ਬਿਵਸਥਾ ਸਾਰ
19 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਦਾ ਨਾਸ਼ ਕਰ ਦੇਵੇਗਾ ਜਿਨ੍ਹਾਂ ਦਾ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ ਅਤੇ ਤੁਸੀਂ ਉਨ੍ਹਾਂ ਕੌਮਾਂ ਨੂੰ ਉੱਥੋਂ ਕੱਢ ਦਿਓਗੇ ਅਤੇ ਉਨ੍ਹਾਂ ਦੇ ਸ਼ਹਿਰਾਂ ਅਤੇ ਘਰਾਂ ਵਿਚ ਰਹਿਣ ਲੱਗ ਪਵੋਗੇ,+ 2 ਤਾਂ ਤੁਸੀਂ ਆਪਣੇ ਦੇਸ਼ ਵਿਚ ਤਿੰਨ ਸ਼ਹਿਰ ਚੁਣਿਓ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਕਬਜ਼ੇ ਹੇਠ ਕਰੇਗਾ।+ 3 ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਤੁਸੀਂ ਉਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਓ ਅਤੇ ਉਨ੍ਹਾਂ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਬਣਾਇਓ ਤਾਂਕਿ ਖ਼ੂਨੀ ਭੱਜ ਕੇ ਉਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਜਾ ਸਕੇ।
4 “ਜਦੋਂ ਕਿਸੇ ਤੋਂ ਅਣਜਾਣੇ ਵਿਚ ਆਪਣੇ ਗੁਆਂਢੀ ਦਾ ਖ਼ੂਨ ਹੋ ਜਾਂਦਾ ਹੈ ਜਿਸ ਨਾਲ ਉਹ ਨਫ਼ਰਤ ਨਹੀਂ ਕਰਦਾ ਸੀ, ਤਾਂ ਉਹ ਕਿਸੇ ਇਕ ਸ਼ਹਿਰ ਭੱਜ ਕੇ ਆਪਣੀ ਜਾਨ ਬਚਾ ਸਕਦਾ ਹੈ।+ 5 ਮਿਸਾਲ ਲਈ, ਉਹ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜਾਂ ਲੈਣ ਜਾਂਦਾ ਹੈ। ਜਦ ਉਹ ਕੁਹਾੜੀ ਨਾਲ ਦਰਖ਼ਤ ਵੱਢਣ ਲਈ ਆਪਣਾ ਹੱਥ ਚੁੱਕਦਾ ਹੈ, ਤਾਂ ਕੁਹਾੜੀ ਦਸਤੇ ਵਿੱਚੋਂ ਨਿਕਲ ਕੇ ਗੁਆਂਢੀ ਦੇ ਵੱਜ ਜਾਂਦੀ ਹੈ ਅਤੇ ਉਹ ਮਰ ਜਾਂਦਾ ਹੈ। ਉਹ ਖ਼ੂਨੀ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ।+ 6 ਨਹੀਂ ਤਾਂ ਹੋ ਸਕਦਾ ਹੈ ਕਿ ਉਹ ਸ਼ਹਿਰ ਬਹੁਤ ਦੂਰ ਹੋਣ ਕਰਕੇ ਖ਼ੂਨ ਦਾ ਬਦਲਾ ਲੈਣ ਵਾਲਾ+ ਗੁੱਸੇ ਵਿਚ* ਉਸ ਖ਼ੂਨੀ ਦਾ ਪਿੱਛਾ ਕਰ ਕੇ ਉਸ ਨੂੰ ਘੇਰ ਲਵੇ ਅਤੇ ਉਸ ਨੂੰ ਜਾਨੋਂ ਮਾਰ ਦੇਵੇ। ਪਰ ਉਹ ਖ਼ੂਨੀ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ ਕਿਉਂਕਿ ਉਹ ਆਪਣੇ ਗੁਆਂਢੀ ਨਾਲ ਨਫ਼ਰਤ ਨਹੀਂ ਕਰਦਾ ਸੀ।+ 7 ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ‘ਤੁਸੀਂ ਇਸ ਮਕਸਦ ਲਈ ਤਿੰਨ ਸ਼ਹਿਰ ਰੱਖਿਓ।’
8 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡਾ ਇਲਾਕਾ ਵਧਾਵੇਗਾ ਜਿਸ ਦੀ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਉਹ ਪੂਰਾ ਦੇਸ਼ ਦੇਵੇਗਾ ਜਿਸ ਦਾ ਵਾਅਦਾ ਉਸ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ,+ 9 ਬਸ਼ਰਤੇ ਤੁਸੀਂ ਵਫ਼ਾਦਾਰੀ ਨਾਲ ਉਸ ਦੇ ਇਸ ਹੁਕਮ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ ਅਤੇ ਹਮੇਸ਼ਾ ਉਸ ਦੇ ਰਾਹਾਂ ʼਤੇ ਚੱਲੋ।+ ਪੂਰਾ ਦੇਸ਼ ਮਿਲਣ ਤੋਂ ਬਾਅਦ ਤੁਸੀਂ ਇਨ੍ਹਾਂ ਤਿੰਨਾਂ ਸ਼ਹਿਰਾਂ ਤੋਂ ਇਲਾਵਾ ਹੋਰ ਤਿੰਨ ਸ਼ਹਿਰ ਚੁਣਿਓ।+ 10 ਇਸ ਤਰ੍ਹਾਂ ਤੁਹਾਡੇ ਦੇਸ਼ ਵਿਚ ਕਿਸੇ ਬੇਕਸੂਰ ਦਾ ਖ਼ੂਨ ਨਹੀਂ ਵਹਾਇਆ ਜਾਵੇਗਾ+ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ ਅਤੇ ਤੁਹਾਨੂੰ ਖ਼ੂਨ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।+
11 “ਪਰ ਜੇ ਕੋਈ ਆਦਮੀ ਆਪਣੇ ਗੁਆਂਢੀ ਨਾਲ ਨਫ਼ਰਤ ਕਰਦਾ ਹੈ+ ਅਤੇ ਘਾਤ ਲਾ ਕੇ ਉਸ ਉੱਤੇ ਜਾਨਲੇਵਾ ਹਮਲਾ ਕਰਦਾ ਹੈ ਅਤੇ ਉਸ ਨੂੰ ਜ਼ਖ਼ਮੀ ਕਰ ਦਿੰਦਾ ਹੈ ਅਤੇ ਉਸ ਨੂੰ ਜਾਨੋਂ ਮਾਰ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਂਦਾ ਹੈ, 12 ਤਾਂ ਉਸ ਦੇ ਸ਼ਹਿਰ ਦੇ ਬਜ਼ੁਰਗ ਉਸ ਨੂੰ ਉੱਥੋਂ ਬੁਲਾਉਣ ਅਤੇ ਉਸ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹਵਾਲੇ ਕਰ ਦੇਣ। ਉਸ ਖ਼ੂਨੀ ਨੂੰ ਜ਼ਰੂਰ ਮਾਰ ਦਿੱਤਾ ਜਾਵੇ।+ 13 ਤੁਸੀਂ* ਉਸ ਉੱਤੇ ਤਰਸ ਨਾ ਖਾਇਓ। ਇਜ਼ਰਾਈਲ ਵਿੱਚੋਂ ਬੇਕਸੂਰ ਦੇ ਖ਼ੂਨ ਦਾ ਦੋਸ਼ ਮਿਟਾ ਦਿਓ+ ਤਾਂਕਿ ਤੁਹਾਡਾ ਭਲਾ ਹੋਵੇ।
14 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਉੱਥੇ ਜਦੋਂ ਤੁਹਾਨੂੰ ਵਿਰਾਸਤ ਵਿਚ ਜ਼ਮੀਨ ਮਿਲੇਗੀ, ਤਾਂ ਤੁਸੀਂ ਆਪਣੇ ਗੁਆਂਢੀ ਦੀ ਜ਼ਮੀਨ ਦੀ ਹੱਦ ʼਤੇ ਲੱਗਾ ਨਿਸ਼ਾਨ ਨਾ ਖਿਸਕਾਇਓ+ ਜਿਸ ਨੂੰ ਤੁਹਾਡੇ ਪਿਉ-ਦਾਦਿਆਂ ਨੇ ਲਗਾਇਆ ਹੈ।
15 “ਇਕ ਗਵਾਹ ਦੇ ਬਿਆਨ ਦੇ ਆਧਾਰ ʼਤੇ ਕਿਸੇ ਨੂੰ ਅਪਰਾਧ ਜਾਂ ਪਾਪ ਦਾ ਦੋਸ਼ੀ ਨਾ ਠਹਿਰਾਇਆ ਜਾਵੇ।+ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ ਹੀ ਮਸਲੇ ਦਾ ਫ਼ੈਸਲਾ ਕੀਤਾ ਜਾਵੇ।+ 16 ਜੇ ਕੋਈ ਆਦਮੀ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਦਿੰਦਾ ਹੈ ਅਤੇ ਉਸ ਉੱਤੇ ਅਪਰਾਧ ਕਰਨ ਦਾ ਇਲਜ਼ਾਮ ਲਾਉਂਦਾ ਹੈ,+ 17 ਤਾਂ ਜਿਨ੍ਹਾਂ ਦੋ ਆਦਮੀਆਂ ਵਿਚਕਾਰ ਝਗੜਾ ਹੋਇਆ ਹੈ, ਉਹ ਦੋਵੇਂ ਯਹੋਵਾਹ, ਉਸ ਵੇਲੇ ਦੇ ਪੁਜਾਰੀਆਂ ਅਤੇ ਨਿਆਂਕਾਰਾਂ ਦੇ ਸਾਮ੍ਹਣੇ ਪੇਸ਼ ਹੋਣ।+ 18 ਨਿਆਂਕਾਰ ਮਸਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ।+ ਜੇ ਇਹ ਸਾਬਤ ਹੋ ਜਾਵੇ ਕਿ ਉਹ ਝੂਠਾ ਗਵਾਹ ਹੈ ਅਤੇ ਉਸ ਨੇ ਆਪਣੇ ਭਰਾ ʼਤੇ ਝੂਠਾ ਇਲਜ਼ਾਮ ਲਾਇਆ ਹੈ, 19 ਤਾਂ ਤੁਸੀਂ ਉਸ ਨਾਲ ਵੀ ਉਸੇ ਤਰ੍ਹਾਂ ਕਰਿਓ ਜੋ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਸਾਜ਼ਸ਼ ਘੜੀ ਸੀ।+ ਅਤੇ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+ 20 ਫਿਰ ਜਦੋਂ ਬਾਕੀ ਲੋਕ ਇਸ ਬਾਰੇ ਸੁਣਨਗੇ, ਤਾਂ ਉਹ ਡਰਨਗੇ ਅਤੇ ਫਿਰ ਉਹ ਕਦੇ ਦੁਬਾਰਾ ਅਜਿਹਾ ਬੁਰਾ ਕੰਮ ਨਹੀਂ ਕਰਨਗੇ।+ 21 ਤੁਸੀਂ* ਉਸ ʼਤੇ ਤਰਸ ਨਾ ਖਾਇਓ:+ ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ।+