ਲੂਕਾ ਮੁਤਾਬਕ ਖ਼ੁਸ਼ ਖ਼ਬਰੀ
13 ਉਸ ਸਮੇਂ ਉੱਥੇ ਮੌਜੂਦ ਕੁਝ ਜਣਿਆਂ ਨੇ ਯਿਸੂ ਨੂੰ ਦੱਸਿਆ ਕਿ ਪਿਲਾਤੁਸ ਨੇ ਬਲ਼ੀਆਂ ਚੜ੍ਹਾ ਰਹੇ ਕਈ ਗਲੀਲੀਆਂ ਨੂੰ ਮਰਵਾ ਦਿੱਤਾ। 2 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਖ਼ਿਆਲ ਵਿਚ ਕੀ ਉਹ ਗਲੀਲੀ ਬਾਕੀ ਸਾਰੇ ਗਲੀਲੀਆਂ ਨਾਲੋਂ ਜ਼ਿਆਦਾ ਪਾਪੀ ਸਨ ਜਿਸ ਕਰਕੇ ਉਨ੍ਹਾਂ ਨਾਲ ਇਸ ਤਰ੍ਹਾਂ ਹੋਇਆ? 3 ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤਰ੍ਹਾਂ ਨਹੀਂ ਸੀ; ਪਰ ਜੇ ਤੁਸੀਂ ਤੋਬਾ ਨਹੀਂ ਕਰੋਗੇ, ਤਾਂ ਉਨ੍ਹਾਂ ਵਾਂਗ ਤੁਸੀਂ ਸਾਰੇ ਵੀ ਮਰ ਜਾਓਗੇ।+ 4 ਜਾਂ ਜਿਹੜੇ 18 ਲੋਕ ਸੀਲੋਮ ਦਾ ਬੁਰਜ ਡਿਗਣ ਕਰਕੇ ਮਰੇ ਸਨ, ਤੁਹਾਡੇ ਖ਼ਿਆਲ ਵਿਚ ਕੀ ਉਹ ਯਰੂਸ਼ਲਮ ਦੇ ਬਾਕੀ ਸਾਰੇ ਲੋਕਾਂ ਨਾਲੋਂ ਜ਼ਿਆਦਾ ਪਾਪੀ ਸਨ? 5 ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤਰ੍ਹਾਂ ਨਹੀਂ ਸੀ; ਪਰ ਜੇ ਤੁਸੀਂ ਤੋਬਾ ਨਹੀਂ ਕਰੋਗੇ, ਤਾਂ ਉਨ੍ਹਾਂ ਵਾਂਗ ਤੁਸੀਂ ਸਾਰੇ ਵੀ ਮਰ ਜਾਓਗੇ।”
6 ਫਿਰ ਉਸ ਨੇ ਇਹ ਮਿਸਾਲ ਦਿੱਤੀ: “ਇਕ ਆਦਮੀ ਦੇ ਅੰਗੂਰਾਂ ਦੇ ਬਾਗ਼ ਵਿਚ ਅੰਜੀਰ ਦਾ ਦਰਖ਼ਤ ਸੀ। ਜਦੋਂ ਉਹ ਉਸ ਤੋਂ ਫਲ ਤੋੜਨ ਗਿਆ, ਤਾਂ ਦਰਖ਼ਤ ਨੂੰ ਕੋਈ ਫਲ ਨਹੀਂ ਲੱਗਾ ਸੀ।+ 7 ਤਦ ਉਸ ਨੇ ਮਾਲੀ ਨੂੰ ਕਿਹਾ, ‘ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਤੋੜਨ ਲਈ ਆ ਰਿਹਾ ਹਾਂ, ਪਰ ਇਸ ਨੂੰ ਕਦੀ ਫਲ ਲੱਗਾ ਨਹੀਂ ਦੇਖਿਆ। ਇਸ ਨੂੰ ਵੱਢ ਸੁੱਟ! ਇਸ ਨੇ ਐਵੇਂ ਜਗ੍ਹਾ ਰੋਕ ਰੱਖੀ ਹੈ।’ 8 ਮਾਲੀ ਨੇ ਜਵਾਬ ਦਿੰਦੇ ਹੋਏ ਕਿਹਾ, ‘ਸੁਆਮੀ ਜੀ, ਇਸ ਸਾਲ ਵੀ ਰਹਿਣ ਦੇ। ਮੈਂ ਇਸ ਦੇ ਆਲੇ-ਦੁਆਲੇ ਮਿੱਟੀ ਪੁੱਟਾਂਗਾ ਅਤੇ ਰੂੜੀ ਪਾਵਾਂਗਾ। 9 ਜੇ ਇਸ ਨੂੰ ਫਲ ਲੱਗੇਗਾ, ਤਾਂ ਬਹੁਤ ਵਧੀਆ ਹੋਵੇਗਾ; ਜੇ ਨਹੀਂ, ਤਾਂ ਤੂੰ ਇਸ ਨੂੰ ਵੱਢ ਦੇਈਂ।’”+
10 ਉਹ ਸਬਤ ਦੇ ਦਿਨ ਇਕ ਸਭਾ ਘਰ ਵਿਚ ਸਿੱਖਿਆ ਦੇ ਰਿਹਾ ਸੀ। 11 ਉੱਥੇ ਇਕ ਤੀਵੀਂ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਜਿਸ ਕਰਕੇ ਉਹ 18 ਸਾਲਾਂ ਤੋਂ ਬੀਮਾਰ ਸੀ; ਉਸ ਦਾ ਕੁੱਬ ਨਿਕਲਿਆ ਹੋਇਆ ਸੀ ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ। 12 ਯਿਸੂ ਨੇ ਤੀਵੀਂ ਨੂੰ ਦੇਖ ਕੇ ਕਿਹਾ: “ਬੀਬੀ, ਤੂੰ ਆਪਣੀ ਬੀਮਾਰੀ ਤੋਂ ਛੁੱਟ ਗਈ ਹੈਂ।”+ 13 ਫਿਰ ਉਸ ਨੇ ਆਪਣੇ ਹੱਥ ਤੀਵੀਂ ਉੱਤੇ ਰੱਖੇ ਅਤੇ ਉਹ ਉਸੇ ਵੇਲੇ ਸਿੱਧੀ ਖੜ੍ਹੀ ਹੋ ਗਈ ਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਈ। 14 ਪਰ ਇਹ ਦੇਖ ਕੇ ਸਭਾ ਘਰ ਦਾ ਨਿਗਾਹਬਾਨ ਗੁੱਸੇ ਵਿਚ ਆ ਗਿਆ ਕਿਉਂਕਿ ਯਿਸੂ ਨੇ ਸਬਤ ਦੇ ਦਿਨ ਤੀਵੀਂ ਨੂੰ ਚੰਗਾ ਕੀਤਾ ਸੀ। ਨਿਗਾਹਬਾਨ ਨੇ ਲੋਕਾਂ ਨੂੰ ਕਿਹਾ: “ਛੇ ਦਿਨ ਹਨ ਜਿਨ੍ਹਾਂ ਦੌਰਾਨ ਕੰਮ ਕੀਤੇ ਜਾਣੇ ਚਾਹੀਦੇ ਹਨ;+ ਇਸ ਲਈ ਉਨ੍ਹਾਂ ਦਿਨਾਂ ਦੌਰਾਨ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।”+ 15 ਪ੍ਰਭੂ ਨੇ ਉਸ ਨੂੰ ਜਵਾਬ ਦਿੰਦੇ ਹੋਏ ਕਿਹਾ: “ਪਖੰਡੀਓ,+ ਕੀ ਤੁਸੀਂ ਸਾਰੇ ਜਣੇ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਨਹੀਂ ਲੈ ਜਾਂਦੇ?+ 16 ਇਹ ਤੀਵੀਂ ਅਬਰਾਹਾਮ ਦੀ ਧੀ ਹੈ ਅਤੇ ਇਸ ਨੂੰ ਸ਼ੈਤਾਨ ਨੇ 18 ਸਾਲਾਂ ਤੋਂ ਆਪਣੇ ਚੁੰਗਲ਼ ਵਿਚ ਰੱਖਿਆ ਸੀ। ਤਾਂ ਫਿਰ, ਕੀ ਇਸ ਤੀਵੀਂ ਨੂੰ ਸਬਤ ਦੇ ਦਿਨ ਇਸ ਚੁੰਗਲ਼ ਤੋਂ ਛੁਡਾਉਣਾ ਸਹੀ ਨਹੀਂ ਸੀ?” 17 ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਾਂ ਉਸ ਦੇ ਸਾਰੇ ਵਿਰੋਧੀ ਸ਼ਰਮਿੰਦੇ ਹੋ ਗਏ, ਪਰ ਬਾਕੀ ਲੋਕ ਉਸ ਦੇ ਸਾਰੇ ਸ਼ਾਨਦਾਰ ਕੰਮਾਂ ਨੂੰ ਦੇਖ ਕੇ ਬੜੇ ਖ਼ੁਸ਼ ਹੋਏ।+
18 ਉਸ ਨੇ ਅੱਗੇ ਕਿਹਾ: “ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਇਸ ਦੀ ਤੁਲਨਾ ਕਿਸ ਚੀਜ਼ ਨਾਲ ਕਰਾਂ? 19 ਇਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਲੈ ਕੇ ਆਪਣੇ ਬਾਗ਼ ਵਿਚ ਬੀਜਿਆ ਅਤੇ ਇਹ ਵੱਡਾ ਹੋ ਕੇ ਰੁੱਖ ਬਣ ਗਿਆ ਅਤੇ ਆਕਾਸ਼ ਦੇ ਪੰਛੀਆਂ ਨੇ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਏ।”+
20 ਉਸ ਨੇ ਦੁਬਾਰਾ ਕਿਹਾ: “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਚੀਜ਼ ਨਾਲ ਕਰਾਂ? 21 ਇਹ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+
22 ਫਿਰ ਉਹ ਯਰੂਸ਼ਲਮ ਨੂੰ ਜਾਂਦਿਆਂ ਰਾਹ ਵਿਚ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਲੋਕਾਂ ਨੂੰ ਸਿੱਖਿਆ ਦਿੰਦਾ ਗਿਆ। 23 ਤਦ ਇਕ ਆਦਮੀ ਨੇ ਉਸ ਨੂੰ ਪੁੱਛਿਆ: “ਪ੍ਰਭੂ, ਕੀ ਇਹ ਸੱਚ ਹੈ ਕਿ ਥੋੜ੍ਹੇ ਹੀ ਲੋਕ ਬਚਾਏ ਜਾਣਗੇ?” ਉਸ ਨੇ ਉਨ੍ਹਾਂ ਨੂੰ ਕਿਹਾ: 24 “ਭੀੜੇ ਦਰਵਾਜ਼ੇ ਵਿੱਚੋਂ ਵੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਓ+ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਲੋਕ ਅੰਦਰ ਵੜਨ ਦੀ ਕੋਸ਼ਿਸ਼ ਕਰਨਗੇ, ਪਰ ਵੜ ਨਹੀਂ ਸਕਣਗੇ। 25 ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ੇ ਨੂੰ ਜਿੰਦਾ ਲਾ ਦੇਵੇਗਾ ਤੇ ਤੁਸੀਂ ਬਾਹਰ ਖੜ੍ਹ ਕੇ ਦਰਵਾਜ਼ਾ ਖੜਕਾਉਂਦੇ ਹੋਏ ਕਹੋਗੇ, ‘ਪ੍ਰਭੂ, ਸਾਡੇ ਲਈ ਦਰਵਾਜ਼ਾ ਖੋਲ੍ਹ,’+ ਤਾਂ ਮਾਲਕ ਤੁਹਾਨੂੰ ਜਵਾਬ ਦੇਵੇਗਾ: ‘ਮੈਂ ਨਹੀਂ ਜਾਣਦਾ ਤੁਸੀਂ ਕਿੱਥੋਂ ਆਏ ਹੋ।’ 26 ਫਿਰ ਤੁਸੀਂ ਕਹੋਗੇ: ‘ਅਸੀਂ ਤੇਰੇ ਨਾਲ ਬੈਠ ਕੇ ਖਾਧਾ-ਪੀਤਾ ਸੀ ਅਤੇ ਸਾਡੇ ਚੌਂਕਾਂ ਵਿਚ ਤੂੰ ਸਾਨੂੰ ਸਿੱਖਿਆ ਦਿੱਤੀ ਸੀ।’+ 27 ਪਰ ਮਾਲਕ ਤੁਹਾਨੂੰ ਕਹੇਗਾ, ‘ਮੈਂ ਨਹੀਂ ਜਾਣਦਾ ਤੁਸੀਂ ਕਿੱਥੋਂ ਆਏ ਹੋ। ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!’ 28 ਜਦੋਂ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਤੇ ਸਾਰੇ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਦੇਖੋਗੇ, ਪਰ ਤੁਹਾਨੂੰ ਬਾਹਰ ਸੁੱਟਿਆ ਜਾਵੇਗਾ, ਤਾਂ ਤੁਸੀਂ ਆਪਣੀ ਮਾੜੀ ਹਾਲਤ ʼਤੇ ਰੋਵੋਗੇ ਅਤੇ ਕਚੀਚੀਆਂ ਵੱਟੋਗੇ।+ 29 ਇਸ ਤੋਂ ਇਲਾਵਾ, ਪੂਰਬ ਤੇ ਪੱਛਮ ਅਤੇ ਉੱਤਰ ਤੇ ਦੱਖਣ ਵੱਲੋਂ ਲੋਕ ਆ ਕੇ ਪਰਮੇਸ਼ੁਰ ਦੇ ਰਾਜ ਵਿਚ ਮੇਜ਼ ਦੁਆਲੇ ਬੈਠ ਕੇ ਖਾਣਾ ਖਾਣਗੇ। 30 ਅਤੇ ਦੇਖੋ! ਜਿਹੜੇ ਪਿਛਲੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕ ਅੱਗੇ ਹੋ ਜਾਣਗੇ ਅਤੇ ਜਿਹੜੇ ਅਗਲੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕ ਪਿੱਛੇ ਹੋ ਜਾਣਗੇ।”+
31 ਉਸ ਵੇਲੇ ਕੁਝ ਫ਼ਰੀਸੀਆਂ ਨੇ ਆ ਕੇ ਉਸ ਨੂੰ ਕਿਹਾ: “ਇੱਥੋਂ ਚਲਾ ਜਾਹ ਕਿਉਂਕਿ ਹੇਰੋਦੇਸ ਤੈਨੂੰ ਮਰਵਾਉਣਾ ਚਾਹੁੰਦਾ ਹੈ।” 32 ਉਸ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਉਸ ਚਾਲਬਾਜ਼* ਨੂੰ ਕਹਿ ਦਿਓ, ‘ਮੈਂ ਅੱਜ ਤੇ ਕੱਲ੍ਹ ਦੁਸ਼ਟ ਦੂਤਾਂ ਨੂੰ ਕੱਢਾਂਗਾ ਤੇ ਬੀਮਾਰਾਂ ਨੂੰ ਚੰਗਾ ਕਰਾਂਗਾ ਅਤੇ ਪਰਸੋਂ ਨੂੰ ਆਪਣਾ ਕੰਮ ਖ਼ਤਮ ਕਰਾਂਗਾ।’ 33 ਫਿਰ ਵੀ ਮੈਂ ਅੱਜ, ਕੱਲ੍ਹ ਤੇ ਪਰਸੋਂ ਨੂੰ ਸਫ਼ਰ ਕਰਦੇ ਹੋਏ ਯਰੂਸ਼ਲਮ ਜਾਣਾ ਹੈ ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਨਬੀ ਨੂੰ ਯਰੂਸ਼ਲਮ ਤੋਂ ਬਾਹਰ ਜਾਨੋਂ ਮਾਰਿਆ ਜਾਵੇ।+ 34 ਹੇ ਯਰੂਸ਼ਲਮ, ਹੇ ਯਰੂਸ਼ਲਮ, ਨਬੀਆਂ ਦੇ ਕਾਤਲ, ਜਿਨ੍ਹਾਂ ਨੂੰ ਵੀ ਪਰਮੇਸ਼ੁਰ ਨੇ ਤੇਰੇ ਕੋਲ ਘੱਲਿਆ, ਤੂੰ ਉਨ੍ਹਾਂ ਸਾਰਿਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ+—ਮੈਂ ਕਿੰਨੀ ਵਾਰ ਚਾਹਿਆ ਕਿ ਮੈਂ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ! ਪਰ ਤੁਸੀਂ ਇਹ ਨਹੀਂ ਚਾਹਿਆ।+ 35 ਦੇਖੋ! ਤੁਹਾਡਾ ਮੰਦਰ ਤੁਹਾਡੇ ਸਹਾਰੇ ਛੱਡਿਆ ਗਿਆ ਹੈ।+ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਅੱਜ ਤੋਂ ਬਾਅਦ ਉਦੋਂ ਤਕ ਨਹੀਂ ਦੇਖੋਗੇ ਜਦ ਤਕ ਤੁਸੀਂ ਇਹ ਨਹੀਂ ਕਹਿੰਦੇ: ‘ਧੰਨ ਹੈ ਉਹ ਜੋ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!’”+