15 ਨਰਮ ਜਵਾਬ ਕ੍ਰੋਧ ਨੂੰ ਠੰਢਾ ਕਰ ਦਿੰਦਾ ਹੈ,+
ਪਰ ਕਠੋਰ ਬੋਲ ਗੁੱਸੇ ਨੂੰ ਭੜਕਾਉਂਦਾ ਹੈ।+
2 ਬੁੱਧੀਮਾਨਾਂ ਦੀ ਜ਼ਬਾਨ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ,+
ਪਰ ਮੂਰਖਾਂ ਦਾ ਮੂੰਹ ਮੂਰਖਤਾਈ ਉਗਲ਼ਦਾ ਹੈ।
3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਲੱਗੀਆਂ ਰਹਿੰਦੀਆਂ ਹਨ,
ਉਹ ਭਲੇ-ਬੁਰੇ ਦੋਹਾਂ ਨੂੰ ਦੇਖਦੀਆਂ ਹਨ।+
4 ਸ਼ਾਂਤ ਜ਼ਬਾਨ ਜੀਵਨ ਦਾ ਦਰਖ਼ਤ ਹੈ,+
ਪਰ ਟੇਢੀ ਜ਼ਬਾਨ ਨਿਰਾਸ਼ ਕਰਦੀ ਹੈ।
5 ਮੂਰਖ ਆਪਣੇ ਪਿਤਾ ਦੇ ਅਨੁਸ਼ਾਸਨ ਨੂੰ ਤੁੱਛ ਸਮਝਦਾ ਹੈ,+
ਪਰ ਸਮਝਦਾਰ ਇਨਸਾਨ ਤਾੜਨਾ ਨੂੰ ਕਬੂਲ ਕਰਦਾ ਹੈ।+
6 ਧਰਮੀ ਦੇ ਘਰ ਢੇਰ ਸਾਰਾ ਖ਼ਜ਼ਾਨਾ ਹੁੰਦਾ ਹੈ,
ਪਰ ਦੁਸ਼ਟ ਦੀ ਪੈਦਾਵਾਰ ਉਸ ʼਤੇ ਮੁਸੀਬਤ ਲਿਆਉਂਦੀ ਹੈ।+
7 ਬੁੱਧੀਮਾਨ ਦੇ ਬੁੱਲ੍ਹ ਗਿਆਨ ਖਿਲਾਰਦੇ ਹਨ,+
ਪਰ ਮੂਰਖ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ।+
8 ਦੁਸ਼ਟਾਂ ਦੇ ਬਲੀਦਾਨ ਤੋਂ ਯਹੋਵਾਹ ਨੂੰ ਘਿਣ ਹੈ,+
ਪਰ ਨੇਕ ਇਨਸਾਨਾਂ ਦੀ ਪ੍ਰਾਰਥਨਾ ਤੋਂ ਉਹ ਖ਼ੁਸ਼ ਹੁੰਦਾ ਹੈ।+
9 ਦੁਸ਼ਟ ਦੇ ਰਾਹ ਤੋਂ ਯਹੋਵਾਹ ਘਿਰਣਾ ਕਰਦਾ ਹੈ,+
ਪਰ ਉਹ ਨੇਕੀ ਨਾਲ ਚੱਲਣ ਵਾਲੇ ਨਾਲ ਪਿਆਰ ਕਰਦਾ ਹੈ।+
10 ਜਿਹੜਾ ਸਹੀ ਰਾਹ ਨੂੰ ਤਿਆਗ ਦਿੰਦਾ ਹੈ, ਉਸ ਨੂੰ ਅਨੁਸ਼ਾਸਨ ਬੁਰਾ ਲੱਗਦਾ ਹੈ,+
ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ, ਉਹ ਜਾਨ ਗੁਆ ਲਵੇਗਾ।+
11 ਕਬਰ ਅਤੇ ਵਿਨਾਸ਼ ਦੀ ਥਾਂ ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+
ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+
12 ਮਖੌਲੀਆ ਆਪਣੇ ਤਾੜਨ ਵਾਲੇ ਨੂੰ ਪਿਆਰ ਨਹੀਂ ਕਰਦਾ।+
ਉਹ ਬੁੱਧੀਮਾਨਾਂ ਤੋਂ ਸਲਾਹ ਨਹੀਂ ਲਵੇਗਾ।+
13 ਜੇ ਦਿਲ ਖ਼ੁਸ਼ ਹੋਵੇ, ਤਾਂ ਚਿਹਰਾ ਵੀ ਖਿੜਿਆ ਹੁੰਦਾ ਹੈ,
ਪਰ ਦਿਲ ਦੀ ਉਦਾਸੀ ਮਨ ਨੂੰ ਕੁਚਲ ਦਿੰਦੀ ਹੈ।+
14 ਸਮਝ ਵਾਲਾ ਮਨ ਗਿਆਨ ਦੀ ਭਾਲ ਕਰਦਾ ਹੈ,+
ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਖਾਂਦਾ ਹੈ।+
15 ਦੁਖੀ ਇਨਸਾਨ ਦੇ ਸਾਰੇ ਦਿਨ ਬੁਰੇ ਹੁੰਦੇ ਹਨ,+
ਪਰ ਖ਼ੁਸ਼ਦਿਲ ਇਨਸਾਨ ਹਮੇਸ਼ਾ ਦਾਅਵਤਾਂ ਦਾ ਮਜ਼ਾ ਲੈਂਦਾ ਹੈ।+
16 ਬਹੁਤੀ ਧਨ-ਦੌਲਤ ਹੋਣ ਅਤੇ ਚਿੰਤਾ ਵਿਚ ਡੁੱਬੇ ਰਹਿਣ ਨਾਲੋਂ ਚੰਗਾ ਹੈ+
ਘੱਟ ਵਿਚ ਗੁਜ਼ਾਰਾ ਕਰਨਾ ਤੇ ਯਹੋਵਾਹ ਦਾ ਡਰ ਮੰਨਣਾ।+
17 ਜਿਸ ਘਰ ਵਿਚ ਵੈਰ ਹੋਵੇ, ਉੱਥੇ ਵਧੀਆ ਤੋਂ ਵਧੀਆ ਮੀਟ ਖਾਣ ਨਾਲੋਂ
ਉਸ ਘਰ ਵਿਚ ਸਾਗ-ਸਬਜ਼ੀ ਖਾਣੀ ਚੰਗੀ ਹੈ ਜਿੱਥੇ ਪਿਆਰ ਹੋਵੇ।+
18 ਗਰਮ ਸੁਭਾਅ ਦਾ ਆਦਮੀ ਬਖੇੜਾ ਖੜ੍ਹਾ ਕਰਦਾ ਹੈ,+
ਪਰ ਕ੍ਰੋਧ ਕਰਨ ਵਿਚ ਧੀਮਾ ਇਨਸਾਨ ਝਗੜੇ ਨੂੰ ਸ਼ਾਂਤ ਕਰਦਾ ਹੈ।+
19 ਆਲਸੀ ਦਾ ਰਾਹ ਕੰਡਿਆਂ ਦੀ ਵਾੜ ਵਾਂਗ ਹੈ,+
ਪਰ ਨੇਕ ਇਨਸਾਨਾਂ ਦਾ ਰਾਹ ਪੱਧਰੇ ਰਾਜਮਾਰਗ ਦੀ ਤਰ੍ਹਾਂ ਹੈ।+
20 ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+
ਪਰ ਮੂਰਖ ਆਪਣੀ ਮਾਂ ਨੂੰ ਤੁੱਛ ਸਮਝਦਾ ਹੈ।+
21 ਜਿਸ ਨੂੰ ਅਕਲ ਦੀ ਘਾਟ ਹੈ, ਉਹ ਮੂਰਖਤਾ ਤੋਂ ਖ਼ੁਸ਼ ਹੁੰਦਾ ਹੈ,+
ਪਰ ਸੂਝ-ਬੂਝ ਵਾਲਾ ਆਦਮੀ ਸਿੱਧੇ ਰਾਹ ਚੱਲਦਾ ਹੈ।+
22 ਜੇ ਸਲਾਹ ਨਾ ਮਿਲੇ, ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ,
ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।+
23 ਇਨਸਾਨ ਸਹੀ ਜਵਾਬ ਦੇ ਕੇ ਖ਼ੁਸ਼ ਹੁੰਦਾ ਹੈ+
ਅਤੇ ਵੇਲੇ ਸਿਰ ਕਹੀ ਗੱਲ ਕਿੰਨੀ ਚੰਗੀ ਲੱਗਦੀ ਹੈ!+
24 ਜ਼ਿੰਦਗੀ ਦਾ ਰਾਹ ਸਮਝਦਾਰ ਨੂੰ ਉੱਪਰੋਂ-ਉੱਪਰੋਂ ਦੀ ਲੈ ਜਾਂਦਾ ਹੈ+
ਤਾਂਕਿ ਉਹ ਹੇਠਾਂ ਕਬਰ ਤੋਂ ਦੂਰ ਰਹੇ।+
25 ਯਹੋਵਾਹ ਘਮੰਡੀ ਦੇ ਘਰ ਨੂੰ ਢਾਹ ਦੇਵੇਗਾ,+
ਪਰ ਵਿਧਵਾ ਦੀ ਜ਼ਮੀਨ ਦੇ ਬੰਨਿਆਂ ਦੀ ਰਾਖੀ ਕਰੇਗਾ।+
26 ਦੁਸ਼ਟ ਦੀਆਂ ਸਾਜ਼ਸ਼ਾਂ ਤੋਂ ਯਹੋਵਾਹ ਘਿਰਣਾ ਕਰਦਾ ਹੈ,+
ਪਰ ਮਨਭਾਉਂਦੀਆਂ ਗੱਲਾਂ ਉਸ ਲਈ ਸ਼ੁੱਧ ਹਨ।+
27 ਬੇਈਮਾਨੀ ਨਾਲ ਮੁਨਾਫ਼ਾ ਕਮਾਉਣ ਵਾਲਾ ਆਪਣੇ ਹੀ ਘਰਾਣੇ ʼਤੇ ਮੁਸੀਬਤ ਲਿਆਉਂਦਾ ਹੈ,+
ਪਰ ਰਿਸ਼ਵਤ ਤੋਂ ਨਫ਼ਰਤ ਕਰਨ ਵਾਲਾ ਜੀਉਂਦਾ ਰਹੇਗਾ।+
28 ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ,+
ਪਰ ਦੁਸ਼ਟ ਦਾ ਮੂੰਹ ਬੁਰੀਆਂ ਗੱਲਾਂ ਉਗਲਦਾ ਹੈ।
29 ਦੁਸ਼ਟਾਂ ਕੋਲੋਂ ਯਹੋਵਾਹ ਕੋਹਾਂ ਦੂਰ ਹੈ,
ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।+
30 ਚਮਕਦੀਆਂ ਅੱਖਾਂ ਦਿਲ ਨੂੰ ਖ਼ੁਸ਼ ਕਰਦੀਆਂ ਹਨ;
ਇਕ ਚੰਗੀ ਖ਼ਬਰ ਹੱਡੀਆਂ ਵਿਚ ਜਾਨ ਪਾ ਦਿੰਦੀ ਹੈ।+
31 ਜਿਹੜਾ ਜ਼ਿੰਦਗੀ ਦੇਣ ਵਾਲੀ ਤਾੜਨਾ ਨੂੰ ਸੁਣਦਾ ਹੈ,
ਉਹ ਬੁੱਧੀਮਾਨਾਂ ਵਿਚਕਾਰ ਵਾਸ ਕਰਦਾ ਹੈ।+
32 ਜਿਹੜਾ ਵੀ ਅਨੁਸ਼ਾਸਨ ਨੂੰ ਠੁਕਰਾਉਂਦਾ ਹੈ, ਉਹ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹੈ,+
ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ, ਉਹ ਸਮਝ ਹਾਸਲ ਕਰਦਾ ਹੈ।+
33 ਯਹੋਵਾਹ ਦਾ ਡਰ ਬੁੱਧ ਦੀ ਸਿਖਲਾਈ ਹੈ+
ਅਤੇ ਮਹਿਮਾ ਤੋਂ ਪਹਿਲਾਂ ਨਿਮਰਤਾ ਹੁੰਦੀ ਹੈ।+