ਲੂਕਾ ਮੁਤਾਬਕ ਖ਼ੁਸ਼ ਖ਼ਬਰੀ
4 ਫਿਰ ਪਵਿੱਤਰ ਸ਼ਕਤੀ ਨਾਲ ਭਰਪੂਰ ਯਿਸੂ ਯਰਦਨ ਦਰਿਆ ਤੋਂ ਚਲਾ ਗਿਆ। ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ।+ 2 ਉਹ ਉੱਥੇ 40 ਦਿਨ ਰਿਹਾ ਅਤੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।+ ਇਨ੍ਹਾਂ ਦਿਨਾਂ ਦੌਰਾਨ ਉਸ ਨੇ ਕੁਝ ਨਹੀਂ ਖਾਧਾ ਅਤੇ ਜਦੋਂ ਦਿਨ ਪੂਰੇ ਹੋਏ, ਤਾਂ ਉਸ ਨੂੰ ਭੁੱਖ ਲੱਗੀ। 3 ਸ਼ੈਤਾਨ ਨੇ ਆ ਕੇ ਉਸ ਨੂੰ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ।” 4 ਪਰ ਉਸ ਨੇ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ ਹੈ।’”+
5 ਫਿਰ ਸ਼ੈਤਾਨ ਉਸ ਨੂੰ ਇਕ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਉਸੇ ਪਲ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ।+ 6 ਫਿਰ ਸ਼ੈਤਾਨ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ ਕਿਉਂਕਿ ਮੈਨੂੰ ਇਨ੍ਹਾਂ ਉੱਤੇ ਅਧਿਕਾਰ ਦਿੱਤਾ ਗਿਆ ਹੈ+ ਅਤੇ ਮੈਂ ਜਿਸ ਨੂੰ ਚਾਹਾਂ ਦੇ ਸਕਦਾ ਹਾਂ। 7 ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” 8 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’”+
9 ਨਾਲੇ, ਸ਼ੈਤਾਨ ਉਸ ਨੂੰ ਯਰੂਸ਼ਲਮ ਵਿਚ ਲੈ ਗਿਆ ਅਤੇ ਉਸ ਨੂੰ ਮੰਦਰ ਦੀ ਇਕ ਬਹੁਤ ਉੱਚੀ ਕੰਧ* ਉੱਤੇ ਖੜ੍ਹਾ ਕਰ ਕੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਛਾਲ ਮਾਰ ਦੇ+ 10 ਕਿਉਂਕਿ ਇਹ ਲਿਖਿਆ ਹੈ: ‘ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੈਨੂੰ ਬਚਾਉਣ 11 ਅਤੇ ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।’”+ 12 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+ 13 ਫਿਰ ਯਿਸੂ ਨੂੰ ਚੰਗੀ ਤਰ੍ਹਾਂ ਪਰਖ ਲੈਣ ਤੋਂ ਬਾਅਦ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ+ ਅਤੇ ਉਸ ਨੂੰ ਦੁਬਾਰਾ ਪਰਖਣ ਲਈ ਕਿਸੇ ਹੋਰ ਸਹੀ ਮੌਕੇ ਦੀ ਉਡੀਕ ਕਰਨ ਲੱਗਾ।
14 ਹੁਣ ਯਿਸੂ ਗਲੀਲ ਨੂੰ ਵਾਪਸ ਆਇਆ ਅਤੇ ਪਰਮੇਸ਼ੁਰ ਦੀ ਸ਼ਕਤੀ ਉਸ ਉੱਤੇ ਸੀ।+ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਉਸ ਬਾਰੇ ਚੰਗੀਆਂ ਗੱਲਾਂ ਦੀ ਚਰਚਾ ਹੋਣ ਲੱਗ ਪਈ। 15 ਇਸ ਦੇ ਨਾਲ-ਨਾਲ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਸਾਰੇ ਉਸ ਦਾ ਆਦਰ-ਸਤਿਕਾਰ ਕਰਦੇ ਸਨ।
16 ਫਿਰ ਉਹ ਨਾਸਰਤ ਨੂੰ ਆਇਆ+ ਜਿੱਥੇ ਉਸ ਦੀ ਪਰਵਰਿਸ਼ ਹੋਈ ਸੀ ਅਤੇ ਹਮੇਸ਼ਾ ਵਾਂਗ ਸਬਤ ਦੇ ਦਿਨ ਉਹ ਸਭਾ ਘਰ ਨੂੰ ਗਿਆ+ ਅਤੇ ਧਰਮ-ਗ੍ਰੰਥ ਵਿੱਚੋਂ ਪੜ੍ਹਨ ਲਈ ਖੜ੍ਹਾ ਹੋਇਆ। 17 ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਪੱਤਰੀ* ਦਿੱਤੀ ਗਈ ਅਤੇ ਉਸ ਨੇ ਪੱਤਰੀ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ: 18 “ਯਹੋਵਾਹ* ਦੀ ਸ਼ਕਤੀ ਮੇਰੇ ਉੱਤੇ ਹੈ ਕਿਉਂਕਿ ਉਸ ਨੇ ਮੈਨੂੰ ਚੁਣਿਆ* ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ। ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਅਤੇ ਅੰਨ੍ਹਿਆਂ ਨੂੰ ਸੁਜਾਖੇ ਹੋਣ ਦੀ ਖ਼ਬਰ ਸੁਣਾਵਾਂ ਅਤੇ ਜ਼ੁਲਮਾਂ ਦੇ ਸਤਾਏ ਹੋਇਆਂ ਨੂੰ ਛੁਟਕਾਰਾ ਦੇਵਾਂ+ 19 ਅਤੇ ਯਹੋਵਾਹ* ਦੀ ਮਿਹਰ ਪਾਉਣ ਦੇ ਵਰ੍ਹੇ ਦਾ ਪ੍ਰਚਾਰ ਕਰਾਂ।”+ 20 ਪੜ੍ਹਨ ਤੋਂ ਬਾਅਦ ਉਸ ਨੇ ਪੱਤਰੀ ਲਪੇਟ ਕੇ ਸੇਵਾਦਾਰ ਨੂੰ ਫੜਾ ਦਿੱਤੀ ਅਤੇ ਬੈਠ ਗਿਆ; ਸਭਾ ਘਰ ਵਿਚ ਸਾਰਿਆਂ ਦੀਆਂ ਨਜ਼ਰਾਂ ਉਸ ʼਤੇ ਟਿਕੀਆਂ ਹੋਈਆਂ ਸਨ। 21 ਉਸ ਨੇ ਉਨ੍ਹਾਂ ਨੂੰ ਕਿਹਾ: “ਅੱਜ ਇਹ ਹਵਾਲਾ ਜੋ ਤੁਸੀਂ ਸੁਣਿਆ ਹੈ, ਪੂਰਾ ਹੋਇਆ।”+
22 ਸਾਰੇ ਉਸ ਦੀਆਂ ਸਿਫ਼ਤਾਂ ਕਰਨ ਲੱਗੇ ਅਤੇ ਉਸ ਦੀਆਂ ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ ਗਏ+ ਅਤੇ ਕਹਿਣ ਲੱਗੇ: “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?”+ 23 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਹ ਕਹਾਵਤ ਮੇਰੇ ʼਤੇ ਲਾਗੂ ਕਰੋਗੇ: ‘ਹੇ ਹਕੀਮ, ਪਹਿਲਾਂ ਆਪਣਾ ਇਲਾਜ ਕਰ’ ਅਤੇ ਫਿਰ ਤੁਸੀਂ ਕਹੋਗੇ: ‘ਜਿਹੜੇ ਕੰਮ ਤੂੰ ਕਫ਼ਰਨਾਹੂਮ+ ਵਿਚ ਕੀਤੇ ਸਨ, ਅਸੀਂ ਉਨ੍ਹਾਂ ਬਾਰੇ ਸੁਣਿਆ ਹੈ, ਉਹੀ ਕੰਮ ਹੁਣ ਇੱਥੇ ਆਪਣੇ ਨਗਰ ਵਿਚ ਵੀ ਕਰ।’” 24 ਇਸ ਲਈ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਨਬੀ ਦਾ ਆਪਣੇ ਇਲਾਕੇ ਨੂੰ ਛੱਡ ਹਰ ਜਗ੍ਹਾ ਆਦਰ ਕੀਤਾ ਜਾਂਦਾ ਹੈ।+ 25 ਮਿਸਾਲ ਲਈ, ਏਲੀਯਾਹ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਵਿਧਵਾਵਾਂ ਸਨ। ਉਸ ਵੇਲੇ ਸਾਢੇ ਤਿੰਨ ਸਾਲ ਮੀਂਹ ਨਾ ਪੈਣ ਕਰਕੇ ਸਾਰੇ ਦੇਸ਼ ਵਿਚ ਕਾਲ਼ ਪਿਆ ਸੀ।+ 26 ਪਰ ਏਲੀਯਾਹ ਨਬੀ ਨੂੰ ਸੀਦੋਨ ਦੇ ਇਲਾਕੇ ਵਿਚ ਪੈਂਦੇ ਸਾਰਫਥ ਸ਼ਹਿਰ ਦੀ ਵਿਧਵਾ ਤੋਂ ਸਿਵਾਇ ਹੋਰ ਕਿਸੇ ਵਿਧਵਾ ਦੀ ਮਦਦ ਕਰਨ ਲਈ ਨਹੀਂ ਭੇਜਿਆ ਗਿਆ ਸੀ।+ 27 ਇੱਦਾਂ ਹੀ ਅਲੀਸ਼ਾ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਕੋੜ੍ਹੀ ਸਨ; ਪਰ ਸੀਰੀਆ ਦੇ ਨਾਮਾਨ ਤੋਂ ਸਿਵਾਇ ਹੋਰ ਕਿਸੇ ਕੋੜ੍ਹੀ ਨੂੰ ਚੰਗਾ* ਨਹੀਂ ਕੀਤਾ ਗਿਆ ਸੀ।”+ 28 ਸਭਾ ਘਰ ਵਿਚ ਉਸ ਦੀਆਂ ਗੱਲਾਂ ਸੁਣ ਰਹੇ ਸਾਰੇ ਲੋਕ ਗੁੱਸੇ ਨਾਲ ਲਾਲ-ਪੀਲ਼ੇ ਹੋ ਗਏ+ 29 ਅਤੇ ਉਹ ਉੱਠ ਕੇ ਤੁਰੰਤ ਯਿਸੂ ਨੂੰ ਸ਼ਹਿਰੋਂ ਬਾਹਰ ਉਸ ਪਹਾੜ ਦੀ ਟੀਸੀ ਉੱਤੇ ਲੈ ਗਏ ਜਿਸ ਉੱਤੇ ਉਨ੍ਹਾਂ ਦਾ ਸ਼ਹਿਰ ਵੱਸਿਆ ਹੋਇਆ ਸੀ ਤਾਂਕਿ ਉਸ ਨੂੰ ਟੀਸੀ ਤੋਂ ਧੱਕਾ ਦੇ ਦੇਣ। 30 ਪਰ ਉਹ ਉਨ੍ਹਾਂ ਵਿੱਚੋਂ ਨਿਕਲ ਕੇ ਆਪਣੇ ਰਾਹ ਚਲਾ ਗਿਆ।+
31 ਫਿਰ ਉਹ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿਚ ਗਿਆ। ਉਹ ਲੋਕਾਂ ਨੂੰ ਸਬਤ ਦੇ ਦਿਨ ਸਿੱਖਿਆ ਦੇ ਰਿਹਾ ਸੀ+ 32 ਅਤੇ ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ+ ਕਿਉਂਕਿ ਉਹ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦਾ ਸੀ। 33 ਉਸ ਵਕਤ ਸਭਾ ਘਰ ਵਿਚ ਇਕ ਆਦਮੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਤੇ ਉਸ ਨੇ ਉੱਚੀ-ਉੱਚੀ ਕਿਹਾ:+ 34 “ਹੇ ਯਿਸੂ ਨਾਸਰੀ,+ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਨੂੰ ਖ਼ਤਮ ਕਰਨ ਆਇਆ ਹੈਂ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”+ 35 ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਚੁੱਪ ਰਹਿ ਤੇ ਇਸ ਵਿੱਚੋਂ ਨਿਕਲ ਜਾ!” ਇਸ ਲਈ ਦੁਸ਼ਟ ਦੂਤ ਨੇ ਉਨ੍ਹਾਂ ਦੇ ਸਾਮ੍ਹਣੇ ਉਸ ਆਦਮੀ ਨੂੰ ਜ਼ਮੀਨ ਉੱਤੇ ਸੁੱਟਿਆ, ਪਰ ਉਸ ਨੂੰ ਬਿਨਾਂ ਕੋਈ ਸੱਟ-ਚੋਟ ਲਾਏ ਉਸ ਵਿੱਚੋਂ ਨਿਕਲ ਗਿਆ। 36 ਇਹ ਦੇਖ ਕੇ ਲੋਕ ਹੱਕੇ-ਬੱਕੇ ਰਹਿ ਗਏ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਦੀਆਂ ਗੱਲਾਂ ਵਿਚ ਕਿੰਨਾ ਦਮ ਹੈ, ਦੁਸ਼ਟ ਦੂਤ ਤਾਂ ਇਸ ਦਾ ਹੁਕਮ ਸੁਣ ਕੇ ਹੀ ਲੋਕਾਂ ਵਿੱਚੋਂ ਨਿਕਲ ਜਾਂਦੇ ਹਨ!” 37 ਇਸ ਕਰਕੇ, ਆਲੇ-ਦੁਆਲੇ ਦੇ ਸਾਰੇ ਇਲਾਕੇ ਵਿਚ ਉਸ ਦੇ ਚਰਚੇ ਹੋਣ ਲੱਗੇ।
38 ਫਿਰ ਉਹ ਸਭਾ ਘਰ ਤੋਂ ਸ਼ਮਊਨ* ਦੇ ਘਰ ਗਿਆ। ਸ਼ਮਊਨ ਦੀ ਸੱਸ ਤੇਜ਼ ਬੁਖ਼ਾਰ ਨਾਲ ਤੜਫ ਰਹੀ ਸੀ ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਠੀਕ ਕਰ ਦੇਵੇ।+ 39 ਇਸ ਲਈ ਯਿਸੂ ਨੇ ਉਸ ਕੋਲ ਜਾ ਕੇ ਉਸ ਨੂੰ ਠੀਕ ਕਰ ਦਿੱਤਾ। ਉਹ ਉਸੇ ਵੇਲੇ ਉੱਠ ਕੇ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।
40 ਪਰ ਸ਼ਾਮ ਪੈ ਜਾਣ ਤੋਂ ਬਾਅਦ ਸਾਰੇ ਲੋਕ ਉਸ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਲੈ ਕੇ ਆਉਣ ਲੱਗੇ। ਉਹ ਇਕੱਲੇ-ਇਕੱਲੇ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਦਾ ਸੀ।+ 41 ਨਾਲੇ ਦੁਸ਼ਟ ਦੂਤ ਵੀ ਲੋਕਾਂ ਵਿੱਚੋਂ ਨਿਕਲ ਜਾਂਦੇ ਸਨ ਅਤੇ ਉੱਚੀ-ਉੱਚੀ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”+ ਪਰ ਉਹ ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਾ ਦਿੰਦਾ ਸੀ+ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।+
42 ਫਿਰ ਦਿਨ ਚੜ੍ਹੇ ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ।+ ਪਰ ਲੋਕਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਉਸ ਨੂੰ ਲੱਭ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਕੋਲੋਂ ਨਾ ਜਾਵੇ। 43 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।”+ 44 ਇਸ ਲਈ ਉਹ ਯਹੂਦਿਯਾ ਦੇ ਸਭਾ ਘਰਾਂ ਵਿਚ ਪ੍ਰਚਾਰ ਕਰਨ ਚਲਾ ਗਿਆ।