ਲੇਵੀਆਂ
9 ਅੱਠਵੇਂ ਦਿਨ+ ਮੂਸਾ ਨੇ ਹਾਰੂਨ, ਉਸ ਦੇ ਪੁੱਤਰਾਂ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਬੁਲਾਇਆ। 2 ਉਸ ਨੇ ਹਾਰੂਨ ਨੂੰ ਕਿਹਾ: “ਆਪਣੇ ਵਾਸਤੇ ਪਾਪ-ਬਲ਼ੀ ਲਈ ਇਕ ਵੱਛਾ+ ਅਤੇ ਹੋਮ-ਬਲ਼ੀ ਲਈ ਇਕ ਭੇਡੂ ਲੈ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਚੜ੍ਹਾ। 3 ਅਤੇ ਤੂੰ ਇਜ਼ਰਾਈਲੀਆਂ ਨੂੰ ਕਹਿ, ‘ਪਾਪ-ਬਲ਼ੀ ਲਈ ਇਕ ਬੱਕਰਾ ਅਤੇ ਹੋਮ-ਬਲ਼ੀ ਲਈ ਇਕ ਵੱਛਾ ਅਤੇ ਲੇਲਾ ਲਓ। ਦੋਵੇਂ ਇਕ ਸਾਲ ਦੇ ਹੋਣ ਅਤੇ ਉਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ 4 ਅਤੇ ਸ਼ਾਂਤੀ-ਬਲ਼ੀਆਂ ਲਈ ਇਕ ਬਲਦ ਅਤੇ ਭੇਡੂ ਲਓ+ ਅਤੇ ਯਹੋਵਾਹ ਅੱਗੇ ਉਨ੍ਹਾਂ ਦੀ ਬਲ਼ੀ ਦਿਓ। ਨਾਲੇ ਅਨਾਜ ਦਾ ਚੜ੍ਹਾਵਾ+ ਚੜ੍ਹਾਓ ਜਿਸ ਵਿਚ ਤੇਲ ਮਿਲਾਇਆ ਗਿਆ ਹੋਵੇ ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਮ੍ਹਣੇ ਪ੍ਰਗਟ ਹੋਵੇਗਾ।’”+
5 ਇਸ ਲਈ ਉਹ ਮੂਸਾ ਦੇ ਹੁਕਮ ਮੁਤਾਬਕ ਇਹ ਸਭ ਕੁਝ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲੈ ਆਏ। ਫਿਰ ਪੂਰੀ ਮੰਡਲੀ ਅੱਗੇ ਆਈ ਅਤੇ ਯਹੋਵਾਹ ਸਾਮ੍ਹਣੇ ਖੜ੍ਹ ਗਈ। 6 ਅਤੇ ਮੂਸਾ ਨੇ ਕਿਹਾ: “ਯਹੋਵਾਹ ਨੇ ਤੁਹਾਨੂੰ ਇਹ ਸਭ ਕੁਝ ਕਰਨ ਦਾ ਹੁਕਮ ਦਿੱਤਾ ਹੈ ਤਾਂਕਿ ਯਹੋਵਾਹ ਦੀ ਮਹਿਮਾ ਤੁਹਾਡੇ ਸਾਮ੍ਹਣੇ ਪ੍ਰਗਟ ਹੋਵੇ।”+ 7 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਵੇਦੀ ਕੋਲ ਜਾ ਕੇ ਆਪਣੀ ਪਾਪ-ਬਲ਼ੀ+ ਤੇ ਹੋਮ-ਬਲ਼ੀ ਚੜ੍ਹਾ ਅਤੇ ਆਪਣੇ ਪਾਪ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀਆਂ ਚੜ੍ਹਾ।+ ਨਾਲੇ ਲੋਕਾਂ ਦੇ ਪਾਪ ਮਿਟਾਉਣ ਲਈ ਉਨ੍ਹਾਂ ਵੱਲੋਂ ਲਿਆਂਦੇ ਚੜ੍ਹਾਵੇ ਚੜ੍ਹਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”
8 ਹਾਰੂਨ ਨੇ ਉਸੇ ਵੇਲੇ ਵੇਦੀ ਕੋਲ ਜਾ ਕੇ ਵੱਛੇ ਨੂੰ ਵੱਢਿਆ ਜੋ ਉਸ ਦੇ ਆਪਣੇ ਪਾਪਾਂ ਲਈ ਸੀ।+ 9 ਫਿਰ ਹਾਰੂਨ ਦੇ ਪੁੱਤਰ ਉਸ ਕੋਲ ਵੱਛੇ ਦਾ ਖ਼ੂਨ+ ਲਿਆਏ ਅਤੇ ਉਸ ਨੇ ਖ਼ੂਨ ਵਿਚ ਆਪਣੀ ਉਂਗਲ ਡੋਬ ਕੇ ਵੇਦੀ ਦੇ ਸਿੰਗਾਂ ਉੱਤੇ ਖ਼ੂਨ ਲਾ ਦਿੱਤਾ ਅਤੇ ਉਸ ਨੇ ਬਾਕੀ ਬਚਿਆ ਖ਼ੂਨ ਵੇਦੀ ਦੇ ਕੋਲ ਡੋਲ੍ਹ ਦਿੱਤਾ।+ 10 ਉਸ ਨੇ ਪਾਪ-ਬਲ਼ੀ ਦੇ ਵੱਛੇ ਦੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਵੇਦੀ ਉੱਤੇ ਸਾੜ ਦਿੱਤੀ ਜਿਸ ਦਾ ਧੂੰਆਂ ਉੱਠਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 11 ਅਤੇ ਉਸ ਨੇ ਵੱਛੇ ਦਾ ਮਾਸ ਅਤੇ ਚਮੜੀ ਛਾਉਣੀ ਤੋਂ ਬਾਹਰ ਅੱਗ ਵਿਚ ਸਾੜ ਦਿੱਤੀ।+
12 ਫਿਰ ਉਸ ਨੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰਾਂ ਨੇ ਉਸ ਜਾਨਵਰ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+ 13 ਉਨ੍ਹਾਂ ਨੇ ਉਸ ਨੂੰ ਹੋਮ-ਬਲ਼ੀ ਦੇ ਜਾਨਵਰ ਦਾ ਸਿਰ ਅਤੇ ਟੋਟੇ ਫੜਾਏ ਅਤੇ ਉਸ ਨੇ ਉਨ੍ਹਾਂ ਨੂੰ ਵੇਦੀ ਉੱਤੇ ਅੱਗ ਵਿਚ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ। 14 ਫਿਰ ਉਸ ਨੇ ਆਂਦਰਾਂ ਅਤੇ ਲੱਤਾਂ ਧੋਤੀਆਂ ਅਤੇ ਉਨ੍ਹਾਂ ਨੂੰ ਵੇਦੀ ਉੱਤੇ ਪਈ ਹੋਮ-ਬਲ਼ੀ ਉੱਤੇ ਰੱਖ ਕੇ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ।
15 ਫਿਰ ਉਸ ਨੇ ਲੋਕਾਂ ਵੱਲੋਂ ਲਿਆਂਦਾ ਚੜ੍ਹਾਵਾ ਚੜ੍ਹਾਇਆ। ਉਸ ਨੇ ਲੋਕਾਂ ਦੇ ਪਾਪਾਂ ਲਈ ਲਿਆਂਦਾ ਬੱਕਰਾ ਵੱਢਿਆ ਅਤੇ ਵੱਛੇ ਵਾਂਗ ਇਸ ਨੂੰ ਵੀ ਪਾਪ-ਬਲ਼ੀ ਵਜੋਂ ਚੜ੍ਹਾਇਆ। 16 ਫਿਰ ਉਸ ਨੇ ਹੋਮ-ਬਲ਼ੀ ਦਾ ਜਾਨਵਰ ਲਿਆ ਅਤੇ ਉਸ ਨੂੰ ਵੀ ਉਸੇ ਤਰ੍ਹਾਂ ਚੜ੍ਹਾਇਆ ਜਿਸ ਤਰ੍ਹਾਂ ਹੋਮ-ਬਲ਼ੀਆਂ ਚੜ੍ਹਾਈਆਂ ਜਾਂਦੀਆਂ ਹਨ।+
17 ਫਿਰ ਉਸ ਨੇ ਅਨਾਜ ਦਾ ਚੜ੍ਹਾਵਾ ਚੜ੍ਹਾਇਆ।+ ਉਸ ਨੇ ਆਪਣੇ ਹੱਥ ਵਿਚ ਥੋੜ੍ਹਾ ਜਿਹਾ ਅਨਾਜ ਲੈ ਕੇ ਉਸ ਨੂੰ ਸਵੇਰੇ ਚੜ੍ਹਾਈ ਹੋਮ-ਬਲ਼ੀ ਦੇ ਨਾਲ ਵੇਦੀ ਉੱਤੇ ਸਾੜਿਆ ਜਿਸ ਦਾ ਧੂੰਆਂ ਉੱਠਿਆ।+
18 ਇਸ ਤੋਂ ਬਾਅਦ ਉਸ ਨੇ ਲੋਕਾਂ ਦੇ ਪਾਪਾਂ ਲਈ ਸ਼ਾਂਤੀ-ਬਲ਼ੀ ਦੇ ਬਲਦ ਅਤੇ ਭੇਡੂ ਨੂੰ ਵੱਢਿਆ। ਫਿਰ ਹਾਰੂਨ ਦੇ ਪੁੱਤਰਾਂ ਨੇ ਇਨ੍ਹਾਂ ਜਾਨਵਰਾਂ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਵੇਦੀ ਦੇ ਚਾਰੇ ਪਾਸਿਆਂ ਉੱਤੇ ਖ਼ੂਨ ਛਿੜਕਿਆ।+ 19 ਉਨ੍ਹਾਂ ਨੇ ਬਲਦ ਦੀ ਚਰਬੀ,+ ਭੇਡੂ ਦੀ ਚਰਬੀ ਵਾਲੀ ਮੋਟੀ ਪੂਛ, ਅੰਦਰਲੇ ਅੰਗਾਂ ਨੂੰ ਢਕਣ ਵਾਲੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਲਈ+ 20 ਅਤੇ ਇਹ ਸਾਰੀ ਚਰਬੀ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਰੱਖੀ ਜਿਸ ਤੋਂ ਬਾਅਦ ਉਸ ਨੇ ਸਾਰੀ ਚਰਬੀ ਵੇਦੀ ਉੱਤੇ ਅੱਗ ਵਿਚ ਸਾੜੀ ਜਿਸ ਦਾ ਧੂੰਆਂ ਉੱਠਿਆ।+ 21 ਪਰ ਹਾਰੂਨ ਨੇ ਦੋਵੇਂ ਜਾਨਵਰਾਂ ਦੇ ਸੀਨੇ ਅਤੇ ਸੱਜੀਆਂ ਲੱਤਾਂ ਨੂੰ ਯਹੋਵਾਹ ਦੇ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਇਆ, ਠੀਕ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ।+
22 ਫਿਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ+ ਅਤੇ ਉਹ ਪਾਪ-ਬਲ਼ੀ, ਹੋਮ-ਬਲ਼ੀ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਕੇ ਵੇਦੀ ਤੋਂ ਥੱਲੇ ਉੱਤਰਿਆ। 23 ਅਖ਼ੀਰ ਵਿਚ ਮੂਸਾ ਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੰਦਰ ਗਏ ਅਤੇ ਫਿਰ ਬਾਹਰ ਆ ਕੇ ਲੋਕਾਂ ਨੂੰ ਅਸੀਸ ਦਿੱਤੀ।+
ਫਿਰ ਯਹੋਵਾਹ ਦੀ ਮਹਿਮਾ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਈ+ 24 ਅਤੇ ਯਹੋਵਾਹ ਨੇ ਅੱਗ ਘੱਲੀ+ ਜੋ ਵੇਦੀ ਉੱਤੇ ਪਈ ਹੋਮ-ਬਲ਼ੀ ਅਤੇ ਚਰਬੀ ਨੂੰ ਭਸਮ ਕਰਨ ਲੱਗੀ। ਜਦੋਂ ਲੋਕਾਂ ਨੇ ਇਹ ਸਭ ਕੁਝ ਦੇਖਿਆ, ਤਾਂ ਉਹ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ ਅਤੇ ਉਨ੍ਹਾਂ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।+