ਪਹਿਲਾ ਸਮੂਏਲ
13 ਜਦ ਸ਼ਾਊਲ ਰਾਜਾ ਬਣਿਆ, ਤਾਂ ਉਹ . . .* ਸਾਲਾਂ ਦਾ ਸੀ;+ ਅਤੇ ਉਸ ਨੂੰ ਇਜ਼ਰਾਈਲ ਉੱਤੇ ਰਾਜ ਕਰਦਿਆਂ ਦੋ ਸਾਲ ਹੋ ਗਏ ਸਨ। 2 ਸ਼ਾਊਲ ਨੇ ਇਜ਼ਰਾਈਲ ਵਿੱਚੋਂ 3,000 ਆਦਮੀਆਂ ਨੂੰ ਚੁਣਿਆ; ਉਨ੍ਹਾਂ ਵਿੱਚੋਂ 2,000 ਆਦਮੀ ਸ਼ਾਊਲ ਨਾਲ ਮਿਕਮਾਸ਼ ਵਿਚ ਅਤੇ ਬੈਤੇਲ ਦੇ ਪਹਾੜੀ ਇਲਾਕੇ ਵਿਚ ਸਨ ਅਤੇ 1,000 ਆਦਮੀ ਯੋਨਾਥਾਨ+ ਨਾਲ ਬਿਨਯਾਮੀਨ ਦੇ ਸ਼ਹਿਰ ਗਿਬਆਹ+ ਵਿਚ ਸਨ। ਉਸ ਨੇ ਬਾਕੀ ਲੋਕਾਂ ਨੂੰ ਆਪੋ-ਆਪਣੇ ਤੰਬੂਆਂ ਵਿਚ ਭੇਜ ਦਿੱਤਾ। 3 ਫਿਰ ਯੋਨਾਥਾਨ ਨੇ ਗਬਾ+ ਵਿਚ ਫਲਿਸਤੀਆਂ+ ਦੀ ਚੌਂਕੀ ਉੱਤੇ ਚੜ੍ਹਾਈ ਕੀਤੀ ਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਫਲਿਸਤੀਆਂ ਨੇ ਇਸ ਬਾਰੇ ਸੁਣਿਆ। ਫਿਰ ਸ਼ਾਊਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਨਰਸਿੰਗਾ ਵਜਾ ਕੇ+ ਇਹ ਐਲਾਨ ਕੀਤਾ ਜਾਵੇ: “ਇਬਰਾਨੀ ਲੋਕੋ! ਸੁਣੋ!” 4 ਸਾਰੇ ਇਜ਼ਰਾਈਲੀਆਂ ਨੇ ਇਹ ਖ਼ਬਰ ਸੁਣੀ: “ਸ਼ਾਊਲ ਨੇ ਫਲਿਸਤੀਆਂ ਦੀ ਚੌਂਕੀ ਉੱਤੇ ਚੜ੍ਹਾਈ ਕਰ ਕੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਅਤੇ ਹੁਣ ਫਲਿਸਤੀ ਇਜ਼ਰਾਈਲੀਆਂ ਨਾਲ ਸਖ਼ਤ ਨਫ਼ਰਤ ਕਰਦੇ ਹਨ।” ਇਸ ਲਈ ਲੋਕਾਂ ਨੂੰ ਗਿਲਗਾਲ ਵਿਚ ਸ਼ਾਊਲ ਦੇ ਕੋਲ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ।+
5 ਫਲਿਸਤੀ ਵੀ ਇਜ਼ਰਾਈਲ ਨਾਲ ਲੜਨ ਲਈ ਇਕੱਠੇ ਹੋਏ। ਉਨ੍ਹਾਂ ਕੋਲ 30,000 ਯੁੱਧ ਦੇ ਰਥ ਅਤੇ 6,000 ਘੋੜਸਵਾਰ ਸਨ ਅਤੇ ਉਨ੍ਹਾਂ ਦੇ ਫ਼ੌਜੀਆਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਸੀ;+ ਉਨ੍ਹਾਂ ਨੇ ਚੜ੍ਹਾਈ ਚੜ੍ਹ ਕੇ ਬੈਤ-ਆਵਨ+ ਦੇ ਪੂਰਬ ਵੱਲ ਮਿਕਮਾਸ਼ ਵਿਚ ਡੇਰਾ ਲਾਇਆ। 6 ਇਜ਼ਰਾਈਲ ਦੇ ਆਦਮੀਆਂ ਨੇ ਦੇਖਿਆ ਕਿ ਉਹ ਮੁਸੀਬਤ ਵਿਚ ਸਨ ਕਿਉਂਕਿ ਉਨ੍ਹਾਂ ʼਤੇ ਦੁਸ਼ਮਣਾਂ ਦਾ ਖ਼ੌਫ਼ ਛਾ ਗਿਆ ਸੀ; ਇਸ ਲਈ ਲੋਕ ਗੁਫ਼ਾਵਾਂ, ਘੁਰਨਿਆਂ, ਚਟਾਨਾਂ, ਭੋਰਿਆਂ ਅਤੇ ਟੋਇਆਂ ਵਿਚ ਲੁਕ ਗਏ।+ 7 ਕੁਝ ਇਬਰਾਨੀ ਤਾਂ ਯਰਦਨ ਪਾਰ ਕਰ ਕੇ ਗਾਦ ਅਤੇ ਗਿਲਆਦ ਇਲਾਕੇ ਤਕ ਚਲੇ ਗਏ।+ ਪਰ ਸ਼ਾਊਲ ਅਜੇ ਵੀ ਗਿਲਗਾਲ ਵਿਚ ਸੀ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਡਰ ਨਾਲ ਕੰਬ ਰਹੇ ਸਨ। 8 ਉਹ ਸਮੂਏਲ ਦੇ ਤੈਅ ਕੀਤੇ ਸਮੇਂ ਤਕ ਯਾਨੀ ਸੱਤ ਦਿਨਾਂ ਤਕ ਇੰਤਜ਼ਾਰ ਕਰਦਾ ਰਿਹਾ, ਪਰ ਸਮੂਏਲ ਗਿਲਗਾਲ ਨਹੀਂ ਆਇਆ ਅਤੇ ਲੋਕ ਸ਼ਾਊਲ ਨੂੰ ਛੱਡ ਕੇ ਇੱਧਰ-ਉੱਧਰ ਜਾਣ ਲੱਗ ਪਏ। 9 ਅਖ਼ੀਰ ਸ਼ਾਊਲ ਨੇ ਕਿਹਾ: “ਮੇਰੇ ਕੋਲ ਹੋਮ-ਬਲ਼ੀ ਅਤੇ ਸ਼ਾਂਤੀ-ਬਲ਼ੀਆਂ ਲੈ ਕੇ ਆਓ।” ਅਤੇ ਉਸ ਨੇ ਹੋਮ-ਬਲ਼ੀ ਚੜ੍ਹਾ ਦਿੱਤੀ।+
10 ਪਰ ਜਿਉਂ ਹੀ ਉਹ ਹੋਮ-ਬਲ਼ੀ ਚੜ੍ਹਾ ਕੇ ਹਟਿਆ, ਸਮੂਏਲ ਆ ਪਹੁੰਚਿਆ। ਸ਼ਾਊਲ ਉਸ ਨੂੰ ਮਿਲਣ ਅਤੇ ਉਸ ਦਾ ਹਾਲ-ਚਾਲ ਪੁੱਛਣ ਗਿਆ। 11 ਫਿਰ ਸਮੂਏਲ ਨੇ ਕਿਹਾ: “ਇਹ ਤੂੰ ਕੀ ਕੀਤਾ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਦੇਖਿਆ ਕਿ ਲੋਕ ਮੈਨੂੰ ਛੱਡ ਕੇ ਜਾ ਰਹੇ ਸਨ+ ਅਤੇ ਤੂੰ ਤੈਅ ਕੀਤੇ ਸਮੇਂ ਤੇ ਨਹੀਂ ਪਹੁੰਚਿਆ ਅਤੇ ਫਲਿਸਤੀ ਵੀ ਮਿਕਮਾਸ਼ ਵਿਚ ਇਕੱਠੇ ਹੋ ਰਹੇ ਸਨ।+ 12 ਇਸ ਕਰਕੇ ਮੈਂ ਸੋਚਿਆ, ‘ਹੁਣ ਫਲਿਸਤੀ ਹੇਠਾਂ ਗਿਲਗਾਲ ਵਿਚ ਮੇਰੇ ਵਿਰੁੱਧ ਆ ਜਾਣਗੇ ਅਤੇ ਮੈਂ ਯਹੋਵਾਹ ਨੂੰ ਮਿਹਰ ਲਈ ਬੇਨਤੀ ਵੀ ਨਹੀਂ ਕੀਤੀ।’ ਇਸ ਲਈ ਮੈਂ ਮਜਬੂਰ ਹੋ ਕੇ ਹੋਮ-ਬਲ਼ੀ ਚੜ੍ਹਾ ਦਿੱਤੀ।”
13 ਇਹ ਸੁਣ ਕੇ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਤੂੰ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਨਹੀਂ ਮੰਨਿਆ ਜੋ ਉਸ ਨੇ ਤੈਨੂੰ ਦਿੱਤਾ ਸੀ।+ ਜੇ ਤੂੰ ਮੰਨਿਆ ਹੁੰਦਾ, ਤਾਂ ਯਹੋਵਾਹ ਨੇ ਤੇਰਾ ਰਾਜ ਇਜ਼ਰਾਈਲ ਉੱਤੇ ਹਮੇਸ਼ਾ ਲਈ ਕਾਇਮ ਰੱਖਣਾ ਸੀ। 14 ਪਰ ਹੁਣ ਤੇਰਾ ਰਾਜ ਹਮੇਸ਼ਾ ਲਈ ਨਹੀਂ ਰਹੇਗਾ।+ ਯਹੋਵਾਹ ਇਕ ਆਦਮੀ ਨੂੰ ਲੱਭੇਗਾ ਜੋ ਉਸ ਦੇ ਦਿਲ ਨੂੰ ਭਾਉਂਦਾ ਹੋਵੇ+ ਅਤੇ ਯਹੋਵਾਹ ਉਸ ਨੂੰ ਆਪਣੇ ਲੋਕਾਂ ਉੱਤੇ ਆਗੂ ਨਿਯੁਕਤ ਕਰੇਗਾ+ ਕਿਉਂਕਿ ਤੂੰ ਯਹੋਵਾਹ ਦਾ ਹੁਕਮ ਨਹੀਂ ਮੰਨਿਆ।”+
15 ਫਿਰ ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਗਿਬਆਹ ਨੂੰ ਚਲਾ ਗਿਆ ਅਤੇ ਸ਼ਾਊਲ ਨੇ ਲੋਕਾਂ ਦੀ ਗਿਣਤੀ ਕੀਤੀ; ਉਸ ਦੇ ਨਾਲ ਲਗਭਗ 600 ਆਦਮੀ ਬਾਕੀ ਰਹਿ ਗਏ ਸਨ।+ 16 ਸ਼ਾਊਲ, ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਸ਼ਹਿਰ ਗਬਾ+ ਵਿਚ ਰਹਿ ਰਹੇ ਸਨ ਅਤੇ ਫਲਿਸਤੀਆਂ ਨੇ ਮਿਕਮਾਸ਼ ਵਿਚ ਡੇਰਾ ਲਾਇਆ ਹੋਇਆ ਸੀ।+ 17 ਅਤੇ ਫਲਿਸਤੀਆਂ ਦੀ ਛਾਉਣੀ ਵਿੱਚੋਂ ਲੁੱਟ-ਮਾਰ ਕਰਨ ਵਾਲੇ ਫ਼ੌਜੀ ਤਿੰਨ ਟੁਕੜੀਆਂ ਵਿਚ ਜਾਂਦੇ ਹੁੰਦੇ ਸਨ। ਇਕ ਟੁਕੜੀ ਆਫਰਾਹ ਨੂੰ ਜਾਂਦੇ ਰਾਹ ਵੱਲ ਸ਼ੂਆਲ ਦੇਸ਼ ਨੂੰ ਜਾਂਦੀ ਸੀ; 18 ਦੂਸਰੀ ਟੁਕੜੀ ਬੈਤ-ਹੋਰੋਨ+ ਦੇ ਰਾਹ ਵੱਲ ਜਾਂਦੀ ਸੀ; ਅਤੇ ਤੀਸਰੀ ਟੁਕੜੀ ਸਰਹੱਦ ਨੂੰ ਜਾਂਦੇ ਰਾਹ ਵੱਲ ਜਾਂਦੀ ਸੀ ਜਿਸ ਦੇ ਸਾਮ੍ਹਣੇ ਸਬੋਈਮ ਘਾਟੀ ਹੈ ਅਤੇ ਜੋ ਉਜਾੜ ਵੱਲ ਹੈ।
19 ਉਸ ਸਮੇਂ ਪੂਰੇ ਇਜ਼ਰਾਈਲ ਦੇਸ਼ ਵਿਚ ਇਕ ਵੀ ਲੁਹਾਰ ਨਹੀਂ ਸੀ ਕਿਉਂਕਿ ਫਲਿਸਤੀਆਂ ਨੇ ਕਿਹਾ ਸੀ: “ਅਸੀਂ ਨਹੀਂ ਚਾਹੁੰਦੇ ਕਿ ਇਬਰਾਨੀ ਲੋਕ ਤਲਵਾਰ ਜਾਂ ਬਰਛਾ ਬਣਾਉਣ।” 20 ਇਸ ਲਈ ਸਾਰੇ ਇਜ਼ਰਾਈਲੀਆਂ ਨੂੰ ਆਪਣੇ ਹਲ਼ ਦੇ ਫਾਲੇ, ਗੈਂਤੀਆਂ, ਕੁਹਾੜੀਆਂ ਅਤੇ ਦਾਤੀਆਂ ਤਿੱਖੀਆਂ ਕਰਵਾਉਣ ਲਈ ਫਲਿਸਤੀਆਂ ਕੋਲ ਜਾਣਾ ਪੈਂਦਾ ਸੀ। 21 ਹਲ਼ ਦੇ ਫਾਲਿਆਂ, ਗੈਂਤੀਆਂ, ਤਿੰਨ ਦੰਦਿਆਂ ਵਾਲੇ ਸੰਦਾਂ ਤੇ ਕੁਹਾੜੀਆਂ ਤਿੱਖੀਆਂ ਕਰਾਉਣ ਅਤੇ ਪਰਾਣੀ* ਦੀ ਆਰ ਦੀ ਮੁਰੰਮਤ ਕਰਾਉਣ ਦੀ ਕੀਮਤ ਇਕ ਪਿਮ* ਸੀ। 22 ਅਤੇ ਯੁੱਧ ਦੇ ਦਿਨ ਸ਼ਾਊਲ ਅਤੇ ਯੋਨਾਥਾਨ ਦੇ ਆਦਮੀਆਂ ਕੋਲ ਇਕ ਵੀ ਤਲਵਾਰ ਜਾਂ ਬਰਛਾ ਨਹੀਂ ਸੀ ਹੁੰਦਾ;+ ਸਿਰਫ਼ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਕੋਲ ਹੀ ਹਥਿਆਰ ਹੁੰਦੇ ਸਨ।