ਤਿਮੋਥਿਉਸ ਨੂੰ ਪਹਿਲੀ ਚਿੱਠੀ
4 ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਦੁਸ਼ਟ ਦੂਤਾਂ ਦੀਆਂ ਗੁਮਰਾਹ ਕਰਨ ਵਾਲੀਆਂ ਗੱਲਾਂ*+ ਅਤੇ ਸਿੱਖਿਆਵਾਂ ਪਿੱਛੇ ਲੱਗ ਜਾਣਗੇ। 2 ਨਾਲੇ ਉਹ ਪਖੰਡੀ ਬੰਦਿਆਂ ਦੀਆਂ ਝੂਠੀਆਂ ਗੱਲਾਂ ਵਿਚ ਆ ਜਾਣਗੇ+ ਜਿਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ, ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਸੁੰਨ ਹੋ ਜਾਂਦੀ ਹੈ। 3 ਉਹ ਬੰਦੇ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਣਗੇ+ ਅਤੇ ਲੋਕਾਂ ਨੂੰ ਹੁਕਮ ਦੇ ਕੇ ਕਈ ਚੀਜ਼ਾਂ ਖਾਣ ਤੋਂ ਮਨ੍ਹਾ ਕਰਨਗੇ+ ਜੋ ਪਰਮੇਸ਼ੁਰ ਨੇ ਖਾਣ ਲਈ ਬਣਾਈਆਂ ਹਨ+ ਅਤੇ ਜਿਨ੍ਹਾਂ ਨੂੰ ਨਿਹਚਾ ਕਰਨ ਵਾਲੇ ਅਤੇ ਸੱਚਾਈ ਦਾ ਸਹੀ ਗਿਆਨ ਰੱਖਣ ਵਾਲੇ ਧੰਨਵਾਦ ਕਰ ਕੇ ਖਾ ਸਕਦੇ ਹਨ।+ 4 ਪਰਮੇਸ਼ੁਰ ਦੀ ਬਣਾਈ ਹਰ ਚੀਜ਼ ਚੰਗੀ ਹੈ+ ਅਤੇ ਜੇ ਕਿਸੇ ਖਾਣ ਵਾਲੀ ਚੀਜ਼ ਲਈ ਧੰਨਵਾਦ ਕੀਤਾ ਜਾਂਦਾ ਹੈ, ਤਾਂ ਉਹ ਠੁਕਰਾਈ ਨਹੀਂ ਜਾਣੀ ਚਾਹੀਦੀ+ 5 ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।
6 ਜੇ ਤੂੰ ਭਰਾਵਾਂ ਨੂੰ ਇਹ ਸਲਾਹ ਦੇਵੇਂਗਾ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਹਾਂ, ਅਜਿਹਾ ਸੇਵਕ ਜੋ ਸੱਚਾਈ ਅਤੇ ਉੱਤਮ ਸਿੱਖਿਆ ਦੀ ਖ਼ੁਰਾਕ ਨਾਲ ਆਪਣਾ ਪੋਸ਼ਣ ਕਰਦਾ ਹੈ। ਤੂੰ ਇਸ ਸਿੱਖਿਆ ਉੱਤੇ ਧਿਆਨ ਨਾਲ ਚੱਲ ਵੀ ਰਿਹਾ ਹੈਂ।+ 7 ਪਰ ਤੂੰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ,+ ਜਿਹੋ ਜਿਹੀਆਂ ਕਹਾਣੀਆਂ ਬੁੱਢੀਆਂ ਮਾਈਆਂ ਸੁਣਾਉਂਦੀਆਂ ਹਨ। ਇਸ ਦੀ ਬਜਾਇ, ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ। 8 ਸਰੀਰਕ ਅਭਿਆਸ* ਦਾ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ, ਪਰ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਸਾਰੀਆਂ ਗੱਲਾਂ ਵਿਚ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਕਰਕੇ ਸਾਨੂੰ ਨਾ ਸਿਰਫ਼ ਅੱਜ ਦੀ ਜ਼ਿੰਦਗੀ ਵਿਚ, ਸਗੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਵਿਚ ਵੀ ਬਰਕਤਾਂ ਮਿਲਣਗੀਆਂ।+ 9 ਇਹ ਗੱਲ ਸੱਚੀ ਹੈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ। 10 ਇਸੇ ਲਈ ਅਸੀਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ+ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ ਹੋਈ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ+ ਦਾ ਮੁਕਤੀਦਾਤਾ ਹੈ,+ ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।
11 ਇਹ ਹੁਕਮ ਅਤੇ ਸਿੱਖਿਆਵਾਂ ਦਿੰਦਾ ਰਹਿ। 12 ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਕਦੇ ਵੀ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ। 13 ਮੇਰੇ ਆਉਣ ਤਕ ਤੂੰ ਦੂਸਰਿਆਂ ਨੂੰ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਣ,+ ਨਸੀਹਤ* ਅਤੇ ਸਿੱਖਿਆ ਦੇਣ ਵਿਚ ਮਿਹਨਤ ਕਰਦਾ ਰਹਿ। 14 ਆਪਣੀ ਉਸ ਦਾਤ ਪ੍ਰਤੀ ਲਾਪਰਵਾਹ ਨਾ ਹੋਈਂ ਜੋ ਤੈਨੂੰ ਉਦੋਂ ਬਖ਼ਸ਼ੀ ਗਈ ਸੀ ਜਦੋਂ ਤੇਰੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਅਤੇ ਤੇਰੇ ਉੱਤੇ ਬਜ਼ੁਰਗਾਂ ਨੇ ਆਪਣੇ ਹੱਥ ਰੱਖੇ ਸਨ।+ 15 ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ* ਕਰ ਅਤੇ ਇਨ੍ਹਾਂ ਵਿਚ ਮਗਨ ਰਹਿ ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ। 16 ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।+ ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।+