ਜ਼ਕਰਯਾਹ
1 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ ਅੱਠਵੇਂ ਮਹੀਨੇ ਵਿਚ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ* ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:+ 2 “ਯਹੋਵਾਹ ਦਾ ਗੁੱਸਾ ਤੁਹਾਡੇ ਪਿਉ-ਦਾਦਿਆਂ ਉੱਤੇ ਭੜਕਿਆ ਸੀ।+
3 “ਲੋਕਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “‘ਮੇਰੇ ਕੋਲ ਮੁੜ ਆਓ,’ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ, ‘ਅਤੇ ਮੈਂ ਵੀ ਤੁਹਾਡੇ ਕੋਲ ਮੁੜ ਆਵਾਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”’
4 “‘ਆਪਣੇ ਪਿਉ-ਦਾਦਿਆਂ ਵਰਗੇ ਨਾ ਬਣੋ ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਕਿਹਾ ਸੀ: “ਸੈਨਾਵਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ, ‘ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਭੈੜੇ ਕੰਮ ਛੱਡੋ।’”’+
“‘ਪਰ ਉਨ੍ਹਾਂ ਨੇ ਨਹੀਂ ਸੁਣਿਆ ਅਤੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ,’+ ਯਹੋਵਾਹ ਕਹਿੰਦਾ ਹੈ।
5 “‘ਹੁਣ ਤੁਹਾਡੇ ਪਿਉ-ਦਾਦੇ ਕਿੱਥੇ ਹਨ? ਅਤੇ ਕੀ ਉਹ ਨਬੀ ਹਮੇਸ਼ਾ ਲਈ ਜੀਉਂਦੇ ਰਹੇ? 6 ਪਰ ਕੀ ਮੇਰੀਆਂ ਗੱਲਾਂ ਅਤੇ ਮੇਰੇ ਫ਼ਰਮਾਨ ਤੁਹਾਡੇ ਪਿਉ-ਦਾਦਿਆਂ ਨੇ ਪੂਰੇ ਹੁੰਦੇ ਨਹੀਂ ਦੇਖੇ ਜੋ ਮੈਂ ਆਪਣੇ ਸੇਵਕਾਂ, ਹਾਂ, ਆਪਣੇ ਨਬੀਆਂ ਨੂੰ ਸੁਣਾਉਣ ਦਾ ਹੁਕਮ ਦਿੱਤਾ ਸੀ?’+ ਫਿਰ ਉਹ ਮੇਰੇ ਕੋਲ ਮੁੜ ਆਏ ਅਤੇ ਉਨ੍ਹਾਂ ਨੇ ਕਿਹਾ: ‘ਸੈਨਾਵਾਂ ਦਾ ਯਹੋਵਾਹ ਨੇ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਅਨੁਸਾਰ ਸਾਡੇ ਨਾਲ ਉਹੀ ਕੀਤਾ ਜਿਸ ਤਰ੍ਹਾਂ ਉਸ ਨੇ ਕਰਨ ਦੀ ਠਾਣੀ ਸੀ।’”+
7 ਦਾਰਾ ਦੇ ਰਾਜ ਦੇ ਦੂਸਰੇ ਸਾਲ+ ਦੇ 11ਵੇਂ ਮਹੀਨੇ ਯਾਨੀ ਸ਼ਬਾਟ* ਮਹੀਨੇ ਦੀ 24 ਤਾਰੀਖ਼ ਨੂੰ ਬਰਕਯਾਹ ਦੇ ਪੁੱਤਰ ਅਤੇ ਇੱਦੋ ਦੇ ਪੋਤੇ ਜ਼ਕਰਯਾਹ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ: 8 “ਮੈਂ ਰਾਤ ਨੂੰ ਇਕ ਦਰਸ਼ਣ ਦੇਖਿਆ। ਇਕ ਆਦਮੀ ਲਾਲ ਘੋੜੇ ʼਤੇ ਸਵਾਰ ਸੀ ਅਤੇ ਉਹ ਤੰਗ ਘਾਟੀ ਵਿਚ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਆ ਕੇ ਖੜ੍ਹਾ ਹੋ ਗਿਆ; ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।”
9 ਫਿਰ ਮੈਂ ਪੁੱਛਿਆ: “ਹੇ ਮੇਰੇ ਪ੍ਰਭੂ, ਇਹ ਕੌਣ ਹਨ?”
ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਜਵਾਬ ਦਿੱਤਾ: “ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੌਣ ਹਨ।”
10 ਤਦ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ: “ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਦਾ ਚੱਕਰ ਲਾਉਣ ਲਈ ਘੱਲਿਆ ਹੈ।” 11 ਉਨ੍ਹਾਂ ਨੇ ਮਹਿੰਦੀ ਦੇ ਦਰਖ਼ਤਾਂ ਵਿਚਕਾਰ ਖੜ੍ਹੇ ਯਹੋਵਾਹ ਦੇ ਦੂਤ ਨੂੰ ਕਿਹਾ: “ਅਸੀਂ ਧਰਤੀ ਦਾ ਚੱਕਰ ਲਾ ਕੇ ਆਏ ਹਾਂ ਅਤੇ ਦੇਖੋ! ਪੂਰੀ ਧਰਤੀ ʼਤੇ ਸ਼ਾਂਤੀ ਹੈ ਅਤੇ ਕੋਈ ਗੜਬੜ ਨਹੀਂ ਹੈ।”+
12 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਹੇ ਸੈਨਾਵਾਂ ਦੇ ਯਹੋਵਾਹ, ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਇਨ੍ਹਾਂ 70 ਸਾਲਾਂ ਦੌਰਾਨ ਤੇਰਾ ਗੁੱਸਾ ਭੜਕਿਆ ਰਿਹਾ।+ ਤੂੰ ਹੋਰ ਕਦ ਤਕ ਇਨ੍ਹਾਂ ਉੱਤੇ ਰਹਿਮ ਨਹੀਂ ਕਰੇਂਗਾ?”+
13 ਯਹੋਵਾਹ ਨੇ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪਿਆਰ ਅਤੇ ਦਿਲਾਸੇ ਭਰੇ ਸ਼ਬਦਾਂ ਵਿਚ ਜਵਾਬ ਦਿੱਤਾ। 14 ਤਦ ਮੇਰੇ ਨਾਲ ਗੱਲ ਕਰ ਰਹੇ ਦੂਤ ਨੇ ਮੈਨੂੰ ਕਿਹਾ: “ਐਲਾਨ ਕਰ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਯਰੂਸ਼ਲਮ ਅਤੇ ਸੀਓਨ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਉਨ੍ਹਾਂ ਦੀ ਪਰਵਾਹ ਹੈ।+ 15 ਮੇਰਾ ਗੁੱਸਾ ਉਨ੍ਹਾਂ ਕੌਮਾਂ ʼਤੇ ਭੜਕਿਆ ਹੈ ਜੋ ਅਮਨ-ਚੈਨ ਨਾਲ ਵੱਸਦੀਆਂ ਹਨ+ ਕਿਉਂਕਿ ਮੈਂ ਆਪਣੇ ਲੋਕਾਂ ਨੂੰ ਥੋੜ੍ਹੀ ਜਿਹੀ ਸਜ਼ਾ ਦੇਣੀ ਚਾਹੁੰਦਾ ਸੀ,+ ਪਰ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।”’+
16 “ਇਸ ਲਈ ਯਹੋਵਾਹ ਇਹ ਕਹਿੰਦਾ ਹੈ: ‘“ਮੈਂ ਯਰੂਸ਼ਲਮ ʼਤੇ ਰਹਿਮ ਕਰਨ ਲਈ ਮੁੜਾਂਗਾ+ ਅਤੇ ਉੱਥੇ ਮੇਰਾ ਘਰ ਦੁਬਾਰਾ ਉਸਾਰਿਆ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਯਰੂਸ਼ਲਮ ਨੂੰ ਰੱਸੀ* ਨਾਲ ਨਾਪਿਆ ਜਾਵੇਗਾ।”’+
17 “ਇਕ ਵਾਰ ਹੋਰ ਐਲਾਨ ਕਰ ਅਤੇ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੇਰੇ ਸ਼ਹਿਰਾਂ ਵਿਚ ਫਿਰ ਤੋਂ ਖ਼ੁਸ਼ਹਾਲੀ ਹੀ ਖ਼ੁਸ਼ਹਾਲੀ* ਹੋਵੇਗੀ; ਅਤੇ ਯਹੋਵਾਹ ਦੁਬਾਰਾ ਸੀਓਨ ਨੂੰ ਦਿਲਾਸਾ ਦੇਵੇਗਾ+ ਅਤੇ ਯਰੂਸ਼ਲਮ ਨੂੰ ਦੁਬਾਰਾ ਚੁਣੇਗਾ।”’”+
18 ਫਿਰ ਮੈਂ ਨਜ਼ਰਾਂ ਉਤਾਂਹ ਚੁੱਕੀਆਂ ਅਤੇ ਚਾਰ ਸਿੰਗ ਦੇਖੇ।+ 19 ਤਦ ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ: “ਇਨ੍ਹਾਂ ਸਿੰਗਾਂ ਦਾ ਕੀ ਮਤਲਬ ਹੈ?” ਉਸ ਨੇ ਜਵਾਬ ਦਿੱਤਾ: “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ,+ ਇਜ਼ਰਾਈਲ+ ਅਤੇ ਯਰੂਸ਼ਲਮ ਨੂੰ ਖਿੰਡਾ ਦਿੱਤਾ।”+
20 ਫਿਰ ਯਹੋਵਾਹ ਨੇ ਮੈਨੂੰ ਚਾਰ ਕਾਰੀਗਰ ਦਿਖਾਏ। 21 ਮੈਂ ਪੁੱਛਿਆ: “ਇਹ ਕੀ ਕਰਨ ਆ ਰਹੇ ਹਨ?”
ਉਸ ਨੇ ਕਿਹਾ: “ਇਨ੍ਹਾਂ ਸਿੰਗਾਂ ਨੇ ਯਹੂਦਾਹ ਨੂੰ ਇਸ ਹੱਦ ਤਕ ਖਿੰਡਾ ਦਿੱਤਾ ਕਿ ਕੋਈ ਵੀ ਆਪਣਾ ਸਿਰ ਨਹੀਂ ਚੁੱਕ ਸਕਦਾ ਸੀ। ਇਹ ਕਾਰੀਗਰ ਉਨ੍ਹਾਂ ਵਿਚ ਦਹਿਸ਼ਤ ਫੈਲਾਉਣ ਲਈ ਆਉਣਗੇ ਅਤੇ ਕੌਮਾਂ ਦੇ ਇਨ੍ਹਾਂ ਸਿੰਗਾਂ ਨੂੰ ਤੋੜ ਦੇਣਗੇ ਜੋ ਕੌਮਾਂ ਨੇ ਯਹੂਦਾਹ ਦੇਸ਼ ਨੂੰ ਖਿੰਡਾਉਣ ਲਈ ਚੁੱਕੇ ਸਨ।”