ਦੂਜਾ ਰਾਜਿਆਂ
13 ਯਹੂਦਾਹ ਦੇ ਰਾਜਾ ਅਹਜ਼ਯਾਹ+ ਦੇ ਪੁੱਤਰ ਯਹੋਆਸ਼+ ਦੇ ਰਾਜ ਦੇ 23ਵੇਂ ਸਾਲ ਯੇਹੂ+ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣ ਗਿਆ ਅਤੇ ਉਸ ਨੇ 17 ਸਾਲ ਰਾਜ ਕੀਤਾ। 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹੀ ਪਾਪ ਕਰਨ ਵਿਚ ਲੱਗਾ ਰਿਹਾ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਇਆ ਸੀ।+ ਉਸ ਨੇ ਉਸ ਪਾਪ ਤੋਂ ਮੂੰਹ ਨਹੀਂ ਮੋੜਿਆ। 3 ਇਸ ਲਈ ਯਹੋਵਾਹ ਦਾ ਕ੍ਰੋਧ+ ਇਜ਼ਰਾਈਲ ਉੱਤੇ ਭੜਕ ਉੱਠਿਆ+ ਅਤੇ ਉਨ੍ਹਾਂ ਦੇ ਸਾਰੇ ਦਿਨਾਂ ਦੌਰਾਨ ਉਸ ਨੇ ਉਨ੍ਹਾਂ ਨੂੰ ਸੀਰੀਆ ਦੇ ਰਾਜੇ ਹਜ਼ਾਏਲ+ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ+ ਦੇ ਹੱਥ ਵਿਚ ਦੇ ਦਿੱਤਾ।
4 ਕੁਝ ਸਮੇਂ ਬਾਅਦ ਯਹੋਆਹਾਜ਼ ਨੇ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂਕਿ ਉਸ ਨੇ ਦੇਖਿਆ ਸੀ ਕਿ ਸੀਰੀਆ ਦੇ ਰਾਜੇ ਨੇ ਇਜ਼ਰਾਈਲ ʼਤੇ ਕਿੰਨੇ ਅਤਿਆਚਾਰ ਕੀਤੇ ਸਨ।+ 5 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਸੀਰੀਆ ਦੇ ਚੁੰਗਲ ਵਿੱਚੋਂ ਬਚਾਉਣ ਲਈ ਉਨ੍ਹਾਂ ਨੂੰ ਇਕ ਛੁਡਾਉਣ ਵਾਲਾ ਦਿੱਤਾ+ ਅਤੇ ਇਜ਼ਰਾਈਲੀ ਪਹਿਲਾਂ ਵਾਂਗ* ਆਪਣੇ ਘਰਾਂ ਵਿਚ ਵੱਸਣ ਲੱਗੇ। 6 (ਪਰ ਉਨ੍ਹਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਪਾਪ ਤੋਂ ਮੂੰਹ ਨਹੀਂ ਮੋੜਿਆ ਜੋ ਉਸ ਨੇ ਇਜ਼ਰਾਈਲ ਤੋਂ ਕਰਾਇਆ ਸੀ।+ ਉਹ ਇਹ ਪਾਪ ਕਰਨ ਵਿਚ ਲੱਗੇ ਰਹੇ* ਅਤੇ ਸਾਮਰਿਯਾ ਵਿਚ ਪੂਜਾ-ਖੰਭਾ*+ ਖੜ੍ਹਾ ਰਿਹਾ।) 7 ਯਹੋਆਹਾਜ਼ ਦੀ ਫ਼ੌਜ ਵਿਚ ਸਿਰਫ਼ 50 ਘੋੜਸਵਾਰ, 10 ਰਥ ਅਤੇ 10,000 ਪੈਦਲ ਚੱਲਣ ਵਾਲੇ ਫ਼ੌਜੀ ਹੀ ਬਚੇ ਕਿਉਂਕਿ ਸੀਰੀਆ ਦੇ ਰਾਜੇ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ,+ ਹਾਂ, ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਮਿੱਧ ਦਿੱਤਾ ਜਿਵੇਂ ਦਾਣੇ ਗਾਹੁਣ ਵੇਲੇ ਧੂੜ ਮਿੱਧ ਦਿੱਤੀ ਜਾਂਦੀ ਹੈ।+
8 ਯਹੋਆਹਾਜ਼ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 9 ਫਿਰ ਯਹੋਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿਚ ਦਫ਼ਨਾ ਦਿੱਤਾ+ ਤੇ ਉਸ ਦਾ ਪੁੱਤਰ ਯਹੋਆਸ਼ ਉਸ ਦੀ ਜਗ੍ਹਾ ਰਾਜਾ ਬਣ ਗਿਆ।
10 ਯਹੂਦਾਹ ਦੇ ਰਾਜੇ ਯਹੋਆਸ਼ ਦੇ ਰਾਜ ਦੇ 37ਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ 16 ਸਾਲ ਰਾਜ ਕੀਤਾ। 11 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਸ ਨੇ ਉਨ੍ਹਾਂ ਸਾਰੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ ਉਹ ਇਹ ਪਾਪ ਕਰਨ ਵਿਚ ਲੱਗਾ ਰਿਹਾ।*
12 ਯਹੋਆਸ਼ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ, ਉਸ ਦੀ ਤਾਕਤ ਅਤੇ ਉਹ ਕਿਵੇਂ ਯਹੂਦਾਹ ਦੇ ਰਾਜਾ ਅਮਸਯਾਹ ਖ਼ਿਲਾਫ਼ ਲੜਿਆ,+ ਇਸ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 13 ਫਿਰ ਯਹੋਆਸ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਯਾਰਾਬੁਆਮ*+ ਉਸ ਦੇ ਸਿੰਘਾਸਣ ʼਤੇ ਬੈਠ ਗਿਆ। ਯਹੋਆਸ਼ ਨੂੰ ਸਾਮਰਿਯਾ ਵਿਚ ਇਜ਼ਰਾਈਲ ਦੇ ਰਾਜਿਆਂ ਨਾਲ ਦਫ਼ਨਾ ਦਿੱਤਾ ਗਿਆ।+
14 ਅਲੀਸ਼ਾ+ ਨੂੰ ਇਕ ਬੀਮਾਰੀ ਲੱਗ ਗਈ ਜਿਸ ਨਾਲ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ। ਜਦੋਂ ਉਹ ਬੀਮਾਰ ਸੀ, ਤਾਂ ਇਜ਼ਰਾਈਲ ਦਾ ਰਾਜਾ ਯਹੋਆਸ਼ ਉਸ ਨੂੰ ਮਿਲਣ ਗਿਆ ਅਤੇ ਉਸ ਲਈ ਰੋਇਆ ਤੇ ਕਿਹਾ: “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਜ਼ਰਾਈਲ ਦਾ ਰਥ ਅਤੇ ਉਸ ਦੇ ਘੋੜਸਵਾਰ!”+ 15 ਫਿਰ ਅਲੀਸ਼ਾ ਨੇ ਉਸ ਨੂੰ ਕਿਹਾ: “ਕਮਾਨ ਅਤੇ ਤੀਰ ਲੈ।” ਉਸ ਨੇ ਕਮਾਨ ਅਤੇ ਤੀਰ ਲਏ। 16 ਫਿਰ ਉਸ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਆਪਣੇ ਹੱਥ ਵਿਚ ਕਮਾਨ ਲੈ।” ਉਸ ਨੇ ਆਪਣੇ ਹੱਥ ਵਿਚ ਕਮਾਨ ਲੈ ਲਈ। ਇਸ ਤੋਂ ਬਾਅਦ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ʼਤੇ ਰੱਖੇ। 17 ਫਿਰ ਉਸ ਨੇ ਕਿਹਾ: “ਪੂਰਬ ਵੱਲ ਦੀ ਖਿੜਕੀ ਖੋਲ੍ਹ।” ਉਸ ਨੇ ਖਿੜਕੀ ਖੋਲ੍ਹੀ। ਅਲੀਸ਼ਾ ਨੇ ਕਿਹਾ: “ਤੀਰ ਚਲਾ!” ਇਸ ਲਈ ਉਸ ਨੇ ਤੀਰ ਚਲਾਇਆ। ਫਿਰ ਉਸ ਨੇ ਕਿਹਾ: “ਯਹੋਵਾਹ ਵੱਲੋਂ ਜਿੱਤ* ਦਾ ਤੀਰ, ਹਾਂ, ਸੀਰੀਆ ਉੱਤੇ ਜਿੱਤ* ਦਾ ਤੀਰ! ਤੂੰ ਅਫੇਕ+ ਵਿਚ ਸੀਰੀਆ ਨੂੰ ਉਦੋਂ ਤਕ ਮਾਰਦਾ ਰਹੇਂਗਾ* ਜਦ ਤਕ ਤੂੰ ਉਸ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਦਿੰਦਾ।”
18 ਉਸ ਨੇ ਅੱਗੇ ਕਿਹਾ: “ਕੁਝ ਤੀਰ ਲੈ” ਅਤੇ ਉਸ ਨੇ ਤੀਰ ਲਏ। ਫਿਰ ਉਸ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਜ਼ਮੀਨ ʼਤੇ ਮਾਰ।” ਉਸ ਨੇ ਤਿੰਨ ਵਾਰ ਜ਼ਮੀਨ ʼਤੇ ਮਾਰਿਆ ਤੇ ਫਿਰ ਰੁਕ ਗਿਆ। 19 ਇਹ ਦੇਖ ਕੇ ਸੱਚੇ ਪਰਮੇਸ਼ੁਰ ਦੇ ਬੰਦੇ ਦਾ ਕ੍ਰੋਧ ਉਸ ਉੱਤੇ ਭੜਕ ਉੱਠਿਆ ਅਤੇ ਉਸ ਨੇ ਕਿਹਾ: “ਤੈਨੂੰ ਪੰਜ-ਛੇ ਵਾਰ ਜ਼ਮੀਨ ʼਤੇ ਮਾਰਨਾ ਚਾਹੀਦਾ ਸੀ! ਇਸ ਤਰ੍ਹਾਂ ਤੂੰ ਸੀਰੀਆ ਨੂੰ ਉਦੋਂ ਤਕ ਮਾਰਦਾ ਰਹਿੰਦਾ ਜਦ ਤਕ ਤੂੰ ਉਸ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੰਦਾ, ਪਰ ਹੁਣ ਤੂੰ ਸੀਰੀਆ ਨੂੰ ਸਿਰਫ਼ ਤਿੰਨ ਵਾਰ ਹੀ ਹਰਾਏਂਗਾ।”+
20 ਇਸ ਤੋਂ ਬਾਅਦ ਅਲੀਸ਼ਾ ਮਰ ਗਿਆ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ। ਸਾਲ ਦੇ ਸ਼ੁਰੂ ਵਿਚ* ਮੋਆਬੀ ਲੁਟੇਰੇ+ ਦੇਸ਼ ਵਿਚ ਆਇਆ ਕਰਦੇ ਸਨ। 21 ਜਦੋਂ ਕੁਝ ਆਦਮੀ ਇਕ ਬੰਦੇ ਨੂੰ ਦਫ਼ਨਾ ਰਹੇ ਸਨ, ਤਾਂ ਉਨ੍ਹਾਂ ਨੇ ਲੁਟੇਰਿਆਂ ਦੀ ਇਕ ਟੋਲੀ ਦੇਖੀ, ਇਸ ਲਈ ਉਹ ਫਟਾਫਟ ਉਸ ਬੰਦੇ ਨੂੰ ਅਲੀਸ਼ਾ ਦੀ ਕਬਰ ਵਿਚ ਸੁੱਟ ਕੇ ਭੱਜ ਗਏ। ਜਦੋਂ ਉਸ ਆਦਮੀ ਦੀ ਲਾਸ਼ ਅਲੀਸ਼ਾ ਦੀਆਂ ਹੱਡੀਆਂ ਨਾਲ ਛੂਹੀ, ਤਾਂ ਉਹ ਬੰਦਾ ਜੀਉਂਦਾ ਹੋ ਗਿਆ+ ਅਤੇ ਆਪਣੇ ਪੈਰਾਂ ʼਤੇ ਖੜ੍ਹਾ ਹੋ ਗਿਆ।
22 ਸੀਰੀਆ ਦਾ ਰਾਜਾ ਹਜ਼ਾਏਲ+ ਯਹੋਆਹਾਜ਼ ਦੇ ਸਾਰੇ ਦਿਨਾਂ ਦੌਰਾਨ ਇਜ਼ਰਾਈਲ ʼਤੇ ਅਤਿਆਚਾਰ ਕਰਦਾ ਰਿਹਾ।+ 23 ਪਰ ਯਹੋਵਾਹ ਨੇ ਅਬਰਾਹਾਮ,+ ਇਸਹਾਕ+ ਅਤੇ ਯਾਕੂਬ+ ਨਾਲ ਕੀਤੇ ਆਪਣੇ ਇਕਰਾਰ ਕਾਰਨ ਉਨ੍ਹਾਂ ʼਤੇ ਮਿਹਰ ਕੀਤੀ ਅਤੇ ਤਰਸ ਖਾਧਾ+ ਤੇ ਦਿਖਾਇਆ ਕਿ ਉਸ ਨੂੰ ਉਨ੍ਹਾਂ ਦਾ ਫ਼ਿਕਰ ਸੀ। ਉਹ ਉਨ੍ਹਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਅੱਜ ਤਕ ਉਨ੍ਹਾਂ ਨੂੰ ਆਪਣੀ ਹਜ਼ੂਰੀ ਵਿੱਚੋਂ ਨਹੀਂ ਕੱਢਿਆ। 24 ਜਦੋਂ ਸੀਰੀਆ ਦਾ ਰਾਜਾ ਹਜ਼ਾਏਲ ਮਰ ਗਿਆ, ਤਾਂ ਉਸ ਦਾ ਪੁੱਤਰ ਬਨ-ਹਦਦ ਉਸ ਦੀ ਜਗ੍ਹਾ ਰਾਜਾ ਬਣ ਗਿਆ। 25 ਫਿਰ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਉਹ ਸ਼ਹਿਰ ਵਾਪਸ ਲੈ ਲਏ ਜੋ ਉਸ ਨੇ ਉਸ ਦੇ ਪਿਤਾ ਯਹੋਆਹਾਜ਼ ਤੋਂ ਯੁੱਧ ਵਿਚ ਜਿੱਤੇ ਸਨ। ਯਹੋਆਸ਼ ਨੇ ਤਿੰਨ ਵਾਰ ਉਸ ਨੂੰ ਹਰਾਇਆ*+ ਅਤੇ ਇਜ਼ਰਾਈਲ ਦੇ ਸ਼ਹਿਰ ਵਾਪਸ ਲੈ ਲਏ।