ਯਹੋਸ਼ੁਆ
22 ਫਿਰ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਬੁਲਾਇਆ 2 ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਹ ਸਾਰਾ ਕੁਝ ਕੀਤਾ ਹੈ ਜਿਸ ਦਾ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ+ ਅਤੇ ਤੁਸੀਂ ਮੇਰੀਆਂ ਉਹ ਸਾਰੀਆਂ ਗੱਲਾਂ ਮੰਨੀਆਂ ਹਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ।+ 3 ਤੁਸੀਂ ਇਸ ਸਾਰੇ ਸਮੇਂ ਦੌਰਾਨ, ਹਾਂ, ਅੱਜ ਤਕ ਆਪਣੇ ਭਰਾਵਾਂ ਨੂੰ ਨਹੀਂ ਛੱਡਿਆ;+ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨ ਕੇ ਆਪਣਾ ਫ਼ਰਜ਼ ਨਿਭਾਇਆ ਹੈ।+ 4 ਹੁਣ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਭਰਾਵਾਂ ਨੂੰ ਆਰਾਮ ਬਖ਼ਸ਼ਿਆ ਹੈ, ਠੀਕ ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।+ ਇਸ ਲਈ ਹੁਣ ਤੁਸੀਂ ਉਸ ਇਲਾਕੇ ਵਿਚ ਆਪਣੇ ਤੰਬੂਆਂ ਵਿਚ ਵਾਪਸ ਜਾ ਸਕਦੇ ਹੋ ਜੋ ਇਲਾਕਾ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਦੇ ਦੂਜੇ ਪਾਸੇ* ਕਬਜ਼ਾ ਕਰਨ ਲਈ ਦਿੱਤਾ ਸੀ।+ 5 ਬੱਸ ਤੁਸੀਂ ਯਹੋਵਾਹ ਦੇ ਸੇਵਕ ਮੂਸਾ ਦੁਆਰਾ ਦਿੱਤੇ ਹੁਕਮ ਅਤੇ ਕਾਨੂੰਨ ਦੀ ਬੜੇ ਧਿਆਨ ਨਾਲ ਪਾਲਣਾ ਕਰਦੇ ਹੋਏ+ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ,+ ਉਸ ਦੇ ਸਾਰੇ ਰਾਹਾਂ ʼਤੇ ਚੱਲੋ,+ ਉਸ ਦੇ ਹੁਕਮ ਮੰਨੋ,+ ਉਸ ਨਾਲ ਚਿੰਬੜੇ ਰਹੋ+ ਅਤੇ ਆਪਣੇ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੋ।+
6 ਫਿਰ ਯਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਭੇਜ ਦਿੱਤਾ ਤੇ ਉਹ ਆਪਣੇ ਤੰਬੂਆਂ ਨੂੰ ਚਲੇ ਗਏ। 7 ਮਨੱਸ਼ਹ ਦੇ ਅੱਧੇ ਗੋਤ ਨੂੰ ਮੂਸਾ ਨੇ ਬਾਸ਼ਾਨ ਵਿਚ ਵਿਰਾਸਤ ਦਿੱਤੀ ਸੀ+ ਅਤੇ ਬਾਕੀ ਅੱਧੇ ਗੋਤ ਨੂੰ ਯਹੋਸ਼ੁਆ ਨੇ ਯਰਦਨ ਦੇ ਪੱਛਮ ਵੱਲ ਉਨ੍ਹਾਂ ਦੇ ਭਰਾਵਾਂ ਨਾਲ ਇਲਾਕਾ ਦਿੱਤਾ ਸੀ।+ ਇਸ ਤੋਂ ਇਲਾਵਾ, ਜਦੋਂ ਯਹੋਸ਼ੁਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ ਅਸੀਸ ਦਿੱਤੀ 8 ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਢੇਰ ਸਾਰੀ ਧਨ-ਦੌਲਤ, ਬਹੁਤ ਸਾਰੇ ਪਸ਼ੂ, ਚਾਂਦੀ, ਸੋਨਾ, ਤਾਂਬਾ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਤੰਬੂਆਂ ਨੂੰ ਮੁੜ ਜਾਓ।+ ਆਪਣੇ ਦੁਸ਼ਮਣਾਂ ਤੋਂ ਲੁੱਟਿਆ ਮਾਲ ਆਪਣੇ ਭਰਾਵਾਂ ਨਾਲ ਵੰਡ ਲਓ।”+
9 ਇਸ ਤੋਂ ਬਾਅਦ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਕਨਾਨ ਦੇਸ਼ ਦੇ ਸ਼ੀਲੋਹ ਵਿੱਚੋਂ ਆਪਣੇ ਬਾਕੀ ਭਰਾਵਾਂ ਤੋਂ ਵਿਦਾ ਹੋਇਆ ਅਤੇ ਉਹ ਆਪਣੀ ਵਿਰਾਸਤ ਦੇ ਇਲਾਕੇ ਗਿਲਆਦ ਨੂੰ ਮੁੜ ਆਏ+ ਜਿੱਥੇ ਉਹ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਉਸ ਹੁਕਮ ਅਨੁਸਾਰ ਵੱਸ ਗਏ ਸਨ।+ 10 ਜਦੋਂ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਕਨਾਨ ਦੇਸ਼ ਵਿਚ ਯਰਦਨ ਦੇ ਇਲਾਕਿਆਂ ਵਿਚ ਆਇਆ, ਤਾਂ ਉਨ੍ਹਾਂ ਨੇ ਯਰਦਨ ਕੋਲ ਇਕ ਵੱਡੀ ਅਤੇ ਸ਼ਾਨਦਾਰ ਵੇਦੀ ਬਣਾਈ। 11 ਬਾਅਦ ਵਿਚ ਬਾਕੀ ਇਜ਼ਰਾਈਲੀਆਂ ਨੇ ਇਹ ਗੱਲ ਸੁਣੀ:+ “ਦੇਖੋ, ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ਼ ਦੀ ਸਰਹੱਦ ʼਤੇ ਯਰਦਨ ਦੇ ਉਸ ਪਾਸੇ ਦੇ ਇਲਾਕਿਆਂ ਵਿਚ ਇਕ ਵੇਦੀ ਬਣਾਈ ਹੈ ਜਿਹੜਾ ਪਾਸਾ ਇਜ਼ਰਾਈਲੀਆਂ ਦਾ ਹੈ।” 12 ਇਹ ਪਤਾ ਲੱਗਣ ਤੇ ਇਜ਼ਰਾਈਲ ਦੀ ਸਾਰੀ ਮੰਡਲੀ ਸ਼ੀਲੋਹ ਵਿਚ ਇਕੱਠੀ ਹੋਈ+ ਤਾਂਕਿ ਉਨ੍ਹਾਂ ਨਾਲ ਯੁੱਧ ਲੜਨ ਜਾਣ।
13 ਫਿਰ ਇਜ਼ਰਾਈਲੀਆਂ ਨੇ ਅਲਆਜ਼ਾਰ ਪੁਜਾਰੀ ਦੇ ਪੁੱਤਰ ਫ਼ੀਨਹਾਸ+ ਨੂੰ ਗਿਲਆਦ ਦੇ ਇਲਾਕੇ ਵਿਚ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਭੇਜਿਆ 14 ਅਤੇ ਉਸ ਦੇ ਨਾਲ ਦਸ ਪ੍ਰਧਾਨ ਸਨ ਯਾਨੀ ਇਜ਼ਰਾਈਲ ਦੇ ਸਾਰੇ ਗੋਤਾਂ ਦੇ ਹਰ ਘਰਾਣੇ ਦਾ ਇਕ ਪ੍ਰਧਾਨ ਜੋ ਇਜ਼ਰਾਈਲ ਦੇ ਹਜ਼ਾਰਾਂ* ਵਿਚ ਆਪੋ-ਆਪਣੇ ਪਿਤਾ ਦੇ ਘਰਾਣੇ ਦਾ ਮੁਖੀ ਸੀ।+ 15 ਜਦੋਂ ਉਹ ਗਿਲਆਦ ਦੇ ਇਲਾਕੇ ਵਿਚ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਆਏ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ:
16 “ਯਹੋਵਾਹ ਦੀ ਸਾਰੀ ਮੰਡਲੀ ਇਹ ਕਹਿੰਦੀ ਹੈ: ‘ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਨਾਲ ਇਹ ਕਿਹੋ ਜਿਹੀ ਬੇਵਫ਼ਾਈ ਕੀਤੀ ਹੈ?+ ਤੁਸੀਂ ਆਪਣੇ ਲਈ ਵੇਦੀ ਬਣਾ ਕੇ ਅਤੇ ਯਹੋਵਾਹ ਖ਼ਿਲਾਫ਼ ਬਗਾਵਤ ਕਰ ਕੇ ਅੱਜ ਯਹੋਵਾਹ ਦੇ ਮਗਰ ਚੱਲਣੋਂ ਹਟ ਗਏ ਹੋ।+ 17 ਕੀ ਪਿਓਰ ਵਿਚ ਕੀਤਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅਸੀਂ ਅੱਜ ਤਕ ਆਪਣੇ ਆਪ ਨੂੰ ਇਸ ਪਾਪ ਤੋਂ ਸ਼ੁੱਧ ਨਹੀਂ ਕਰ ਪਾਏ, ਚਾਹੇ ਕਿ ਯਹੋਵਾਹ ਦੀ ਮੰਡਲੀ ʼਤੇ ਮਹਾਂਮਾਰੀ ਆ ਪਈ ਸੀ।+ 18 ਹੁਣ ਫਿਰ ਤੁਸੀਂ ਯਹੋਵਾਹ ਦੇ ਪਿੱਛੇ ਚੱਲਣਾ ਛੱਡ ਰਹੇ ਹੋ। ਜੇ ਤੁਸੀਂ ਅੱਜ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ, ਤਾਂ ਕੱਲ੍ਹ ਨੂੰ ਉਸ ਦਾ ਗੁੱਸਾ ਇਜ਼ਰਾਈਲ ਦੀ ਸਾਰੀ ਮੰਡਲੀ ʼਤੇ ਭੜਕ ਉੱਠੇਗਾ।+ 19 ਜੇ ਤੁਹਾਡੀ ਵਿਰਾਸਤ ਦਾ ਇਲਾਕਾ ਅਸ਼ੁੱਧ ਹੈ, ਤਾਂ ਇਸ ਪਾਸੇ ਯਹੋਵਾਹ ਦੇ ਉਸ ਇਲਾਕੇ ਵਿਚ ਆਓ+ ਜਿੱਥੇ ਯਹੋਵਾਹ ਦਾ ਡੇਰਾ ਹੈ+ ਅਤੇ ਸਾਡੇ ਨਾਲ ਰਹੋ। ਪਰ ਯਹੋਵਾਹ ਖ਼ਿਲਾਫ਼ ਬਗਾਵਤ ਨਾ ਕਰੋ ਅਤੇ ਸਾਡੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਤੋਂ ਇਲਾਵਾ ਆਪਣੇ ਲਈ ਕੋਈ ਹੋਰ ਵੇਦੀ ਬਣਾ ਕੇ ਸਾਨੂੰ ਬਾਗ਼ੀ ਨਾ ਬਣਾਓ।+ 20 ਜਦੋਂ ਜ਼ਰਾਹ ਦਾ ਪੁੱਤਰ ਆਕਾਨ+ ਉਨ੍ਹਾਂ ਚੀਜ਼ਾਂ ਦੇ ਮਾਮਲੇ ਵਿਚ ਵਫ਼ਾਦਾਰ ਨਹੀਂ ਰਿਹਾ ਸੀ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਸੀ, ਤਾਂ ਕੀ ਇਜ਼ਰਾਈਲ ਦੀ ਸਾਰੀ ਮੰਡਲੀ ʼਤੇ ਪਰਮੇਸ਼ੁਰ ਦਾ ਕ੍ਰੋਧ ਨਹੀਂ ਭੜਕ ਉੱਠਿਆ ਸੀ?+ ਉਸ ਦੀ ਗ਼ਲਤੀ ਕਰਕੇ ਸਿਰਫ਼ ਉਸੇ ਇਕੱਲੇ ਦੀ ਹੀ ਜਾਨ ਨਹੀਂ ਗਈ ਸੀ।’”+
21 ਇਹ ਸੁਣ ਕੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਜ਼ਰਾਈਲ ਦੇ ਹਜ਼ਾਰਾਂ* ਦੇ ਮੁਖੀਆਂ ਨੂੰ ਜਵਾਬ ਦਿੱਤਾ:+ 22 “ਸਾਰੇ ਦੇਵਤਿਆਂ ਤੋਂ ਮਹਾਨ ਪਰਮੇਸ਼ੁਰ ਯਹੋਵਾਹ! ਸਾਰੇ ਦੇਵਤਿਆਂ ਤੋਂ ਮਹਾਨ ਪਰਮੇਸ਼ੁਰ ਯਹੋਵਾਹ!+ ਉਹੀ ਜਾਣਦਾ ਹੈ ਅਤੇ ਇਜ਼ਰਾਈਲ ਵੀ ਜਾਣੇਗਾ। ਜੇ ਅਸੀਂ ਬਗਾਵਤ ਅਤੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਹੈ, ਤਾਂ ਅੱਜ ਸਾਨੂੰ ਬਖ਼ਸ਼ਿਆ ਨਾ ਜਾਵੇ। 23 ਜੇ ਅਸੀਂ ਇਸ ਲਈ ਵੇਦੀ ਬਣਾਈ ਹੈ ਕਿ ਯਹੋਵਾਹ ਦੇ ਪਿੱਛੇ ਚੱਲਣਾ ਛੱਡ ਦੇਈਏ ਅਤੇ ਇਸ ਵੇਦੀ ʼਤੇ ਹੋਮ-ਬਲ਼ੀਆਂ, ਅਨਾਜ ਦੀਆਂ ਭੇਟਾਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਈਏ, ਤਾਂ ਯਹੋਵਾਹ ਸਾਨੂੰ ਸਜ਼ਾ ਦੇਵੇ।+ 24 ਨਹੀਂ, ਅਸੀਂ ਕਿਸੇ ਹੋਰ ਕਾਰਨ ਕਰਕੇ ਇਸ ਤਰ੍ਹਾਂ ਕੀਤਾ ਕਿਉਂਕਿ ਅਸੀਂ ਸੋਚਿਆ, ‘ਭਵਿੱਖ ਵਿਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਇਹ ਕਹਿਣਗੇ: “ਤੁਹਾਡਾ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨਾਲ ਕੀ ਲੈਣਾ-ਦੇਣਾ? 25 ਹੇ ਰਊਬੇਨੀਓ ਅਤੇ ਗਾਦੀਓ, ਯਹੋਵਾਹ ਨੇ ਤੁਹਾਡੇ ਅਤੇ ਸਾਡੇ ਵਿਚ ਯਰਦਨ ਨੂੰ ਸਰਹੱਦ ਠਹਿਰਾਇਆ ਹੈ। ਯਹੋਵਾਹ ਨਾਲ ਤੁਹਾਡਾ ਕੋਈ ਹਿੱਸਾ ਨਹੀਂ।” ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਯਹੋਵਾਹ ਦੀ ਭਗਤੀ ਕਰਨ* ਤੋਂ ਰੋਕ ਦੇਣਗੇ।’
26 “ਇਸ ਲਈ ਅਸੀਂ ਕਿਹਾ, ‘ਆਓ ਆਪਾਂ ਇਕ ਵੇਦੀ ਬਣਾਈਏ, ਹੋਮ-ਬਲ਼ੀਆਂ ਜਾਂ ਬਲੀਦਾਨ ਚੜ੍ਹਾਉਣ ਲਈ ਨਹੀਂ, 27 ਸਗੋਂ ਇਸ ਲਈ ਕਿ ਇਹ ਤੁਹਾਡੇ ਵਿਚ ਅਤੇ ਸਾਡੇ ਵਿਚ ਅਤੇ ਸਾਡੇ ਤੋਂ ਬਾਅਦ ਸਾਡੀ ਔਲਾਦ* ਵਿਚ ਇਕ ਗਵਾਹ ਹੋਵੇ+ ਕਿ ਅਸੀਂ ਯਹੋਵਾਹ ਅੱਗੇ ਹੋਮ-ਬਲ਼ੀਆਂ, ਬਲੀਦਾਨ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾ ਕੇ ਉਸ ਦੀ ਭਗਤੀ ਕਰਦੇ ਰਹਾਂਗੇ+ ਤਾਂਕਿ ਭਵਿੱਖ ਵਿਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਇਹ ਨਾ ਕਹਿਣ: “ਯਹੋਵਾਹ ਨਾਲ ਤੁਹਾਡਾ ਕੋਈ ਹਿੱਸਾ ਨਹੀਂ।”’ 28 ਇਸ ਲਈ ਅਸੀਂ ਸੋਚਿਆ, ‘ਜੇ ਉਨ੍ਹਾਂ ਨੇ ਸਾਨੂੰ ਜਾਂ ਭਵਿੱਖ ਵਿਚ ਸਾਡੀ ਔਲਾਦ* ਨੂੰ ਇਸ ਤਰ੍ਹਾਂ ਕਿਹਾ, ਤਾਂ ਅਸੀਂ ਕਹਾਂਗੇ: “ਦੇਖੋ ਸਾਡੇ ਪਿਉ-ਦਾਦਿਆਂ ਵੱਲੋਂ ਬਣਾਈ ਇਹ ਵੇਦੀ ਹੂ-ਬਹੂ ਯਹੋਵਾਹ ਦੀ ਵੇਦੀ ਵਰਗੀ ਹੈ ਜੋ ਹੋਮ-ਬਲ਼ੀਆਂ ਜਾਂ ਬਲੀਦਾਨ ਚੜ੍ਹਾਉਣ ਲਈ ਨਹੀਂ, ਸਗੋਂ ਇਸ ਲਈ ਬਣਾਈ ਗਈ ਸੀ ਕਿ ਇਹ ਤੁਹਾਡੇ ਤੇ ਸਾਡੇ ਵਿਚ ਇਕ ਗਵਾਹ ਹੋਵੇ।”’ 29 ਅਸੀਂ ਸੋਚ ਵੀ ਨਹੀਂ ਸਕਦੇ ਕਿ ਡੇਰੇ ਅੱਗੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਦੇ ਹੁੰਦਿਆਂ ਅਸੀਂ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵੇ ਅਤੇ ਬਲੀਦਾਨ ਚੜ੍ਹਾਉਣ ਲਈ ਕੋਈ ਹੋਰ ਵੇਦੀ ਬਣਾ ਕੇ+ ਯਹੋਵਾਹ ਖ਼ਿਲਾਫ਼ ਬਗਾਵਤ ਕਰੀਏ ਅਤੇ ਯਹੋਵਾਹ ਦੇ ਪਿੱਛੇ ਚੱਲਣਾ ਛੱਡ ਦੇਈਏ!+
30 ਜਦੋਂ ਫ਼ੀਨਹਾਸ ਪੁਜਾਰੀ, ਉਸ ਦੇ ਨਾਲ ਗਏ ਮੰਡਲੀ ਦੇ ਪ੍ਰਧਾਨਾਂ ਯਾਨੀ ਇਜ਼ਰਾਈਲ ਦੇ ਹਜ਼ਾਰਾਂ* ਦੇ ਮੁਖੀਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੀ ਔਲਾਦ ਦੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੂੰ ਤਸੱਲੀ ਹੋਈ।+ 31 ਇਸ ਲਈ ਅਲਆਜ਼ਾਰ ਪੁਜਾਰੀ ਦੇ ਪੁੱਤਰ ਫ਼ੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੀ ਔਲਾਦ ਨੂੰ ਕਿਹਾ: “ਅੱਜ ਸਾਨੂੰ ਪਤਾ ਲੱਗ ਗਿਆ ਹੈ ਕਿ ਯਹੋਵਾਹ ਸਾਡੇ ਦਰਮਿਆਨ ਹੈ ਕਿਉਂਕਿ ਤੁਸੀਂ ਇਹ ਕੰਮ ਕਰ ਕੇ ਯਹੋਵਾਹ ਨਾਲ ਬੇਵਫ਼ਾਈ ਨਹੀਂ ਕੀਤੀ। ਹੁਣ ਤੁਸੀਂ ਇਜ਼ਰਾਈਲੀਆਂ ਨੂੰ ਯਹੋਵਾਹ ਦੇ ਹੱਥੋਂ ਬਚਾ ਲਿਆ ਹੈ।”
32 ਇਸ ਤੋਂ ਬਾਅਦ ਅਲਆਜ਼ਾਰ ਪੁਜਾਰੀ ਦਾ ਪੁੱਤਰ ਫ਼ੀਨਹਾਸ ਅਤੇ ਪ੍ਰਧਾਨ, ਗਿਲਆਦ ਦੇ ਇਲਾਕੇ ਵਿਚ ਰਊਬੇਨੀਆਂ ਅਤੇ ਗਾਦੀਆਂ ਕੋਲੋਂ ਕਨਾਨ ਦੇਸ਼ ਨੂੰ ਮੁੜ ਆਏ ਅਤੇ ਉਨ੍ਹਾਂ ਨੇ ਆ ਕੇ ਬਾਕੀ ਇਜ਼ਰਾਈਲੀਆਂ ਨੂੰ ਸਾਰੀ ਗੱਲ ਦੱਸੀ। 33 ਇਹ ਖ਼ਬਰ ਸੁਣ ਕੇ ਇਜ਼ਰਾਈਲੀਆਂ ਨੂੰ ਤਸੱਲੀ ਹੋਈ। ਫਿਰ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਨ੍ਹਾਂ ਨੇ ਰਊਬੇਨੀਆਂ ਅਤੇ ਗਾਦੀਆਂ ਨਾਲ ਯੁੱਧ ਕਰਨ ਤੇ ਉਸ ਇਲਾਕੇ ਨੂੰ ਤਬਾਹ ਕਰਨ ਬਾਰੇ ਹੋਰ ਗੱਲ ਨਾ ਕੀਤੀ ਜਿਸ ਵਿਚ ਉਹ ਵੱਸਦੇ ਸਨ।
34 ਇਸ ਲਈ ਰਊਬੇਨੀਆਂ ਅਤੇ ਗਾਦੀਆਂ ਨੇ ਉਸ ਵੇਦੀ* ਨੂੰ ਇਕ ਨਾਂ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਹਾ “ਇਹ ਵੇਦੀ ਸਾਡੇ ਵਿਚ ਇਕ ਗਵਾਹ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।”