ਦੂਜਾ ਰਾਜਿਆਂ
19 ਇਹ ਸੁਣਦਿਆਂ ਸਾਰ ਰਾਜਾ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜੇ ਤੇ ਤੱਪੜ ਪਾ ਕੇ ਯਹੋਵਾਹ ਦੇ ਭਵਨ ਵਿਚ ਚਲਾ ਗਿਆ।+ 2 ਫਿਰ ਉਸ ਨੇ ਘਰਾਣੇ* ਦੇ ਨਿਗਰਾਨ ਅਲਯਾਕੀਮ, ਸਕੱਤਰ ਸ਼ਬਨਾਹ ਅਤੇ ਪੁਜਾਰੀਆਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਜ਼ ਦੇ ਪੁੱਤਰ ਯਸਾਯਾਹ+ ਨਬੀ ਕੋਲ ਘੱਲਿਆ। 3 ਉਨ੍ਹਾਂ ਨੇ ਉਸ ਨੂੰ ਦੱਸਿਆ: “ਹਿਜ਼ਕੀਯਾਹ ਇਹ ਕਹਿੰਦਾ ਹੈ, ‘ਇਹ ਦਿਨ ਬਿਪਤਾ ਦਾ ਦਿਨ ਹੈ, ਝਿੜਕ* ਅਤੇ ਬਦਨਾਮੀ ਦਾ ਦਿਨ ਹੈ; ਕਿਉਂਕਿ ਬੱਚਿਆਂ ਦਾ ਜਨਮ ਹੋਣ ਹੀ ਵਾਲਾ ਹੈ,* ਪਰ ਉਨ੍ਹਾਂ ਨੂੰ ਜਣਨ ਦੀ ਤਾਕਤ ਨਹੀਂ ਹੈ।+ 4 ਸ਼ਾਇਦ ਤੇਰਾ ਪਰਮੇਸ਼ੁਰ ਯਹੋਵਾਹ ਰਬਸ਼ਾਕੇਹ ਦੀਆਂ ਉਹ ਸਾਰੀਆਂ ਗੱਲਾਂ ਸੁਣੇ ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਘੱਲਿਆ ਹੈ+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਜਿਹੜੀਆਂ ਗੱਲਾਂ ਸੁਣੀਆਂ, ਉਨ੍ਹਾਂ ਕਰਕੇ ਸ਼ਾਇਦ ਉਹ ਉਸ ਕੋਲੋਂ ਲੇਖਾ ਲਵੇ। ਇਸ ਲਈ ਤੂੰ ਉਨ੍ਹਾਂ ਲੋਕਾਂ ਦੀ ਖ਼ਾਤਰ ਪ੍ਰਾਰਥਨਾ ਕਰ+ ਜੋ ਬਚ ਗਏ ਹਨ।’”
5 ਇਸ ਲਈ ਰਾਜਾ ਹਿਜ਼ਕੀਯਾਹ ਦੇ ਸੇਵਕ ਯਸਾਯਾਹ ਕੋਲ ਗਏ+ 6 ਅਤੇ ਯਸਾਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਾਲਕ ਨੂੰ ਇਹ ਕਹਿਓ, ‘ਯਹੋਵਾਹ ਇਹ ਕਹਿੰਦਾ ਹੈ: “ਉਨ੍ਹਾਂ ਗੱਲਾਂ ਕਰਕੇ ਨਾ ਡਰ+ ਜੋ ਤੂੰ ਸੁਣੀਆਂ ਹਨ, ਹਾਂ, ਉਹ ਗੱਲਾਂ ਜਿਨ੍ਹਾਂ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਾਦਾਰਾਂ ਨੇ ਮੇਰੀ ਨਿੰਦਿਆ ਕੀਤੀ।+ 7 ਦੇਖ, ਮੈਂ ਉਸ ਦੇ ਮਨ ਵਿਚ ਇਕ ਖ਼ਿਆਲ ਪਾਵਾਂਗਾ ਅਤੇ ਉਹ ਇਕ ਖ਼ਬਰ ਸੁਣੇਗਾ ਤੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ; ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿਚ ਤਲਵਾਰ ਨਾਲ ਮਰਵਾ ਦਿਆਂਗਾ।”’”+
8 ਜਦੋਂ ਰਬਸ਼ਾਕੇਹ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼+ ਤੋਂ ਚਲਾ ਗਿਆ ਸੀ, ਤਾਂ ਉਹ ਉਸ ਕੋਲ ਵਾਪਸ ਚਲਾ ਗਿਆ ਤੇ ਦੇਖਿਆ ਕਿ ਉਹ ਲਿਬਨਾਹ ਨਾਲ ਯੁੱਧ ਕਰ ਰਿਹਾ ਸੀ।+ 9 ਫਿਰ ਰਾਜੇ ਨੇ ਇਥੋਪੀਆ ਦੇ ਰਾਜੇ ਤਿਰਹਾਕਾਹ ਬਾਰੇ ਇਹ ਸੁਣਿਆ: “ਦੇਖ, ਉਹ ਤੇਰੇ ਖ਼ਿਲਾਫ਼ ਲੜਨ ਆਇਆ ਹੈ।” ਇਸ ਲਈ ਉਸ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇਣ ਲਈ ਬੰਦਿਆਂ+ ਨੂੰ ਦੁਬਾਰਾ ਘੱਲਿਆ: 10 “ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਕਹਿਓ, ‘ਤੂੰ ਆਪਣੇ ਜਿਸ ਪਰਮੇਸ਼ੁਰ ਉੱਤੇ ਭਰੋਸਾ ਕਰਦਾ ਹੈਂ, ਉਸ ਦੀ ਇਸ ਗੱਲ ਦੇ ਧੋਖੇ ਵਿਚ ਨਾ ਆਈਂ: “ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”+ 11 ਦੇਖ! ਤੂੰ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰ ਸਾਰੇ ਦੇਸ਼ਾਂ ਨੂੰ ਤਬਾਹ ਕਰ ਕੇ ਉਨ੍ਹਾਂ ਦਾ ਕੀ ਹਸ਼ਰ ਕੀਤਾ।+ ਤੈਨੂੰ ਕੀ ਲੱਗਦਾ, ਤੈਨੂੰ ਇਕੱਲੇ ਨੂੰ ਹੀ ਬਚਾ ਲਿਆ ਜਾਵੇਗਾ? 12 ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕੀਤਾ, ਕੀ ਉਨ੍ਹਾਂ ਦੇ ਦੇਵਤੇ ਉਨ੍ਹਾਂ ਕੌਮਾਂ ਨੂੰ ਬਚਾ ਪਾਏ? ਗੋਜ਼ਾਨ, ਹਾਰਾਨ,+ ਰਸਫ ਅਤੇ ਤੇਲ-ਆਸਾਰ ਵਿਚ ਰਹਿਣ ਵਾਲੇ ਅਦਨ ਦੇ ਲੋਕ ਕਿੱਥੇ ਹਨ? 13 ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਾਇਮ, ਹੀਨਾ ਤੇ ਇਵਾਹ ਸ਼ਹਿਰਾਂ ਦੇ ਰਾਜੇ ਕਿੱਥੇ ਹਨ?’”+
14 ਹਿਜ਼ਕੀਯਾਹ ਨੇ ਸੰਦੇਸ਼ ਦੇਣ ਵਾਲਿਆਂ ਦੇ ਹੱਥੋਂ ਚਿੱਠੀਆਂ ਲਈਆਂ ਤੇ ਉਨ੍ਹਾਂ ਨੂੰ ਪੜ੍ਹਿਆ। ਫਿਰ ਹਿਜ਼ਕੀਯਾਹ ਯਹੋਵਾਹ ਦੇ ਭਵਨ ਵਿਚ ਗਿਆ ਤੇ ਉਨ੍ਹਾਂ* ਨੂੰ ਯਹੋਵਾਹ ਅੱਗੇ ਖੋਲ੍ਹ ਕੇ ਰੱਖ ਦਿੱਤਾ।+ 15 ਫਿਰ ਹਿਜ਼ਕੀਯਾਹ ਯਹੋਵਾਹ ਅੱਗੇ ਪ੍ਰਾਰਥਨਾ+ ਵਿਚ ਕਹਿਣ ਲੱਗਾ: “ਹੇ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ, ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਣ ਵਾਲੇ,+ ਸਿਰਫ਼ ਤੂੰ ਹੀ ਧਰਤੀ ਦੇ ਸਾਰੇ ਰਾਜਾਂ ਦਾ ਸੱਚਾ ਪਰਮੇਸ਼ੁਰ ਹੈਂ।+ ਤੂੰ ਹੀ ਆਕਾਸ਼ ਅਤੇ ਧਰਤੀ ਨੂੰ ਬਣਾਇਆ। 16 ਹੇ ਯਹੋਵਾਹ, ਆਪਣਾ ਕੰਨ ਲਾ ਤੇ ਸੁਣ!+ ਹੇ ਯਹੋਵਾਹ, ਆਪਣੀਆਂ ਅੱਖਾਂ ਖੋਲ੍ਹ ਤੇ ਦੇਖ!+ ਉਨ੍ਹਾਂ ਗੱਲਾਂ ਨੂੰ ਸੁਣ ਜੋ ਸਨਹੇਰੀਬ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਲਿਖ ਭੇਜੀਆਂ ਹਨ। 17 ਹੇ ਯਹੋਵਾਹ, ਇਹ ਸੱਚ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਕੌਮਾਂ ਤੇ ਉਨ੍ਹਾਂ ਦੇ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੈ।+ 18 ਉਨ੍ਹਾਂ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਅੱਗ ਵਿਚ ਸੁੱਟ ਦਿੱਤਾ ਕਿਉਂਕਿ ਉਹ ਦੇਵਤੇ ਨਹੀਂ,+ ਸਗੋਂ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਸਨ,+ ਉਹ ਤਾਂ ਬੱਸ ਲੱਕੜ ਤੇ ਪੱਥਰ ਹੀ ਸਨ। ਇਸੇ ਲਈ ਉਹ ਉਨ੍ਹਾਂ ਨੂੰ ਨਾਸ਼ ਕਰ ਪਾਏ। 19 ਪਰ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਕਿਰਪਾ ਕਰ ਕੇ ਸਾਨੂੰ ਉਸ ਦੇ ਹੱਥੋਂ ਬਚਾ ਲੈ ਤਾਂਕਿ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਸਿਰਫ਼ ਤੂੰ ਹੀ ਪਰਮੇਸ਼ੁਰ ਹੈਂ, ਹੇ ਯਹੋਵਾਹ।”+
20 ਫਿਰ ਆਮੋਜ਼ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਭੇਜਿਆ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਕੀਤੀ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ।+ 21 ਯਹੋਵਾਹ ਨੇ ਉਸ ਦੇ ਖ਼ਿਲਾਫ਼ ਇਹ ਸੰਦੇਸ਼ ਦਿੱਤਾ ਹੈ:
“ਸੀਓਨ ਦੀ ਕੁਆਰੀ ਧੀ ਤੈਨੂੰ ਤੁੱਛ ਸਮਝਦੀ ਹੈ, ਤੇਰਾ ਮਜ਼ਾਕ ਉਡਾਉਂਦੀ ਹੈ।
ਯਰੂਸ਼ਲਮ ਦੀ ਧੀ ਸਿਰ ਹਿਲਾ-ਹਿਲਾ ਕੇ ਤੇਰੇ ʼਤੇ ਹੱਸਦੀ ਹੈ।
22 ਤੂੰ ਕਿਹਨੂੰ ਤਾਅਨੇ ਮਾਰੇ ਹਨ, ਕਿਹਦੀ ਨਿੰਦਿਆ ਕੀਤੀ ਹੈ?+
ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+
ਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ?
ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+
23 ਆਪਣੇ ਸੰਦੇਸ਼ ਦੇਣ ਵਾਲਿਆਂ ਰਾਹੀਂ+ ਤੂੰ ਯਹੋਵਾਹ ਨੂੰ ਤਾਅਨੇ ਮਾਰੇ+ ਤੇ ਕਿਹਾ,
‘ਮੈਂ ਯੁੱਧ ਦੇ ਅਣਗਿਣਤ ਰਥਾਂ ਨਾਲ
ਪਹਾੜਾਂ ਦੀਆਂ ਉਚਾਈਆਂ ਉੱਤੇ ਚੜ੍ਹਾਂਗਾ,
ਹਾਂ, ਲਬਾਨੋਨ ਦੇ ਦੂਰ-ਦੁਰੇਡੇ ਇਲਾਕਿਆਂ ਤਕ।
ਮੈਂ ਉਸ ਦੇ ਉੱਚੇ-ਉੱਚੇ ਦਿਆਰਾਂ ਨੂੰ, ਉਸ ਦੇ ਸਨੋਬਰ ਦੇ ਵਧੀਆ ਦਰਖ਼ਤਾਂ ਨੂੰ ਵੱਢ ਸੁੱਟਾਂਗਾ।
ਮੈਂ ਉਸ ਦੇ ਦੂਰ-ਦੂਰ ਦੇ ਟਿਕਾਣਿਆਂ ਵਿਚ, ਉਸ ਦੇ ਸਭ ਤੋਂ ਸੰਘਣੇ ਜੰਗਲਾਂ ਵਿਚ ਵੜਾਂਗਾ।
24 ਮੈਂ ਖੂਹ ਪੁੱਟਾਂਗਾ ਅਤੇ ਓਪਰੇ ਪਾਣੀ ਪੀਵਾਂਗਾ;
ਮੈਂ ਮਿਸਰ ਦੀਆਂ ਸਾਰੀਆਂ ਨਦੀਆਂ* ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਸੁਕਾ ਦਿਆਂਗਾ।’
25 ਕੀ ਤੂੰ ਨਹੀਂ ਸੁਣਿਆ? ਬਹੁਤ ਚਿਰ ਪਹਿਲਾਂ ਇਹ ਠਾਣ ਲਿਆ ਗਿਆ ਸੀ।*+
ਬੀਤੇ ਦਿਨਾਂ ਵਿਚ ਮੈਂ ਇਸ ਦੀ ਤਿਆਰੀ ਕੀਤੀ।*+
ਹੁਣ ਮੈਂ ਇਹ ਪੂਰਾ ਕਰਾਂਗਾ।+
ਤੂੰ ਕਿਲੇਬੰਦ ਸ਼ਹਿਰਾਂ ਨੂੰ ਮਲਬੇ ਦੇ ਢੇਰ ਬਣਾ ਦੇਵੇਂਗਾ।+
26 ਉਨ੍ਹਾਂ ਦੇ ਵਾਸੀ ਬੇਬੱਸ ਹੋਣਗੇ;
ਉਹ ਖ਼ੌਫ਼ ਖਾਣਗੇ ਤੇ ਸ਼ਰਮਿੰਦੇ ਹੋਣਗੇ।
ਉਹ ਮੈਦਾਨ ਦੇ ਪੇੜ-ਪੌਦਿਆਂ ਅਤੇ ਹਰੇ ਘਾਹ ਵਾਂਗ ਹੋ ਜਾਣਗੇ,+
ਹਾਂ, ਛੱਤਾਂ ʼਤੇ ਲੱਗੇ ਘਾਹ ਵਾਂਗ ਜੋ ਪੂਰਬ ਵੱਲੋਂ ਵਗਦੀ ਹਵਾ ਨਾਲ ਝੁਲ਼ਸ ਜਾਂਦਾ ਹੈ।
27 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਦੋਂ ਬੈਠਦਾਂ ਤੇ ਕਦੋਂ ਅੰਦਰ-ਬਾਹਰ ਆਉਂਦਾ-ਜਾਂਦਾ ਹੈਂ,+
ਨਾਲੇ ਇਹ ਵੀ ਕਿ ਤੂੰ ਕਦੋਂ ਮੇਰੇ ʼਤੇ ਭੜਕ ਉੱਠਦਾ ਹੈਂ+
28 ਕਿਉਂਕਿ ਮੇਰੇ ਖ਼ਿਲਾਫ਼ ਭੜਕਿਆ ਤੇਰਾ ਕ੍ਰੋਧ+ ਅਤੇ ਤੇਰੀ ਦਹਾੜ ਮੇਰੇ ਕੰਨਾਂ ਵਿਚ ਪਈ ਹੈ।+
ਇਸ ਲਈ ਮੈਂ ਤੇਰੇ ਨੱਕ ਵਿਚ ਆਪਣੀ ਨਕੇਲ ਅਤੇ ਤੇਰੇ ਬੁੱਲ੍ਹਾਂ ਵਿਚ ਆਪਣੀ ਲਗਾਮ ਪਾਵਾਂਗਾ+
ਅਤੇ ਤੈਨੂੰ ਉਸੇ ਰਾਹ ਥਾਣੀਂ ਵਾਪਸ ਮੋੜਾਂਗਾ ਜਿਸ ਰਾਹੀਂ ਤੂੰ ਆਇਆ ਹੈਂ।”+
29 “‘ਅਤੇ ਤੇਰੇ* ਲਈ ਇਹ ਨਿਸ਼ਾਨੀ ਹੋਵੇਗੀ: ਇਸ ਸਾਲ ਤੂੰ ਉਹ ਖਾਏਂਗਾ ਜੋ ਆਪਣੇ ਆਪ ਉੱਗੇਗਾ;* ਦੂਸਰੇ ਸਾਲ ਤੂੰ ਇਸ ਤੋਂ ਪੁੰਗਰੇ ਅਨਾਜ ਨੂੰ ਖਾਏਂਗਾ;+ ਪਰ ਤੀਸਰੇ ਸਾਲ ਤੂੰ ਬੀ ਬੀਜੇਂਗਾ ਅਤੇ ਵੱਢੇਂਗਾ ਅਤੇ ਤੂੰ ਅੰਗੂਰਾਂ ਦੇ ਬਾਗ਼ ਲਾਵੇਂਗਾ ਤੇ ਉਨ੍ਹਾਂ ਦਾ ਫਲ ਖਾਏਂਗਾ।+ 30 ਯਹੂਦਾਹ ਦੇ ਘਰਾਣੇ ਦੇ ਜਿਹੜੇ ਲੋਕ ਬਚ ਜਾਣਗੇ,+ ਉਹ ਹੇਠਾਂ ਜੜ੍ਹ ਫੜ ਕੇ ਉਤਾਹਾਂ ਫਲ ਪੈਦਾ ਕਰਨਗੇ। 31 ਬਾਕੀ ਰਹਿੰਦੇ ਲੋਕ ਯਰੂਸ਼ਲਮ ਵਿੱਚੋਂ ਬਾਹਰ ਆਉਣਗੇ ਅਤੇ ਬਚੇ ਹੋਏ ਲੋਕ ਸੀਓਨ ਪਹਾੜ ਤੋਂ ਆਉਣਗੇ। ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।+
32 “‘ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਕਹਿੰਦਾ ਹੈ:+
“ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,+
ਨਾ ਇੱਥੇ ਕੋਈ ਤੀਰ ਚਲਾਵੇਗਾ,
ਨਾ ਢਾਲ ਨਾਲ ਇਸ ਦਾ ਮੁਕਾਬਲਾ ਕਰੇਗਾ
ਤੇ ਨਾ ਹੀ ਟਿੱਲਾ ਬਣਾ ਕੇ ਇਸ ਦੀ ਘੇਰਾਬੰਦੀ ਕਰੇਗਾ।+
33 ਉਹ ਜਿਸ ਰਾਹ ਥਾਣੀਂ ਆਇਆ, ਉਸੇ ਰਾਹ ਵਾਪਸ ਮੁੜ ਜਾਵੇਗਾ;
ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,” ਯਹੋਵਾਹ ਐਲਾਨ ਕਰਦਾ ਹੈ।
35 ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿਚ 1,85,000 ਆਦਮੀਆਂ ਨੂੰ ਮਾਰ ਮੁਕਾਇਆ।+ ਜਦੋਂ ਲੋਕ ਤੜਕੇ ਉੱਠੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ।+ 36 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਨੀਨਵਾਹ ਨੂੰ ਵਾਪਸ ਚਲਾ ਗਿਆ+ ਤੇ ਉੱਥੇ ਹੀ ਰਿਹਾ।+ 37 ਅਤੇ ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ* ਵਿਚ ਮੱਥਾ ਟੇਕ ਰਿਹਾ ਸੀ, ਤਾਂ ਉਸ ਦੇ ਆਪਣੇ ਹੀ ਪੁੱਤਰਾਂ ਅਦਰਮਲਕ ਅਤੇ ਸ਼ਰਾਸਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ+ ਅਤੇ ਉਹ ਉੱਥੋਂ ਭੱਜ ਕੇ ਅਰਾਰਾਤ+ ਦੇਸ਼ ਚਲੇ ਗਏ। ਅਤੇ ਉਸ ਦਾ ਪੁੱਤਰ ਏਸਰ-ਹੱਦੋਨ+ ਉਸ ਦੀ ਜਗ੍ਹਾ ਰਾਜਾ ਬਣ ਗਿਆ।