ਬਿਵਸਥਾ ਸਾਰ
28 “ਜੇ ਤੁਸੀਂ ਧਿਆਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਜ਼ਰੂਰ ਪਾਲਣਾ ਕਰੋਗੇ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜ਼ਰੂਰ ਧਰਤੀ ਦੀਆਂ ਬਾਕੀ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ।+ 2 ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣਨ ਕਰਕੇ ਤੁਹਾਨੂੰ ਇਹ ਸਾਰੀਆਂ ਬਰਕਤਾਂ ਮਿਲਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੀਆਂ:+
3 “ਚਾਹੇ ਤੁਸੀਂ ਸ਼ਹਿਰ ਵਿਚ ਹੋਵੋ ਜਾਂ ਪਿੰਡ ਵਿਚ, ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇਗਾ।+
4 “ਪਰਮੇਸ਼ੁਰ ਤੁਹਾਡੇ ਬੱਚਿਆਂ* ʼਤੇ, ਤੁਹਾਡੀ ਜ਼ਮੀਨ ਦੀ ਪੈਦਾਵਾਰ ʼਤੇ, ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚਿਆਂ ʼਤੇ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ।+
5 “ਪਰਮੇਸ਼ੁਰ ਤੁਹਾਡੀ ਟੋਕਰੀ+ ਅਤੇ ਪਰਾਤ+ ʼਤੇ ਬਰਕਤ ਪਾਵੇਗਾ।
6 “ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।
7 “ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਉਨ੍ਹਾਂ ਨੂੰ ਹਰਾ ਦੇਵੇਗਾ।+ ਉਹ ਤੁਹਾਡੇ ʼਤੇ ਇਕ ਦਿਸ਼ਾ ਤੋਂ ਹਮਲਾ ਕਰਨਗੇ, ਪਰ ਉਹ ਸੱਤ ਦਿਸ਼ਾਵਾਂ ਵਿਚ ਤੁਹਾਡੇ ਸਾਮ੍ਹਣਿਓਂ ਭੱਜ ਜਾਣਗੇ।+ 8 ਯਹੋਵਾਹ ਹੁਕਮ ਦੇਵੇਗਾ ਕਿ ਤੁਹਾਡੇ ਅਨਾਜ ਦੇ ਭੰਡਾਰ ਭਰ ਜਾਣ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਹੋਵੇ।+ ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਤੁਹਾਨੂੰ ਉਸ ਦੇਸ਼ ਵਿਚ ਬਰਕਤ ਦੇਵੇਗਾ ਜੋ ਦੇਸ਼ ਉਹ ਤੁਹਾਨੂੰ ਦੇਣ ਜਾ ਰਿਹਾ ਹੈ। 9 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੋਗੇ ਅਤੇ ਉਸ ਦੇ ਰਾਹਾਂ ʼਤੇ ਹਮੇਸ਼ਾ ਚੱਲਦੇ ਰਹੋਗੇ, ਤਾਂ ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਵੇਗਾ,+ ਜਿਵੇਂ ਉਸ ਨੇ ਤੁਹਾਡੇ ਨਾਲ ਸਹੁੰ ਖਾਧੀ ਹੈ।+ 10 ਧਰਤੀ ਦੀਆਂ ਸਾਰੀਆਂ ਕੌਮਾਂ ਦੇਖਣਗੀਆਂ ਕਿ ਤੁਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹੋ+ ਅਤੇ ਉਹ ਤੁਹਾਡੇ ਤੋਂ ਡਰਨਗੀਆਂ।+
11 “ਯਹੋਵਾਹ ਨੇ ਤੁਹਾਨੂੰ ਜੋ ਦੇਸ਼ ਦੇਣ ਦੀ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ,+ ਉਸ ਦੇਸ਼ ਵਿਚ ਯਹੋਵਾਹ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ ਅਤੇ ਬਹੁਤ ਸਾਰੇ ਪਾਲਤੂ ਪਸ਼ੂ ਦੇਵੇਗਾ ਅਤੇ ਜ਼ਮੀਨ ਨੂੰ ਉਪਜਾਊ ਬਣਾਵੇਗਾ।+ 12 ਯਹੋਵਾਹ ਆਪਣੇ ਆਕਾਸ਼ ਦੇ ਭਰੇ ਹੋਏ ਖ਼ਜ਼ਾਨਿਆਂ ਵਿੱਚੋਂ ਤੁਹਾਡੀ ਜ਼ਮੀਨ ʼਤੇ ਰੁੱਤ ਸਿਰ ਮੀਂਹ ਵਰ੍ਹਾਵੇਗਾ+ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ। ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ 13 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਰਹੋਗੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਯਹੋਵਾਹ ਤੁਹਾਨੂੰ ਦੂਜਿਆਂ ਤੋਂ ਵੱਡਾ ਬਣਾਵੇਗਾ, ਨਾ ਕਿ ਛੋਟਾ ਅਤੇ ਉਹ ਤੁਹਾਨੂੰ ਦੂਜਿਆਂ ਤੋਂ ਉੱਚਾ ਚੁੱਕੇਗਾ,+ ਨਾ ਕਿ ਨੀਵਾਂ ਕਰੇਗਾ। 14 ਮੈਂ ਅੱਜ ਤੁਹਾਨੂੰ ਜਿਹੜੇ ਹੁਕਮ ਦੇ ਰਿਹਾ ਹਾਂ, ਤੁਸੀਂ ਉਨ੍ਹਾਂ ਤੋਂ ਸੱਜੇ-ਖੱਬੇ ਮੁੜ ਕੇ ਦੂਜੇ ਦੇਵਤਿਆਂ ਦੇ ਮਗਰ ਨਾ ਜਾਇਓ ਤੇ ਉਨ੍ਹਾਂ ਦੀ ਭਗਤੀ ਨਾ ਕਰਿਓ।+
15 “ਪਰ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਨਹੀਂ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਇਹ ਸਾਰੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ:+
16 “ਚਾਹੇ ਤੁਸੀਂ ਸ਼ਹਿਰ ਵਿਚ ਹੋਵੋ ਜਾਂ ਪਿੰਡ ਵਿਚ, ਪਰਮੇਸ਼ੁਰ ਤੁਹਾਨੂੰ ਸਰਾਪ ਦੇਵੇਗਾ।+
17 “ਪਰਮੇਸ਼ੁਰ ਤੁਹਾਡੀ ਟੋਕਰੀ+ ਅਤੇ ਪਰਾਤ+ ਨੂੰ ਸਰਾਪ ਦੇਵੇਗਾ।
18 “ਪਰਮੇਸ਼ੁਰ ਤੁਹਾਡੇ ਬੱਚਿਆਂ,* ਤੁਹਾਡੀ ਜ਼ਮੀਨ ਦੀ ਪੈਦਾਵਾਰ, ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚਿਆਂ ਨੂੰ ਸਰਾਪ ਦੇਵੇਗਾ।+
19 “ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਸਰਾਪ ਦੇਵੇਗਾ।
20 “ਤੁਹਾਡੇ ਬੁਰੇ ਕੰਮਾਂ ਕਰਕੇ ਅਤੇ ਯਹੋਵਾਹ ਨੂੰ ਤਿਆਗਣ ਕਰਕੇ ਉਹ* ਤੁਹਾਨੂੰ ਸਰਾਪ ਦੇਵੇਗਾ, ਤੁਹਾਡੇ ਸਾਰੇ ਕੰਮਾਂ ਵਿਚ ਗੜਬੜੀ ਫੈਲਾ ਦੇਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਹੇਗਾ ਜਦ ਤਕ ਤੁਸੀਂ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+ 21 ਯਹੋਵਾਹ ਤੁਹਾਨੂੰ ਬੀਮਾਰੀਆਂ ਲਾਵੇਗਾ ਜੋ ਉਦੋਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ ਜਦ ਤਕ ਉਹ ਤੁਹਾਨੂੰ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਕਰ ਦਿੰਦਾ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+ 22 ਯਹੋਵਾਹ ਤੁਹਾਨੂੰ ਤਪਦਿਕ, ਤੇਜ਼ ਬੁਖ਼ਾਰ,+ ਸੋਜ, ਤਪਦੀ ਧੁੱਪ ਅਤੇ ਤਲਵਾਰ+ ਨਾਲ ਮਾਰੇਗਾ। ਤੁਹਾਡੇ ਪੇੜ-ਪੌਦੇ ਲੂ ਅਤੇ ਉੱਲੀ+ ਨਾਲ ਤਬਾਹ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਉਦੋਂ ਤਕ ਤੁਹਾਡਾ ਪਿੱਛਾ ਕਰਨਗੀਆਂ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। 23 ਉਹ ਤੁਹਾਡੇ ਉੱਪਰ ਆਕਾਸ਼ ਨੂੰ ਤਾਂਬੇ ਵਰਗਾ ਅਤੇ ਤੁਹਾਡੇ ਹੇਠਾਂ ਧਰਤੀ ਨੂੰ ਲੋਹੇ ਵਰਗੀ ਬਣਾ ਦੇਵੇਗਾ।+ 24 ਯਹੋਵਾਹ ਤਦ ਤਕ ਆਕਾਸ਼ ਤੋਂ ਤੁਹਾਡੇ ਦੇਸ਼ ʼਤੇ ਮੀਂਹ ਵਾਂਗ ਘੱਟਾ ਤੇ ਧੂੜ ਵਰ੍ਹਾਏਗਾ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। 25 ਯਹੋਵਾਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਹਰਾ ਦੇਵੇਗਾ।+ ਤੁਸੀਂ ਉਨ੍ਹਾਂ ʼਤੇ ਇਕ ਦਿਸ਼ਾ ਤੋਂ ਹਮਲਾ ਕਰੋਗੇ, ਪਰ ਤੁਸੀਂ ਸੱਤ ਦਿਸ਼ਾਵਾਂ ਵਿਚ ਉਨ੍ਹਾਂ ਸਾਮ੍ਹਣਿਓਂ ਭੱਜ ਜਾਓਗੇ ਅਤੇ ਤੁਹਾਡਾ ਬੁਰਾ ਹਸ਼ਰ ਦੇਖ ਕੇ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ 26 ਅਤੇ ਤੁਹਾਡੀਆਂ ਲਾਸ਼ਾਂ ਨੂੰ ਆਕਾਸ਼ ਦੇ ਸਾਰੇ ਪੰਛੀ ਅਤੇ ਧਰਤੀ ਦੇ ਸਾਰੇ ਜਾਨਵਰ ਖਾਣਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਵਾਲਾ ਕੋਈ ਨਹੀਂ ਹੋਵੇਗਾ।+
27 “ਯਹੋਵਾਹ ਤੁਹਾਡੇ ਸਰੀਰਾਂ ਨੂੰ ਫੋੜਿਆਂ ਨਾਲ ਭਰ ਦੇਵੇਗਾ ਜੋ ਮਿਸਰੀਆਂ ਦੇ ਨਿਕਲਦੇ ਹਨ। ਉਹ ਤੁਹਾਨੂੰ ਬਵਾਸੀਰ, ਚੰਬਲ ਅਤੇ ਖੁਰਕ ਵਰਗੀਆਂ ਬੀਮਾਰੀਆਂ ਲਾਵੇਗਾ ਜਿਨ੍ਹਾਂ ਤੋਂ ਤੁਸੀਂ ਕਦੇ ਠੀਕ ਨਹੀਂ ਹੋ ਸਕੋਗੇ। 28 ਯਹੋਵਾਹ ਤੁਹਾਨੂੰ ਪਾਗਲ ਅਤੇ ਅੰਨ੍ਹਾ ਕਰ ਦੇਵੇਗਾ+ ਅਤੇ ਤੁਹਾਨੂੰ ਉਲਝਣ* ਵਿਚ ਪਾਈ ਰੱਖੇਗਾ। 29 ਜਿਵੇਂ ਇਕ ਅੰਨ੍ਹਾ ਹਨੇਰੇ ਵਿਚ ਭਟਕਦਾ ਫਿਰਦਾ ਹੈ, ਉਸੇ ਤਰ੍ਹਾਂ ਤੁਸੀਂ ਸਿਖਰ ਦੁਪਹਿਰੇ ਭਟਕਦੇ ਫਿਰੋਗੇ।+ ਤੁਸੀਂ ਕਿਸੇ ਵੀ ਕੰਮ ਵਿਚ ਸਫ਼ਲ ਨਹੀਂ ਹੋਵੋਗੇ ਅਤੇ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਨੂੰ ਲੁੱਟਿਆ ਜਾਵੇਗਾ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।+ 30 ਜਿਸ ਔਰਤ ਨਾਲ ਤੁਹਾਡੀ ਮੰਗਣੀ ਹੋਈ ਹੋਵੇਗੀ, ਕੋਈ ਹੋਰ ਉਸ ਨਾਲ ਬਲਾਤਕਾਰ ਕਰੇਗਾ। ਤੁਸੀਂ ਘਰ ਬਣਾਓਗੇ, ਪਰ ਉਸ ਵਿਚ ਵੱਸੋਗੇ ਨਹੀਂ।+ ਤੁਸੀਂ ਅੰਗੂਰਾਂ ਦਾ ਬਾਗ਼ ਲਾਓਗੇ, ਪਰ ਉਸ ਦਾ ਫਲ ਨਹੀਂ ਖਾਓਗੇ।+ 31 ਤੁਹਾਡੇ ਬਲਦ ਤੁਹਾਡੀਆਂ ਅੱਖਾਂ ਸਾਮ੍ਹਣੇ ਵੱਢੇ ਜਾਣਗੇ, ਪਰ ਤੁਸੀਂ ਉਨ੍ਹਾਂ ਦਾ ਮਾਸ ਨਹੀਂ ਖਾ ਸਕੋਗੇ। ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਗਧੇ ਚੋਰੀ ਕਰ ਲਏ ਜਾਣਗੇ, ਪਰ ਉਹ ਤੁਹਾਨੂੰ ਵਾਪਸ ਨਹੀਂ ਮਿਲਣਗੇ। ਤੁਹਾਡੀਆਂ ਭੇਡਾਂ ਤੁਹਾਡੇ ਦੁਸ਼ਮਣਾਂ ਨੂੰ ਦਿੱਤੀਆਂ ਜਾਣਗੀਆਂ, ਪਰ ਤੁਹਾਡੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ। 32 ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਧੀਆਂ-ਪੁੱਤਰ ਦੂਜੇ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ+ ਅਤੇ ਤੁਸੀਂ ਰੋਜ਼ ਉਨ੍ਹਾਂ ਨੂੰ ਦੇਖਣ ਲਈ ਤਰਸੋਗੇ, ਪਰ ਬੇਬੱਸ ਹੋਣ ਕਰਕੇ ਤੁਸੀਂ ਕੁਝ ਨਹੀਂ ਕਰ ਸਕੋਗੇ। 33 ਤੁਹਾਡੀ ਜ਼ਮੀਨ ਦੀ ਪੈਦਾਵਾਰ ਅਤੇ ਤੁਹਾਡੀਆਂ ਖਾਣ-ਪੀਣ ਦੀਆਂ ਚੀਜ਼ਾਂ ਉਹ ਕੌਮ ਖਾਏਗੀ ਜਿਸ ਨੂੰ ਤੁਸੀਂ ਨਹੀਂ ਜਾਣਦੇ।+ ਤੁਹਾਡੇ ਨਾਲ ਹਮੇਸ਼ਾ ਠੱਗੀ ਹੋਵੇਗੀ ਅਤੇ ਤੁਹਾਡੇ ʼਤੇ ਜ਼ੁਲਮ ਢਾਹੇ ਜਾਣਗੇ। 34 ਤੁਸੀਂ ਇਹ ਸਭ ਕੁਝ ਹੁੰਦਾ ਦੇਖ ਕੇ ਪਾਗਲ ਹੋ ਜਾਓਗੇ।
35 “ਯਹੋਵਾਹ ਤੁਹਾਡੇ ਗੋਡਿਆਂ ਅਤੇ ਲੱਤਾਂ ਨੂੰ, ਸਗੋਂ ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਨੂੰ ਦਰਦਨਾਕ ਤੇ ਲਾਇਲਾਜ ਫੋੜਿਆਂ ਨਾਲ ਭਰ ਦੇਵੇਗਾ। 36 ਤੁਸੀਂ ਆਪਣੇ ʼਤੇ ਜੋ ਰਾਜਾ ਨਿਯੁਕਤ ਕਰੋਗੇ, ਯਹੋਵਾਹ ਉਸ ਨੂੰ ਅਤੇ ਤੁਹਾਨੂੰ ਇਕ ਅਜਿਹੀ ਕੌਮ ਦੇ ਦੇਸ਼ ਭੇਜ ਦੇਵੇਗਾ ਜਿਸ ਨੂੰ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ, ਹਾਂ, ਲੱਕੜ ਤੇ ਪੱਥਰ ਦੇ ਬਣੇ ਦੇਵਤਿਆਂ ਦੀ ਭਗਤੀ ਕਰੋਗੇ।+ 37 ਯਹੋਵਾਹ ਤੁਹਾਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਜਿਨ੍ਹਾਂ ਕੌਮਾਂ ਵਿਚ ਭੇਜੇਗਾ, ਉੱਥੇ ਲੋਕ ਤੁਹਾਡਾ ਹਸ਼ਰ ਦੇਖ ਕੇ ਡਰ ਜਾਣਗੇ ਅਤੇ ਤੁਹਾਡੇ ਨਾਲ ਘਿਰਣਾ ਕਰਨਗੇ* ਅਤੇ ਤੁਹਾਡਾ ਮਜ਼ਾਕ ਉਡਾਉਣਗੇ।+
38 “ਤੁਸੀਂ ਖੇਤਾਂ ਵਿਚ ਬਹੁਤ ਸਾਰਾ ਬੀ ਬੀਜੋਗੇ, ਪਰ ਬਹੁਤ ਥੋੜ੍ਹਾ ਵੱਢੋਗੇ+ ਕਿਉਂਕਿ ਟਿੱਡੀਆਂ ਤੁਹਾਡੀਆਂ ਫ਼ਸਲਾਂ ਚੱਟ ਕਰ ਜਾਣਗੀਆਂ। 39 ਤੁਸੀਂ ਅੰਗੂਰਾਂ ਦੇ ਬਾਗ਼ ਲਾਓਗੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰੋਗੇ, ਪਰ ਤੁਸੀਂ ਦਾਖਰਸ ਨਹੀਂ ਪੀ ਸਕੋਗੇ ਅਤੇ ਨਾ ਹੀ ਬਾਗ਼ਾਂ ਵਿੱਚੋਂ ਅੰਗੂਰ ਇਕੱਠੇ ਕਰ ਸਕੋਗੇ+ ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ। 40 ਤੁਹਾਡੇ ਪੂਰੇ ਦੇਸ਼ ਵਿਚ ਜ਼ੈਤੂਨ ਦੇ ਦਰਖ਼ਤ ਹੋਣਗੇ, ਪਰ ਤੁਸੀਂ ਉਨ੍ਹਾਂ ਦਾ ਤੇਲ ਨਹੀਂ ਮਲ਼ ਸਕੋਗੇ ਕਿਉਂਕਿ ਸਾਰੇ ਜ਼ੈਤੂਨ ਝੜ ਜਾਣਗੇ। 41 ਤੁਹਾਡੇ ਧੀਆਂ-ਪੁੱਤਰ ਪੈਦਾ ਹੋਣਗੇ, ਪਰ ਉਹ ਤੁਹਾਡੇ ਨਹੀਂ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਕਿਤੇ ਹੋਰ ਲਿਜਾਇਆ ਜਾਵੇਗਾ।+ 42 ਕੀੜਿਆਂ ਦੇ ਝੁੰਡ ਤੁਹਾਡੇ ਸਾਰੇ ਦਰਖ਼ਤ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਚੱਟ ਕਰ ਜਾਣਗੇ। 43 ਤੁਹਾਡੇ ਵਿਚ ਰਹਿੰਦਾ ਪਰਦੇਸੀ ਤਾਕਤਵਰ ਤੋਂ ਤਾਕਤਵਰ ਹੁੰਦਾ ਜਾਵੇਗਾ, ਪਰ ਤੁਸੀਂ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਜਾਓਗੇ। 44 ਉਹ ਤੁਹਾਨੂੰ ਕਰਜ਼ਾ ਦੇਵੇਗਾ, ਪਰ ਤੁਸੀਂ ਉਸ ਨੂੰ ਕਰਜ਼ਾ ਨਹੀਂ ਦੇ ਸਕੋਗੇ।+ ਉਹ ਤੁਹਾਡਾ ਮੁਖੀ ਬਣੇਗਾ ਅਤੇ ਤੁਸੀਂ ਉਸ ਦੇ ਅਧੀਨ ਹੋਵੋਗੇ।+
45 “ਇਹ ਸਾਰੇ ਸਰਾਪ+ ਜ਼ਰੂਰ ਤੁਹਾਡੇ ਉੱਤੇ ਆ ਪੈਣਗੇ ਅਤੇ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਘੇਰ ਲੈਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ+ ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਸੁਣੀ ਅਤੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜੋ ਉਸ ਨੇ ਤੁਹਾਨੂੰ ਦਿੱਤੇ ਸਨ।+ 46 ਇਹ ਸਰਾਪ ਤੁਹਾਡੇ ʼਤੇ ਅਤੇ ਤੁਹਾਡੇ ਬੱਚਿਆਂ ʼਤੇ ਆ ਪੈਣਗੇ ਅਤੇ ਇਹ ਸਾਰਿਆਂ ਲਈ ਹਮੇਸ਼ਾ ਇਕ ਨਿਸ਼ਾਨੀ ਅਤੇ ਚੇਤਾਵਨੀ ਹੋਣਗੇ+ 47 ਕਿਉਂਕਿ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਬਹੁਤਾਤ ਵਿਚ ਹੋਣ ਦੇ ਬਾਵਜੂਦ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਖ਼ੁਸ਼ਦਿਲੀ ਨਾਲ ਨਹੀਂ ਕੀਤੀ।+ 48 ਯਹੋਵਾਹ ਤੁਹਾਡੇ ਦੁਸ਼ਮਣਾਂ ਤੋਂ ਤੁਹਾਡੇ ਉੱਤੇ ਹਮਲਾ ਕਰਾਵੇਗਾ ਅਤੇ ਤੁਸੀਂ ਉਨ੍ਹਾਂ ਦੀ ਗ਼ੁਲਾਮੀ ਕਰੋਗੇ।+ ਤੁਸੀਂ ਭੁੱਖੇ-ਪਿਆਸੇ ਰਹੋਗੇ+ ਅਤੇ ਫਟੇ-ਪੁਰਾਣੇ ਕੱਪੜੇ ਪਾਓਗੇ ਅਤੇ ਤੁਹਾਨੂੰ ਹਰ ਚੀਜ਼ ਦੀ ਥੁੜ੍ਹ ਹੋਵੇਗੀ। ਉਹ ਤਦ ਤਕ ਤੁਹਾਡੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।
49 “ਯਹੋਵਾਹ ਧਰਤੀ ਦੇ ਦੂਜੇ ਪਾਸਿਓਂ ਤੁਹਾਡੇ ਖ਼ਿਲਾਫ਼ ਇਕ ਕੌਮ ਘੱਲੇਗਾ+ ਜੋ ਇਕ ਉਕਾਬ ਵਾਂਗ ਤੁਹਾਡੇ ʼਤੇ ਝਪੱਟਾ ਮਾਰੇਗੀ।+ ਤੁਸੀਂ ਉਸ ਕੌਮ ਦੀ ਭਾਸ਼ਾ ਨਹੀਂ ਸਮਝੋਗੇ।+ 50 ਉਹ ਖੂੰਖਾਰ ਕੌਮ ਨਾ ਤਾਂ ਬੁੱਢਿਆਂ ਦਾ ਲਿਹਾਜ਼ ਕਰੇਗੀ ਅਤੇ ਨਾ ਹੀ ਬੱਚਿਆਂ ʼਤੇ ਤਰਸ ਖਾਏਗੀ।+ 51 ਉਹ ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਖਾ ਜਾਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। ਉਹ ਤੁਹਾਡੇ ਲਈ ਅਨਾਜ ਦਾ ਇਕ ਦਾਣਾ ਤਕ ਨਹੀਂ ਛੱਡਣਗੇ ਅਤੇ ਨਾ ਹੀ ਨਵਾਂ ਦਾਖਰਸ, ਤੇਲ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚੇ ਛੱਡਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।+ 52 ਉਹ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ* ਨੂੰ ਘੇਰ ਲੈਣਗੇ ਅਤੇ ਉਨ੍ਹਾਂ ਵਿਚ ਤੁਹਾਨੂੰ ਕੈਦ ਕਰ ਲੈਣਗੇ ਜਦ ਤਕ ਤੁਹਾਡੀਆਂ ਉੱਚੀਆਂ ਅਤੇ ਮਜ਼ਬੂਤ ਕੰਧਾਂ ਢਹਿ-ਢੇਰੀ ਨਹੀਂ ਹੋ ਜਾਂਦੀਆਂ ਜਿਨ੍ਹਾਂ ʼਤੇ ਤੁਸੀਂ ਭਰੋਸਾ ਕਰਦੇ ਹੋ। ਹਾਂ, ਉਹ ਜ਼ਰੂਰ ਤੁਹਾਡੇ ਦੇਸ਼ ਦੇ ਸਾਰੇ ਸ਼ਹਿਰਾਂ ਵਿਚ ਤੁਹਾਨੂੰ ਘੇਰ ਲੈਣਗੇ ਜੋ ਦੇਸ਼ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।+ 53 ਫਿਰ ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੀ ਹਾਲਤ ਇੰਨੀ ਮਾੜੀ ਹੋਵੇਗੀ ਕਿ ਤੁਸੀਂ ਆਪਣੇ ਬੱਚਿਆਂ,* ਹਾਂ, ਆਪਣੇ ਹੀ ਧੀਆਂ-ਪੁੱਤਰਾਂ ਦਾ ਮਾਸ ਖਾਓਗੇ+ ਜੋ ਯਹੋਵਾਹ ਨੇ ਤੁਹਾਨੂੰ ਦਿੱਤੇ ਹਨ।
54 “ਸਭ ਤੋਂ ਨਾਜ਼ੁਕ ਅਤੇ ਨਰਮ ਦਿਲ ਵਾਲਾ ਆਦਮੀ ਵੀ ਆਪਣੇ ਭਰਾ, ਆਪਣੀ ਪਿਆਰੀ ਪਤਨੀ ਅਤੇ ਆਪਣੇ ਬਚੇ ਹੋਏ ਪੁੱਤਰਾਂ ʼਤੇ ਤਰਸ ਨਹੀਂ ਖਾਏਗਾ 55 ਅਤੇ ਉਹ ਆਪਣੇ ਪੁੱਤਰਾਂ ਦਾ ਮਾਸ ਜਿਹੜਾ ਉਹ ਆਪ ਖਾਂਦਾ ਹੈ, ਉਨ੍ਹਾਂ ਨੂੰ ਖਾਣ ਲਈ ਨਹੀਂ ਦੇਵੇਗਾ। ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੇ ਸ਼ਹਿਰਾਂ ਦੀ ਹਾਲਤ ਇੰਨੀ ਮਾੜੀ ਹੋਵੇਗੀ ਕਿ ਉਸ ਆਦਮੀ ਕੋਲ ਖਾਣ ਲਈ ਹੋਰ ਕੁਝ ਨਹੀਂ ਹੋਵੇਗਾ।+ 56 ਇਕ ਨਾਜ਼ੁਕ ਅਤੇ ਨਰਮ ਦਿਲ ਵਾਲੀ ਔਰਤ ਜੋ ਇੰਨੀ ਨਾਜ਼ੁਕ ਹੈ ਕਿ ਉਹ ਕਦੇ ਆਪਣਾ ਪੈਰ ਵੀ ਜ਼ਮੀਨ ʼਤੇ ਰੱਖਣ ਬਾਰੇ ਨਹੀਂ ਸੋਚਦੀ,+ ਉਹ ਵੀ ਆਪਣੇ ਪਿਆਰੇ ਪਤੀ, ਆਪਣੇ ਪੁੱਤਰ ਅਤੇ ਆਪਣੀ ਧੀ ʼਤੇ ਤਰਸ ਨਹੀਂ ਖਾਏਗੀ। 57 ਅਤੇ ਉਹ ਆਪਣਾ ਨਵ-ਜੰਮਿਆ ਬੱਚਾ ਉਨ੍ਹਾਂ ਨੂੰ ਖਾਣ ਲਈ ਨਹੀਂ ਦੇਵੇਗੀ ਅਤੇ ਨਾ ਹੀ ਉਹ ਸਭ ਕੁਝ ਜੋ ਜਨਮ ਦੇਣ ਤੋਂ ਬਾਅਦ ਗਰਭ ਵਿੱਚੋਂ ਨਿਕਲਦਾ ਹੈ। ਉਹ ਆਪ ਇਹ ਸਾਰਾ ਕੁਝ ਚੋਰੀ-ਛਿਪੇ ਖਾਏਗੀ ਕਿਉਂਕਿ ਦੁਸ਼ਮਣਾਂ ਨਾਲ ਘਿਰੇ ਹੋਣ ਕਰਕੇ ਤੁਹਾਡੇ ਸ਼ਹਿਰਾਂ ਦੀ ਹਾਲਤ ਬਹੁਤ ਮਾੜੀ ਹੋਵੇਗੀ।
58 “ਜੇ ਤੁਸੀਂ ਇਸ ਕਿਤਾਬ+ ਵਿਚ ਲਿਖੇ ਇਸ ਕਾਨੂੰਨ ਦੇ ਸਾਰੇ ਹੁਕਮਾਂ ਦੀ ਪਾਲਣਾ ਧਿਆਨ ਨਾਲ ਨਹੀਂ ਕਰੋਗੇ ਅਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ+ ਦੇ ਮਹਿਮਾਵਾਨ ਤੇ ਸ਼ਰਧਾਮਈ ਨਾਂ ਦਾ ਡਰ ਨਹੀਂ ਰੱਖੋਗੇ,+ 59 ਤਾਂ ਯਹੋਵਾਹ ਤੁਹਾਡੇ ਉੱਤੇ ਅਤੇ ਤੁਹਾਡੀ ਔਲਾਦ ʼਤੇ ਭਿਆਨਕ ਤੇ ਵੱਡੀਆਂ ਮੁਸੀਬਤਾਂ ਲਿਆਵੇਗਾ ਜੋ ਲੰਬੇ ਸਮੇਂ ਤਕ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ।+ ਨਾਲੇ ਉਹ ਤੁਹਾਨੂੰ ਗੰਭੀਰ ਬੀਮਾਰੀਆਂ ਲਾਵੇਗਾ ਜੋ ਤੁਹਾਡਾ ਖਹਿੜਾ ਨਹੀਂ ਛੱਡਣਗੀਆਂ। 60 ਉਹ ਮਿਸਰ ਦੇਸ਼ ਦੀਆਂ ਸਾਰੀਆਂ ਬੀਮਾਰੀਆਂ ਤੁਹਾਨੂੰ ਲਾਵੇਗਾ ਜਿਨ੍ਹਾਂ ਬੀਮਾਰੀਆਂ ਤੋਂ ਤੁਸੀਂ ਡਰਦੇ ਸੀ ਅਤੇ ਇਹ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ। 61 ਇਸ ਤੋਂ ਇਲਾਵਾ, ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ ਤਦ ਤਕ ਯਹੋਵਾਹ ਤੁਹਾਡੇ ʼਤੇ ਹਰ ਤਰ੍ਹਾਂ ਦੀ ਬੀਮਾਰੀ ਅਤੇ ਮੁਸੀਬਤ ਲਿਆਵੇਗਾ ਜੋ ਇਸ ਕਾਨੂੰਨ ਦੀ ਕਿਤਾਬ ਵਿਚ ਨਹੀਂ ਲਿਖੀ ਗਈ। 62 ਹਾਲਾਂਕਿ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ,+ ਪਰ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਾ ਸੁਣਨ ਕਰਕੇ ਤੁਸੀਂ ਬਹੁਤ ਥੋੜ੍ਹੇ ਰਹਿ ਜਾਓਗੇ।+
63 “ਅਤੇ ਜਿਵੇਂ ਇਕ ਸਮੇਂ ਤੇ ਤੁਹਾਨੂੰ ਖ਼ੁਸ਼ਹਾਲ ਬਣਾਉਣ ਅਤੇ ਤੁਹਾਡੀ ਗਿਣਤੀ ਵਧਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਸੀ, ਉਸੇ ਤਰ੍ਹਾਂ ਤੁਹਾਨੂੰ ਤਬਾਹ ਕਰਨ ਅਤੇ ਨਾਸ਼ ਕਰਨ ਵਿਚ ਵੀ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਤੁਸੀਂ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉਸ ਦੇਸ਼ ਵਿੱਚੋਂ ਤੁਹਾਨੂੰ ਕੱਢ ਦਿੱਤਾ ਜਾਵੇਗਾ।
64 “ਯਹੋਵਾਹ ਤੁਹਾਨੂੰ ਧਰਤੀ ਦੇ ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਉੱਥੇ ਤੁਹਾਨੂੰ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।+ 65 ਉਨ੍ਹਾਂ ਕੌਮਾਂ ਵਿਚ ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ+ ਅਤੇ ਨਾ ਹੀ ਰਹਿਣ ਲਈ ਜਗ੍ਹਾ ਮਿਲੇਗੀ। ਇਸ ਦੀ ਬਜਾਇ, ਯਹੋਵਾਹ ਤੁਹਾਡੇ ਮਨ ਚਿੰਤਾ+ ਅਤੇ ਨਿਰਾਸ਼ਾ ਨਾਲ ਭਰ ਦੇਵੇਗਾ+ ਅਤੇ ਤੁਹਾਡੀਆਂ ਅੱਖਾਂ ਕਮਜ਼ੋਰ ਕਰ ਦੇਵੇਗਾ। 66 ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਪਈ ਰਹੇਗੀ ਅਤੇ ਡਰ ਤੁਹਾਨੂੰ ਦਿਨ-ਰਾਤ ਘੇਰੀ ਰੱਖੇਗਾ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੋਵੇਗਾ। 67 ਤੁਸੀਂ ਆਪਣੀਆਂ ਅੱਖਾਂ ਸਾਮ੍ਹਣੇ ਜੋ ਕੁਝ ਹੁੰਦਾ ਦੇਖੋਗੇ, ਉਸ ਕਰਕੇ ਤੁਹਾਡੇ ਦਿਲ ਡਰੇ ਰਹਿਣਗੇ ਅਤੇ ਤੁਸੀਂ ਸਵੇਰੇ ਕਹੋਗੇ, ‘ਹਾਇ! ਸ਼ਾਮ ਕਦੋਂ ਹੋਵੇਗੀ? ਅਤੇ ਸ਼ਾਮ ਨੂੰ ਕਹੋਗੇ, ‘ਹਾਇ! ਸਵੇਰ ਕਦੋਂ ਹੋਵੇਗੀ? 68 ਅਤੇ ਯਹੋਵਾਹ ਸਮੁੰਦਰੀ ਜਹਾਜ਼ ਰਾਹੀਂ ਤੁਹਾਨੂੰ ਮਿਸਰ ਜ਼ਰੂਰ ਵਾਪਸ ਲੈ ਜਾਵੇਗਾ ਜਿਸ ਬਾਰੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਦੁਬਾਰਾ ਮਿਸਰ ਨਹੀਂ ਜਾਣਾ ਪਵੇਗਾ। ਉੱਥੇ ਤੁਹਾਨੂੰ ਆਪਣੇ ਆਪ ਨੂੰ ਦੁਸ਼ਮਣਾਂ ਦੇ ਹੱਥ ਦਾਸ-ਦਾਸੀਆਂ ਵਜੋਂ ਵੇਚਣਾ ਪਵੇਗਾ, ਪਰ ਕੋਈ ਤੁਹਾਨੂੰ ਖ਼ਰੀਦਣ ਵਾਲਾ ਨਹੀਂ ਹੋਵੇਗਾ।”