ਪਹਿਲਾ ਸਮੂਏਲ
23 ਕੁਝ ਸਮੇਂ ਬਾਅਦ ਦਾਊਦ ਨੂੰ ਖ਼ਬਰ ਮਿਲੀ: “ਫਲਿਸਤੀ ਕਈਲਾਹ+ ਵਿਰੁੱਧ ਲੜ ਰਹੇ ਹਨ ਅਤੇ ਉਹ ਪਿੜਾਂ* ਨੂੰ ਲੁੱਟੀ ਜਾ ਰਹੇ ਹਨ।” 2 ਇਸ ਲਈ ਦਾਊਦ ਨੇ ਯਹੋਵਾਹ ਤੋਂ ਸਲਾਹ ਮੰਗੀ:+ “ਕੀ ਮੈਂ ਜਾਵਾਂ ਤੇ ਇਨ੍ਹਾਂ ਫਲਿਸਤੀਆਂ ਨੂੰ ਮਾਰਾਂ?” ਯਹੋਵਾਹ ਨੇ ਦਾਊਦ ਨੂੰ ਕਿਹਾ: “ਹਾਂ ਜਾਹ, ਫਲਿਸਤੀਆਂ ਨੂੰ ਮਾਰ ਸੁੱਟ ਅਤੇ ਕਈਲਾਹ ਨੂੰ ਬਚਾ ਲੈ।” 3 ਪਰ ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਦੇਖ! ਅਸੀਂ ਇੱਥੇ ਯਹੂਦਾਹ ਵਿਚ ਹੀ ਕਿੰਨੇ ਡਰੇ ਹੋਏ ਹਾਂ;+ ਜੇ ਅਸੀਂ ਕਈਲਾਹ ਵਿਚ ਜਾ ਕੇ ਫਲਿਸਤੀਆਂ ਦੀ ਫ਼ੌਜ ਨਾਲ ਲੜਾਂਗੇ,+ ਤਾਂ ਸਾਨੂੰ ਹੋਰ ਵੀ ਕਿੰਨਾ ਜ਼ਿਆਦਾ ਡਰ ਲੱਗੇਗਾ!” 4 ਇਸ ਲਈ ਦਾਊਦ ਨੇ ਦੁਬਾਰਾ ਯਹੋਵਾਹ ਤੋਂ ਸਲਾਹ ਮੰਗੀ।+ ਯਹੋਵਾਹ ਨੇ ਉਸ ਨੂੰ ਜਵਾਬ ਦਿੱਤਾ: “ਉੱਠ; ਕਈਲਾਹ ਨੂੰ ਜਾਹ ਕਿਉਂਕਿ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।”+ 5 ਫਿਰ ਦਾਊਦ ਆਪਣੇ ਆਦਮੀਆਂ ਨਾਲ ਕਈਲਾਹ ਗਿਆ ਤੇ ਫਲਿਸਤੀਆਂ ਨਾਲ ਲੜਿਆ; ਉਸ ਨੇ ਉਨ੍ਹਾਂ ਦੇ ਪਸ਼ੂ ਖੋਹ ਲਏ ਤੇ ਬਹੁਤ ਸਾਰੇ ਫਲਿਸਤੀਆਂ ਨੂੰ ਵੱਢ ਸੁੱਟਿਆ ਅਤੇ ਦਾਊਦ ਨੇ ਕਈਲਾਹ ਦੇ ਵਾਸੀਆਂ ਨੂੰ ਬਚਾ ਲਿਆ।+
6 ਜਦੋਂ ਅਹੀਮਲਕ ਦਾ ਪੁੱਤਰ ਅਬਯਾਥਾਰ+ ਭੱਜ ਕੇ ਦਾਊਦ ਕੋਲ ਕਈਲਾਹ ਵਿਚ ਗਿਆ, ਤਾਂ ਉਸ ਕੋਲ ਇਕ ਏਫ਼ੋਦ ਸੀ। 7 ਸ਼ਾਊਲ ਨੂੰ ਖ਼ਬਰ ਮਿਲੀ: “ਦਾਊਦ ਕਈਲਾਹ ਆ ਗਿਆ ਹੈ।” ਇਹ ਸੁਣ ਕੇ ਸ਼ਾਊਲ ਨੇ ਕਿਹਾ: “ਪਰਮੇਸ਼ੁਰ ਨੇ ਉਸ ਨੂੰ ਮੇਰੇ ਹੱਥ ਵਿਚ ਦੇ ਦਿੱਤਾ ਹੈ।*+ ਉਹ ਇਸ ਸ਼ਹਿਰ ਅੰਦਰ ਆ ਕੇ ਫਸ ਗਿਆ ਹੈ ਜਿਸ ਦੇ ਦਰਵਾਜ਼ੇ ਹੋੜਿਆਂ ਨਾਲ ਬੰਦ ਕੀਤੇ ਹੋਏ ਹਨ।” 8 ਇਸ ਲਈ ਸ਼ਾਊਲ ਨੇ ਸਾਰੇ ਲੋਕਾਂ ਨੂੰ ਯੁੱਧ ਲਈ ਬੁਲਾਇਆ ਤਾਂਕਿ ਉਹ ਕਈਲਾਹ ਜਾ ਕੇ ਦਾਊਦ ਤੇ ਉਸ ਦੇ ਆਦਮੀਆਂ ਨੂੰ ਘੇਰਨ। 9 ਜਦ ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਖ਼ਿਲਾਫ਼ ਸਾਜ਼ਸ਼ ਘੜ ਰਿਹਾ ਸੀ, ਤਾਂ ਉਸ ਨੇ ਪੁਜਾਰੀ ਅਬਯਾਥਾਰ ਨੂੰ ਕਿਹਾ: “ਏਫ਼ੋਦ ਇੱਥੇ ਲੈ ਕੇ ਆ।”+ 10 ਫਿਰ ਦਾਊਦ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਸੇਵਕ ਨੇ ਸੁਣਿਆ ਹੈ ਕਿ ਸ਼ਾਊਲ ਮੇਰੇ ਕਰਕੇ ਸ਼ਹਿਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਕਈਲਾਹ ਆ ਰਿਹਾ ਹੈ।+ 11 ਕੀ ਕਈਲਾਹ ਦੇ ਆਗੂ* ਮੈਨੂੰ ਉਸ ਦੇ ਹੱਥ ਵਿਚ ਦੇ ਦੇਣਗੇ? ਕੀ ਸ਼ਾਊਲ ਵਾਕਈ ਆਵੇਗਾ ਜਿਵੇਂ ਤੇਰੇ ਸੇਵਕ ਨੇ ਸੁਣਿਆ ਹੈ? ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣੇ ਸੇਵਕ ਨੂੰ ਜਵਾਬ ਦੇ।” ਇਹ ਸੁਣ ਕੇ ਯਹੋਵਾਹ ਨੇ ਕਿਹਾ: “ਹਾਂ, ਉਹ ਆਵੇਗਾ।” 12 ਦਾਊਦ ਨੇ ਪੁੱਛਿਆ: “ਕੀ ਕਈਲਾਹ ਦੇ ਆਗੂ ਮੈਨੂੰ ਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਹੱਥ ਵਿਚ ਦੇ ਦੇਣਗੇ?” ਯਹੋਵਾਹ ਨੇ ਜਵਾਬ ਦਿੱਤਾ: “ਹਾਂ, ਉਹ ਤੁਹਾਨੂੰ ਉਸ ਦੇ ਹਵਾਲੇ ਕਰ ਦੇਣਗੇ।”
13 ਉਸੇ ਵੇਲੇ ਦਾਊਦ ਆਪਣੇ ਲਗਭਗ 600 ਆਦਮੀਆਂ ਨਾਲ ਉੱਠਿਆ+ ਤੇ ਉਹ ਕਈਲਾਹ ਤੋਂ ਚਲੇ ਗਏ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਰਾਹ ਲੱਭਾ, ਉੱਧਰ ਨੂੰ ਤੁਰ ਪਏ। ਜਦ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਕਈਲਾਹ ਤੋਂ ਭੱਜ ਗਿਆ ਹੈ, ਤਾਂ ਉਹ ਉਸ ਦੇ ਪਿੱਛੇ ਨਹੀਂ ਗਿਆ। 14 ਦਾਊਦ ਜ਼ੀਫ+ ਦੀ ਉਜਾੜ ਦੇ ਪਹਾੜੀ ਇਲਾਕੇ ਵਿਚ ਅਜਿਹੀਆਂ ਥਾਵਾਂ ʼਤੇ ਲੁਕਿਆ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ। ਸ਼ਾਊਲ ਲਗਾਤਾਰ ਉਸ ਨੂੰ ਲੱਭਦਾ ਰਿਹਾ,+ ਪਰ ਯਹੋਵਾਹ ਨੇ ਦਾਊਦ ਨੂੰ ਉਸ ਦੇ ਹੱਥ ਵਿਚ ਨਹੀਂ ਦਿੱਤਾ। 15 ਜ਼ੀਫ ਦੀ ਉਜਾੜ ਵਿਚ ਹੋਰੇਸ਼ ਨਾਂ ਦੀ ਥਾਂ ʼਤੇ ਹੁੰਦਿਆਂ ਦਾਊਦ ਨੂੰ ਪਤਾ ਸੀ ਕਿ* ਸ਼ਾਊਲ ਉਸ ਦੀ ਜਾਨ ਲੈਣ ਲਈ ਨਿਕਲ ਤੁਰਿਆ ਸੀ।
16 ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿਚ ਦਾਊਦ ਕੋਲ ਗਿਆ ਅਤੇ ਉਸ ਨੇ ਯਹੋਵਾਹ ʼਤੇ ਦਾਊਦ ਦਾ ਭਰੋਸਾ ਪੱਕਾ ਕੀਤਾ।*+ 17 ਉਸ ਨੇ ਉਸ ਨੂੰ ਕਿਹਾ: “ਨਾ ਡਰ ਕਿਉਂਕਿ ਮੇਰਾ ਪਿਤਾ ਸ਼ਾਊਲ ਤੈਨੂੰ ਲੱਭ ਨਹੀਂ ਸਕੇਗਾ; ਤੂੰ ਇਜ਼ਰਾਈਲ ਦਾ ਰਾਜਾ ਬਣੇਂਗਾ+ ਅਤੇ ਮੈਂ ਤੇਰੇ ਤੋਂ ਦੂਸਰੇ ਦਰਜੇ ʼਤੇ ਹੋਵਾਂਗਾ; ਅਤੇ ਮੇਰਾ ਪਿਤਾ ਸ਼ਾਊਲ ਵੀ ਇਹ ਗੱਲ ਜਾਣਦਾ ਹੈ।”+ 18 ਫਿਰ ਉਨ੍ਹਾਂ ਦੋਹਾਂ ਨੇ ਯਹੋਵਾਹ ਅੱਗੇ ਇਕਰਾਰ ਕੀਤਾ+ ਅਤੇ ਦਾਊਦ ਹੋਰੇਸ਼ ਵਿਚ ਰਿਹਾ ਤੇ ਯੋਨਾਥਾਨ ਆਪਣੇ ਘਰ ਚਲਾ ਗਿਆ।
19 ਬਾਅਦ ਵਿਚ ਜ਼ੀਫ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਗਏ ਤੇ ਕਿਹਾ: “ਦਾਊਦ ਸਾਡੇ ਲਾਗੇ ਹੋਰੇਸ਼+ ਦੀਆਂ ਉਨ੍ਹਾਂ ਥਾਵਾਂ ʼਤੇ ਲੁਕਿਆ ਹੈ+ ਜਿਨ੍ਹਾਂ ਤਕ ਪਹੁੰਚਣਾ ਔਖਾ ਹੈ ਜੋ ਯਸ਼ੀਮੋਨ* ਦੇ ਦੱਖਣ ਵੱਲ*+ ਹਕੀਲਾਹ ਦੀ ਪਹਾੜੀ+ ਉੱਤੇ ਹਨ। 20 ਹੇ ਮਹਾਰਾਜ, ਜਦ ਤੇਰਾ ਮਨ ਕਰੇ, ਤੂੰ ਆ ਜਾਈਂ ਅਤੇ ਅਸੀਂ ਉਸ ਨੂੰ ਤੇਰੇ ਹਵਾਲੇ ਕਰ ਦਿਆਂਗੇ।”+ 21 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਯਹੋਵਾਹ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਮੇਰੇ ਨਾਲ ਹਮਦਰਦੀ ਜਤਾਈ ਹੈ। 22 ਹੁਣ ਜਾਓ ਤੇ ਉਸ ਦਾ ਅਸਲੀ ਟਿਕਾਣਾ ਲੱਭਣ ਦੀ ਕੋਸ਼ਿਸ਼ ਕਰੋ ਅਤੇ ਪਤਾ ਕਰੋ ਕਿ ਕਿਸ ਨੇ ਉਸ ਨੂੰ ਉੱਥੇ ਦੇਖਿਆ ਸੀ ਕਿਉਂਕਿ ਮੈਂ ਸੁਣਿਆ ਹੈ ਕਿ ਉਹ ਬਹੁਤ ਚਲਾਕ ਹੈ। 23 ਧਿਆਨ ਨਾਲ ਪਤਾ ਲਗਾਓ ਕਿ ਉਹ ਕਿੱਥੇ-ਕਿੱਥੇ ਜਾ ਕੇ ਲੁਕਦਾ ਹੈ ਅਤੇ ਸਬੂਤ ਲੈ ਕੇ ਮੇਰੇ ਕੋਲ ਵਾਪਸ ਆਇਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ ਤੇ ਜੇ ਉਹ ਇਸ ਦੇਸ਼ ਵਿਚ ਹੈ, ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ* ਵਿੱਚੋਂ ਵੀ ਲੱਭ ਲਵਾਂਗਾ।”
24 ਇਸ ਤੋਂ ਬਾਅਦ ਉਹ ਉੱਥੋਂ ਸ਼ਾਊਲ ਦੇ ਅੱਗੇ-ਅੱਗੇ ਜ਼ੀਫ+ ਨੂੰ ਚਲੇ ਗਏ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ+ ਵਿਚ ਮਾਓਨ+ ਦੀ ਉਜਾੜ ਵਿਚ ਸਨ। 25 ਫਿਰ ਸ਼ਾਊਲ ਆਪਣੇ ਆਦਮੀਆਂ ਨਾਲ ਉਸ ਨੂੰ ਲੱਭਣ ਆਇਆ।+ ਜਦ ਦਾਊਦ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸੇ ਵੇਲੇ ਚਟਾਨ ਵੱਲ ਚਲਾ ਗਿਆ+ ਤੇ ਮਾਓਨ ਦੀ ਉਜਾੜ ਵਿਚ ਹੀ ਰਿਹਾ। ਜਦ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮਾਓਨ ਦੀ ਉਜਾੜ ਵਿਚ ਦਾਊਦ ਦਾ ਪਿੱਛਾ ਕੀਤਾ। 26 ਜਦੋਂ ਸ਼ਾਊਲ ਪਹਾੜ ਦੇ ਇਕ ਪਾਸੇ ਪਹੁੰਚਿਆ, ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਪਹਾੜ ਦੇ ਦੂਜੇ ਪਾਸੇ ਸਨ। ਦਾਊਦ ਸ਼ਾਊਲ ਤੋਂ ਦੂਰ ਜਾਣ ਲਈ ਭੱਜ ਰਿਹਾ ਸੀ+ ਅਤੇ ਸ਼ਾਊਲ ਤੇ ਉਸ ਦੇ ਆਦਮੀ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਨ੍ਹਾਂ ਦੇ ਹੋਰ ਨੇੜੇ ਆਉਂਦੇ ਜਾ ਰਹੇ ਸਨ।+ 27 ਫਿਰ ਇਕ ਸੰਦੇਸ਼ ਦੇਣ ਵਾਲੇ ਨੇ ਸ਼ਾਊਲ ਕੋਲ ਆ ਕੇ ਕਿਹਾ: “ਛੇਤੀ ਚੱਲ ਕਿਉਂਕਿ ਫਲਿਸਤੀਆਂ ਨੇ ਦੇਸ਼ ʼਤੇ ਹਮਲਾ ਕਰ ਦਿੱਤਾ ਹੈ!” 28 ਇਸ ਲਈ ਸ਼ਾਊਲ ਦਾਊਦ ਦਾ ਪਿੱਛਾ ਕਰਨਾ ਛੱਡ ਕੇ+ ਫਲਿਸਤੀਆਂ ਦਾ ਮੁਕਾਬਲਾ ਕਰਨ ਚਲਾ ਗਿਆ। ਇਸੇ ਲਈ ਉਸ ਜਗ੍ਹਾ ਦਾ ਨਾਂ ਅਲਹਿਦਗੀ ਦੀ ਚਟਾਨ ਪੈ ਗਿਆ।
29 ਫਿਰ ਦਾਊਦ ਉੱਥੋਂ ਚਲਾ ਗਿਆ ਤੇ ਏਨ-ਗਦੀ+ ਵਿਚ ਉਨ੍ਹਾਂ ਥਾਵਾਂ ʼਤੇ ਰਿਹਾ ਜਿਨ੍ਹਾਂ ਤਕ ਪਹੁੰਚਣਾ ਔਖਾ ਸੀ।