ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ
14 “ਤੁਹਾਡੇ ਦਿਲ ਨਾ ਘਬਰਾਉਣ।+ ਪਰਮੇਸ਼ੁਰ ਉੱਤੇ ਨਿਹਚਾ ਕਰੋ;+ ਮੇਰੇ ਉੱਤੇ ਵੀ ਨਿਹਚਾ ਕਰੋ। 2 ਮੇਰੇ ਪਿਤਾ ਦੇ ਘਰ ਵਿਚ ਰਹਿਣ ਲਈ ਬਹੁਤ ਜਗ੍ਹਾ ਹੈ। ਜੇ ਨਾ ਹੁੰਦੀ, ਤਾਂ ਮੈਂ ਤੁਹਾਨੂੰ ਦੱਸ ਦੇਣਾ ਸੀ, ਹੁਣ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ।+ 3 ਨਾਲੇ ਜਦੋਂ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਦੁਬਾਰਾ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਘਰ ਲੈ ਜਾਵਾਂਗਾ ਤਾਂਕਿ ਤੁਸੀਂ ਵੀ ਉੱਥੇ ਹੋਵੋ ਜਿੱਥੇ ਮੈਂ ਹੋਵਾਂ।+ 4 ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ।”
5 ਥੋਮਾ+ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਤਾਂ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈਂ। ਤਾਂ ਫਿਰ, ਅਸੀਂ ਰਾਹ ਕਿੱਦਾਂ ਜਾਣ ਸਕਦੇ ਹਾਂ?”
6 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਰਾਹ,+ ਸੱਚਾਈ+ ਤੇ ਜ਼ਿੰਦਗੀ ਹਾਂ।+ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।+ 7 ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ; ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਦੇਖਿਆ ਹੈ।”+
8 ਫ਼ਿਲਿੱਪੁਸ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪਿਤਾ ਦੇ ਦਰਸ਼ਣ ਕਰਾ। ਸਾਡੇ ਲਈ ਇੰਨਾ ਹੀ ਕਾਫ਼ੀ ਹੈ।”
9 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੁਹਾਡੇ ਨਾਲ ਇੰਨੇ ਚਿਰ ਤੋਂ ਹਾਂ, ਪਰ ਫ਼ਿਲਿੱਪੁਸ, ਤੂੰ ਅਜੇ ਵੀ ਮੈਨੂੰ ਨਹੀਂ ਜਾਣਦਾ? ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।+ ਤੂੰ ਇਹ ਕਿਉਂ ਕਹਿੰਦਾ ਹੈਂ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ’? 10 ਕੀ ਤੈਨੂੰ ਵਿਸ਼ਵਾਸ ਨਹੀਂ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ?+ ਮੈਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ, ਉਹ ਆਪਣੇ ਵੱਲੋਂ ਨਹੀਂ ਦੱਸਦਾ,+ ਪਰ ਪਿਤਾ ਜੋ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਮੇਰੇ ਰਾਹੀਂ ਆਪਣੇ ਕੰਮ ਕਰਦਾ ਹੈ। 11 ਮੇਰੀ ਇਸ ਗੱਲ ਦਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ; ਨਹੀਂ ਤਾਂ, ਮੇਰੇ ਕੰਮਾਂ ਕਰਕੇ ਮੇਰਾ ਵਿਸ਼ਵਾਸ ਕਰੋ।+ 12 ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਵੀ ਉਹੀ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ; ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਕਰੇਗਾ+ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ।+ 13 ਨਾਲੇ ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ ਤਾਂਕਿ ਪੁੱਤਰ ਦੇ ਰਾਹੀਂ ਪਿਤਾ ਦੀ ਮਹਿਮਾ ਹੋਵੇ।+ 14 ਤੁਸੀਂ ਮੇਰੇ ਨਾਂ ʼਤੇ ਜੋ ਵੀ ਮੰਗੋਗੇ, ਮੈਂ ਉਹ ਕਰਾਂਗਾ।
15 “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਮੇਰੇ ਹੁਕਮ ਮੰਨੋਗੇ;+ 16 ਮੈਂ ਆਪਣੇ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਡੇ ਲਈ ਇਕ ਹੋਰ ਮਦਦਗਾਰ* ਘੱਲੇਗਾ ਜੋ ਹਮੇਸ਼ਾ ਤੁਹਾਡੇ ਨਾਲ ਰਹੇਗਾ+ 17 ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜੋ ਦੁਨੀਆਂ ਨਹੀਂ ਪਾ ਸਕਦੀ ਕਿਉਂਕਿ ਦੁਨੀਆਂ ਨਾ ਤਾਂ ਇਸ ਨੂੰ ਦੇਖਦੀ ਹੈ ਅਤੇ ਨਾ ਹੀ ਇਸ ਨੂੰ ਜਾਣਦੀ ਹੈ।+ ਤੁਸੀਂ ਇਸ ਨੂੰ ਜਾਣਦੇ ਹੋ ਕਿਉਂਕਿ ਇਹ ਤੁਹਾਡੇ ਨਾਲ ਰਹਿੰਦੀ ਹੈ ਅਤੇ ਤੁਹਾਡੇ ਵਿਚ ਹੈ। 18 ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ।+ 19 ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਫੇਰ ਨਹੀਂ ਦੇਖੇਗੀ, ਪਰ ਤੁਸੀਂ ਮੈਨੂੰ ਦੇਖੋਗੇ+ ਕਿਉਂਕਿ ਮੈਂ ਜੀਉਂਦਾ ਹਾਂ ਅਤੇ ਤੁਸੀਂ ਵੀ ਜੀਓਗੇ। 20 ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਆਪਣੇ ਪਿਤਾ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਤੁਸੀਂ ਮੇਰੇ ਨਾਲ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ।+ 21 ਜਿਹੜਾ ਮੇਰੇ ਹੁਕਮਾਂ ਨੂੰ ਕਬੂਲ ਕਰਦਾ ਹੈ ਅਤੇ ਇਨ੍ਹਾਂ ਨੂੰ ਮੰਨਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ। ਜਿਹੜਾ ਇਨਸਾਨ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਵੀ ਉਸ ਇਨਸਾਨ ਨੂੰ ਪਿਆਰ ਕਰਾਂਗਾ ਅਤੇ ਉਸ ਨੂੰ ਆਪਣੇ ਬਾਰੇ ਸਾਫ਼-ਸਾਫ਼ ਦੱਸਾਂਗਾ।”
22 ਯਹੂਦਾ+ (ਨਾ ਕਿ ਯਹੂਦਾ ਇਸਕਰਿਓਤੀ) ਨੇ ਉਸ ਨੂੰ ਕਿਹਾ: “ਪ੍ਰਭੂ, ਕੀ ਕਾਰਨ ਹੈ ਕਿ ਤੂੰ ਸਾਨੂੰ ਆਪਣੇ ਬਾਰੇ ਸਾਫ਼-ਸਾਫ਼ ਦੱਸੇਂਗਾ, ਪਰ ਦੁਨੀਆਂ ਨੂੰ ਨਹੀਂ?”
23 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਤਾਂ ਉਹ ਮੇਰੀ ਗੱਲ ਮੰਨੇਗਾ+ ਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਕੋਲ ਆਵਾਂਗੇ ਤੇ ਉਸ ਨਾਲ ਰਹਾਂਗੇ।+ 24 ਜਿਹੜਾ ਮੇਰੇ ਨਾਲ ਪਿਆਰ ਨਹੀਂ ਕਰਦਾ ਉਹ ਮੇਰੀਆਂ ਗੱਲਾਂ ਨਹੀਂ ਮੰਨਦਾ। ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ, ਉਹ ਮੇਰੀਆਂ ਨਹੀਂ, ਸਗੋਂ ਮੇਰੇ ਪਿਤਾ ਦੀਆਂ ਹਨ ਜਿਸ ਨੇ ਮੈਨੂੰ ਘੱਲਿਆ ਹੈ।+
25 “ਤੁਹਾਡੇ ਨਾਲ ਹੁੰਦਿਆਂ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਹਨ। 26 ਪਰ ਪਿਤਾ ਮੇਰੇ ਨਾਂ ʼਤੇ ਜਿਹੜੀ ਪਵਿੱਤਰ ਸ਼ਕਤੀ* ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।+ 27 ਮੈਂ ਜਾਂਦਾ ਹੋਇਆ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ; ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।+ ਜਿਹੜੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਇਹ ਉਸ ਸ਼ਾਂਤੀ ਨਾਲੋਂ ਵੱਖਰੀ ਹੈ ਜੋ ਦੁਨੀਆਂ ਤੁਹਾਨੂੰ ਦਿੰਦੀ ਹੈ। ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ। 28 ਤੁਸੀਂ ਸੁਣਿਆ ਕਿ ਮੈਂ ਤੁਹਾਨੂੰ ਕਿਹਾ ਸੀ, ‘ਮੈਂ ਜਾ ਰਿਹਾ ਹਾਂ ਅਤੇ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ।’ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤਾਂ ਖ਼ੁਸ਼ ਹੋਵੋ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਵੱਡਾ ਹੈ।+ 29 ਇਹ ਗੱਲਾਂ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ ਤਾਂਕਿ ਜਦੋਂ ਇਹ ਗੱਲਾਂ ਹੋਣ, ਤਾਂ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋ।+ 30 ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਦੁਨੀਆਂ ਦਾ ਹਾਕਮ+ ਆ ਰਿਹਾ ਹੈ ਅਤੇ ਉਸ ਦਾ ਮੇਰੇ ਉੱਤੇ ਕੋਈ ਵੱਸ ਨਹੀਂ ਚੱਲਦਾ।+ 31 ਪਰ ਇਸ ਲਈ ਕਿ ਦੁਨੀਆਂ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।+ ਚਲੋ ਉੱਠੋ, ਇੱਥੋਂ ਚੱਲੀਏ।