ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਬੇਵਫ਼ਾਈ ਤੋਂ ਬਾਅਦ ਵਿਆਹ ਬਚਾਇਆ ਜਾ ਸਕਦਾ ਹੈ?
“ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।”—ਮੱਤੀ 19:9.
ਇਨ੍ਹਾਂ ਸ਼ਬਦਾਂ ਦੇ ਨਾਲ ਯਿਸੂ ਮਸੀਹ ਨੇ ਇਕ ਮਸੀਹੀ ਨੂੰ ਬੇਵਫ਼ਾ ਸਾਥੀ ਤੋਂ ਤਲਾਕ ਲੈਣ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ।a ਪਰੰਤੂ, ਉਦੋਂ ਕੀ ਜੇਕਰ ਨਿਰਦੋਸ਼ ਸਾਥੀ ਵਿਆਹ ਨੂੰ ਬਚਾਈ ਰੱਖਣ ਦੀ ਚੋਣ ਕਰਦਾ ਹੈ ਅਤੇ ਜੋੜਾ ਆਪਣੇ ਰਿਸ਼ਤੇ ਨੂੰ ਮੁੜ-ਉਸਾਰਨ ਦਾ ਇਰਾਦਾ ਕਰਦਾ ਹੈ? ਜੋੜੇ ਲਈ ਅੱਗੇ ਜਾ ਕੇ ਕਿਹੜੀਆਂ ਚੁਣੌਤੀਆਂ ਪੇਸ਼ ਹਨ, ਅਤੇ ਉਹ ਕਾਮਯਾਬੀ ਨਾਲ ਉਨ੍ਹਾਂ ਚੁਣੌਤੀਆਂ ਦਾ ਕਿਵੇਂ ਸਾਮ੍ਹਣਾ ਕਰ ਸਕਦਾ ਹੈ? ਆਓ ਅਸੀਂ ਦੇਖੀਏ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਿਚ ਕਿਵੇਂ ਮਦਦ ਦਿੰਦੀ ਹੈ।
ਇਕ ਢਾਹਿਆ ਗਿਆ ਘਰ
ਸਾਨੂੰ ਪਹਿਲਾਂ ਬੇਵਫ਼ਾਈ ਦੁਆਰਾ ਕੀਤੇ ਗਏ ਨੁਕਸਾਨ ਦੇ ਵਿਸਤਾਰ ਨੂੰ ਸਮਝਣਾ ਚਾਹੀਦਾ ਹੈ। ਜਿਵੇਂ ਯਿਸੂ ਨੇ ਵਿਆਖਿਆ ਕੀਤੀ, ਵਿਆਹ ਦੇ ਆਰੰਭਕਰਤਾ ਦਾ ਮਕਸਦ ਸੀ ਕਿ ਇਕ ਪਤੀ ਅਤੇ ਪਤਨੀ “ਦੋ ਨਹੀਂ ਬਲਕਣ ਇੱਕੋ ਸਰੀਰ” ਹੋਣ। ਉਸ ਨੇ ਅੱਗੇ ਕਿਹਾ: “ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” ਜੀ ਹਾਂ, ਵਿਆਹ ਮਾਨਵ ਨੂੰ ਅਨਿਖੜਵੇਂ ਢੰਗ ਨਾਲ ਜੋੜਨ ਲਈ ਡੀਜ਼ਾਈਨ ਕੀਤਾ ਗਿਆ ਹੈ। ਜਦੋਂ ਇਕ ਵਿਅਕਤੀ ਜ਼ਨਾਹ ਕਰਨ ਦੁਆਰਾ ਵਿਆਹ ਦੀ ਪ੍ਰਤਿੱਗਿਆ ਤੋੜਦਾ ਹੈ, ਤਾਂ ਦੁਖਦਾਈ ਨਤੀਜੇ ਨਿਕਲਦੇ ਹਨ।—ਮੱਤੀ 19:6; ਗਲਾਤੀਆਂ 6:7.
ਨਿਰਦੋਸ਼ ਸਾਥੀ ਦੁਆਰਾ ਅਨੁਭਵ ਕੀਤਾ ਗਿਆ ਕਸ਼ਟ ਇਸ ਦਾ ਸਬੂਤ ਦਿੰਦਾ ਹੈ। ਜ਼ਨਾਹ ਦੇ ਅਸਰ ਉਸ ਤੂਫ਼ਾਨ ਦੇ ਅਸਰਾਂ ਵਰਗੇ ਦਰਸਾਏ ਜਾ ਸਕਦੇ ਹਨ ਜੋ ਘਰਾਂ ਨੂੰ ਤਬਾਹ ਕਰ ਜਾਂਦਾ ਹੈ। ਡਾ. ਸ਼ਰਲੀ ਪੀ. ਗਲਾਸ ਨੇ ਟਿੱਪਣੀ ਕੀਤੀ: “ਅਨੇਕ ਮਰੀਜ਼ਾਂ, ਜਿਨ੍ਹਾਂ ਦੇ ਨਾਲ ਮੈਂ ਕੰਮ ਕੀਤਾ ਹੈ, ਨੇ ਮੈਨੂੰ ਦੱਸਿਆ ਹੈ ਕਿ ਇਹ ਉਨ੍ਹਾਂ ਲਈ ਜ਼ਿਆਦਾ ਸੌਖਾ ਹੁੰਦਾ ਜੇਕਰ ਉਨ੍ਹਾਂ ਦਾ ਵਿਆਹੁਤਾ ਸਾਥੀ ਮਰ ਗਿਆ ਹੁੰਦਾ।” ਇਹ ਸੱਚ ਹੈ ਕਿ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਮੌਤ ਵਿਚ ਖੋਹਿਆ ਹੈ, ਸ਼ਾਇਦ ਅਸਹਿਮਤ ਹੋਣ। ਪਰੰਤੂ, ਇਹ ਸਪੱਸ਼ਟ ਹੈ ਕਿ ਜ਼ਨਾਹ ਅਤਿਅੰਤ ਦੁੱਖ ਲਿਆਉਂਦਾ ਹੈ। ਕੁਝ ਲੋਕ ਧੋਖੇ ਦੇ ਸਦਮੇ ਤੋਂ ਕਦੇ ਵੀ ਪੂਰੀ ਤਰ੍ਹਾਂ ਮੁੜ-ਬਹਾਲ ਨਹੀਂ ਹੁੰਦੇ।
ਅਜਿਹੀ ਦਰਦ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਵਿਅਕਤੀ ਸ਼ਾਇਦ ਪੁੱਛੇ, ‘ਕੀ ਇਹ ਜ਼ਰੂਰੀ ਹੈ ਕਿ ਜ਼ਨਾਹ ਵਿਆਹ ਨੂੰ ਖ਼ਤਮ ਕਰੇ?’ ਇਹ ਜ਼ਰੂਰੀ ਨਹੀਂ ਹੈ। ਜ਼ਨਾਹ ਬਾਰੇ ਯਿਸੂ ਦਾ ਕਥਨ ਦਿਖਾਉਂਦਾ ਹੈ ਕਿ ਵਫ਼ਾਦਾਰ ਸਾਥੀ ਤਲਾਕ ਲੈਣ ਦੀ ਸ਼ਾਸਤਰ-ਸੰਬੰਧੀ ਚੋਣ ਕਰ ਸਕਦਾ ਹੈ ਲੇਕਿਨ ਇਸ ਤਰ੍ਹਾਂ ਕਰਨ ਲਈ ਬੰਧਨ ਹੇਠ ਨਹੀਂ ਹੈ। ਕੁਝ ਜੋੜੇ ਲੋੜੀਂਦੀਆਂ ਤਬਦੀਲੀਆਂ ਕਰਨ ਦੁਆਰਾ ਉਸ ਨੂੰ, ਜੋ ਮਿੱਧਿਆ ਗਿਆ ਸੀ, ਮੁੜ-ਉਸਾਰਨ ਅਤੇ ਮਜ਼ਬੂਤ ਕਰਨ ਦਾ ਫ਼ੈਸਲਾ ਕਰਦੇ ਹਨ—ਹਾਲਾਂਕਿ ਜ਼ਨਾਹ ਨੂੰ ਕੋਈ ਵੀ ਚੀਜ਼ ਛੋਟ ਨਹੀਂ ਦਿੰਦੀ ਹੈ।
ਨਿਰਸੰਦੇਹ, ਵਿਵਾਹਕ ਸੰਬੰਧ ਵਿਚ ਉਦੋਂ ਲੋੜੀਂਦੀਆਂ ਤਬਦੀਲੀਆਂ ਲਿਆਉਣੀਆਂ ਬਿਹਤਰ ਹੈ ਜਦੋਂ ਦੋਵੇਂ ਸਾਥੀ ਇਕ ਦੂਸਰੇ ਪ੍ਰਤੀ ਵਫ਼ਾਦਾਰ ਹੁੰਦੇ ਹਨ। ਫਿਰ ਵੀ, ਜਦੋਂ ਬੇਵਫ਼ਾਈ ਕੀਤੀ ਵੀ ਜਾਂਦੀ ਹੈ, ਕੁਝ ਨਿਰਦੋਸ਼ ਸਾਥੀ ਵਿਆਹ ਨੂੰ ਬਚਾਈ ਰੱਖਣ ਦੀ ਚੋਣ ਕਰਦੇ ਹਨ। ਅਜਿਹੇ ਫ਼ੈਸਲੇ ਨੂੰ ਇਸ ਵਿਚਾਰ ਉੱਤੇ ਆਧਾਰਿਤ ਕਰਨ ਦੀ ਬਜਾਇ ਕਿ ਸਭ ਕੁਝ ਠੀਕ ਹੋ ਜਾਵੇਗਾ, ਨਿਰਦੋਸ਼ ਸਾਥੀ ਨੂੰ ਨਤੀਜਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ। ਸੰਭਵ ਤੌਰ ਤੇ ਉਹ ਆਪਣੇ ਬੱਚਿਆਂ ਦੀਆਂ ਲੋੜਾਂ, ਨਾਲੇ ਆਪਣੀਆਂ ਅਧਿਆਤਮਿਕ, ਭਾਵਾਤਮਕ, ਸਰੀਰਕ ਅਤੇ ਮਾਇਕ ਲੋੜਾਂ ਉੱਤੇ ਸੋਚ ਵਿਚਾਰ ਕਰੇਗੀ।b ਇਸ ਉੱਤੇ ਵਿਚਾਰ ਕਰਨਾ ਵੀ ਉਸ ਲਈ ਬੁੱਧੀਮਤਾ ਹੋਵੇਗੀ ਕਿ ਉਸ ਦਾ ਵਿਆਹ ਬਚਾਇਆ ਜਾ ਸਕਦਾ ਹੈ ਜਾਂ ਨਹੀਂ।
ਕੀ ਵਿਆਹ ਬਚਾਇਆ ਜਾ ਸਕਦਾ ਹੈ?
ਇਕ ਤੂਫ਼ਾਨ ਦੁਆਰਾ ਬਰਬਾਦ ਕੀਤੇ ਗਏ ਘਰ ਨੂੰ ਮੁੜ-ਉਸਾਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਇਕ ਉਸਰਈਏ ਨੂੰ ਨਿਸ਼ਚਿਤ ਕਰਨਾ ਚਾਹੀਦਾ ਕਿ ਇਸ ਦੀ ਮੁਰੰਮਤ ਕੀਤੀ ਜਾ ਸਕਦੀ ਹੈ ਜਾਂ ਨਹੀਂ। ਇਸੇ ਤਰ੍ਹਾਂ, ਬੇਵਫ਼ਾਈ ਦੇ ਕਾਰਨ ਤਬਾਹ ਕੀਤੇ ਗਏ ਇਕ ਰਿਸ਼ਤੇ ਨੂੰ ਮੁੜ-ਉਸਾਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਇਕ ਜੋੜਾ—ਖ਼ਾਸ ਕਰਕੇ ਵਫ਼ਾਦਾਰ ਸਾਥੀ—ਧਿਆਨਪੂਰਵਕ ਇਸ ਬਾਰੇ ਵਿਚਾਰ ਕਰਨਾ ਚਾਹੇਗਾ ਕਿ ਵਿਆਹ ਵਿਚ ਨੇੜਤਾ ਅਤੇ ਵਿਸ਼ਵਾਸ ਦੀ ਮੁੜ-ਬਹਾਲੀ ਦੀ ਕਿੰਨੀ ਸੰਭਾਵਨਾ ਹੈ।
ਵਿਚਾਰ ਕਰਨ ਲਈ ਇਕ ਗੱਲ ਇਹ ਹੈ ਕਿ ਕੀ ਦੋਸ਼ੀ ਸਾਥੀ ਸੱਚੀ ਤੋਬਾ ਦਿਖਾਉਂਦਾ ਹੈ, ਜਾਂ ਇਸ ਦੀ ਬਜਾਇ, ਹਾਲੇ ਵੀ “ਆਪਣੇ ਮਨੋਂ” ਜ਼ਨਾਹ ਕਰ ਰਿਹਾ ਹੈ। (ਮੱਤੀ 5:27, 28) ਭਾਵੇਂ ਉਹ ਬਦਲਣ ਦਾ ਵਾਅਦਾ ਕਰਦਾ ਹੈ, ਕੀ ਉਹ ਆਪਣੇ ਅਨੈਤਿਕ ਸੰਬੰਧ ਨੂੰ ਤੁਰੰਤ ਖ਼ਤਮ ਕਰਨ ਤੋਂ ਹਿਚਕਿਚਾਉਂਦਾ ਹੈ? (ਕੂਚ 20:14; ਲੇਵੀਆਂ 20:10; ਬਿਵਸਥਾ ਸਾਰ 5:18) ਕੀ ਉਸ ਦੀਆਂ ਅੱਖਾਂ ਹਾਲੇ ਵੀ ਇੱਧਰ ਉੱਧਰ ਘੁੰਮਦੀਆਂ ਹਨ? ਕੀ ਉਹ ਆਪਣੇ ਜ਼ਨਾਹ ਲਈ ਆਪਣੀ ਪਤਨੀ ਉੱਤੇ ਦੋਸ਼ ਲਾਉਂਦਾ ਹੈ? ਜੇਕਰ ਹਾਂ, ਤਾਂ ਘੱਟ ਹੀ ਸੰਭਾਵਨਾ ਹੈ ਕਿ ਵਿਆਹ ਵਿਚ ਵਿਸ਼ਵਾਸ ਨੂੰ ਮੁੜ-ਬਹਾਲ ਕਰਨ ਦੇ ਜਤਨ ਸਫ਼ਲ ਹੋਣਗੇ। ਦੂਜੇ ਪਾਸੇ, ਜੇਕਰ ਉਹ ਉਸ ਨਾਜਾਇਜ਼ ਪ੍ਰੇਮ-ਸੰਬੰਧ ਨੂੰ ਖ਼ਤਮ ਕਰਦਾ ਹੈ, ਆਪਣੀ ਗ਼ਲਤੀ ਲਈ ਜ਼ਿੰਮੇਵਾਰੀ ਸਵੀਕਾਰਦਾ ਹੈ, ਅਤੇ ਦਿਖਾਉਂਦਾ ਹੈ ਕਿ ਉਹ ਵਿਆਹ ਨੂੰ ਮੁੜ-ਉਸਾਰਨ ਲਈ ਪੂਰੀ ਕੋਸ਼ਿਸ਼ ਕਰੇਗਾ, ਤਾਂ ਉਸ ਦੀ ਪਤਨੀ ਕੋਲ ਸ਼ਾਇਦ ਆਸ ਰੱਖਣ ਲਈ ਇਕ ਆਧਾਰ ਹੋਵੇਗਾ ਕਿ ਇਕ ਦਿਨ ਅਸਲੀ ਵਿਸ਼ਵਾਸ ਮੁੜ-ਬਹਾਲ ਕੀਤਾ ਜਾ ਸਕਦਾ ਹੈ।—ਮੱਤੀ 5:29.
ਨਾਲ ਹੀ, ਕੀ ਵਫ਼ਾਦਾਰ ਸਾਥਣ ਉਸ ਨੂੰ ਮਾਫ਼ ਕਰ ਸਕੇਗੀ? ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਉਸ ਘਟਨਾ ਬਾਰੇ ਆਪਣੇ ਗਹਿਰੇ ਦੁੱਖ ਦੇ ਜਜ਼ਬਾਤ ਵਿਅਕਤ ਨਹੀਂ ਕਰਨੇ ਚਾਹੀਦੇ ਜਾਂ ਉਸ ਨੂੰ ਢੌਂਗ ਕਰਨਾ ਚਾਹੀਦਾ ਕਿ ਕੁਝ ਬਦਲਿਆ ਹੀ ਨਹੀਂ ਹੈ। ਪਰ ਇਸ ਦਾ ਇਹ ਮਤਲਬ ਹੈ ਕਿ ਹੌਲੀ-ਹੌਲੀ, ਉਹ ਆਪਣੀ ਗਹਿਰੀ ਨਾਰਾਜ਼ਗੀ ਛੱਡ ਦੇਣ ਦਾ ਜਤਨ ਕਰੇਗੀ। ਅਜਿਹੀ ਮਾਫ਼ੀ ਲਈ ਸਮਾਂ ਲੱਗਦਾ ਹੈ, ਪਰੰਤੂ ਇਹ ਇਕ ਠੋਸ ਆਧਾਰ ਸਥਾਪਿਤ ਕਰਨ ਵਿਚ ਮਦਦ ਕਰ ਸਕਦੀ ਹੈ ਜਿਸ ਉੱਤੇ ਵਿਆਹ ਨੂੰ ਮੁੜ-ਉਸਾਰਿਆ ਜਾ ਸਕਦਾ ਹੈ।
“ਮਲਬੇ” ਨੂੰ ਸਾਫ਼ ਕਰਨਾ
ਜਦੋਂ ਵਫ਼ਾਦਾਰ ਸਾਥੀ ਆਪਣੇ ਵਿਆਹ ਨੂੰ ਬਚਾਉਣ ਦਾ ਫ਼ੈਸਲਾ ਕਰ ਲੈਂਦੀ ਹੈ, ਤਾਂ ਉਸ ਮਗਰੋਂ ਇਕ ਜੋੜਾ ਅੱਗੇ ਕਿਹੜੇ ਕਦਮ ਚੁੱਕ ਸਕਦਾ ਹੈ? ਜਿਵੇਂ ਕਿ ਤੂਫ਼ਾਨ ਦੁਆਰਾ ਬੁਰੀ ਤਰ੍ਹਾਂ ਨੁਕਸਾਨੇ ਗਏ ਘਰ ਦੇ ਆਲੇ-ਦੁਆਲੇ ਦੇ ਮਲਬੇ ਨੂੰ ਸਾਫ਼ ਕਰਨਾ ਚਾਹੀਦਾ ਹੈ, ਉਵੇਂ ਹੀ ਵਿਆਹ ਦੇ ਆਲੇ-ਦੁਆਲੇ ਦੇ “ਮਲਬੇ” ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ। ਇਹ ਕੁਝ ਹੱਦ ਤਕ ਸੰਪੰਨ ਹੋ ਸਕਦਾ ਹੈ ਜੇਕਰ ਦੋਵੇਂ ਸਾਥੀ ਇਕ ਦੂਸਰੇ ਨੂੰ ਆਪਣੇ ਜਜ਼ਬਾਤ ਪ੍ਰਗਟ ਕਰਨ। ਕਹਾਉਤਾਂ 15:22 ਕਹਿੰਦਾ ਹੈ: “ਜੇ ਸਲਾਹ ਨਾ ਮਿਲੇ [“ਆਪਸੀ ਗੱਲਬਾਤ ਨਾ ਹੋਵੇ,” ਨਿ ਵ] ਤਾਂ ਪਰੋਜਨ ਰੁੱਕ ਜਾਂਦੇ ਹਨ।” “ਆਪਸੀ ਗੱਲਬਾਤ” ਤਰਜਮਾ ਕੀਤਾ ਗਿਆ ਇਬਰਾਨੀ ਸ਼ਬਦ, ਨੇੜਤਾ ਸੰਕੇਤ ਕਰਦਾ ਹੈ ਅਤੇ ਜ਼ਬੂਰ 89:7 ਵਿਚ ‘ਨੇੜਲਾ ਸਮੂਹ’ (ਨਿ ਵ) ਅਨੁਵਾਦ ਕੀਤਾ ਗਿਆ ਹੈ। ਇਸ ਕਰਕੇ, ਇਸ ਵਿਚ ਸਿਰਫ਼ ਬਾਹਰੀ ਵਾਰਤਾਲਾਪ ਨਹੀਂ, ਪਰ ਈਮਾਨਦਾਰ ਅਤੇ ਉਤਸ਼ਾਹ-ਭਰਪੂਰ ਸੰਚਾਰ ਸ਼ਾਮਲ ਹੋਵੇਗਾ, ਜਿਸ ਵਿਚ ਦੋਵੇਂ ਹੀ ਧਿਰ ਆਪਣੇ ਸਭ ਤੋਂ ਗਹਿਰੇ ਜਜ਼ਬਾਤ ਪ੍ਰਗਟ ਕਰਦੇ ਹਨ।—ਕਹਾਉਤਾਂ 13:10.
ਉਦਾਹਰਣ ਲਈ, ਕੁਝ ਮਾਮਲਿਆਂ ਵਿਚ ਵਫ਼ਾਦਾਰ ਸਾਥਣ ਸ਼ਾਇਦ ਆਪਣੇ ਪਤੀ ਤੋਂ ਹੋਰ ਸਵਾਲ ਪੁੱਛਣਾ ਚਾਹੇਗੀ। ਪ੍ਰੇਮ-ਸੰਬੰਧ ਕਿਵੇਂ ਸ਼ੁਰੂ ਹੋਇਆ ਸੀ? ਇਹ ਕਿੰਨੇ ਚਿਰ ਲਈ ਜਾਰੀ ਰਿਹਾ? ਇਸ ਦੇ ਬਾਰੇ ਹੋਰ ਕੌਣ ਜਾਣਦਾ ਹੈ? ਇਹ ਸੱਚ ਹੈ ਕਿ ਜੋੜੇ ਲਈ ਇਨ੍ਹਾਂ ਵੇਰਵਿਆਂ ਉੱਤੇ ਚਰਚਾ ਕਰਨੀ ਦੁਖਦਾਈ ਹੋਵੇਗਾ। ਪਰੰਤੂ, ਵਫ਼ਾਦਾਰ ਸਾਥਣ ਵਿਸ਼ਵਾਸ ਦੀ ਮੁੜ-ਬਹਾਲੀ ਲਈ ਸ਼ਾਇਦ ਅਜਿਹੀ ਜਾਣਕਾਰੀ ਲੋੜੀਂਦੀ ਪਾਏ। ਜੇਕਰ ਹਾਂ, ਤਾਂ ਇਹ ਬਿਹਤਰ ਹੈ ਕਿ ਬੇਵਫ਼ਾ ਸਾਥੀ ਈਮਾਨਦਾਰੀ ਅਤੇ ਲਿਹਾਜ਼ ਨਾਲ ਜਵਾਬ ਦੇਵੇ। ਉਸ ਨੂੰ ਇਕ ਪ੍ਰੇਮਮਈ ਅਤੇ ਦਿਆਲੂ ਢੰਗ ਨਾਲ ਮਾਮਲੇ ਸਮਝਾਉਣੇ ਚਾਹੀਦੇ ਹਨ, ਇਹ ਧਿਆਨ ਵਿਚ ਰੱਖਦਿਆਂ ਕਿ ਵਟਾਂਦਰੇ ਦਾ ਮਕਸਦ ਚੰਗਾਈ ਕਰਨਾ ਹੈ, ਨਾ ਕਿ ਦੁੱਖ ਪਹੁੰਚਾਉਣਾ। (ਕਹਾਉਤਾਂ 12:18; ਅਫ਼ਸੀਆਂ 4:25, 26) ਦੋਹਾਂ ਨੂੰ ਵਿਵੇਕੀ, ਅਤੇ ਆਤਮ-ਸੰਜਮੀ ਹੋਣਾ ਚਾਹੀਦਾ ਹੈ ਅਤੇ ਹਮਦਰਦੀਪੂਰਵਕ ਸੁਣਨਾ ਚਾਹੀਦਾ ਹੈ, ਜਦੋਂ ਉਹ ਵਾਪਰੀ ਘਟਨਾ ਬਾਰੇ ਆਪਣੇ ਜਜ਼ਬਾਤ ਪ੍ਰਗਟ ਕਰਦੇ ਹਨ।c—ਕਹਾਉਤਾਂ 18:13; 1 ਕੁਰਿੰਥੀਆਂ 9:25; 2 ਪਤਰਸ 1:6.
ਉਹ ਜੋ ਯਹੋਵਾਹ ਦੇ ਗਵਾਹ ਹਨ ਸ਼ਾਇਦ ਕਲੀਸਿਯਾ ਦੇ ਬਜ਼ੁਰਗਾਂ ਤੋਂ ਸਹਾਇਤਾ ਲਈ ਬੇਨਤੀ ਕਰਨੀ ਚਾਹੁਣ। ਨਿਰਸੰਦੇਹ, ਮਸੀਹੀਆਂ ਨੂੰ, ਗੰਭੀਰ ਪਾਪ ਜਿਵੇਂ ਕਿ ਜ਼ਨਾਹ ਫ਼ੌਰਨ ਹੀ ਬਜ਼ੁਰਗਾਂ ਸਾਮ੍ਹਣੇ ਕਬੂਲ ਕਰ ਲੈਣੇ ਚਾਹੀਦੇ ਹਨ, ਜੋ ਜੋੜੇ ਅਤੇ ਕਲੀਸਿਯਾ ਦੀ ਅਧਿਆਤਮਿਕ ਭਲਿਆਈ ਲਈ ਚਿੰਤਾਤੁਰ ਹਨ। ਇੰਜ ਹੋ ਸਕਦਾ ਹੈ ਕਿ ਜਦੋਂ ਜ਼ਨਾਹਕਾਰ ਬਜ਼ੁਰਗਾਂ ਨਾਲ ਮਿਲਿਆ, ਤਾਂ ਉਸ ਨੇ ਅਸਲੀ ਤੋਬਾ ਦਿਖਾਈ ਅਤੇ ਇਸ ਤਰ੍ਹਾਂ ਉਸ ਨੂੰ ਕਲੀਸਿਯਾ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਅਜਿਹੇ ਮਾਮਲੇ ਵਿਚ, ਬਜ਼ੁਰਗ ਦੋਵੇਂ ਸਾਥੀਆਂ ਨੂੰ ਲਗਾਤਾਰ ਸਹਾਇਤਾ ਦੇ ਸਕਦੇ ਹਨ।—ਯਾਕੂਬ 5:14, 15.
ਮੁੜ-ਉਸਾਰੀ
ਜਦੋਂ ਜੋੜਾ ਮੁਮਕਿਨ ਹੱਦ ਤਕ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਲੈਂਦਾ ਹੈ, ਉਦੋਂ ਉਹ ਆਪਣੇ ਵਿਆਹ ਦੇ ਅਤਿ-ਆਵੱਸ਼ਕ ਪਹਿਲੂਆਂ ਨੂੰ ਮੁੜ-ਉਸਾਰਨ ਲਈ ਚੰਗੀ ਸਥਿਤੀ ਵਿਚ ਹੁੰਦਾ ਹੈ। ਦਿਲੋਂ-ਮਨੋਂ ਸੰਚਾਰ ਲੋੜੀਂਦਾ ਰਹਿੰਦਾ ਹੈ। ਜਿੱਥੇ ਕਮਜ਼ੋਰੀਆਂ ਲੱਭੀਆਂ ਜਾਂਦੀਆਂ ਹਨ, ਉੱਥੇ ਢੁਕਵੀਆਂ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ।
ਖ਼ਾਸ ਕਰਕੇ ਦੋਸ਼ੀ ਸਾਥਣ ਨੂੰ ਤਬਦੀਲੀਆਂ ਲਿਆਉਣ ਦੀ ਲੋੜ ਹੈ। ਪਰੰਤੂ, ਵਿਆਹ ਦੇ ਕਮਜ਼ੋਰ ਖੇਤਰਾਂ ਨੂੰ ਮਜ਼ਬੂਤ ਕਰਨ ਵਿਚ ਵਫ਼ਾਦਾਰ ਸਾਥੀ ਨੂੰ ਵੀ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਜ਼ਨਾਹ ਉਸ ਦਾ ਕਸੂਰ ਸੀ ਜਾਂ ਕਿ ਇਸ ਨੂੰ ਅਣਡਿੱਠ ਕੀਤਾ ਜਾ ਸਕਦਾ ਹੈ—ਅਜਿਹੇ ਪਾਪ ਕਰਨ ਦਾ ਕੋਈ ਵੀ ਜਾਇਜ਼ ਬਹਾਨਾ ਨਹੀਂ ਹੈ। (ਤੁਲਨਾ ਕਰੋ ਉਤਪਤ 3:12; 1 ਯੂਹੰਨਾ 5:3.) ਇਸ ਦਾ ਸਿਰਫ਼ ਇਹੀ ਮਤਲਬ ਹੈ ਕਿ ਸ਼ਾਇਦ ਵਿਆਹ ਵਿਚ ਅਜਿਹੀਆਂ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਸੁਲਝਾਉਣ ਦੀ ਲੋੜ ਸੀ। ਮੁੜ-ਉਸਾਰੀ ਇਕ ਸਾਂਝਾ ਪ੍ਰਾਜੈਕਟ ਹੈ। ਕੀ ਪਰਸਪਰ ਕਦਰਾਂ-ਕੀਮਤਾਂ ਅਤੇ ਟੀਚਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ? ਕੀ ਅਧਿਆਤਮਿਕ ਸਰਗਰਮੀਆਂ ਨਜ਼ਰਅੰਦਾਜ਼ ਕੀਤੀਆਂ ਗਈਆਂ ਹਨ? ਖ਼ਾਸ ਕਮਜ਼ੋਰੀਆਂ ਲੱਭਣ ਅਤੇ ਲੋੜੀਂਦੀਆਂ ਤਬਦੀਲੀਆਂ ਲਿਆਉਣ ਦੀ ਇਹ ਪ੍ਰਕ੍ਰਿਆ, ਬੁਰੀ ਤਰ੍ਹਾਂ ਨੁਕਸਾਨੇ ਗਏ ਵਿਆਹ ਨੂੰ ਮੁੜ-ਉਸਾਰਨ ਦੇ ਲਈ ਲਾਜ਼ਮੀ ਹੈ।
ਦੇਖ-ਭਾਲ
ਇਕ ਚੰਗੀ ਤਰ੍ਹਾਂ ਉਸਾਰਿਆ ਗਿਆ ਘਰ ਵੀ ਨਿਯਮਿਤ ਦੇਖ-ਭਾਲ ਲੋੜਦਾ ਹੈ। ਤਾਂ ਫਿਰ, ਇਕ ਮੁੜ-ਉਸਾਰੇ ਗਏ ਰਿਸ਼ਤੇ ਦੀ ਦੇਖ-ਭਾਲ ਕਰਨੀ ਕਿੰਨਾ ਹੀ ਮਹੱਤਵਪੂਰਣ ਹੈ। ਜੋੜੇ ਨੂੰ ਸਮੇਂ ਦੇ ਬੀਤਣ ਨੂੰ, ਆਪਣੇ ਨਵੇਂ ਇਰਾਦਿਆਂ ਤੇ ਪੱਕੇ ਬਣੇ ਰਹਿਣ ਦੀ ਆਪਣੀ ਦ੍ਰਿੜ੍ਹਤਾ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਜੇਕਰ ਉਹ ਕੁਝ ਗੱਲਾਂ ਵਿਚ ਅਸਫ਼ਲਤਾ ਅਨੁਭਵ ਕਰਨ, ਜਿਵੇਂ ਕਿ ਮਾੜੇ ਸੰਚਾਰ ਦੀਆਂ ਆਦਤਾਂ ਵਿਚ ਮੁੜਨਾ, ਤਾਂ ਨਿਰਉਤਸ਼ਾਹਿਤ ਹੋਣ ਦੀ ਬਜਾਇ, ਉਨ੍ਹਾਂ ਨੂੰ ਸਹੀ ਰਾਹ ਤੇ ਵਾਪਸ ਪੈਣ ਲਈ ਫ਼ੌਰੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਅਗਾਂਹ ਨੂੰ ਤੁਰਦੇ ਰਹਿਣਾ ਚਾਹੀਦਾ ਹੈ।—ਕਹਾਉਤਾਂ 24:16; ਗਲਾਤੀਆਂ 6:9.
ਮੁੱਖ ਤੌਰ ਤੇ, ਪਤੀ ਪਤਨੀ ਨੂੰ ਆਪਣੇ ਅਧਿਆਤਮਿਕ ਨਿੱਤ-ਕਰਮ ਨੂੰ ਸਭ ਤੋਂ ਜ਼ਿਆਦਾ ਪਹਿਲ ਦੇਣੀ ਚਾਹੀਦੀ ਹੈ, ਅਤੇ ਕਿਸੇ ਹੋਰ ਸਰਗਰਮੀ ਦੇ ਕਾਰਨ ਇਸ ਦੀ ਜਾਂ ਆਪਣੇ ਵਿਆਹ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ। ਜ਼ਬੂਰ 127:1 ਕਹਿੰਦਾ ਹੈ: “ਜੇਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।” ਨਾਲ ਹੀ, ਯਿਸੂ ਨੇ ਚੇਤਾਵਨੀ ਦਿੱਤੀ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹ ਦਾ ਵੱਡਾ ਨਾਸ ਹੋਇਆ।”—ਮੱਤੀ 7:24-27.
ਜੀ ਹਾਂ, ਜੇਕਰ ਬਾਈਬਲ ਸਿਧਾਂਤ ਇਸ ਲਈ ਅਣਡਿੱਠ ਕੀਤੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲਾਗੂ ਕਰਨਾ ਔਖਾ ਹੈ, ਤਾਂ ਵਿਆਹ ਵਫ਼ਾਦਾਰੀ ਦੀ ਅਗਲੀ ਤੂਫ਼ਾਨੀ ਅਜ਼ਮਾਇਸ਼ ਦਾ ਸਾਮ੍ਹਣਾ ਨਹੀਂ ਕਰ ਪਾਏਗਾ। ਪਰੰਤੂ, ਜੇਕਰ ਪਤੀ ਪਤਨੀ ਸਾਰਿਆਂ ਮਾਮਲਿਆਂ ਵਿਚ ਬਾਈਬਲ ਦੇ ਮਿਆਰਾਂ ਤੇ ਕਾਇਮ ਰਹਿਣਗੇ, ਤਾਂ ਉਨ੍ਹਾਂ ਦੇ ਵਿਆਹ ਤੇ ਈਸ਼ਵਰੀ ਬਰਕਤ ਹੋਵੇਗੀ। ਨਾਲ ਹੀ ਉਨ੍ਹਾਂ ਦੇ ਕੋਲ ਵਿਵਾਹਕ ਵਫ਼ਾਦਾਰੀ ਲਈ ਸਭ ਤੋਂ ਪ੍ਰਭਾਵਸ਼ਾਲੀ ਪ੍ਰੇਰਕ ਹੋਵੇਗਾ—ਵਿਆਹ ਦੇ ਆਰੰਭਕਰਤਾ, ਯਹੋਵਾਹ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਇੱਛਾ।—ਮੱਤੀ 22:36-40; ਉਪਦੇਸ਼ਕ ਦੀ ਪੋਥੀ 4:12.
[ਫੁਟਨੋਟ]
a ਜਾਇਜ਼ ਕਾਰਨ ਹਨ ਕਿ ਕਿਉਂ ਇਕ ਵਿਅਕਤੀ ਜ਼ਨਾਹਕਾਰੀ ਸਾਥੀ ਨੂੰ ਸ਼ਾਇਦ ਤਲਾਕ ਦੇਣ ਦੀ ਚੋਣ ਕਰੇ। ਇਸ ਮਾਮਲੇ ਬਾਰੇ ਇਕ ਵਿਸਤ੍ਰਿਤ ਚਰਚੇ ਲਈ, ਅਗਸਤ 8, 1995, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਬਾਈਬਲ ਦਾ ਦ੍ਰਿਸ਼ਟੀਕੋਣ: ਜ਼ਨਾਹ—ਮਾਫ਼ ਕਰਨਾ ਜਾਂ ਨਹੀਂ ਮਾਫ਼ ਕਰਨਾ?” ਦੇਖੋ।
b ਅਸੀਂ ਬੇਵਫ਼ਾ ਸਾਥੀ ਦਾ ਇਕ ਪੁਰਸ਼ ਵਜੋਂ ਜ਼ਿਕਰ ਕਰਦੇ ਹਾਂ। ਇਕ ਵੋਟ-ਗਣਨਾ ਅਨੁਮਾਨ ਲਾਉਂਦੀ ਹੈ ਕਿ ਪੁਰਸ਼ਾਂ ਦੀ ਬੇਵਫ਼ਾਈ ਦੀ ਮਾਤਰਾ ਇਸਤਰੀਆਂ ਨਾਲੋਂ ਦੁੱਗਣੀ ਹੈ। ਪਰੰਤੂ, ਚਰਚਾ ਕੀਤੇ ਗਏ ਸਿਧਾਂਤ ਉੱਨੇ ਹੀ ਲਾਗੂ ਹੁੰਦੇ ਜਦੋਂ ਨਿਰਦੋਸ਼ ਸਾਥੀ ਮਸੀਹੀ ਪੁਰਸ਼ ਹੁੰਦਾ ਹੈ।
c ਚੰਗੀ ਤਰ੍ਹਾਂ ਸੁਣਨ ਬਾਰੇ ਜਾਣਕਾਰੀ ਲਈ, ਜਾਗਰੂਕ ਬਣੋ! (ਅੰਗ੍ਰੇਜ਼ੀ), ਜਨਵਰੀ 22, 1994, ਸਫ਼ੇ 6-9, ਅਤੇ ਦਸੰਬਰ 8, 1994, ਸਫ਼ੇ 10-13 ਦੇਖੋ।