ਆਧੁਨਿਕ ਜੀਵਨ ਲਈ ਇਕ ਵਿਵਹਾਰਕ ਪੁਸਤਕ
ਅੱਜ ਦੇ ਸੰਸਾਰ ਵਿਚ ਸਲਾਹ ਪੇਸ਼ ਕਰਨ ਵਾਲੀਆਂ ਪੁਸਤਕਾਂ ਬਹੁਤ ਲੋਕਪ੍ਰਿਯ ਹਨ। ਪਰੰਤੂ ਉਹ ਅਕਸਰ ਪੁਰਾਣੀਆਂ ਹੋ ਜਾਂਦੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਸੋਧਿਆ ਜਾਂਦਾ ਹੈ ਅਤੇ ਦੂਜੀਆਂ ਪੁਸਤਕਾਂ ਨਾਲ ਬਦਲਿਆ ਜਾਂਦਾ ਹੈ। ਬਾਈਬਲ ਬਾਰੇ ਕੀ? ਇਹ ਲਗਭਗ 2,000 ਸਾਲ ਪਹਿਲਾਂ ਪੂਰੀ ਕੀਤੀ ਗਈ ਸੀ। ਫਿਰ ਵੀ, ਇਸ ਦੇ ਮੁਢਲੇ ਸੰਦੇਸ਼ ਨੂੰ ਕਦੇ ਸੁਧਾਰਿਆ ਜਾਂ ਆਧੁਨਿਕ ਨਹੀਂ ਬਣਾਇਆ ਗਿਆ ਹੈ। ਕੀ ਅਜਿਹੀ ਪੁਸਤਕ ਸਾਡੇ ਦਿਨਾਂ ਵਿਚ ਵਿਵਹਾਰਕ ਅਗਵਾਈ ਦੇ ਸਕਦੀ ਹੈ?
ਕੁਝ ਲੋਕ ਤਾਂ ਨਹੀਂ ਕਹਿੰਦੇ ਹਨ। ਇਹ ਵਿਆਖਿਆ ਕਰਦੇ ਹੋਏ ਕਿ ਉਹ ਬਾਈਬਲ ਨੂੰ ਕਿਉਂ ਪੁਰਾਣੀ ਸਮਝਦਾ ਹੈ, ਡਾ. ਈਲਾਈ ਐੱਸ. ਚੇਸਨ ਨੇ ਲਿਖਿਆ: “ਕੋਈ ਵੀ ਵਿਅਕਤੀ ਇਕ ਆਧੁਨਿਕ ਰਸਾਇਣ-ਵਿਗਿਆਨ ਕਲਾਸ ਵਿਚ ਇਕ 1924 ਸੰਸਕਰਣ ਦੀ ਰਸਾਇਣ-ਵਿਗਿਆਨ ਪਾਠ[ਪੁਸਤਕ] ਦੇ ਪ੍ਰਯੋਗ ਦੀ ਹਿਮਾਇਤ ਨਹੀਂ ਕਰੇਗਾ।”1 ਇੰਜ ਜਾਪਦਾ ਹੈ ਕਿ ਇਸ ਦਲੀਲ ਵਿਚ ਦਮ ਹੈ। ਆਖ਼ਰਕਾਰ ਬਾਈਬਲ ਦੇ ਲਿਖੇ ਜਾਣ ਦੇ ਸਮੇਂ ਤੋਂ ਲੈ ਕੇ ਹੁਣ ਤਕ ਮਨੁੱਖਾਂ ਨੇ ਮਾਨਸਿਕ ਸਿਹਤ ਅਤੇ ਮਾਨਵੀ ਵਤੀਰੇ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਇਸ ਲਈ ਇਕ ਇੰਨੀ ਪ੍ਰਾਚੀਨ ਪੁਸਤਕ ਆਧੁਨਿਕ ਜੀਵਨ ਲਈ ਕਿਵੇਂ ਢੁਕਵੀਂ ਹੋ ਸਕਦੀ ਹੈ?
ਸਦੀਵੀ ਸਿਧਾਂਤ
ਭਾਵੇਂ ਇਹ ਸੱਚ ਹੈ ਕਿ ਸਮਾਂ ਬਦਲ ਗਿਆ ਹੈ, ਬੁਨਿਆਦੀ ਮਾਨਵੀ ਲੋੜਾਂ ਉਹੀ ਰਹੀਆਂ ਹਨ। ਪੂਰੇ ਇਤਿਹਾਸ ਦੇ ਦੌਰਾਨ ਲੋਕਾਂ ਨੂੰ ਪ੍ਰੇਮ ਅਤੇ ਸਨੇਹ ਦੀ ਜ਼ਰੂਰਤ ਰਹੀ ਹੈ। ਉਨ੍ਹਾਂ ਨੇ ਖ਼ੁਸ਼ ਹੋਣ ਅਤੇ ਅਰਥਭਰਪੂਰ ਜੀਵਨ ਜੀਉਣ ਦੀ ਇੱਛਾ ਰੱਖੀ ਹੈ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਵਿਚ ਸਲਾਹ ਦੀ ਜ਼ਰੂਰਤ ਰਹੀ ਹੈ ਕਿ ਆਰਥਿਕ ਦਬਾਵਾਂ ਨਾਲ ਕਿਵੇਂ ਨਿਪਟਣਾ ਹੈ, ਵਿਆਹ ਨੂੰ ਕਿਵੇਂ ਸਫ਼ਲ ਬਣਾਉਣਾ ਹੈ, ਅਤੇ ਆਪਣੇ ਬੱਚਿਆਂ ਦੇ ਮਨਾਂ ਵਿਚ ਚੰਗੀਆਂ ਨੈਤਿਕ ਅਤੇ ਸਦਾਚਾਰਕ ਕਦਰਾਂ-ਕੀਮਤਾਂ ਕਿਵੇਂ ਬਿਠਾਉਣੀਆਂ ਹਨ। ਬਾਈਬਲ ਵਿਚ ਉਹ ਸਲਾਹ ਹੈ ਜੋ ਇਨ੍ਹਾਂ ਬੁਨਿਆਦੀ ਲੋੜਾਂ ਨੂੰ ਸੰਬੋਧਿਤ ਕਰਦੀ ਹੈ।—ਉਪਦੇਸ਼ਕ ਦੀ ਪੋਥੀ 3:12, 13; ਰੋਮੀਆਂ 12:10; ਕੁਲੁੱਸੀਆਂ 3:18-21; 1 ਤਿਮੋਥਿਉਸ 6:6-10.
ਬਾਈਬਲ ਦੀ ਸਲਾਹ ਮਾਨਵੀ ਸੁਭਾਉ ਦੇ ਪ੍ਰਤੀ ਇਕ ਤੀਖਣ ਸਚੇਤਤਾ ਪ੍ਰਤਿਬਿੰਬਤ ਕਰਦੀ ਹੈ। ਇਸ ਦੇ ਕੁਝ ਵਿਸ਼ਿਸ਼ਟ, ਸਦੀਵੀ ਸਿਧਾਂਤਾਂ ਉੱਤੇ ਗੌਰ ਕਰੋ ਜੋ ਆਧੁਨਿਕ ਜੀਵਨ ਲਈ ਵਿਵਹਾਰਕ ਹਨ।
ਵਿਆਹ ਲਈ ਵਿਵਹਾਰਕ ਅਗਵਾਈ
ਯੂ. ਐੱਨ. ਕਰੌਨਿਕਲ ਕਹਿੰਦਾ ਹੈ ਕਿ ਪਰਿਵਾਰ, “ਮਾਨਵੀ ਸੰਗਠਨ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਬੁਨਿਆਦੀ ਇਕਾਈ ਹੈ; ਪੀੜ੍ਹੀਆਂ ਦੇ ਵਿਚਕਾਰ ਸਭ ਤੋਂ ਆਵੱਸ਼ਕ ਕੜੀ।” ਲੇਕਿਨ, ਇਹ “ਆਵੱਸ਼ਕ ਕੜੀ” ਭਿਆਨਕ ਤੇਜ਼ੀ ਨਾਲ ਟੁੱਟ ਰਹੀ ਹੈ। “ਅੱਜ ਦੇ ਸੰਸਾਰ ਵਿਚ,” ਕਰੌਨਿਕਲ ਨੋਟ ਕਰਦਾ ਹੈ, “ਕਈ ਪਰਿਵਾਰ ਦਿਲ-ਢਾਊ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ ਜੋ ਉਨ੍ਹਾਂ ਦੇ ਚਾਲੂ ਰਹਿਣ ਅਤੇ, ਅਸਲ ਵਿਚ ਉਨ੍ਹਾਂ ਦੇ ਬਚੇ ਰਹਿਣ ਦੀ ਯੋਗਤਾ ਨੂੰ ਖ਼ਤਰਾ ਪੇਸ਼ ਕਰਦੀਆਂ ਹਨ।”2 ਪਰਿਵਾਰਕ ਇਕਾਈ ਨੂੰ ਬਚੇ ਰਹਿਣ ਵਿਚ ਮਦਦ ਕਰਨ ਲਈ ਬਾਈਬਲ ਕਿਹੜੀ ਸਲਾਹ ਪੇਸ਼ ਕਰਦੀ ਹੈ?
ਪਹਿਲੀ ਗੱਲ ਹੈ ਕਿ ਬਾਈਬਲ ਇਸ ਬਾਰੇ ਕਾਫ਼ੀ ਕੁਝ ਕਹਿੰਦੀ ਹੈ ਕਿ ਪਤੀਆਂ ਅਤੇ ਪਤਨੀਆਂ ਨੂੰ ਇਕ ਦੂਜੇ ਨਾਲ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ। ਮਿਸਾਲ ਦੇ ਤੌਰ ਤੇ, ਪਤੀਆਂ ਦੇ ਸੰਬੰਧ ਵਿਚ ਇਹ ਕਹਿੰਦੀ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 5:28, 29) ਇਕ ਪਤਨੀ ਨੂੰ ‘ਆਪਣੇ ਪਤੀ ਦਾ ਮਾਨ [“ਗਹਿਰਾ ਆਦਰ,” “ਨਿ ਵ”] ਕਰਨ’ ਦੀ ਸਲਾਹ ਦਿੱਤੀ ਗਈ ਸੀ। (ਟੇਢੇ ਟਾਈਪ ਸਾਡੇ।)—ਅਫ਼ਸੀਆਂ 5:33.
ਅਜਿਹੀ ਬਾਈਬਲੀ ਸਲਾਹ ਲਾਗੂ ਕਰਨ ਦੇ ਸੰਭਵ ਨਤੀਜਿਆਂ ਉੱਤੇ ਵਿਚਾਰ ਕਰੋ। ਇਕ ਪਤੀ ਜੋ ਆਪਣੀ ਪਤਨੀ ਨੂੰ ‘ਆਪਣੇ ਸਰੀਰ’ ਵਾਂਗ ਪ੍ਰੇਮ ਕਰਦਾ ਹੈ, ਉਸ ਨਾਲ ਨਫ਼ਰਤ ਜਾਂ ਕਠੋਰਤਾ ਨਾਲ ਪੇਸ਼ ਨਹੀਂ ਆਉਂਦਾ ਹੈ। ਉਹ ਉਸ ਨੂੰ ਸਰੀਰਕ ਤੌਰ ਤੇ ਮਾਰਦਾ ਨਹੀਂ, ਨਾ ਹੀ ਉਸ ਨਾਲ ਸ਼ਬਦਾਂ ਰਾਹੀਂ ਜਾਂ ਭਾਵਾਤਮਕ ਤੌਰ ਤੇ ਦੁਰਵਿਹਾਰ ਕਰਦਾ ਹੈ। ਇਸ ਦੀ ਬਜਾਇ, ਉਹ ਉਸ ਨੂੰ ਉਹੀ ਮਾਣ ਅਤੇ ਧਿਆਨ ਦਿੰਦਾ ਹੈ ਜੋ ਉਹ ਆਪਣੇ ਪ੍ਰਤੀ ਦਿਖਾਉਂਦਾ ਹੈ। (1 ਪਤਰਸ 3:7) ਇੰਜ ਉਸ ਦੀ ਪਤਨੀ ਆਪਣੇ ਵਿਆਹ ਵਿਚ ਪਿਆਰ ਕੀਤੀ ਗਈ ਅਤੇ ਸੁਰੱਖਿਅਤ ਮਹਿਸੂਸ ਕਰਦੀ ਹੈ। ਇਸ ਤਰ੍ਹਾਂ, ਪਤੀ ਆਪਣੇ ਬੱਚਿਆਂ ਵਾਸਤੇ ਇਕ ਚੰਗਾ ਨਮੂਨਾ ਪ੍ਰਦਾਨ ਕਰਦਾ ਹੈ ਕਿ ਇਸਤਰੀਆਂ ਨਾਲ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ। ਦੂਜੇ ਪਾਸੇ, ਇਕ ਪਤਨੀ ਜੋ ਆਪਣੇ ਪਤੀ ਲਈ “ਗਹਿਰਾ ਆਦਰ” ਰੱਖਦੀ ਹੈ ਉਹ ਹਮੇਸ਼ਾ ਉਸ ਦੀ ਆਲੋਚਨਾ ਕਰਨ ਅਤੇ ਉਸ ਨੂੰ ਹੀਣ ਕਰਨ ਦੁਆਰਾ, ਉਸ ਨੂੰ ਬੇਇੱਜ਼ਤ ਨਹੀਂ ਕਰਦੀ ਹੈ। ਕਿਉਂ ਜੋ ਉਹ ਉਸ ਦਾ ਆਦਰ ਕਰਦੀ ਹੈ, ਪਤੀ ਮਹਿਸੂਸ ਕਰਦਾ ਹੈ ਕਿ ਪਤਨੀ ਉਸ ਤੇ ਭਰੋਸਾ ਰੱਖਦੀ ਹੈ, ਉਸ ਨੂੰ ਸਵੀਕਾਰ ਕਰਦੀ ਹੈ, ਅਤੇ ਉਸ ਦੀ ਕਦਰ ਕਰਦੀ ਹੈ।
ਕੀ ਅਜਿਹੀ ਸਲਾਹ ਇਸ ਆਧੁਨਿਕ ਸੰਸਾਰ ਵਿਚ ਵਿਵਹਾਰਕ ਹੈ? ਇਹ ਦਿਲਚਸਪੀ ਵਾਲੀ ਗੱਲ ਹੈ ਕਿ ਜੋ ਵਿਅਕਤੀ ਪਰਿਵਾਰਾਂ ਦਾ ਅਧਿਐਨ ਕਰਨਾ ਆਪਣਾ ਪੇਸ਼ਾ ਬਣਾਉਂਦੇ ਹਨ ਉਹ ਸਮਾਨ ਸਿੱਟਿਆਂ ਤੇ ਪਹੁੰਚੇ ਹਨ। ਪਰਿਵਾਰਕ ਸਲਾਹ ਪ੍ਰੋਗ੍ਰਾਮ ਦੀ ਇਕ ਪ੍ਰਬੰਧਕ ਨੇ ਇਹ ਟਿੱਪਣੀ ਕੀਤੀ: “ਮੇਰੇ ਦੇਖਣ ਵਿਚ ਆਏ ਸਭ ਤੋਂ ਸਥਿਰ ਪਰਿਵਾਰ ਉਹ ਹਨ ਜਿਨ੍ਹਾਂ ਵਿਚ ਮਾਤਾ ਅਤੇ ਪਿਤਾ ਆਪਸ ਵਿਚ ਇਕ ਮਜ਼ਬੂਤ, ਪ੍ਰੇਮਪੂਰਣ ਸੰਬੰਧ ਰੱਖਦੇ ਹਨ। . . . ਜਾਪਦਾ ਹੈ ਕਿ ਇਹ ਮਜ਼ਬੂਤ ਮੁੱਖ ਸੰਬੰਧ ਬੱਚਿਆਂ ਵਿਚ ਸੁਰੱਖਿਆ ਪੈਦਾ ਕਰਦਾ ਹੈ।”3
ਸਾਲਾਂ ਦੇ ਦੌਰਾਨ, ਵਿਆਹ ਬਾਰੇ ਬਾਈਬਲ ਦੀ ਸਲਾਹ ਅਣਗਿਣਤ ਨੇਕ-ਨੀਅਤ ਪਰਿਵਾਰਕ ਸਲਾਹਕਾਰਾਂ ਦੀ ਸਲਾਹ ਨਾਲੋਂ ਜ਼ਿਆਦਾ ਭਰੋਸੇਯੋਗ ਸਾਬਤ ਹੋਈ ਹੈ। ਦਰਅਸਲ, ਥੋੜ੍ਹਾ ਹੀ ਚਿਰ ਪਹਿਲਾਂ ਅਨੇਕ ਵਿਸ਼ੇਸ਼ੱਗ ਇਕ ਦੁਖਦਾਈ ਵਿਆਹ ਦੇ ਤੁਰੰਤ ਅਤੇ ਸੌਖੇ ਸੁਲਝਾਉ ਵਜੋਂ ਤਲਾਕ ਦੀ ਹਿਮਾਇਤ ਕਰ ਰਹੇ ਸਨ। ਅੱਜ, ਉਨ੍ਹਾਂ ਵਿੱਚੋਂ ਕਈ ਵਿਸ਼ੇਸ਼ੱਗ ਲੋਕਾਂ ਨੂੰ ਆਪਣੇ ਵਿਆਹ ਨੂੰ ਕਾਇਮ ਰੱਖਣ ਲਈ ਉਤੇਜਿਤ ਕਰਦੇ ਹਨ ਜੇਕਰ ਇਹ ਸੰਭਵ ਹੋਵੇ। ਪਰੰਤੂ ਇਹ ਤਬਦੀਲੀ ਕੇਵਲ ਕਾਫ਼ੀ ਨੁਕਸਾਨ ਹੋਣ ਤੋਂ ਬਾਅਦ ਆਈ ਹੈ।
ਇਸ ਦੀ ਤੁਲਨਾ ਵਿਚ, ਬਾਈਬਲ ਵਿਆਹ ਦੇ ਵਿਸ਼ੇ ਬਾਰੇ ਭਰੋਸੇਯੋਗ, ਸੰਤੁਲਿਤ ਸਲਾਹ ਦਿੰਦੀ ਹੈ। ਇਹ ਸਵੀਕਾਰ ਕਰਦੀ ਹੈ ਕਿ ਕੁਝ ਡਾਢੀਆਂ ਹਾਲਤਾਂ ਤਲਾਕ ਦੀ ਇਜਾਜ਼ਤ ਦਿੰਦੀਆਂ ਹਨ। (ਮੱਤੀ 19:9) ਨਾਲ ਹੀ ਨਾਲ, ਇਹ ਛੋਟੇ-ਛੋਟੇ ਕਾਰਨਾਂ ਕਰਕੇ ਤਲਾਕ ਲੈਣ ਦੀ ਨਿੰਦਿਆ ਕਰਦੀ ਹੈ। (ਮਲਾਕੀ 2:14-16) ਇਹ ਵਿਵਾਹਕ ਬੇਵਫ਼ਾਈ ਦੀ ਵੀ ਨਿੰਦਿਆ ਕਰਦੀ ਹੈ। (ਇਬਰਾਨੀਆਂ 13:4) ਇਹ ਕਹਿੰਦੀ ਹੈ ਕਿ ਵਿਆਹ ਵਿਚ ਵਚਨਬੱਧਤਾ ਲੋੜੀਂਦੀ ਹੈ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”a (ਟੇਢੇ ਟਾਈਪ ਸਾਡੇ।)—ਉਤਪਤ 2:24; ਮੱਤੀ 19:5, 6.
ਵਿਆਹ ਬਾਰੇ ਬਾਈਬਲ ਦੀ ਸਲਾਹ ਅੱਜ ਉੱਨੀ ਹੀ ਢੁਕਵੀਂ ਹੈ ਜਿੰਨੀ ਕਿ ਉਦੋਂ ਜਦੋਂ ਬਾਈਬਲ ਲਿਖੀ ਗਈ ਸੀ। ਜਦੋਂ ਪਤੀ ਅਤੇ ਪਤਨੀ ਪ੍ਰੇਮ ਅਤੇ ਆਦਰ ਨਾਲ ਇਕ ਦੂਜੇ ਨਾਲ ਵਰਤਾਉ ਕਰਦੇ ਹਨ ਅਤੇ ਵਿਆਹ ਨੂੰ ਇਕ ਅਣਵੰਡਿਆ ਰਿਸ਼ਤਾ ਵਿਚਾਰਦੇ ਹਨ, ਤਾਂ ਵਿਆਹ—ਅਤੇ ਇਸ ਦੇ ਨਾਲ ਹੀ ਨਾਲ ਪਰਿਵਾਰ—ਦੇ ਬਚੇ ਰਹਿਣ ਦੀ ਜ਼ਿਆਦਾ ਸੰਭਾਵਨਾ ਹੋਵੇਗੀ।
ਮਾਪਿਆਂ ਲਈ ਵਿਵਹਾਰਕ ਅਗਵਾਈ
ਕਈ ਦਹਾਕੇ ਪਹਿਲਾਂ ਮਾਪੇ—ਬਾਲ ਸਿਖਲਾਈ ਦੇ “ਨਵੇਂ ਖ਼ਿਆਲਾਂ” ਦੁਆਰਾ ਪ੍ਰੇਰਿਤ ਹੋ ਕੇ—ਸੋਚਦੇ ਸਨ ਕਿ “ਮਨ੍ਹਾ ਕਰਨਾ ਮਨ੍ਹਾ ਕੀਤਾ ਗਿਆ” ਸੀ।8 ਉਹ ਡਰਦੇ ਸਨ ਕਿ ਬੱਚਿਆਂ ਲਈ ਸੀਮਾਵਾਂ ਸਥਾਪਿਤ ਕਰਨੀਆਂ, ਸਦਮਾ ਅਤੇ ਮਾਯੂਸੀ ਦਾ ਕਾਰਨ ਬਣ ਜਾਣਗੀਆਂ। ਬਾਲ ਪਰਵਰਿਸ਼ ਦੇ ਸ਼ੁਭ-ਭਾਵੀ ਸਲਾਹਕਾਰ ਜ਼ੋਰ ਦੇ ਰਹੇ ਸਨ ਕਿ ਮਾਪੇ ਆਪਣੇ ਬੱਚਿਆਂ ਨੂੰ ਨਰਮੀ ਨਾਲ ਝਿੜਕਣ ਤੋਂ ਇਲਾਵਾ ਹੋਰ ਕੁਝ ਨਾ ਕਰਨ। ਪਰੰਤੂ ਅਜਿਹੇ ਅਨੇਕ ਵਿਸ਼ੇਸ਼ੱਗ ਹੁਣ ਅਨੁਸ਼ਾਸਨ ਦੀ ਭੂਮਿਕਾ ਉੱਤੇ ਪੁਨਰ-ਵਿਚਾਰ ਕਰ ਰਹੇ ਹਨ, ਅਤੇ ਚਿੰਤਾਤੁਰ ਮਾਪੇ ਇਸ ਵਿਸ਼ੇ ਉੱਤੇ ਕੁਝ ਸਪੱਸ਼ਟ ਸਲਾਹ ਭਾਲ ਰਹੇ ਹਨ।
ਫਿਰ ਵੀ, ਸ਼ੁਰੂ ਤੋਂ ਹੀ ਬਾਈਬਲ ਨੇ ਬਾਲ ਪਰਵਰਿਸ਼ ਬਾਰੇ ਸਪੱਸ਼ਟ, ਤਰਕਸੰਗਤ ਸਲਾਹ ਪੇਸ਼ ਕੀਤੀ ਹੈ। ਲਗਭਗ 2,000 ਸਾਲ ਪਹਿਲਾਂ, ਇਸ ਨੇ ਕਿਹਾ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ [“ਅਨੁਸ਼ਾਸਨ,” ਨਿ ਵ] ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) “ਅਨੁਸ਼ਾਸਨ” ਅਨੁਵਾਦ ਕੀਤੇ ਗਏ ਯੂਨਾਨੀ ਨਾਂਵ ਦਾ ਅਰਥ ਹੈ “ਪਾਲਣ-ਪੋਸਣ, ਸਿਖਲਾਈ, ਹਿਦਾਇਤ।”9 ਬਾਈਬਲ ਕਹਿੰਦੀ ਹੈ ਕਿ ਅਜਿਹਾ ਅਨੁਸ਼ਾਸਨ, ਜਾਂ ਹਿਦਾਇਤ, ਮਾਪਿਆਂ ਦੇ ਪ੍ਰੇਮ ਦਾ ਸਬੂਤ ਹੈ। (ਕਹਾਉਤਾਂ 13:24) ਸਪੱਸ਼ਟ ਨੈਤਿਕ ਮਾਰਗ-ਦਰਸ਼ਨ ਨਾਲ ਅਤੇ ਸਹੀ ਤੇ ਗ਼ਲਤ ਦੀ ਵਿਕਸਿਤ ਸਮਝ ਦੇ ਨਾਲ ਬੱਚੇ ਵਧਦੇ-ਫੁੱਲਦੇ ਹਨ। ਅਨੁਸ਼ਾਸਨ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਬਾਰੇ ਚਿੰਤਾ ਕਰਦੇ ਹਨ ਅਤੇ ਇਸ ਬਾਰੇ ਵੀ ਕਿ ਉਹ ਕਿਹੋ ਜਿਹੇ ਵਿਅਕਤੀ ਬਣ ਰਹੇ ਹਨ।
ਪਰੰਤੂ ਮਾਪਿਆਂ ਦੇ ਅਧਿਕਾਰ—“ਤਾੜ ਦੀ ਛਿਟੀ”—ਨੂੰ ਕਦੇ ਵੀ ਦੁਰਉਪਯੋਗੀ ਨਹੀਂ ਹੋਣਾ ਚਾਹੀਦਾ।b (ਕਹਾਉਤਾਂ 22:15; 29:15) ਬਾਈਬਲ ਮਾਪਿਆਂ ਨੂੰ ਖ਼ਬਰਦਾਰ ਕਰਦੀ ਹੈ: “ਆਪਣੇ ਬੱਚਿਆਂ ਦੀ ਹੱਦੋਂ ਵੱਧ ਸੋਧ ਨਾ ਕਰੋ, ਨਹੀਂ ਤਾਂ ਤੁਸੀਂ ਉਨ੍ਹਾਂ ਦੇ ਦਿਲਾਂ ਨੂੰ ਪੂਰੀ ਤਰ੍ਹਾਂ ਢਾਹ ਦਿਓਗੇ।” (ਕੁਲੁੱਸੀਆਂ 3:21, ਫ਼ਿਲਿਪਸ) ਉਹ ਇਹ ਵੀ ਸਵੀਕਾਰ ਕਰਦੀ ਹੈ ਕਿ ਆਮ ਤੌਰ ਤੇ ਕੁਟਾਪਾ ਕਰਨਾ ਸਿਖਾਉਣ ਦਾ ਸਭ ਤੋਂ ਪ੍ਰਭਾਵਕਾਰੀ ਤਰੀਕਾ ਨਹੀਂ ਹੈ। ਕਹਾਉਤਾਂ 17:10 ਕਹਿੰਦਾ ਹੈ: “ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।” ਇਸ ਤੋਂ ਇਲਾਵਾ, ਬਾਈਬਲ ਨਿਰੋਧਕ ਅਨੁਸ਼ਾਸਨ ਦਾ ਮਸ਼ਵਰਾ ਦਿੰਦੀ ਹੈ। ਬਿਵਸਥਾ ਸਾਰ 11:19 ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਨਾਂ ਵਿਚ ਨੈਤਿਕ ਕਦਰਾਂ-ਕੀਮਤਾਂ ਬਿਠਾਉਣ ਲਈ ਗ਼ੈਰ-ਰਸਮੀ ਅਵਸਰਾਂ ਦਾ ਫ਼ਾਇਦਾ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।—ਨਾਲੇ ਦੇਖੋ ਬਿਵਸਥਾ ਸਾਰ 6:6, 7.
ਮਾਪਿਆਂ ਵਾਸਤੇ ਬਾਈਬਲ ਦੀ ਸਦੀਵੀ ਸਲਾਹ ਸਪੱਸ਼ਟ ਹੈ। ਬੱਚਿਆਂ ਨੂੰ ਅਡੋਲ ਅਤੇ ਪ੍ਰੇਮਪੂਰਣ ਅਨੁਸ਼ਾਸਨ ਦੀ ਲੋੜ ਹੈ। ਵਿਵਹਾਰਕ ਤਜਰਬਾ ਦਿਖਾਉਂਦਾ ਹੈ ਕਿ ਅਜਿਹੀ ਸਲਾਹ ਸੱਚ-ਮੁੱਚ ਕੰਮ ਕਰਦੀ ਹੈ।c
ਲੋਕਾਂ ਨੂੰ ਵਿਭਾਜਿਤ ਕਰਨ ਵਾਲੀਆਂ ਦੀਵਾਰਾਂ ਉੱਤੇ ਪ੍ਰਬਲ ਹੋਣਾ
ਅੱਜ ਲੋਕ ਜਾਤੀਗਤ, ਕੌਮੀ, ਅਤੇ ਨਸਲੀ ਦੀਵਾਰਾਂ ਦੁਆਰਾ ਵਿਭਾਜਿਤ ਹਨ। ਅਜਿਹੀਆਂ ਨਕਲੀ ਦੀਵਾਰਾਂ ਨੇ ਪੂਰੇ ਸੰਸਾਰ ਦੇ ਯੁੱਧਾਂ ਵਿਚ ਨਿਰਦੋਸ਼ ਮਾਨਵ ਦੇ ਕਤਲਾਮ ਨੂੰ ਯੋਗਦਾਨ ਦਿੱਤਾ ਹੈ। ਜੇਕਰ ਇਤਿਹਾਸ ਦੇਖਿਆ ਜਾਵੇ, ਤਾਂ ਇਸ ਦੀ ਸੰਭਾਵਨਾ ਵਾਕਈ ਹੀ ਘੱਟ ਹੈ ਕਿ ਵੱਖਰੀਆਂ ਜਾਤੀਆਂ ਅਤੇ ਕੌਮਾਂ ਦੇ ਆਦਮੀ ਅਤੇ ਔਰਤਾਂ ਇਕ ਦੂਜੇ ਨੂੰ ਬਰਾਬਰ ਵਿਚਾਰਨ ਅਤੇ ਇਕ ਦੂਜੇ ਨਾਲ ਸਮਾਨ ਵਰਤਾਉ ਕਰਨ ਲੱਗ ਪੈਣਗੇ। “ਸੁਲਝਾਉ,” ਇਕ ਅਫ਼ਰੀਕੀ ਸਿਆਸਤਦਾਨ ਕਹਿੰਦਾ ਹੈ, “ਸਾਡੇ ਦਿਲਾਂ ਵਿਚ ਹੈ।”11 ਪਰੰਤੂ ਮਾਨਵੀ ਦਿਲਾਂ ਨੂੰ ਬਦਲਣਾ ਸੌਖਾ ਨਹੀਂ ਹੈ। ਲੇਕਿਨ, ਗੌਰ ਕਰੋ ਕਿ ਬਾਈਬਲ ਦਾ ਸੰਦੇਸ਼ ਕਿਵੇਂ ਦਿਲ ਨੂੰ ਭਾਉਂਦਾ ਹੈ ਅਤੇ ਬਰਾਬਰੀ ਦੇ ਰਵੱਈਏ ਨੂੰ ਵਧਾਉਂਦਾ ਹੈ।
ਬਾਈਬਲ ਦੀ ਸਿੱਖਿਆ ਕਿ ਪਰਮੇਸ਼ੁਰ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ” ਸੀ, ਜਾਤੀਗਤ ਉਚੇਰੇਪਣ ਦੀ ਕਿਸੇ ਵੀ ਧਾਰਣਾ ਨੂੰ ਬਾਹਰ ਕੱਢ ਦਿੰਦੀ ਹੈ। (ਰਸੂਲਾਂ ਦੇ ਕਰਤੱਬ 17:26) ਇਹ ਦਿਖਾਉਂਦੀ ਹੈ ਕਿ ਸਿਰਫ਼ ਇਕ ਹੀ ਜਾਤ ਹੈ—ਮਾਨਵ ਜਾਤ। ਇਸ ਤੋਂ ਇਲਾਵਾ ਬਾਈਬਲ ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨ’ ਲਈ ਉਤਸ਼ਾਹਿਤ ਕਰਦੀ ਹੈ ਜਿਸ ਬਾਰੇ ਇਹ ਕਹਿੰਦੀ ਹੈ: “[ਉਹ] ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਅਫ਼ਸੀਆਂ 5:1; ਰਸੂਲਾਂ ਦੇ ਕਰਤੱਬ 10:34, 35) ਬਾਈਬਲ ਨੂੰ ਮਹੱਤਤਾ ਦੇਣ ਵਾਲਿਆਂ ਨੂੰ ਅਤੇ ਇਸ ਦੀਆਂ ਸਿੱਖਿਆਵਾਂ ਅਨੁਸਾਰ ਜੀਉਣ ਦੀ ਸੱਚ-ਮੁੱਚ ਕੋਸ਼ਿਸ਼ ਕਰਨ ਵਾਲਿਆਂ ਨੂੰ ਇਹ ਗਿਆਨ ਇਕਮੁੱਠ ਕਰਦਾ ਹੈ। ਇਹ ਸਭ ਤੋਂ ਗਹਿਰੇ ਪੱਧਰ ਤੇ ਕੰਮ ਕਰਦਾ ਹੈ, ਅਰਥਾਤ, ਮਾਨਵ ਦਿਲ ਵਿਚ, ਅਤੇ ਮਨੁੱਖ ਦੀਆਂ ਬਣਾਈਆਂ ਉਨ੍ਹਾਂ ਦੀਵਾਰਾਂ ਨੂੰ ਢਾਹ ਦਿੰਦਾ ਹੈ ਜੋ ਲੋਕਾਂ ਨੂੰ ਵਿਭਾਜਿਤ ਕਰਦੀਆਂ ਹਨ। ਇਕ ਮਿਸਾਲ ਉੱਤੇ ਗੌਰ ਕਰੋ।
ਜਦੋਂ ਹਿਟਲਰ ਨੇ ਸਾਰੇ ਯੂਰਪ ਵਿਚ ਯੁੱਧ ਲੜਿਆ, ਉੱਥੇ ਮਸੀਹੀਆਂ ਦਾ ਇਕ ਸਮੂਹ ਸੀ—ਯਹੋਵਾਹ ਦੇ ਗਵਾਹ—ਜਿਨ੍ਹਾਂ ਨੇ ਦ੍ਰਿੜ੍ਹਤਾ ਨਾਲ ਨਿਰਦੋਸ਼ ਮਾਨਵ ਦੇ ਕਤਲਾਮ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ। ਉਹ ਆਪਣੇ ਸੰਗੀ ਮਨੁੱਖਾਂ ਦੇ ਵਿਰੁੱਧ ‘ਤਲਵਾਰ ਨਹੀਂ ਚੁੱਕਦੇ’ ਸਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਆਪਣੀ ਇੱਛਾ ਦੇ ਕਾਰਨ ਇਹ ਸਥਿਤੀ ਅਪਣਾਈ। (ਯਸਾਯਾਹ 2:3, 4; ਮੀਕਾਹ 4:3, 5) ਉਹ ਸੱਚ-ਮੁੱਚ ਬਾਈਬਲ ਦੀ ਸਿੱਖਿਆ ਨੂੰ ਮੰਨਦੇ ਸਨ—ਕਿ ਕੋਈ ਕੌਮ ਜਾਂ ਜਾਤੀ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। (ਗਲਾਤੀਆਂ 3:28) ਆਪਣੀ ਸ਼ਾਂਤੀ-ਪਸੰਦ ਸਥਿਤੀ ਦੇ ਕਾਰਨ, ਯਹੋਵਾਹ ਦੇ ਗਵਾਹ ਨਜ਼ਰਬੰਦੀ-ਕੈਂਪਾਂ ਵਿਚ ਪਹਿਲੇ ਕੈਦੀਆਂ ਵਿਚ ਸ਼ਾਮਲ ਸਨ।—ਰੋਮੀਆਂ 12:18.
ਪਰੰਤੂ ਬਾਈਬਲ ਦੀ ਪਾਲਣਾ ਕਰਨ ਦਾ ਦਾਅਵਾ ਕਰਨ ਵਾਲੇ ਸਾਰਿਆਂ ਨੇ ਅਜਿਹੀ ਸਥਿਤੀ ਨਹੀਂ ਅਪਣਾਈ। ਵਿਸ਼ਵ ਯੁੱਧ II ਤੋਂ ਥੋੜ੍ਹੀ ਦੇਰ ਬਾਅਦ, ਮਾਰਟਿਨ ਨੀਮੱਲਰ, ਇਕ ਜਰਮਨ ਪ੍ਰੋਟੈਸਟੈਂਟ ਪਾਦਰੀ ਨੇ ਲਿਖਿਆ: “ਜਿਹੜਾ ਵਿਅਕਤੀ [ਯੁੱਧਾਂ] ਲਈ ਪਰਮੇਸ਼ੁਰ ਉੱਤੇ ਦੋਸ਼ ਲਾਉਣਾ ਚਾਹੁੰਦਾ ਹੈ, ਉਹ ਪਰਮੇਸ਼ੁਰ ਦੇ ਬਚਨ ਨੂੰ ਜਾਣਦਾ ਨਹੀਂ ਹੈ, ਜਾਂ ਜਾਣਨਾ ਨਹੀਂ ਚਾਹੁੰਦਾ। . . . ਯੁਗਾਂ ਦੇ ਦੌਰਾਨ, ਈਸਾਈ ਗਿਰਜਿਆਂ ਨੇ ਯੁੱਧਾਂ, ਫ਼ੌਜਾਂ, ਅਤੇ ਹਥਿਆਰਾਂ ਨੂੰ ਆਸ਼ੀਰਵਾਦ ਦੇਣ ਲਈ ਖ਼ੁਦ ਨੂੰ ਵਾਰ-ਵਾਰ ਪੇਸ਼ ਕੀਤਾ ਹੈ ਅਤੇ . . . ਯੁੱਧ ਵਿਚ ਆਪਣੇ ਵੈਰੀਆਂ ਦੇ ਵਿਨਾਸ਼ ਲਈ ਬਹੁਤ ਹੀ ਗ਼ੈਰ-ਮਸੀਹੀ ਤਰੀਕੇ ਨਾਲ ਪ੍ਰਾਰਥਨਾ ਕੀਤੀ ਹੈ। ਇਹ ਸਭ ਕੁਝ ਸਾਡਾ ਕਸੂਰ ਹੈ ਅਤੇ ਸਾਡੇ ਪਿਤਰਾਂ ਦਾ ਕਸੂਰ ਹੈ, ਪਰੰਤੂ ਪਰਮੇਸ਼ੁਰ ਉੱਤੇ ਦੋਸ਼ ਹਰਗਿਜ਼ ਨਹੀਂ ਲਗਾਇਆ ਜਾ ਸਕਦਾ ਹੈ। ਅਤੇ ਅਸੀਂ ਅੱਜ ਦੇ ਈਸਾਈ ਲੋਕ ਅਰਨਿਸਟ ਬਾਈਬਲ ਸਟੂਡੈਂਟਸ [ਯਹੋਵਾਹ ਦੇ ਗਵਾਹ] ਵਰਗੇ ਇਕ ਅਖਾਉਤੀ ਪੰਥ ਦੇ ਸਾਮ੍ਹਣੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ, ਜੋ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਜ਼ਰਬੰਦੀ-ਕੈਂਪਾਂ ਵਿਚ ਗਏ ਅਤੇ [ਇੱਥੋਂ ਤਕ ਕਿ] ਮਰ ਗਏ ਕਿਉਂਕਿ ਉਨ੍ਹਾਂ ਨੇ ਯੁੱਧ ਵਿਚ ਹਿੱਸਾ ਲੈਣ ਤੋਂ ਅਤੇ ਮਾਨਵ ਤੇ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ।”12
ਅੱਜ ਤਕ, ਯਹੋਵਾਹ ਦੇ ਗਵਾਹ ਆਪਣੇ ਭਾਈਚਾਰੇ ਲਈ ਪ੍ਰਸਿੱਧ ਹਨ, ਜੋ ਅਰਬੀ ਅਤੇ ਯਹੂਦੀ, ਕ੍ਰੋਸ਼ੀਆਈ ਅਤੇ ਸਰਬੀਆਈ, ਹੁਟੂ ਅਤੇ ਟੂਟਸੀ ਲੋਕਾਂ ਨੂੰ ਸੰਯੁਕਤ ਕਰਦਾ ਹੈ। ਫਿਰ ਵੀ, ਗਵਾਹ ਬਿਨਾਂ ਝਿਜਕ ਸਵੀਕਾਰ ਕਰਦੇ ਹਨ ਕਿ ਅਜਿਹੀ ਏਕਤਾ ਮੁਮਕਿਨ ਹੈ, ਇਸ ਕਾਰਨ ਨਹੀਂ ਕਿ ਉਹ ਦੂਜਿਆਂ ਨਾਲੋਂ ਬਿਹਤਰ ਹਨ, ਪਰੰਤੂ ਇਸ ਲਈ ਕਿ ਉਹ ਬਾਈਬਲ ਦੇ ਸੰਦੇਸ਼ ਦੀ ਸ਼ਕਤੀ ਦੁਆਰਾ ਪ੍ਰੇਰਿਤ ਹੁੰਦੇ ਹਨ।—1 ਥੱਸਲੁਨੀਕੀਆਂ 2:13.
ਵਿਵਹਾਰਕ ਅਗਵਾਈ ਜੋ ਚੰਗੀ ਮਾਨਸਿਕ ਸਿਹਤ ਵਧਾਉਂਦੀ ਹੈ
ਇਕ ਵਿਅਕਤੀ ਦੀ ਸਰੀਰਕ ਸਿਹਤ ਅਕਸਰ ਉਸ ਦੀ ਮਾਨਸਿਕ ਅਤੇ ਭਾਵਾਤਮਕ ਸਿਹਤ ਦੀ ਹਾਲਤ ਦੁਆਰਾ ਪ੍ਰਭਾਵਿਤ ਹੁੰਦੀ ਹੈ। ਮਿਸਾਲ ਦੇ ਤੌਰ ਤੇ, ਵਿਗਿਆਨਕ ਅਧਿਐਨਾਂ ਨੇ ਕ੍ਰੋਧ ਦੇ ਹਾਨੀਕਾਰਕ ਅਸਰਾਂ ਨੂੰ ਸਾਬਤ ਕੀਤਾ ਹੈ। ਡਿਊਕ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਖੇ ਵਿਹਾਰਕ ਰੀਸਰਚ ਦੇ ਨਿਰਦੇਸ਼ਕ, ਡਾ. ਰੈੱਡਫ਼ਰਡ ਵਿਲਿਅਮਜ਼ ਅਤੇ ਉਸ ਦੀ ਪਤਨੀ ਵਰਜਿਨਿਆ ਵਿਲਿਅਮਜ਼ ਨੇ ਆਪਣੀ ਪੁਸਤਕ ਕ੍ਰੋਧ ਜਾਨਲੇਵਾ ਹੈ (ਅੰਗ੍ਰੇਜ਼ੀ), ਵਿਚ ਕਿਹਾ: “ਜ਼ਿਆਦਾਤਰ ਉਪਲਬਧ ਸਬੂਤ ਇਹ ਸੰਕੇਤ ਕਰਦੇ ਹਨ ਕਿ ਵੈਰਭਾਵੀ ਲੋਕਾਂ ਨੂੰ ਵਿਭਿੰਨ ਕਾਰਨਾਂ ਕਰਕੇ ਹਿਰਦਾ-ਵਾਹਿਕਾ ਬੀਮਾਰੀ ਦਾ (ਅਤੇ ਦੂਜੇ ਰੋਗਾਂ ਦਾ ਵੀ) ਵਧੇਰੇ ਖ਼ਤਰਾ ਹੁੰਦਾ ਹੈ, ਜਿਨ੍ਹਾਂ ਕਾਰਨਾਂ ਵਿਚ ਘੱਟ ਸਮਾਜਕ ਸਮਰਥਨ, ਕ੍ਰੋਧ ਭੜਕਣ ਤੇ ਵਧਾਈ ਗਈ ਸਰੀਰਕ ਪ੍ਰਤਿਕ੍ਰਿਆ, ਅਤੇ ਸਿਹਤ ਲਈ ਖ਼ਤਰਨਾਕ ਅਭਿਆਸਾਂ ਦਾ ਜੀਅ ਭਰ ਕੇ ਆਨੰਦ ਲੈਣਾ ਸ਼ਾਮਲ ਹਨ।”13
ਅਜਿਹੇ ਵਿਗਿਆਨਕ ਅਧਿਐਨਾਂ ਤੋਂ ਹਜ਼ਾਰਾਂ ਸਾਲ ਪਹਿਲਾਂ, ਬਾਈਬਲ ਨੇ, ਸਰਲ ਪਰ ਸਪੱਸ਼ਟ ਸ਼ਬਦਾਂ ਵਿਚ, ਸਾਡੀ ਭਾਵਾਤਮਕ ਹਾਲਤ ਅਤੇ ਸਾਡੀ ਸਰੀਰਕ ਸਿਹਤ ਵਿਚਕਾਰ ਇਕ ਸੰਬੰਧ ਸਥਾਪਿਤ ਕੀਤਾ: “ਸ਼ਾਂਤ ਮਨ [“ਦਿਲ,” ਨਿ ਵ] ਸਰੀਰ ਦਾ ਜੀਉਣ ਹੈ, ਪਰ ਖ਼ੁਣਸ ਹੱਡੀਆਂ ਦਾ ਸਾੜ ਹੈ।” (ਕਹਾਉਤਾਂ 14:30; 17:22) ਬੁੱਧੀਮਾਨੀ ਨਾਲ ਬਾਈਬਲ ਨੇ ਸਲਾਹ ਦਿੱਤੀ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ,” ਅਤੇ “ਤੂੰ ਆਪਣੇ ਜੀ ਵਿੱਚ ਛੇਤੀ ਖਿਝ [ਜਾਂ “ਕ੍ਰੋਧ,” ਕਿੰਗ ਜੇਮਜ਼ ਵਰਯਨ] ਨਾ ਕਰ।”—ਜ਼ਬੂਰ 37:8; ਉਪਦੇਸ਼ਕ ਦੀ ਪੋਥੀ 7:9.
ਬਾਈਬਲ ਵਿਚ ਕ੍ਰੋਧ ਉੱਤੇ ਕਾਬੂ ਪਾਉਣ ਬਾਰੇ ਵੀ ਸੂਝਵਾਨ ਸਲਾਹ ਹੈ। ਮਿਸਾਲ ਦੇ ਤੌਰ ਤੇ, ਕਹਾਉਤਾਂ 19:11 ਕਹਿੰਦਾ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” “ਬਿਬੇਕ” ਲਈ ਇਬਰਾਨੀ ਸ਼ਬਦ ਉਸ ਕ੍ਰਿਆ ਤੋਂ ਉਤਪੰਨ ਹੁੰਦਾ ਹੈ ਜੋ ਕਿਸੇ ਗੱਲ ਦੇ “ਕਾਰਨ ਬਾਰੇ ਗਿਆਨ” ਵੱਲ ਧਿਆਨ ਖਿੱਚਦੀ ਹੈ।14 ਬੁੱਧੀਮਾਨ ਸਲਾਹ ਇਹ ਹੈ: “ਕੁਝ ਵੀ ਕਰਨ ਤੋਂ ਪਹਿਲਾਂ ਸੋਚੋ।” ਉਨ੍ਹਾਂ ਬੁਨਿਆਦੀ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਕਿਉਂ ਦੂਜੇ ਲੋਕ ਕਿਸੇ ਖ਼ਾਸ ਤਰੀਕੇ ਵਿਚ ਗੱਲ ਜਾਂ ਕੰਮ ਕਰਦੇ ਹਨ ਇਕ ਵਿਅਕਤੀ ਨੂੰ ਜ਼ਿਆਦਾ ਸਹਿਣਸ਼ੀਲ—ਅਤੇ ਕ੍ਰੋਧ ਵੱਲ ਘੱਟ ਝੁਕਾਉ—ਹੋਣ ਵਿਚ ਮਦਦ ਕਰ ਸਕਦਾ ਹੈ।—ਕਹਾਉਤਾਂ 14:29.
ਇਕ ਹੋਰ ਵਿਵਹਾਰਕ ਸਲਾਹ ਕੁਲੁੱਸੀਆਂ 3:13 ਵਿਚ ਪਾਈ ਜਾਂਦੀ ਹੈ, ਜੋ ਕਹਿੰਦਾ ਹੈ: ‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ।’ ਛੋਟੀਆਂ-ਛੋਟੀਆਂ ਚਿੜਾਂ ਜੀਵਨ ਦਾ ਹਿੱਸਾ ਹਨ। ਅਭਿਵਿਅਕਤੀ ‘ਸਹਿ ਲਵੋ’ ਦੂਜਿਆਂ ਵਿਚ ਉਨ੍ਹਾਂ ਗੁਣਾਂ ਨੂੰ ਝੱਲਣ ਦਾ ਸੁਝਾਅ ਦਿੰਦੀ ਹੈ ਜੋ ਸਾਨੂੰ ਨਾਪਸੰਦ ਹੈ। ‘ਮਾਫ਼ ਕਰੋ’ ਦਾ ਅਰਥ ਹੈ ਰੋਸਾ ਨਾ ਰੱਖਣਾ। ਕਦੇ-ਕਦੇ ਕੁੜੱਤਣ ਨੂੰ ਮਨ ਵਿਚ ਰੱਖਣ ਦੀ ਬਜਾਇ ਇਸ ਨੂੰ ਛੱਡਣਾ ਬੁੱਧੀਮਾਨੀ ਹੁੰਦੀ ਹੈ; ਕ੍ਰੋਧ ਰੱਖਣਾ ਸਾਡੇ ਬੋਝ ਨੂੰ ਕੇਵਲ ਹੋਰ ਭਾਰਾ ਕਰੇਗਾ।—ਦੇਖੋ ਡੱਬੀ “ਮਾਨਵੀ ਰਿਸ਼ਤਿਆਂ ਲਈ ਵਿਵਹਾਰਕ ਅਗਵਾਈ।”
ਅੱਜ, ਸਲਾਹ ਅਤੇ ਅਗਵਾਈ ਦੇ ਕਈ ਸੋਮੇ ਹਨ। ਪਰੰਤੂ ਬਾਈਬਲ ਸੱਚ-ਮੁੱਚ ਵਿਲੱਖਣ ਹੈ। ਇਸ ਦੀ ਸਲਾਹ ਕੇਵਲ ਅੰਦਾਜ਼ਾ ਹੀ ਨਹੀਂ ਹੈ, ਅਤੇ ਨਾ ਹੀ ਇਸ ਦੀ ਸਲਾਹ ਕਦੇ ਸਾਨੂੰ ਹਾਨੀ ਪਹੁੰਚਾਉਂਦੀ ਹੈ। ਇਸ ਦੀ ਬਜਾਇ, ਇਸ ਦੀ ਬੁੱਧ ‘ਅੱਤ ਸੱਚੀ’ ਸਾਬਤ ਹੋਈ ਹੈ। (ਜ਼ਬੂਰ 93:5) ਇਸ ਤੋਂ ਇਲਾਵਾ, ਬਾਈਬਲ ਦੀ ਸਲਾਹ ਸਦੀਵੀ ਹੈ। ਭਾਵੇਂ ਇਹ ਲਗਭਗ 2,000 ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ਇਸ ਦੇ ਸ਼ਬਦ ਹਾਲੇ ਵੀ ਲਾਗੂ ਹੁੰਦੇ ਹਨ। ਅਤੇ ਸਾਡੀ ਚਮੜੀ ਦਾ ਰੰਗ ਜਾਂ ਅਸੀਂ ਭਾਵੇਂ ਜੋ ਵੀ ਦੇਸ਼ ਵਿਚ ਰਹਿੰਦੇ ਹਾਂ, ਇਹ ਸ਼ਬਦ ਉੱਨੇ ਹੀ ਪ੍ਰਭਾਵਕਾਰੀ ਢੰਗ ਨਾਲ ਲਾਗੂ ਹੁੰਦੇ ਹਨ। ਬਾਈਬਲ ਦੇ ਸ਼ਬਦ ਸ਼ਕਤੀ ਵੀ ਰੱਖਦੇ ਹਨ—ਅਰਥਾਤ, ਲੋਕਾਂ ਨੂੰ ਬਿਹਤਰ ਬਣਾਉਣ ਦੀ ਸ਼ਕਤੀ। (ਇਬਰਾਨੀਆਂ 4:12, ਨਿ ਵ) ਇੰਜ, ਇਸ ਪੁਸਤਕ ਨੂੰ ਪੜ੍ਹਨਾ ਅਤੇ ਇਸ ਦੇ ਸਿਧਾਂਤਾਂ ਨੂੰ ਲਾਗੂ ਕਰਨਾ ਤੁਹਾਡੇ ਜੀਵਨ ਦੇ ਦਰਜੇ ਨੂੰ ਹੋਰ ਉੱਚਾ ਕਰ ਸਕਦਾ ਹੈ।
[ਫੁਟਨੋਟ]
a ਇੱਥੇ “ਮਿਲਿਆ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਡਾਵੇਕ, “ਕਿਸੇ ਨਾਲ ਸਨੇਹ ਅਤੇ ਨਿਸ਼ਠਾ ਨਾਲ ਚਿੰਬੜੇ ਰਹਿਣ ਦਾ ਭਾਵ ਰੱਖਦਾ ਹੈ।”4 ਯੂਨਾਨੀ ਵਿਚ, ਮੱਤੀ 19:5 ਵਿਚ “ਮਿਲਿਆ ਰਹੇਗਾ” ਅਨੁਵਾਦ ਕੀਤਾ ਗਿਆ ਸ਼ਬਦ ਉਸ ਸ਼ਬਦ ਨਾਲ ਸੰਬੰਧਿਤ ਹੈ ਜਿਸ ਦਾ ਅਰਥ ਹੈ “ਚਿਪਕਾਉਣਾ,” “ਮਜ਼ਬੂਤ ਕਰਨਾ,” “ਪੱਕੀ ਤਰ੍ਹਾਂ ਇਕੱਠੇ ਜੋੜਨਾ।”5
b ਬਾਈਬਲ ਸਮਿਆਂ ਵਿਚ, ਸ਼ਬਦ “ਛਿਟੀ” (ਇਬਰਾਨੀ, ਸ਼ਵੈਟ) ਦਾ ਅਰਥ ਸੀ ਇਕ “ਸੋਟੀ” ਜਾਂ ਇਕ “ਲਾਠੀ,” ਜਿਵੇਂ ਇਕ ਚਰਵਾਹਾ ਇਸਤੇਮਾਲ ਕਰਦਾ ਹੈ।10 ਇਸ ਪ੍ਰਸੰਗ ਵਿਚ ਤਾੜ ਦੀ ਛਿਟੀ ਪ੍ਰੇਮਪੂਰਣ ਅਗਵਾਈ ਦਾ ਸੰਕੇਤ ਦਿੰਦੀ ਹੈ, ਨਾ ਕਿ ਸਖ਼ਤ ਕਠੋਰਤਾ।—ਤੁਲਨਾ ਕਰੋ ਜ਼ਬੂਰ 23:4.
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਵਿਚ “ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ,” “ਆਪਣੇ ਕਿਸ਼ੋਰ ਨੂੰ ਵਧਣ-ਫੁੱਲਣ ਵਿਚ ਮਦਦ ਦਿਓ,” “ਕੀ ਘਰ ਵਿਚ ਇਕ ਬਾਗ਼ੀ ਹੈ?” ਅਤੇ “ਆਪਣੇ ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਬਚਾਓ” ਅਧਿਆਇ ਦੇਖੋ।
[ਸਫ਼ਾ 24 ਉੱਤੇ ਸੁਰਖੀ]
ਬਾਈਬਲ ਪਰਿਵਾਰਕ ਜੀਵਨ ਬਾਰੇ ਸਪੱਸ਼ਟ, ਤਰਕਸੰਗਤ ਸਲਾਹ ਪੇਸ਼ ਕਰਦੀ ਹੈ
[ਸਫ਼ਾ 23 ਉੱਤੇ ਡੱਬੀ]
ਸਥਿਰ ਪਰਿਵਾਰਾਂ ਦੀਆਂ ਵਿਸ਼ੇਸ਼ਤਾਵਾਂ
ਕਈ ਸਾਲ ਪਹਿਲਾਂ ਇਕ ਸਿੱਖਿਅਕ ਅਤੇ ਪਰਿਵਾਰਕ ਵਿਸ਼ੇਸ਼ੱਗ ਨੇ ਇਕ ਵਿਸਤ੍ਰਿਤ ਸਰਵੇਖਣ ਕੀਤਾ ਜਿਸ ਵਿਚ ਪਰਿਵਾਰਾਂ ਨੂੰ ਸਲਾਹ ਦੇਣ ਵਾਲੇ 500 ਤੋਂ ਜ਼ਿਆਦਾ ਪੇਸ਼ਾਵਰ ਵਿਅਕਤੀਆਂ ਨੂੰ ਉਨ੍ਹਾਂ ਵਿਸ਼ੇਸ਼ਤਾਵਾਂ ਉੱਤੇ ਟਿੱਪਣੀ ਕਰਨ ਲਈ ਕਿਹਾ ਗਿਆ ਸੀ ਜੋ ਉਨ੍ਹਾਂ ਨੇ “ਸਥਿਰ” ਪਰਿਵਾਰਾਂ ਵਿਚ ਦੇਖੀਆਂ ਸਨ। ਦਿਲਚਸਪੀ ਦੀ ਗੱਲ ਹੈ ਕਿ ਸੂਚੀਬੱਧ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ ਵਿੱਚੋਂ ਸਭ ਤੋਂ ਸਾਧਾਰਣ ਉਹ ਗੱਲਾਂ ਸਨ ਜਿਨ੍ਹਾਂ ਦਾ ਬਾਈਬਲ ਦੁਆਰਾ ਬਹੁਤ ਚਿਰ ਪਹਿਲਾਂ ਮਸ਼ਵਰਾ ਦਿੱਤਾ ਗਿਆ ਸੀ।
ਚੰਗੇ ਸੰਚਾਰ ਦੇ ਅਭਿਆਸ ਪਹਿਲੇ ਦਰਜੇ ਤੇ ਸਨ, ਜਿਸ ਵਿਚ ਮਤਭੇਦਾਂ ਨੂੰ ਸੁਲਝਾਉਣ ਦੇ ਪ੍ਰਭਾਵਕਾਰੀ ਤਰੀਕੇ ਸ਼ਾਮਲ ਸਨ। ਸਰਵੇਖਣ ਦੀ ਲੇਖਕਾ ਨੇ ਨੋਟ ਕੀਤਾ ਕਿ ਸਥਿਰ ਪਰਿਵਾਰਾਂ ਵਿਚ ਪਾਈ ਗਈ ਇਕ ਆਮ ਨੀਤੀ ਇਹ ਸੀ ਕਿ “ਕੋਈ ਜਣਾ ਦੂਜੇ ਪ੍ਰਤੀ ਖਿਝਿਆ ਹੋਇਆ ਨਹੀਂ ਸੌਂਦਾ।”6 ਪਰੰਤੂ, 1,900 ਤੋਂ ਜ਼ਿਆਦਾ ਸਾਲ ਪਹਿਲਾਂ, ਬਾਈਬਲ ਨੇ ਸਲਾਹ ਦਿੱਤੀ ਸੀ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।” (ਅਫ਼ਸੀਆਂ 4:26) ਬਾਈਬਲ ਦੇ ਸਮਿਆਂ ਵਿਚ ਦਿਨਾਂ ਨੂੰ ਸੰਝ ਤੋਂ ਸੰਝ ਤਕ ਗਿਣਿਆ ਜਾਂਦਾ ਸੀ। ਇਸ ਲਈ, ਇਸ ਤੋਂ ਪਹਿਲਾਂ ਕਿ ਆਧੁਨਿਕ ਵਿਸ਼ੇਸ਼ੱਗ ਪਰਿਵਾਰਾਂ ਦਾ ਅਧਿਐਨ ਕਰਨ ਲੱਗੇ, ਬਾਈਬਲ ਨੇ ਬੁੱਧੀਮਾਨੀ ਨਾਲ ਸਲਾਹ ਦਿੱਤੀ ਸੀ: ਵਿਭਾਜੀ ਮਾਮਲਿਆਂ ਨੂੰ ਛੇਤੀ-ਛੇਤੀ ਸੁਲਝਾਓ—ਇਸ ਤੋਂ ਪਹਿਲਾਂ ਕਿ ਇਕ ਦਿਨ ਬੀਤ ਕੇ ਦੂਜਾ ਸ਼ੁਰੂ ਹੋ ਜਾਵੇ।
ਲੇਖਕਾ ਨੇ ਦੇਖਿਆ ਕਿ ਸਥਿਰ ਪਰਿਵਾਰ “ਬਾਹਰ ਜਾਣ ਵੇਲੇ ਜਾਂ ਸੌਣ ਵੇਲੇ ਸੰਭਾਵੀ ਤੌਰ ਤੇ ਕ੍ਰੋਧ-ਭੜਕਾਉ ਵਿਸ਼ਿਆਂ ਨੂੰ ਨਹੀਂ ਛੇੜਦੇ ਹਨ। ਵਾਰ-ਵਾਰ ਮੈਂ ਇਨ੍ਹਾਂ ਸ਼ਬਦਾਂ ਨੂੰ ਸੁਣਿਆਂ, ਅਰਥਾਤ, ‘ਸਹੀ ਵੇਲਾ।’”7 ਅਜਿਹਿਆਂ ਪਰਿਵਾਰਾਂ ਨੇ ਅਣਜਾਣੇ ਵਿਚ 2,700 ਤੋਂ ਜ਼ਿਆਦਾ ਸਾਲ ਪਹਿਲਾਂ ਦਰਜ ਕੀਤੀ ਗਈ ਬਾਈਬਲ ਕਹਾਵਤ ਨੂੰ ਹੂ-ਬਹੂ ਦੁਹਰਾਇਆ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਟੇਢੇ ਟਾਈਪ ਸਾਡੇ।) (ਕਹਾਉਤਾਂ 15:23; 25:11) ਇਹ ਉਪਮਾ ਸ਼ਾਇਦ ਉੱਕਰੀਆਂ ਹੋਈਆਂ ਚਾਂਦੀ ਦੀਆਂ ਥਾਲੀਆਂ ਉੱਤੇ ਸੋਨੇ ਦੀਆਂ ਸਜਾਵਟੀ ਸੇਬਾਂ ਵੱਲ ਸੰਕੇਤ ਕਰਦਾ ਹੈ—ਜੋ ਬਾਈਬਲ ਸਮਿਆਂ ਵਿਚ ਵਡਮੁੱਲੀ ਅਤੇ ਸੁੰਦਰ ਸੰਪਤੀ ਸੀ। ਇਹ ਉਚਿਤ ਸਮੇਂ ਤੇ ਕਹੇ ਗਏ ਸ਼ਬਦਾਂ ਦੀ ਸੁੰਦਰਤਾ ਅਤੇ ਮੁੱਲ ਨੂੰ ਪ੍ਰਗਟ ਕਰਦਾ ਹੈ। ਤਣਾਉ-ਭਰਪੂਰ ਹਾਲਾਤ ਵਿਚ, ਸਹੀ ਸਮੇਂ ਤੇ ਕਹੇ ਗਏ ਸਹੀ ਸ਼ਬਦ ਅਮੁੱਲ ਹਨ।—ਕਹਾਉਤਾਂ 10:19.
[ਸਫ਼ਾ 26 ਉੱਤੇ ਡੱਬੀ]
ਮਾਨਵੀ ਰਿਸ਼ਤਿਆਂ ਲਈ ਵਿਵਹਾਰਕ ਅਗਵਾਈ
“ਕੰਬ ਜਾਓ ਅਰ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ।” (ਜ਼ਬੂਰ 4:4) ਛੋਟੇ-ਛੋਟੇ ਮਤਭੇਦਾਂ ਦੇ ਜ਼ਿਆਦਾਤਰ ਮਾਮਲਿਆਂ ਵਿਚ, ਆਪਣੇ ਸ਼ਬਦਾਂ ਉੱਤੇ ਕਾਬੂ ਰੱਖਣਾ ਸ਼ਾਇਦ ਬੁੱਧੀਮਾਨੀ ਹੋਵੇਗੀ, ਅਤੇ ਇਸ ਤਰ੍ਹਾਂ ਇਕ ਜਜ਼ਬਾਤੀ ਟਾਕਰਾ ਟਾਲਿਆ ਜਾ ਸਕਦਾ ਹੈ।
“ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਬੋਲਣ ਤੋਂ ਪਹਿਲਾਂ ਸੋਚੋ। ਬਿਨਾਂ ਸੋਚ-ਸਮਝ ਕੇ ਕਹੇ ਗਏ ਸ਼ਬਦ ਦੂਜਿਆਂ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਮਿੱਤਰਤਾ ਨੂੰ ਖ਼ਤਮ ਕਰ ਸਕਦੇ ਹਨ।
“ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਨਰਮੀ ਨਾਲ ਜਵਾਬ ਦੇਣ ਲਈ ਆਤਮ-ਸੰਜਮ ਲੋੜੀਂਦਾ ਹੈ, ਪਰੰਤੂ ਇੰਜ ਕਰਨ ਨਾਲ ਅਕਸਰ ਸਮੱਸਿਆਵਾਂ ਸੁਲਝਾਈਆਂ ਜਾਂਦੀਆਂ ਹਨ ਅਤੇ ਸ਼ਾਂਤਮਈ ਰਿਸ਼ਤੇ ਕਾਇਮ ਰਹਿੰਦੇ ਹਨ।
“ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” (ਕਹਾਉਤਾਂ 17:14) ਕ੍ਰੋਧ ਵਿਚ ਆਉਣ ਤੋਂ ਪਹਿਲਾਂ, ਆਪਣੇ ਆਪ ਨੂੰ ਕਿਸੇ ਖਿਝਾਊ ਪਰਿਸਥਿਤੀ ਤੋਂ ਦੂਰ ਕਰਨਾ ਬੁੱਧੀਮਾਨੀ ਹੋਵੇਗੀ।
“ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।” (ਉਪਦੇਸ਼ਕ ਦੀ ਪੋਥੀ 7:9) ਜਜ਼ਬਾਤ ਅਕਸਰ ਕਾਰਜ ਵੱਲ ਲੈ ਜਾਂਦੇ ਹਨ। ਜਿਹੜਾ ਵਿਅਕਤੀ ਗੱਲਾਂ ਦਾ ਬੁਰਾ ਮਨਾਉਣ ਵਿਚ ਕਾਹਲੀ ਕਰਦਾ ਹੈ, ਉਹ ਮੂਰਖ ਹੈ, ਕਿਉਂਕਿ ਇਹ ਸ਼ਾਇਦ ਜਲਦਬਾਜ਼ ਸ਼ਬਦਾਂ ਜਾਂ ਕਾਰਜਾਂ ਵੱਲ ਲੈ ਜਾਵੇ।
[ਸਫ਼ਾ 25 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਨਜ਼ਰਬੰਦੀ-ਕੈਂਪਾਂ ਵਿਚ ਪਹਿਲੇ ਕੈਦੀਆਂ ਵਿਚ ਸ਼ਾਮਲ ਸਨ