ਰਸੂਲਾਂ ਦੇ ਕੰਮ
3 ਇਕ ਦਿਨ ਪਤਰਸ ਤੇ ਯੂਹੰਨਾ ਪ੍ਰਾਰਥਨਾ ਦੇ ਸਮੇਂ, ਦੁਪਹਿਰ ਦੇ 3 ਕੁ ਵਜੇ* ਮੰਦਰ ਨੂੰ ਜਾ ਰਹੇ ਸਨ। 2 ਉਸ ਵੇਲੇ ਲੋਕ ਇਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਿਜਾ ਰਹੇ ਸਨ। ਉਸ ਨੂੰ ਹਰ ਰੋਜ਼ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਕੋਲ ਬਿਠਾ ਦਿੱਤਾ ਜਾਂਦਾ ਸੀ ਤਾਂਕਿ ਉਹ ਮੰਦਰ ਵਿਚ ਆਉਣ ਵਾਲਿਆਂ ਤੋਂ ਭੀਖ ਮੰਗ ਸਕੇ। 3 ਜਦੋਂ ਉਸ ਨੇ ਪਤਰਸ ਤੇ ਯੂਹੰਨਾ ਨੂੰ ਮੰਦਰ ਵਿਚ ਵੜਦਿਆਂ ਦੇਖਿਆ, ਤਾਂ ਉਹ ਉਨ੍ਹਾਂ ਤੋਂ ਭੀਖ ਮੰਗਣ ਲੱਗਾ। 4 ਪਤਰਸ ਅਤੇ ਯੂਹੰਨਾ ਨੇ ਸਿੱਧਾ ਉਸ ਵੱਲ ਦੇਖਿਆ ਅਤੇ ਪਤਰਸ ਨੇ ਕਿਹਾ: “ਸਾਡੇ ਵੱਲ ਦੇਖ।” 5 ਇਸ ਲਈ ਉਸ ਨੇ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਧਿਆਨ ਨਾਲ ਦੇਖਿਆ। 6 ਪਰ ਪਤਰਸ ਨੇ ਕਿਹਾ: “ਨਾ ਤਾਂ ਮੇਰੇ ਕੋਲ ਚਾਂਦੀ ਹੈ ਤੇ ਨਾ ਹੀ ਸੋਨਾ, ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਦਿੰਦਾ ਹਾਂ। ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!”+ 7 ਇਹ ਕਹਿ ਕੇ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ।+ ਉਸੇ ਵੇਲੇ ਉਸ ਦੇ ਪੈਰਾਂ ਅਤੇ ਗਿੱਟਿਆਂ ਵਿਚ ਜਾਨ ਆ ਗਈ;+ 8 ਉਹ ਫੁਰਤੀ ਨਾਲ ਖੜ੍ਹਾ ਹੋਇਆ+ ਅਤੇ ਤੁਰਨ-ਫਿਰਨ ਲੱਗ ਪਿਆ। ਫਿਰ ਉਹ ਉਨ੍ਹਾਂ ਨਾਲ ਮੰਦਰ ਵਿਚ ਚਲਾ ਗਿਆ ਅਤੇ ਤੁਰਦਾ ਤੇ ਨੱਚਦਾ-ਟੱਪਦਾ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ। 9 ਸਾਰੇ ਲੋਕਾਂ ਨੇ ਉਸ ਨੂੰ ਤੁਰਦਿਆਂ ਤੇ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਦੇਖਿਆ। 10 ਨਾਲੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਆਦਮੀ ਸੀ ਜਿਹੜਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਲਾਗੇ ਬੈਠਾ ਭੀਖ ਮੰਗਦਾ ਹੁੰਦਾ ਸੀ+ ਅਤੇ ਉਸ ਨੂੰ ਤੁਰਦਾ-ਫਿਰਦਾ ਦੇਖ ਕੇ ਉਹ ਦੰਗ ਰਹਿ ਗਏ ਤੇ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
11 ਉਸ ਆਦਮੀ ਨੇ ਅਜੇ ਤਕ ਪਤਰਸ ਤੇ ਯੂਹੰਨਾ ਦਾ ਹੱਥ ਫੜਿਆ ਹੋਇਆ ਸੀ ਅਤੇ ਹੱਕੇ-ਬੱਕੇ ਹੋਏ ਸਾਰੇ ਲੋਕ ਭੱਜ ਕੇ ਉਨ੍ਹਾਂ ਕੋਲ ਸੁਲੇਮਾਨ ਦੇ ਬਰਾਂਡੇ ਵਿਚ ਆ ਗਏ।+ 12 ਪਤਰਸ ਨੇ ਉਨ੍ਹਾਂ ਨੂੰ ਦੇਖ ਕੇ ਕਿਹਾ: “ਇਜ਼ਰਾਈਲ ਦੇ ਲੋਕੋ, ਤੁਸੀਂ ਇਸ ਗੱਲ ʼਤੇ ਇੰਨੇ ਹੈਰਾਨ ਕਿਉਂ ਹੋ ਅਤੇ ਤੁਸੀਂ ਸਾਡੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ, ਜਿਵੇਂ ਕਿ ਅਸੀਂ ਆਪਣੀ ਤਾਕਤ ਜਾਂ ਸ਼ਰਧਾ ਸਦਕਾ ਇਸ ਆਦਮੀ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਹੋਵੇ? 13 ਸਾਡੇ ਪਿਉ-ਦਾਦਿਆਂ ਯਾਨੀ ਅਬਰਾਹਾਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ+ ਨੇ ਆਪਣੇ ਸੇਵਕ+ ਯਿਸੂ ਨੂੰ ਮਹਿਮਾ ਦਿੱਤੀ।+ ਇਸੇ ਯਿਸੂ ਨੂੰ ਤੁਸੀਂ ਠੁਕਰਾ ਦਿੱਤਾ+ ਅਤੇ ਉਸ ਨੂੰ ਜਾਨੋਂ ਮਾਰਨ ਲਈ ਦੂਸਰਿਆਂ ਦੇ ਹੱਥ ਵਿਚ ਦੇ ਦਿੱਤਾ, ਭਾਵੇਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਸੀ। 14 ਹਾਂ, ਤੁਸੀਂ ਉਸ ਪਵਿੱਤਰ ਅਤੇ ਧਰਮੀ ਇਨਸਾਨ ਨੂੰ ਠੁਕਰਾ ਦਿੱਤਾ ਅਤੇ ਤੁਸੀਂ ਮੰਗ ਕੀਤੀ ਕਿ ਤੁਹਾਡੇ ਲਈ ਇਕ ਕਾਤਲ ਨੂੰ ਛੱਡਿਆ ਜਾਵੇ,+ 15 ਜਦ ਕਿ ਤੁਸੀਂ ਉਸ ਜੀਵਨ ਦੇਣ ਵਾਲੇ ਮੁੱਖ ਆਗੂ ਨੂੰ ਮਾਰ ਸੁੱਟਿਆ।+ ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ।+ 16 ਇਸ ਲਈ ਉਸ ਦੇ ਨਾਂ ਸਦਕਾ ਅਤੇ ਉਸ ਦੇ ਨਾਂ ʼਤੇ ਸਾਡੀ ਨਿਹਚਾ ਕਰਕੇ ਇਸ ਆਦਮੀ ਨੂੰ ਤਕੜਾ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ। ਹਾਂ, ਯਿਸੂ ʼਤੇ ਸਾਡੀ ਨਿਹਚਾ ਸਦਕਾ ਹੀ ਇਸ ਆਦਮੀ ਨੂੰ ਤੁਹਾਡੇ ਸਾਰਿਆਂ ਸਾਮ੍ਹਣੇ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਗਿਆ ਹੈ। 17 ਭਰਾਵੋ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਸਭ ਅਣਜਾਣੇ ਵਿਚ ਕੀਤਾ,+ ਠੀਕ ਜਿਵੇਂ ਤੁਹਾਡੇ ਧਾਰਮਿਕ ਆਗੂਆਂ ਨੇ ਵੀ ਕੀਤਾ ਸੀ।+ 18 ਪਰ ਇਸ ਤਰ੍ਹਾਂ ਪਰਮੇਸ਼ੁਰ ਨੇ ਉਹ ਗੱਲਾਂ ਪੂਰੀਆਂ ਕੀਤੀਆਂ ਜੋ ਉਸ ਨੇ ਆਪਣੇ ਸਾਰੇ ਨਬੀਆਂ ਰਾਹੀਂ ਕਹੀਆਂ ਸਨ ਯਾਨੀ ਮਸੀਹ ਨੂੰ ਦੁੱਖ ਝੱਲਣੇ ਪੈਣਗੇ।+
19 “ਇਸ ਲਈ ਤੋਬਾ ਕਰੋ+ ਅਤੇ ਪਰਮੇਸ਼ੁਰ ਵੱਲ ਮੁੜ ਆਓ+ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ+ ਅਤੇ ਯਹੋਵਾਹ* ਵੱਲੋਂ ਰਾਹਤ ਦੇ ਦਿਨ ਆਉਣ 20 ਅਤੇ ਉਹ ਮਸੀਹ ਨੂੰ ਘੱਲੇ ਜਿਸ ਨੂੰ ਉਸ ਨੇ ਤੁਹਾਡੇ ਲਈ ਨਿਯੁਕਤ ਕੀਤਾ ਹੈ ਯਾਨੀ ਯਿਸੂ ਨੂੰ। 21 ਉਸ ਵਾਸਤੇ ਉਦੋਂ ਤਕ ਸਵਰਗ ਵਿਚ ਰਹਿਣਾ ਜ਼ਰੂਰੀ ਹੈ ਜਦੋਂ ਤਕ ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ ਨਹੀਂ ਕਰ ਦਿੱਤਾ ਜਾਂਦਾ। ਇਸ ਮੁੜ ਬਹਾਲੀ ਬਾਰੇ ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ। 22 ਅਸਲ ਵਿਚ, ਮੂਸਾ ਨੇ ਕਿਹਾ ਸੀ, ‘ਤੁਹਾਡਾ ਪਰਮੇਸ਼ੁਰ ਯਹੋਵਾਹ* ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ।+ ਉਹ ਜੋ ਵੀ ਤੁਹਾਨੂੰ ਕਹੇ, ਉਸ ਦੀ ਗੱਲ ਸੁਣਿਓ।+ 23 ਜਿਹੜਾ ਇਨਸਾਨ ਉਸ ਨਬੀ ਦੀ ਗੱਲ ਨਹੀਂ ਸੁਣੇਗਾ, ਉਸ ਨੂੰ ਲੋਕਾਂ ਵਿੱਚੋਂ ਮਿਟਾ ਦਿੱਤਾ ਜਾਵੇਗਾ।’+ 24 ਸਮੂਏਲ ਤੋਂ ਲੈ ਕੇ ਸਾਰੇ ਨਬੀਆਂ ਨੇ, ਜਿਨ੍ਹਾਂ ਨੇ ਵੀ ਭਵਿੱਖਬਾਣੀ ਕੀਤੀ ਸੀ, ਇਨ੍ਹਾਂ ਦਿਨਾਂ ਬਾਰੇ ਸਾਫ਼-ਸਾਫ਼ ਦੱਸਿਆ ਸੀ।+ 25 ਤੁਸੀਂ ਨਬੀਆਂ ਦੇ ਪੁੱਤਰ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ।+ ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ।’+ 26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਚੁਣ ਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਘੱਲਿਆ+ ਕਿ ਉਹ ਤੁਹਾਨੂੰ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਮੋੜੇ ਤੇ ਬਰਕਤ ਦੇਵੇ।”