ਫ਼ਿਲਿੱਪੀਆਂ ਨੂੰ ਚਿੱਠੀ
4 ਇਸ ਕਰਕੇ ਮੇਰੇ ਪਿਆਰੇ ਭਰਾਵੋ, ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਅਨੁਸਾਰ ਮਜ਼ਬੂਤੀ ਨਾਲ ਖੜ੍ਹੇ+ ਰਹਿ ਕੇ ਪ੍ਰਭੂ ਦੀ ਸੇਵਾ ਕਰੋ। ਤੁਸੀਂ ਮੇਰੀ ਖ਼ੁਸ਼ੀ ਤੇ ਮੇਰਾ ਇਨਾਮ* ਹੋ+ ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਦੇਖਣ ਲਈ ਤਰਸਦਾ ਹਾਂ।
2 ਯੂਓਦੀਆ ਅਤੇ ਸੁੰਤੁਖੇ ਨੂੰ ਮੇਰੀ ਨਸੀਹਤ ਹੈ ਕਿ ਉਹ ਪ੍ਰਭੂ ਦੀ ਸੇਵਾ ਕਰਦਿਆਂ ਇਕ ਮਨ ਹੋਣ।+ 3 ਮੇਰਾ ਸੱਚਾ ਸਾਥੀ ਹੋਣ ਕਰਕੇ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਨ੍ਹਾਂ ਭੈਣਾਂ ਦੀ ਮਦਦ ਕਰਦਾ ਰਹਿ। ਇਨ੍ਹਾਂ ਦੋਵਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮੇਰੇ ਨਾਲ, ਕਲੈਮੰਸ ਨਾਲ ਅਤੇ ਮੇਰੇ ਬਾਕੀ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਮਿਹਨਤ ਕੀਤੀ ਹੈ। ਇਨ੍ਹਾਂ ਸਾਰਿਆਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ।+
4 ਪ੍ਰਭੂ ਕਰਕੇ ਹਮੇਸ਼ਾ ਖ਼ੁਸ਼ ਰਹੋ। ਮੈਂ ਦੁਬਾਰਾ ਕਹਿੰਦਾ ਹਾਂ, ਖ਼ੁਸ਼ ਰਹੋ!+ 5 ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ+ ਦਾ ਸਬੂਤ ਦਿਓ।* ਪ੍ਰਭੂ ਨੇੜੇ ਹੈ। 6 ਕਿਸੇ ਗੱਲ ਦੀ ਚਿੰਤਾ ਨਾ ਕਰੋ,+ ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ+ 7 ਅਤੇ ਪਰਮੇਸ਼ੁਰ ਦੀ ਸ਼ਾਂਤੀ+ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ+ ਅਤੇ ਮਨਾਂ* ਦੀ ਰਾਖੀ ਕਰੇਗੀ।
8 ਅਖ਼ੀਰ ਵਿਚ, ਭਰਾਵੋ, ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੋ ਜਿਹੜੀਆਂ ਸੱਚੀਆਂ, ਗੰਭੀਰ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ ਹਨ।+ 9 ਤੁਸੀਂ ਮੇਰੇ ਤੋਂ ਜਿਹੜੀਆਂ ਗੱਲਾਂ ਸਿੱਖੀਆਂ, ਸਵੀਕਾਰ ਕੀਤੀਆਂ, ਸੁਣੀਆਂ ਅਤੇ ਮੇਰੇ ਵਿਚ ਦੇਖੀਆਂ ਹਨ, ਉਨ੍ਹਾਂ ਗੱਲਾਂ ਉੱਤੇ ਚੱਲਦੇ ਰਹੋ।+ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ।
10 ਪ੍ਰਭੂ ਦਾ ਸੇਵਕ ਹੋਣ ਦੇ ਨਾਤੇ ਮੈਂ ਇਸ ਗੱਲੋਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਦੁਬਾਰਾ ਮੇਰਾ ਫ਼ਿਕਰ ਕਰ ਰਹੇ ਹੋ।+ ਭਾਵੇਂ ਤੁਹਾਨੂੰ ਹਮੇਸ਼ਾ ਮੇਰਾ ਫ਼ਿਕਰ ਰਹਿੰਦਾ ਸੀ, ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਸੀ। 11 ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਹੈ। ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ।+ 12 ਮੈਂ ਥੋੜ੍ਹੇ ਵਿਚ ਵੀ ਅਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ।+ ਜ਼ਿੰਦਗੀ ਵਿਚ ਮੇਰੇ ਹਾਲਾਤ ਚਾਹੇ ਜੋ ਵੀ ਹੋਣ, ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣ ਲਿਆ ਹੈ 13 ਕਿਉਂਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।+
14 ਫਿਰ ਵੀ ਤੁਸੀਂ ਮੇਰੇ ਦੁੱਖਾਂ ਵਿਚ ਮੇਰੀ ਮਦਦ ਕਰ ਕੇ ਬਹੁਤ ਚੰਗਾ ਕੀਤਾ। 15 ਅਸਲ ਵਿਚ, ਫ਼ਿਲਿੱਪੈ ਦੇ ਭਰਾਵੋ, ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਪਹਿਲਾਂ ਖ਼ੁਸ਼ ਖ਼ਬਰੀ ਬਾਰੇ ਸਿੱਖਿਆ ਸੀ ਅਤੇ ਬਾਅਦ ਵਿਚ ਜਦੋਂ ਮੈਂ ਮਕਦੂਨੀਆ ਤੋਂ ਤੁਰਿਆ ਸੀ, ਉਸ ਵੇਲੇ ਤੁਹਾਡੇ ਤੋਂ ਸਿਵਾਇ ਹੋਰ ਕਿਸੇ ਮੰਡਲੀ ਨੇ ਨਾ ਮੇਰੀ ਮਦਦ ਕੀਤੀ ਅਤੇ ਨਾ ਹੀ ਮੇਰੀ ਮਦਦ ਕਬੂਲ ਕੀਤੀ;+ 16 ਜਦੋਂ ਮੈਂ ਥੱਸਲੁਨੀਕਾ ਵਿਚ ਸੀ, ਉੱਥੇ ਵੀ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਇਕ ਵਾਰ ਨਹੀਂ, ਸਗੋਂ ਦੋ ਵਾਰ ਕੁਝ ਘੱਲਿਆ। 17 ਇਹ ਗੱਲ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਤੋਹਫ਼ੇ ਚਾਹੁੰਦਾ ਹਾਂ, ਸਗੋਂ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਤੁਹਾਨੂੰ ਬਰਕਤਾਂ ਮਿਲਣ ਜਿਸ ਨਾਲ ਤੁਹਾਡੇ ਖਾਤੇ* ਵਿਚ ਹੋਰ ਵਾਧਾ ਹੋਵੇ। 18 ਪਰ ਮੇਰੇ ਕੋਲ ਲੋੜ ਜੋਗਾ ਸਭ ਕੁਝ ਹੈ, ਸਗੋਂ ਵਾਧੂ ਹੈ। ਮੈਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਉਂਕਿ ਤੁਹਾਡੀਆਂ ਘੱਲੀਆਂ ਚੀਜ਼ਾਂ ਮੈਨੂੰ ਇਪਾਫ੍ਰੋਦੀਤੁਸ+ ਤੋਂ ਮਿਲ ਗਈਆਂ ਹਨ। ਇਹ ਸਭ ਕੁਝ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ+ ਜਿਸ ਨੂੰ ਪਰਮੇਸ਼ੁਰ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ। 19 ਬਦਲੇ ਵਿਚ, ਮੇਰਾ ਪਰਮੇਸ਼ੁਰ, ਜਿਹੜਾ ਬਹੁਤ ਧਨਵਾਨ ਹੈ, ਮਸੀਹ ਯਿਸੂ ਰਾਹੀਂ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।+ 20 ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ। ਆਮੀਨ।
21 ਮਸੀਹ ਯਿਸੂ ਦੇ ਸਾਰੇ ਪਵਿੱਤਰ ਸੇਵਕਾਂ ਨੂੰ ਮੇਰੇ ਵੱਲੋਂ ਨਮਸਕਾਰ। ਮੇਰੇ ਨਾਲ ਜਿਹੜੇ ਭਰਾ ਹਨ, ਉਨ੍ਹਾਂ ਵੱਲੋਂ ਵੀ ਤੁਹਾਨੂੰ ਨਮਸਕਾਰ। 22 ਤੁਹਾਨੂੰ ਸਾਰੇ ਪਵਿੱਤਰ ਸੇਵਕਾਂ ਵੱਲੋਂ ਨਮਸਕਾਰ, ਖ਼ਾਸ ਕਰਕੇ ਉਨ੍ਹਾਂ ਵੱਲੋਂ ਜਿਹੜੇ ਸਮਰਾਟ* ਦੇ ਘਰਾਣੇ ਵਿੱਚੋਂ ਹਨ।+
23 ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।