12 ਅਨੁਸ਼ਾਸਨ ਨਾਲ ਪਿਆਰ ਕਰਨ ਵਾਲਾ ਗਿਆਨ ਨਾਲ ਪਿਆਰ ਕਰਦਾ ਹੈ,+
ਪਰ ਜਿਹੜਾ ਤਾੜਨਾ ਨਾਲ ਨਫ਼ਰਤ ਕਰਦਾ ਹੈ, ਉਹ ਬੇਅਕਲ ਹੈ।+
2 ਚੰਗੇ ਇਨਸਾਨ ʼਤੇ ਯਹੋਵਾਹ ਮਿਹਰ ਕਰਦਾ ਹੈ,
ਪਰ ਬੁਰੀਆਂ ਸਾਜ਼ਸ਼ਾਂ ਘੜਨ ਵਾਲੇ ਦੀ ਉਹ ਨਿੰਦਿਆ ਕਰਦਾ ਹੈ।+
3 ਬੁਰਾਈ ਕਰ ਕੇ ਕੋਈ ਵੀ ਇਨਸਾਨ ਟਿਕਿਆ ਨਹੀਂ ਰਹਿੰਦਾ,+
ਪਰ ਧਰਮੀ ਕਦੇ ਵੀ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ।
4 ਗੁਣਵਾਨ ਪਤਨੀ ਆਪਣੇ ਪਤੀ ਦੇ ਸਿਰ ਦਾ ਤਾਜ ਹੈ,+
ਪਰ ਜਿਹੜੀ ਪਤਨੀ ਸ਼ਰਮਿੰਦਾ ਕਰਨ ਵਾਲੇ ਕੰਮ ਕਰਦੀ ਹੈ, ਮਾਨੋ ਉਹ ਉਸ ਦੀਆਂ ਹੱਡੀਆਂ ਨੂੰ ਗਾਲ਼ਦੀ ਹੈ।+
5 ਧਰਮੀ ਦੇ ਵਿਚਾਰਾਂ ਤੋਂ ਇਨਸਾਫ਼ ਝਲਕਦਾ ਹੈ,
ਪਰ ਦੁਸ਼ਟ ਦੀ ਸੇਧ ਧੋਖੇ ਭਰੀ ਹੈ।
6 ਦੁਸ਼ਟਾਂ ਦੀਆਂ ਗੱਲਾਂ ਜਾਨਲੇਵਾ ਫੰਦਾ ਹਨ,+
ਪਰ ਨੇਕ ਇਨਸਾਨਾਂ ਦਾ ਮੂੰਹ ਉਨ੍ਹਾਂ ਨੂੰ ਬਚਾ ਲੈਂਦਾ ਹੈ।+
7 ਜਦੋਂ ਦੁਸ਼ਟਾਂ ਨੂੰ ਡੇਗਿਆ ਜਾਂਦਾ ਹੈ, ਤਾਂ ਉਹ ਨਾਸ਼ ਹੋ ਜਾਂਦੇ ਹਨ,
ਪਰ ਧਰਮੀਆਂ ਦਾ ਘਰ ਖੜ੍ਹਾ ਰਹੇਗਾ।+
8 ਸਮਝਦਾਰੀ ਨਾਲ ਮੂੰਹ ਖੋਲ੍ਹਣ ਵਾਲੇ ਦੀ ਵਡਿਆਈ ਹੁੰਦੀ ਹੈ,+
ਪਰ ਜਿਸ ਦੇ ਦਿਲ ਵਿਚ ਛਲ-ਕਪਟ ਹੈ, ਉਸ ਨਾਲ ਘਿਰਣਾ ਕੀਤੀ ਜਾਵੇਗੀ।+
9 ਇਕ ਆਮ ਇਨਸਾਨ ਜਿਸ ਕੋਲ ਇੱਕੋ ਨੌਕਰ ਹੈ,
ਉਸ ਫੜ੍ਹਾਂ ਮਾਰਨ ਵਾਲੇ ਨਾਲੋਂ ਚੰਗਾ ਹੈ ਜੋ ਰੋਟੀ ਲਈ ਤਰਸਦਾ ਹੈ।+
10 ਧਰਮੀ ਆਪਣੇ ਪਾਲਤੂ ਜਾਨਵਰਾਂ ਦਾ ਖ਼ਿਆਲ ਰੱਖਦਾ ਹੈ,+
ਪਰ ਦੁਸ਼ਟ ਦਾ ਤਾਂ ਰਹਿਮ ਵੀ ਬੇਰਹਿਮ ਹੁੰਦਾ ਹੈ।
11 ਜਿਹੜਾ ਆਪਣੀ ਜ਼ਮੀਨ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ,+
ਪਰ ਨਿਕੰਮੀਆਂ ਚੀਜ਼ਾਂ ਪਿੱਛੇ ਭੱਜਣ ਵਾਲਾ ਬੇਅਕਲ ਹੈ।
12 ਦੁਸ਼ਟ ਆਦਮੀ ਹੋਰਨਾਂ ਬੁਰੇ ਆਦਮੀਆਂ ਦੀ ਲੁੱਟ ਤੋਂ ਜਲ਼ਦਾ ਹੈ,
ਪਰ ਧਰਮੀ ਦੀ ਜੜ੍ਹ ਫਲ ਪੈਦਾ ਕਰਦੀ ਹੈ।
13 ਬੁਰਾ ਆਦਮੀ ਆਪਣੀਆਂ ਹੀ ਬੁਰੀਆਂ ਗੱਲਾਂ ਦੇ ਜਾਲ਼ ਵਿਚ ਫਸ ਜਾਂਦਾ ਹੈ,+
ਪਰ ਧਰਮੀ ਆਦਮੀ ਬਿਪਤਾ ਤੋਂ ਬਚ ਜਾਂਦਾ ਹੈ।
14 ਆਦਮੀ ਆਪਣੀਆਂ ਗੱਲਾਂ ਦੇ ਫਲ ਕਾਰਨ ਭਲਾਈ ਨਾਲ ਰੱਜਦਾ ਹੈ+
ਅਤੇ ਉਸ ਦੇ ਹੱਥਾਂ ਦੀ ਕਰਨੀ ਦਾ ਉਸ ਨੂੰ ਫਲ ਮਿਲੇਗਾ।
15 ਮੂਰਖ ਦਾ ਰਾਹ ਉਸ ਦੀਆਂ ਆਪਣੀਆਂ ਨਜ਼ਰਾਂ ਵਿਚ ਸਹੀ ਹੁੰਦਾ ਹੈ,+
ਪਰ ਬੁੱਧੀਮਾਨ ਇਨਸਾਨ ਸਲਾਹ ਨੂੰ ਮੰਨਦਾ ਹੈ।+
16 ਮੂਰਖ ਝੱਟ ਚਿੜ ਜਾਂਦਾ ਹੈ,+
ਪਰ ਸਮਝਦਾਰ ਆਦਮੀ ਬੇਇੱਜ਼ਤੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।
17 ਵਫ਼ਾਦਾਰ ਗਵਾਹ ਸੱਚ ਦੱਸੇਗਾ,
ਪਰ ਝੂਠੇ ਗਵਾਹ ਦੀਆਂ ਗੱਲਾਂ ਵਿਚ ਧੋਖਾ ਹੁੰਦਾ ਹੈ।
18 ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ,
ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।+
19 ਸੱਚ ਬੋਲਣ ਵਾਲੇ ਬੁੱਲ੍ਹ ਸਦਾ ਰਹਿਣਗੇ,+
ਪਰ ਝੂਠੀ ਜੀਭ ਸਿਰਫ਼ ਇਕ ਪਲ ਲਈ ਰਹੇਗੀ।+
20 ਸਾਜ਼ਸ਼ ਘੜਨ ਵਾਲਿਆਂ ਦੇ ਦਿਲ ਵਿਚ ਧੋਖਾ ਹੁੰਦਾ ਹੈ,
ਪਰ ਸ਼ਾਂਤੀ ਵਧਾਉਣ ਵਾਲੇ ਖ਼ੁਸ਼ ਹਨ।+
21 ਧਰਮੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ,+
ਪਰ ਦੁਸ਼ਟ ਬਿਪਤਾ ਨਾਲ ਘਿਰੇ ਰਹਿਣਗੇ।+
22 ਝੂਠੇ ਬੁੱਲ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ,+
ਪਰ ਵਫ਼ਾਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਉਹ ਖ਼ੁਸ਼ ਹੁੰਦਾ ਹੈ।
23 ਸਮਝਦਾਰ ਇਨਸਾਨ ਗੱਲਾਂ ਨੂੰ ਲੁਕੋ ਰੱਖਦਾ ਹੈ,
ਪਰ ਮੂਰਖ ਦਾ ਦਿਲ ਉਸ ਦੀ ਮੂਰਖਤਾ ਨੂੰ ਉਗਲ਼ ਦਿੰਦਾ ਹੈ।+
24 ਮਿਹਨਤੀਆਂ ਦੇ ਹੱਥ ਰਾਜ ਕਰਨਗੇ,+
ਪਰ ਆਲਸੀ ਹੱਥਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।+
25 ਚਿੰਤਾ ਮਨੁੱਖ ਦੇ ਦਿਲ ਨੂੰ ਝੁਕਾ ਦਿੰਦੀ ਹੈ,+
ਪਰ ਚੰਗੀ ਗੱਲ ਇਸ ਨੂੰ ਖ਼ੁਸ਼ ਕਰ ਦਿੰਦੀ ਹੈ।+
26 ਧਰਮੀ ਆਪਣੀਆਂ ਚਰਾਂਦਾਂ ਦੀ ਜਾਂਚ ਕਰਦਾ ਹੈ,
ਪਰ ਦੁਸ਼ਟਾਂ ਦਾ ਰਾਹ ਉਨ੍ਹਾਂ ਨੂੰ ਭਟਕਾ ਦਿੰਦਾ ਹੈ।
27 ਆਲਸੀ ਸ਼ਿਕਾਰ ਦੇ ਪਿੱਛੇ ਨਹੀਂ ਭੱਜਦੇ,+
ਪਰ ਮਿਹਨਤ ਇਕ ਆਦਮੀ ਦਾ ਕੀਮਤੀ ਖ਼ਜ਼ਾਨਾ ਹੈ।
28 ਨੇਕੀ ਦਾ ਰਾਹ ਜ਼ਿੰਦਗੀ ਵੱਲ ਲੈ ਜਾਂਦਾ ਹੈ;+
ਇਸ ਦੇ ਰਾਹ ਵਿਚ ਮੌਤ ਨਹੀਂ ਹੈ।