇ ਹੈ।+ ਫਿਰ ਇਹ ਸਰਹੱਦ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ+ ਵੱਲ ਜਾਂਦੀ ਸੀ।+ 18 ਫਿਰ ਇਹ ਸਰਹੱਦ ਅਰਾਬਾਹ ਦੇ ਸਾਮ੍ਹਣੇ ਉੱਤਰੀ ਢਲਾਣ ਤੋਂ ਹੁੰਦੀ ਹੋਈ ਹੇਠਾਂ ਅਰਾਬਾਹ ਵੱਲ ਜਾਂਦੀ ਸੀ। 19 ਉੱਥੋਂ ਇਹ ਬੈਤ-ਹਾਗਲਾਹ+ ਦੀ ਉੱਤਰੀ ਢਲਾਣ ਤੋਂ ਜਾਂਦੀ ਹੋਈ ਯਰਦਨ ਦੇ ਦੱਖਣੀ ਸਿਰੇ ਉੱਤੇ ਖਾਰੇ ਸਮੁੰਦਰ* ਦੀ ਉੱਤਰੀ ਖਾੜੀ ʼਤੇ ਖ਼ਤਮ ਹੁੰਦੀ ਸੀ।+ ਇਹ ਦੱਖਣੀ ਸਰਹੱਦ ਸੀ। 20 ਉਨ੍ਹਾਂ ਦੀ ਪੂਰਬੀ ਸਰਹੱਦ ਯਰਦਨ ਸੀ। ਇਹ ਬਿਨਯਾਮੀਨ ਦੀ ਔਲਾਦ ਦੇ ਘਰਾਣਿਆਂ ਦੀ ਵਿਰਾਸਤ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਦੀਆਂ ਸਰਹੱਦਾਂ ਅਨੁਸਾਰ ਸੀ।
21 ਬਿਨਯਾਮੀਨ ਦੇ ਗੋਤ ਦੇ ਇਹ ਸ਼ਹਿਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸਨ: ਯਰੀਹੋ, ਬੈਤ-ਹਾਗਲਾਹ, ਏਮਕ-ਕਸੀਸ, 22 ਬੈਤ-ਅਰਬਾਹ,+ ਸਮਾਰਾਇਮ, ਬੈਤੇਲ,+ 23 ਅੱਵੀਮ, ਪਾਰਾਹ, ਆਫਰਾਹ, 24 ਕਫਰ-ਅੱਮੋਨੀ, ਆਫਨੀ ਅਤੇ ਗਬਾ+—12 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
25 ਗਿਬਓਨ,+ ਰਾਮਾਹ, ਬਏਰੋਥ, 26 ਮਿਸਪੇਹ, ਕਫੀਰਾਹ, ਮੋਸਾਹ, 27 ਰਕਮ, ਯਿਰਪਏਲ, ਤਰਲਾਹ, 28 ਸੇਲਾਹ,+ ਅਲਫ, ਯਬੂਸੀ ਯਾਨੀ ਯਰੂਸ਼ਲਮ,+ ਗਿਬਆਹ+ ਅਤੇ ਕਿਰਯਥ—14 ਸ਼ਹਿਰ ਤੇ ਇਨ੍ਹਾਂ ਦੇ ਪਿੰਡ।
ਇਹ ਬਿਨਯਾਮੀਨ ਦੀ ਔਲਾਦ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਵਿਰਾਸਤ ਸੀ।