11 ਬੇਈਮਾਨੀ ਦੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਹੈ,
ਪਰ ਸਹੀ ਵੱਟੇ ਤੋਂ ਉਹ ਖ਼ੁਸ਼ ਹੁੰਦਾ ਹੈ।+
2 ਜਿਹੜਾ ਗੁਸਤਾਖ਼ੀ ਕਰਦਾ ਹੈ, ਉਸ ਨੂੰ ਬੇਇੱਜ਼ਤੀ ਸਹਿਣੀ ਪਵੇਗੀ,+
ਪਰ ਨਿਮਰ ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।+
3 ਨੇਕ ਲੋਕਾਂ ਦੀ ਵਫ਼ਾਦਾਰੀ ਉਨ੍ਹਾਂ ਦੀ ਅਗਵਾਈ ਕਰਦੀ ਹੈ,+
ਪਰ ਧੋਖੇਬਾਜ਼ਾਂ ਦੀਆਂ ਚਾਲਾਂ ਉਨ੍ਹਾਂ ਨੂੰ ਨਾਸ਼ ਕਰ ਦੇਣਗੀਆਂ।+
4 ਕ੍ਰੋਧ ਦੇ ਦਿਨ ਧਨ-ਦੌਲਤ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ,+
ਪਰ ਨੇਕੀ ਮੌਤ ਤੋਂ ਬਚਾ ਲਵੇਗੀ।+
5 ਨਿਰਦੋਸ਼ ਦੇ ਸਹੀ ਕੰਮ ਉਸ ਦਾ ਰਾਹ ਸਿੱਧਾ ਕਰਦੇ ਹਨ,
ਪਰ ਦੁਸ਼ਟ ਆਪਣੀ ਦੁਸ਼ਟਤਾ ਕਰਕੇ ਡਿਗ ਜਾਵੇਗਾ।+
6 ਨੇਕ ਲੋਕਾਂ ਦੀ ਨੇਕੀ ਉਨ੍ਹਾਂ ਨੂੰ ਬਚਾ ਲਵੇਗੀ,+
ਪਰ ਧੋਖੇਬਾਜ਼ ਆਪਣੀਆਂ ਹੀ ਲਾਲਸਾਵਾਂ ਕਰਕੇ ਫਸ ਜਾਣਗੇ।+
7 ਜਦੋਂ ਦੁਸ਼ਟ ਆਦਮੀ ਮਰਦਾ ਹੈ, ਉਸ ਦੀ ਉਮੀਦ ਮਿਟ ਜਾਂਦੀ ਹੈ;
ਅਤੇ ਆਪਣੀ ਤਾਕਤ ʼਤੇ ਲਾਈਆਂ ਉਸ ਦੀਆਂ ਆਸਾਂ ਵੀ ਖ਼ਤਮ ਹੋ ਜਾਂਦੀਆਂ ਹਨ।+
8 ਧਰਮੀ ਨੂੰ ਬਿਪਤਾ ਵਿੱਚੋਂ ਛੁਡਾਇਆ ਜਾਂਦਾ ਹੈ
ਅਤੇ ਦੁਸ਼ਟ ਉਸ ਦੀ ਜਗ੍ਹਾ ਫਸ ਜਾਂਦਾ ਹੈ।+
9 ਧਰਮ-ਤਿਆਗੀ ਇਨਸਾਨ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਨੂੰ ਤਬਾਹ ਕਰਦਾ ਹੈ,
ਪਰ ਗਿਆਨ ਰਾਹੀਂ ਧਰਮੀਆਂ ਨੂੰ ਬਚਾਇਆ ਜਾਂਦਾ ਹੈ।+
10 ਧਰਮੀ ਦੀ ਭਲਾਈ ਕਰਕੇ ਸ਼ਹਿਰ ਖ਼ੁਸ਼ੀਆਂ ਮਨਾਉਂਦਾ ਹੈ
ਅਤੇ ਦੁਸ਼ਟ ਦਾ ਨਾਸ਼ ਹੋਣ ਤੇ ਖ਼ੁਸ਼ੀ ਨਾਲ ਜੈਕਾਰੇ ਲਾਏ ਜਾਂਦੇ ਹਨ।+
11 ਨੇਕ ਲੋਕਾਂ ਦੀਆਂ ਅਸੀਸਾਂ ਕਰਕੇ ਸ਼ਹਿਰ ਬੁਲੰਦ ਹੁੰਦਾ ਹੈ,+
ਪਰ ਦੁਸ਼ਟਾਂ ਦਾ ਮੂੰਹ ਇਸ ਨੂੰ ਢਹਿ-ਢੇਰੀ ਕਰ ਦਿੰਦਾ ਹੈ।+
12 ਜਿਸ ਨੂੰ ਅਕਲ ਦੀ ਘਾਟ ਹੈ, ਉਹ ਆਪਣੇ ਗੁਆਂਢੀ ਨਾਲ ਘਿਰਣਾ ਕਰਦਾ ਹੈ,
ਪਰ ਸੂਝ-ਬੂਝ ਵਾਲਾ ਆਦਮੀ ਚੁੱਪ ਰਹਿੰਦਾ ਹੈ।+
13 ਦੂਜਿਆਂ ਨੂੰ ਬਦਨਾਮ ਕਰਨ ਵਾਲਾ ਇਨਸਾਨ ਭੇਤ ਜ਼ਾਹਰ ਕਰਦਾ ਫਿਰਦਾ ਹੈ,+
ਪਰ ਭਰੋਸੇਯੋਗ ਇਨਸਾਨ ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।
14 ਸਹੀ ਸੇਧ ਨਾ ਮਿਲਣ ਤੇ ਲੋਕ ਡਿਗ ਪੈਂਦੇ ਹਨ,
ਪਰ ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ ਮਿਲਦੀ ਹੈ।+
15 ਜਿਹੜਾ ਕਿਸੇ ਅਜਨਬੀ ਦੇ ਕਰਜ਼ੇ ਦੀ ਜ਼ਿੰਮੇਵਾਰੀ ਚੁੱਕਦਾ ਹੈ, ਉਹ ਜ਼ਰੂਰ ਦੁੱਖ ਭੋਗੇਗਾ,+
ਪਰ ਜਿਹੜਾ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਨ ਤੋਂ ਪਰੇ ਰਹਿੰਦਾ ਹੈ, ਉਹ ਬਚਿਆ ਰਹੇਗਾ।
16 ਮਨਭਾਉਂਦੀ ਔਰਤ ਦੀ ਤਾਰੀਫ਼ ਹੁੰਦੀ ਹੈ,+
ਪਰ ਜ਼ਾਲਮ ਆਦਮੀ ਧਨ-ਦੌਲਤ ਹਥਿਆਉਂਦੇ ਹਨ।
17 ਦਿਆਲੂ ਆਦਮੀ ਖ਼ੁਦ ਨੂੰ ਫ਼ਾਇਦਾ ਪਹੁੰਚਾਉਂਦਾ ਹੈ,+
ਪਰ ਜ਼ਾਲਮ ਆਦਮੀ ਖ਼ੁਦ ʼਤੇ ਮੁਸੀਬਤ ਲਿਆਉਂਦਾ ਹੈ।+
18 ਦੁਸ਼ਟ ਦੀ ਕਮਾਈ ਖੋਖਲੀ ਹੁੰਦੀ ਹੈ,+
ਪਰ ਜਿਹੜਾ ਨੇਕੀ ਬੀਜਦਾ ਹੈ, ਉਸ ਨੂੰ ਸੱਚਾ ਫਲ ਮਿਲਦਾ ਹੈ।+
19 ਨੇਕੀ ਦੇ ਪੱਖ ਵਿਚ ਖੜ੍ਹਾ ਰਹਿਣ ਵਾਲਾ ਜ਼ਿੰਦਗੀ ਦੇ ਰਾਹ ʼਤੇ ਹੈ,+
ਪਰ ਬੁਰਾਈ ਦਾ ਪਿੱਛਾ ਕਰਨ ਵਾਲਾ ਮੌਤ ਦੇ ਰਾਹ ʼਤੇ ਹੈ।
20 ਟੇਢੇ ਮਨ ਵਾਲਿਆਂ ਤੋਂ ਯਹੋਵਾਹ ਨੂੰ ਘਿਣ ਹੈ,+
ਪਰ ਬੇਦਾਗ਼ ਜ਼ਿੰਦਗੀ ਜੀਉਣ ਵਾਲਿਆਂ ਤੋਂ ਉਹ ਖ਼ੁਸ਼ ਹੁੰਦਾ ਹੈ।+
21 ਇਸ ਗੱਲ ਦਾ ਭਰੋਸਾ ਰੱਖੋ: “ਬੁਰਾ ਇਨਸਾਨ ਸਜ਼ਾ ਤੋਂ ਨਹੀਂ ਬਚੇਗਾ,+
ਪਰ ਧਰਮੀ ਦੇ ਬੱਚੇ ਛੁਟਕਾਰਾ ਪਾਉਣਗੇ।
22 ਜਿਵੇਂ ਸੂਰ ਦੇ ਨੱਕ ਵਿਚ ਸੋਨੇ ਦੀ ਨੱਥ,
ਉਵੇਂ ਉਹ ਸੋਹਣੀ ਔਰਤ ਹੈ ਜੋ ਅਕਲ ਦੀ ਗੱਲ ਨਹੀਂ ਸੁਣਦੀ।
23 ਧਰਮੀ ਦੀ ਇੱਛਾ ਦਾ ਨਤੀਜਾ ਚੰਗਾ ਹੁੰਦਾ ਹੈ,+
ਪਰ ਦੁਸ਼ਟ ਦੀ ਉਮੀਦ ਦਾ ਨਤੀਜਾ ਕ੍ਰੋਧ ਹੁੰਦਾ ਹੈ।
24 ਜੋ ਖੁੱਲ੍ਹੇ ਦਿਲ ਨਾਲ ਦਿੰਦਾ ਹੈ, ਉਸ ਨੂੰ ਹੋਰ ਮਿਲਦਾ ਹੈ;+
ਪਰ ਜੋ ਉੱਨਾ ਵੀ ਨਹੀਂ ਦਿੰਦਾ ਜਿੰਨਾ ਦੇਣਾ ਚਾਹੀਦਾ ਹੈ, ਉਸ ਦੇ ਪੱਲੇ ਕੱਖ ਨਹੀਂ ਰਹਿੰਦਾ।+
25 ਖੁੱਲ੍ਹੇ ਦਿਲ ਵਾਲਾ ਵਧੇ-ਫੁੱਲੇਗਾ+
ਅਤੇ ਜੋ ਦੂਜਿਆਂ ਨੂੰ ਤਰੋ-ਤਾਜ਼ਾ ਕਰਦਾ ਹੈ, ਉਹ ਖ਼ੁਦ ਵੀ ਤਰੋ-ਤਾਜ਼ਾ ਹੋਵੇਗਾ।+
26 ਲੋਕ ਉਸ ਨੂੰ ਸਰਾਪ ਦੇਣਗੇ ਜੋ ਅਨਾਜ ਨੂੰ ਆਪਣੇ ਕੋਲ ਹੀ ਸਾਂਭੀ ਰੱਖਦਾ ਹੈ,
ਪਰ ਇਸ ਨੂੰ ਵੇਚਣ ਵਾਲੇ ਨੂੰ ਉਹ ਅਸੀਸਾਂ ਦੇਣਗੇ।
27 ਜਿਹੜਾ ਭਲਾ ਕਰਨ ਦੇ ਮੌਕੇ ਭਾਲਦਾ ਹੈ, ਉਹ ਮਿਹਰ ਭਾਲਦਾ ਹੈ,+
ਪਰ ਜਿਹੜਾ ਬੁਰਾਈ ਕਰਨ ਦੀ ਤਾਕ ਵਿਚ ਰਹਿੰਦਾ ਹੈ, ਉਹੀ ਬੁਰਾਈ ਉਸ ਉੱਤੇ ਆ ਪਵੇਗੀ।+
28 ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਣ ਵਾਲਾ ਡਿਗ ਪਵੇਗਾ,+
ਪਰ ਧਰਮੀ ਪੱਤਿਆਂ ਵਾਂਗ ਲਹਿ-ਲਹਾਉਣਗੇ।+
29 ਆਪਣੇ ਘਰਾਣੇ ʼਤੇ ਮੁਸੀਬਤ ਲਿਆਉਣ ਵਾਲੇ ਨੂੰ ਵਿਰਸੇ ਵਿਚ ਹਵਾ ਹੀ ਮਿਲੇਗੀ+
ਅਤੇ ਮੂਰਖ ਇਨਸਾਨ ਬੁੱਧੀਮਾਨ ਦਾ ਨੌਕਰ ਬਣੇਗਾ।
30 ਧਰਮੀ ਦਾ ਫਲ ਜੀਵਨ ਦਾ ਦਰਖ਼ਤ ਹੈ+
ਅਤੇ ਦਿਲਾਂ ਨੂੰ ਮੋਹ ਲੈਣ ਵਾਲਾ ਬੁੱਧੀਮਾਨ ਹੈ।+
31 ਜੇ ਧਰਤੀ ʼਤੇ ਧਰਮੀ ਨੂੰ ਫਲ ਭੁਗਤਣਾ ਪੈਂਦਾ ਹੈ,
ਤਾਂ ਬੁਰੇ ਅਤੇ ਪਾਪੀ ਇਨਸਾਨ ਨੂੰ ਕਿੰਨਾ ਜ਼ਿਆਦਾ ਭੁਗਤਣਾ ਪਵੇਗਾ!”+