ਯਿਰਮਿਯਾਹ
9 ਕਾਸ਼! ਮੇਰਾ ਸਿਰ ਪਾਣੀ ਦਾ ਖੂਹ ਹੁੰਦਾ
ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦੀਆਂ,+
ਤਾਂ ਮੈਂ ਆਪਣੇ ਕਤਲ ਹੋਏ ਲੋਕਾਂ ਲਈ ਦਿਨ-ਰਾਤ ਰੋਂਦਾ ਰਹਿੰਦਾ।
2 ਕਾਸ਼! ਉਜਾੜ ਵਿਚ ਮੇਰਾ ਕੋਈ ਟਿਕਾਣਾ ਹੁੰਦਾ,
ਤਾਂ ਮੈਂ ਆਪਣੇ ਲੋਕਾਂ ਤੋਂ ਦੂਰ ਚਲਾ ਜਾਂਦਾ
ਕਿਉਂਕਿ ਉਹ ਸਾਰੇ ਹਰਾਮਕਾਰ ਹਨ,+
ਉਹ ਧੋਖੇਬਾਜ਼ਾਂ ਦੀ ਟੋਲੀ ਹਨ।
3 ਕੱਸੀ ਹੋਈ ਕਮਾਨ ਵਾਂਗ ਉਨ੍ਹਾਂ ਦੀ ਜ਼ਬਾਨ ਝੂਠ ਬੋਲਣ ਲਈ ਤਿਆਰ ਰਹਿੰਦੀ ਹੈ;
ਦੇਸ਼ ਵਿਚ ਵਫ਼ਾਦਾਰੀ ਦਾ ਨਹੀਂ, ਸਗੋਂ ਝੂਠ ਦਾ ਬੋਲਬਾਲਾ ਹੈ।+
“ਉਹ ਇਕ ਤੋਂ ਬਾਅਦ ਇਕ ਬੁਰਾ ਕੰਮ ਕਰਦੇ ਹਨ,
ਉਹ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦੇ,”+ ਯਹੋਵਾਹ ਕਹਿੰਦਾ ਹੈ।
4 “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਗੁਆਂਢੀ ਤੋਂ ਖ਼ਬਰਦਾਰ ਰਹੇ,
ਉਹ ਆਪਣੇ ਭਰਾ ʼਤੇ ਵੀ ਯਕੀਨ ਨਾ ਕਰੇ
ਕਿਉਂਕਿ ਹਰ ਭਰਾ ਧੋਖੇਬਾਜ਼ ਹੈ+
ਅਤੇ ਹਰ ਗੁਆਂਢੀ ਦੂਜਿਆਂ ਨੂੰ ਬਦਨਾਮ ਕਰਦਾ ਹੈ।+
5 ਹਰ ਕੋਈ ਆਪਣੇ ਗੁਆਂਢੀ ਨਾਲ ਠੱਗੀ ਮਾਰਦਾ ਹੈ,
ਕੋਈ ਵੀ ਸੱਚ ਨਹੀਂ ਬੋਲਦਾ।
ਉਨ੍ਹਾਂ ਨੇ ਆਪਣੀ ਜ਼ਬਾਨ ਨੂੰ ਝੂਠ ਬੋਲਣਾ ਸਿਖਾਇਆ ਹੈ।+
ਉਹ ਬੁਰੇ ਕੰਮ ਕਰ-ਕਰ ਕੇ ਖ਼ੁਦ ਨੂੰ ਥਕਾਉਂਦੇ ਹਨ।
6 ਤੇਰਾ ਬਸੇਰਾ ਛਲ-ਕਪਟ ਦੇ ਵਿਚਕਾਰ ਹੈ।
ਕਪਟੀ ਹੋਣ ਕਰਕੇ ਉਹ ਮੈਨੂੰ ਜਾਣਨ ਤੋਂ ਇਨਕਾਰ ਕਰਦੇ ਹਨ,” ਯਹੋਵਾਹ ਕਹਿੰਦਾ ਹੈ।
7 ਇਸ ਲਈ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਮੈਂ ਉਨ੍ਹਾਂ ਨੂੰ ਧਾਤ ਵਾਂਗ ਪਿਘਲਾਵਾਂਗਾ ਤੇ ਉਨ੍ਹਾਂ ਦੀ ਜਾਂਚ ਕਰਾਂਗਾ।+
ਮੈਂ ਆਪਣੇ ਲੋਕਾਂ ਦੀ ਧੀ ਲਈ ਹੋਰ ਕਰ ਹੀ ਕੀ ਸਕਦਾਂ?
8 ਉਨ੍ਹਾਂ ਦੀ ਜ਼ਬਾਨ ਜਾਨਲੇਵਾ ਤੀਰਾਂ ਵਰਗੀ ਹੈ ਜਿਸ ʼਤੇ ਛਲ-ਕਪਟ ਰਹਿੰਦਾ ਹੈ।
ਹਰ ਕੋਈ ਆਪਣੇ ਗੁਆਂਢੀ ਨਾਲ ਸ਼ਾਂਤੀ ਦੀਆਂ ਗੱਲਾਂ ਕਰਦਾ ਹੈ,
ਪਰ ਉਸ ਉੱਤੇ ਘਾਤ ਲਾ ਕੇ ਹਮਲਾ ਕਰਨ ਦੀਆਂ ਮਨ ਵਿਚ ਸਾਜ਼ਸ਼ਾਂ ਘੜਦਾ ਹੈ।”
9 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”
“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?+
10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਸੋਗ ਮਨਾਵਾਂਗਾ
ਅਤੇ ਮੈਂ ਉਜਾੜ ਦੀਆਂ ਚਰਾਂਦਾਂ ਲਈ ਵਿਰਲਾਪ* ਦਾ ਗੀਤ ਗਾਵਾਂਗਾ
ਕਿਉਂਕਿ ਇਹ ਸਭ ਕੁਝ ਸੜ ਚੁੱਕਾ ਹੈ ਤੇ ਉੱਧਰੋਂ ਦੀ ਕੋਈ ਨਹੀਂ ਲੰਘਦਾ,
ਉੱਥੇ ਪਸ਼ੂਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।
ਆਕਾਸ਼ ਦੇ ਪੰਛੀ ਅਤੇ ਜਾਨਵਰ ਨੱਠ ਗਏ ਹਨ; ਉਹ ਚਲੇ ਗਏ ਹਨ।+
11 ਮੈਂ ਯਰੂਸ਼ਲਮ ਨੂੰ ਪੱਥਰਾਂ ਦਾ ਢੇਰ+ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦਿਆਂਗਾ,+
ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਕਰ ਦਿਆਂਗਾ ਅਤੇ ਉੱਥੇ ਕੋਈ ਨਹੀਂ ਰਹੇਗਾ।+
12 ਕੌਣ ਇੰਨਾ ਬੁੱਧੀਮਾਨ ਹੈ ਜੋ ਇਸ ਗੱਲ ਨੂੰ ਸਮਝ ਸਕੇ?
ਯਹੋਵਾਹ ਨੇ ਕਿਸ ਨੂੰ ਇਸ ਬਾਰੇ ਦੱਸਿਆ ਹੈ ਕਿ ਉਹ ਇਸ ਦਾ ਐਲਾਨ ਕਰੇ?
ਦੇਸ਼ ਕਿਉਂ ਤਬਾਹ ਹੋ ਗਿਆ ਹੈ?
ਇਹ ਉਜਾੜ ਵਾਂਗ ਕਿਉਂ ਸੜ ਗਿਆ ਹੈ
ਜਿਸ ਕਰਕੇ ਇੱਥੋਂ ਦੀ ਕੋਈ ਨਹੀਂ ਲੰਘਦਾ?”
13 ਯਹੋਵਾਹ ਨੇ ਜਵਾਬ ਦਿੱਤਾ: “ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨ* ਨੂੰ ਠੁਕਰਾ ਦਿੱਤਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਸੀ ਅਤੇ ਉਨ੍ਹਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਮੇਰਾ ਕਹਿਣਾ ਮੰਨਿਆ। 14 ਇਸ ਦੀ ਬਜਾਇ, ਉਨ੍ਹਾਂ ਨੇ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕੀਤੀ+ ਅਤੇ ਬਆਲ ਦੀਆਂ ਮੂਰਤਾਂ ਦੀ ਭਗਤੀ ਕੀਤੀ, ਜਿਵੇਂ ਉਨ੍ਹਾਂ ਦੇ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਸਿਖਾਇਆ ਸੀ।+ 15 ਇਸ ਲਈ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਦੇਖ, ਮੈਂ ਇਨ੍ਹਾਂ ਲੋਕਾਂ ਨੂੰ ਮਜਬੂਰ ਕਰਾਂਗਾ ਕਿ ਉਹ ਨਾਗਦੋਨਾ ਖਾਣ ਅਤੇ ਜ਼ਹਿਰੀਲਾ ਪਾਣੀ ਪੀਣ।+ 16 ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਜਿਨ੍ਹਾਂ ਨੂੰ ਉਹ ਅਤੇ ਉਨ੍ਹਾਂ ਦੇ ਪਿਉ-ਦਾਦੇ ਨਹੀਂ ਜਾਣਦੇ ਸਨ।+ ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਉੱਨਾ ਚਿਰ ਤਲਵਾਰ ਘੱਲਦਾ ਰਹਾਂਗਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।’+
17 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ,
‘ਸਮਝਦਾਰੀ ਨਾਲ ਚੱਲੋ।
18 ਉਹ ਛੇਤੀ ਆਉਣ ਅਤੇ ਸਾਡੇ ਲਈ ਮਾਤਮ ਦਾ ਗੀਤ ਗਾਉਣ
ਤਾਂਕਿ ਸਾਡੀਆਂ ਅੱਖਾਂ ਵਿੱਚੋਂ ਹੰਝੂ ਵਗਣ
ਅਤੇ ਸਾਡੀਆਂ ਪਲਕਾਂ ਪਾਣੀ ਨਾਲ ਤਰ ਹੋਣ।+
19 ਸੀਓਨ ਤੋਂ ਕੀਰਨਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ:+
“ਹਾਇ! ਅਸੀਂ ਤਬਾਹ ਹੋ ਚੁੱਕੇ ਹਾਂ।
ਹਾਇ! ਸਾਡੀ ਕਿੰਨੀ ਬੇਇੱਜ਼ਤੀ ਹੋਈ।
ਸਾਨੂੰ ਆਪਣਾ ਦੇਸ਼ ਛੱਡਣਾ ਪਿਆ ਅਤੇ ਉਨ੍ਹਾਂ ਨੇ ਸਾਡੇ ਘਰ ਢਾਹ ਦਿੱਤੇ ਹਨ।”+
20 ਹੇ ਔਰਤੋ, ਯਹੋਵਾਹ ਦਾ ਸੰਦੇਸ਼ ਸੁਣੋ।
ਉਸ ਦੇ ਸੰਦੇਸ਼ ਵੱਲ ਕੰਨ ਲਾਓ।
21 ਮੌਤ ਸਾਡੀਆਂ ਖਿੜਕੀਆਂ ਵਿੱਚੋਂ ਅੰਦਰ ਆ ਗਈ ਹੈ;
ਇਹ ਸਾਡੇ ਮਜ਼ਬੂਤ ਬੁਰਜਾਂ ਅੰਦਰ ਵੜ ਗਈ ਹੈ
ਤਾਂਕਿ ਗਲੀਆਂ ਵਿੱਚੋਂ ਸਾਡੇ ਨਿਆਣਿਆਂ ਨੂੰ
ਅਤੇ ਚੌਂਕਾਂ ਵਿੱਚੋਂ ਸਾਡੇ ਜਵਾਨਾਂ ਨੂੰ ਖੋਹ ਲਵੇ।’+
22 ਤੂੰ ਕਹੀਂ, ‘ਯਹੋਵਾਹ ਕਹਿੰਦਾ ਹੈ:
“ਲੋਕਾਂ ਦੀਆਂ ਲਾਸ਼ਾਂ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ
ਜਿਵੇਂ ਵਾਢਾ ਖੇਤ ਵਿਚ ਫ਼ਸਲ ਵੱਢ-ਵੱਢ ਕੇ ਆਪਣੇ ਪਿੱਛੇ ਰੱਖੀ ਜਾਂਦਾ ਹੈ,
ਪਰ ਉਸ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੁੰਦਾ।”’”+
23 ਯਹੋਵਾਹ ਕਹਿੰਦਾ ਹੈ:
“ਬੁੱਧੀਮਾਨ ਆਪਣੀ ਬੁੱਧ ʼਤੇ ਸ਼ੇਖ਼ੀ ਨਾ ਮਾਰੇ;+
ਨਾ ਹੀ ਤਾਕਤਵਰ ਆਪਣੀ ਤਾਕਤ ʼਤੇ ਸ਼ੇਖ਼ੀ ਮਾਰੇ
ਅਤੇ ਨਾ ਹੀ ਅਮੀਰ ਆਪਣੀ ਅਮੀਰੀ ʼਤੇ ਸ਼ੇਖ਼ੀ ਮਾਰੇ।”+
24 “ਪਰ ਜੇ ਕੋਈ ਸ਼ੇਖ਼ੀ ਮਾਰੇ, ਤਾਂ ਇਸ ਗੱਲ ʼਤੇ ਸ਼ੇਖ਼ੀ ਮਾਰੇ
ਕਿ ਉਸ ਨੂੰ ਮੇਰੇ ਬਾਰੇ ਡੂੰਘੀ ਸਮਝ ਅਤੇ ਗਿਆਨ ਹੈ;+
ਨਾਲੇ ਉਹ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਅਟੱਲ ਪਿਆਰ ਦਿਖਾਉਂਦਾ ਹਾਂ
ਅਤੇ ਧਰਤੀ ʼਤੇ ਨਿਆਂ ਅਤੇ ਆਪਣੇ ਧਰਮੀ ਅਸੂਲਾਂ ਮੁਤਾਬਕ ਹਰ ਕੰਮ ਕਰਦਾ ਹਾਂ+
ਕਿਉਂਕਿ ਮੈਨੂੰ ਇਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ,”+ ਯਹੋਵਾਹ ਕਹਿੰਦਾ ਹੈ।
25 “ਦੇਖੋ, ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਹਰ ਉਸ ਇਨਸਾਨ ਤੋਂ ਲੇਖਾ ਲਵਾਂਗਾ ਜਿਸ ਦੀ ਸੁੰਨਤ ਤਾਂ ਹੋਈ ਹੈ, ਪਰ ਅਸਲ ਵਿਚ ਬੇਸੁੰਨਤਾ ਹੈ।+ 26 ਮੈਂ ਮਿਸਰ,+ ਯਹੂਦਾਹ,+ ਅਦੋਮ,+ ਅੰਮੋਨ,+ ਮੋਆਬ+ ਅਤੇ ਉਜਾੜ ਵਿਚ ਵੱਸਦੇ ਉਨ੍ਹਾਂ ਸਾਰੇ ਲੋਕਾਂ ਤੋਂ ਲੇਖਾ ਲਵਾਂਗਾ ਜਿਨ੍ਹਾਂ ਨੇ ਆਪਣੀਆਂ ਕਲਮਾਂ ਦੀ ਹਜਾਮਤ ਕਰਾਈ ਹੈ+ ਕਿਉਂਕਿ ਸਾਰੀਆਂ ਕੌਮਾਂ ਬੇਸੁੰਨਤੀਆਂ ਹਨ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਦਿਲੋਂ ਬੇਸੁੰਨਤਾ ਹੈ।”+