ਬਿਵਸਥਾ ਸਾਰ
11 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰ+ ਅਤੇ ਉਸ ਪ੍ਰਤੀ ਆਪਣਾ ਫ਼ਰਜ਼ ਹਮੇਸ਼ਾ ਪੂਰਾ ਕਰ ਅਤੇ ਉਸ ਦੇ ਨਿਯਮਾਂ, ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰ। 2 ਤੂੰ ਜਾਣਦਾ ਹੈਂ ਕਿ ਮੈਂ ਅੱਜ ਤੇਰੇ ਨਾਲ ਗੱਲ ਕਰ ਰਿਹਾ ਹਾਂ, ਨਾ ਕਿ ਤੇਰੇ ਪੁੱਤਰਾਂ ਨਾਲ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਕਿਵੇਂ ਅਨੁਸ਼ਾਸਨ ਦਿੱਤਾ ਸੀ+ ਅਤੇ ਨਾ ਹੀ ਉਨ੍ਹਾਂ ਨੇ ਉਸ ਦੀ ਮਹਾਨਤਾ,+ ਉਸ ਦੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦੇਖਿਆ ਅਤੇ ਨਾ ਹੀ ਉਹ ਇਸ ਬਾਰੇ ਜਾਣਦੇ ਹਨ। 3 ਉਨ੍ਹਾਂ ਨੇ ਮਿਸਰ ਵਿਚ ਕੀਤੀਆਂ ਉਸ ਦੀਆਂ ਕਰਾਮਾਤਾਂ ਅਤੇ ਕੰਮ ਨਹੀਂ ਦੇਖੇ। ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਸ ਨੇ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਸਾਰੇ ਦੇਸ਼ ਦਾ ਕੀ ਹਾਲ ਕੀਤਾ ਸੀ+ 4 ਤੇ ਨਾ ਹੀ ਉਨ੍ਹਾਂ ਨੇ ਦੇਖਿਆ ਕਿ ਤੇਰਾ ਪਿੱਛਾ ਕਰ ਰਹੀਆਂ ਮਿਸਰ ਦੀਆਂ ਫ਼ੌਜਾਂ, ਫ਼ਿਰਊਨ ਦੇ ਘੋੜਿਆਂ ਅਤੇ ਯੁੱਧ ਦੇ ਰਥਾਂ ਨੂੰ ਯਹੋਵਾਹ ਨੇ ਲਾਲ ਸਮੁੰਦਰ ਵਿਚ ਡੋਬ ਕੇ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਸੀ।+ 5 ਉਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਸ ਨੇ ਤੇਰੇ ਲਈ* ਉਜਾੜ ਵਿਚ ਕੀ-ਕੀ ਕੀਤਾ ਜਦ ਤਕ ਤੂੰ ਇੱਥੇ ਪਹੁੰਚ ਨਹੀਂ ਗਿਆ 6 ਅਤੇ ਨਾ ਹੀ ਉਨ੍ਹਾਂ ਨੇ ਦੇਖਿਆ ਕਿ ਉਸ ਨੇ ਰਊਬੇਨ ਦੇ ਗੋਤ ਵਿੱਚੋਂ ਅਲੀਆਬ ਦੇ ਪੁੱਤਰਾਂ ਦਾਥਾਨ ਤੇ ਅਬੀਰਾਮ ਨਾਲ ਕੀ ਕੀਤਾ ਸੀ ਜਦੋਂ ਇਜ਼ਰਾਈਲੀਆਂ ਦੇ ਦੇਖਦਿਆਂ-ਦੇਖਦਿਆਂ ਧਰਤੀ ਪਾਟ ਗਈ ਸੀ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ, ਤੰਬੂਆਂ, ਉਨ੍ਹਾਂ ਦੇ ਪਿੱਛੇ ਲੱਗੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਨਿਗਲ਼ ਗਈ ਸੀ।+ 7 ਪਰ ਤੂੰ ਆਪਣੀ ਅੱਖੀਂ ਯਹੋਵਾਹ ਦੇ ਇਹ ਸਾਰੇ ਵੱਡੇ-ਵੱਡੇ ਕੰਮ ਦੇਖੇ ਹਨ।
8 “ਤੂੰ ਉਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਤਾਂਕਿ ਤੂੰ ਤਾਕਤਵਰ ਬਣੇਂ ਅਤੇ ਦਰਿਆ ਪਾਰ ਜਾ ਕੇ ਉਸ ਦੇਸ਼ ʼਤੇ ਕਬਜ਼ਾ ਕਰੇਂ 9 ਅਤੇ ਤੂੰ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੇਂ+ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ। ਯਹੋਵਾਹ ਨੇ ਇਹ ਦੇਸ਼ ਤੇਰੇ ਪਿਉ-ਦਾਦਿਆਂ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਣ ਦੀ ਸਹੁੰ ਖਾਧੀ ਸੀ।+
10 “ਤੂੰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਿਹਾ ਹੈਂ, ਉਹ ਦੇਸ਼ ਮਿਸਰ ਵਰਗਾ ਨਹੀਂ ਹੈ ਜਿੱਥੋਂ ਤੂੰ ਨਿਕਲ ਕੇ ਆਇਆ ਹੈਂ ਅਤੇ ਜਿੱਥੇ ਤੂੰ ਖੇਤਾਂ ਵਿਚ ਬੀ ਬੀਜਦਾ ਸੀ ਅਤੇ ਫਿਰ ਪਾਣੀ ਦੇਣ ਲਈ ਤੈਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ ਜਿਵੇਂ ਸਬਜ਼ੀਆਂ ਦੀਆਂ ਕਿਆਰੀਆਂ ਨੂੰ ਪਾਣੀ ਦਿੱਤਾ ਜਾਂਦਾ ਹੈ। 11 ਪਰ ਤੂੰ ਦਰਿਆ ਪਾਰ ਜਿਸ ਦੇਸ਼ ਵਿਚ ਜਾ ਰਿਹਾ ਹੈਂ, ਉੱਥੇ ਪਹਾੜ ਅਤੇ ਘਾਟੀਆਂ ਹਨ+ ਅਤੇ ਉੱਥੋਂ ਦੀ ਜ਼ਮੀਨ ਮੀਂਹ ਦੇ ਪਾਣੀ ਨਾਲ ਸਿੰਜ ਹੁੰਦੀ ਹੈ;+ 12 ਤੇਰਾ ਪਰਮੇਸ਼ੁਰ ਯਹੋਵਾਹ ਉਸ ਦੇਸ਼ ਦੀ ਦੇਖ-ਭਾਲ ਕਰਦਾ ਹੈ। ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਪੂਰਾ ਸਾਲ ਉਸ ਦੇਸ਼ ਉੱਤੇ ਲੱਗੀਆਂ ਰਹਿੰਦੀਆਂ ਹਨ।
13 “ਜੇ ਤੂੰ ਲਗਨ ਨਾਲ ਮੇਰੇ ਹੁਕਮਾਂ ਦੀ ਪਾਲਣਾ ਕਰੇਂਗਾ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੇਂਗਾ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੇਂਗਾ,+ 14 ਤਾਂ ਪਰਮੇਸ਼ੁਰ* ਤੇਰੇ ਦੇਸ਼ ਉੱਤੇ ਪਤਝੜ ਅਤੇ ਬਸੰਤ ਰੁੱਤ ਵਿਚ ਮਿਥੇ ਸਮੇਂ ਤੇ ਮੀਂਹ ਵਰ੍ਹਾਵੇਗਾ ਜਿਸ ਕਰਕੇ ਤੈਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਮਿਲੇਗਾ।+ 15 ਉਹ ਤੇਰੇ ਪਸ਼ੂਆਂ ਲਈ ਮੈਦਾਨਾਂ ਵਿਚ ਘਾਹ ਉਗਾਵੇਗਾ। ਤੇਰੇ ਕੋਲ ਵੀ ਰੱਜ ਕੇ ਖਾਣ ਲਈ ਭੋਜਨ ਹੋਵੇਗਾ।+ 16 ਖ਼ਬਰਦਾਰ ਰਹੀਂ ਕਿ ਕਿਤੇ ਤੇਰਾ ਦਿਲ ਭਰਮਾਇਆ ਨਾ ਜਾਵੇ ਤੇ ਤੂੰ ਗੁਮਰਾਹ ਹੋ ਕੇ ਹੋਰ ਦੇਵਤਿਆਂ ਦੀ ਭਗਤੀ ਨਾ ਕਰਨ ਲੱਗ ਪਵੇਂ ਤੇ ਉਨ੍ਹਾਂ ਅੱਗੇ ਮੱਥਾ ਨਾ ਟੇਕਣ ਲੱਗ ਪਵੇਂ।+ 17 ਨਹੀਂ ਤਾਂ ਤੇਰੇ ਉੱਤੇ ਯਹੋਵਾਹ ਦਾ ਗੁੱਸਾ ਭੜਕੇਗਾ ਅਤੇ ਉਹ ਆਕਾਸ਼ੋਂ ਮੀਂਹ ਵਰ੍ਹਾਉਣਾ ਬੰਦ ਕਰ ਦੇਵੇਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ ਅਤੇ ਉਸ ਵਧੀਆ ਦੇਸ਼ ਵਿੱਚੋਂ ਤੇਰਾ ਨਾਮੋ-ਨਿਸ਼ਾਨ ਛੇਤੀ ਮਿਟ ਜਾਵੇਗਾ ਜੋ ਦੇਸ਼ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+
18 “ਤੂੰ ਮੇਰੀਆਂ ਇਹ ਗੱਲਾਂ ਆਪਣੇ ਦਿਲ ਅਤੇ ਮਨ ਵਿਚ ਬਿਠਾ ਲੈ ਅਤੇ ਇਨ੍ਹਾਂ ਨੂੰ ਯਾਦ ਰੱਖਣ ਲਈ ਆਪਣੇ ਹੱਥ ਉੱਤੇ ਬੰਨ੍ਹ ਲੈ ਅਤੇ ਆਪਣੇ ਮੱਥੇ ਉੱਤੇ* ਨਿਸ਼ਾਨੀ ਦੇ ਤੌਰ ਤੇ ਬੰਨ੍ਹ ਲੈ।+ 19 ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾ ਅਤੇ ਉਨ੍ਹਾਂ ਨਾਲ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰ।+ 20 ਇਨ੍ਹਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਅਤੇ ਦਰਵਾਜ਼ਿਆਂ ਉੱਤੇ ਲਿਖ ਲੈ 21 ਤਾਂਕਿ ਤੂੰ ਅਤੇ ਤੇਰੇ ਬੱਚੇ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀਉਣ+ ਜੋ ਦੇਸ਼ ਯਹੋਵਾਹ ਨੇ ਤੇਰੇ ਪਿਉ-ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ।+ ਤੂੰ ਤੇ ਤੇਰੇ ਬੱਚੇ ਉੱਨਾ ਚਿਰ ਉਸ ਦੇਸ਼ ਵਿਚ ਵੱਸੋਗੇ ਜਿੰਨਾ ਚਿਰ ਧਰਤੀ ਉੱਤੇ ਆਕਾਸ਼ ਰਹੇਗਾ।
22 “ਜੇ ਤੂੰ ਸਖ਼ਤੀ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੇਂ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਨ੍ਹਾਂ ਮੁਤਾਬਕ ਚੱਲੇਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੇਂ,+ ਉਸ ਦੇ ਸਾਰੇ ਰਾਹਾਂ ʼਤੇ ਚੱਲੇਂ ਅਤੇ ਉਸ ਨਾਲ ਚਿੰਬੜਿਆ ਰਹੇਂ,+ 23 ਤਾਂ ਯਹੋਵਾਹ ਤੇਰੇ ਅੱਗਿਓਂ ਇਨ੍ਹਾਂ ਸਾਰੀਆਂ ਕੌਮਾਂ ਨੂੰ ਕੱਢ ਦੇਵੇਗਾ+ ਅਤੇ ਤੂੰ ਆਪਣੇ ਤੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਨੂੰ ਹਰਾ ਦੇਵੇਂਗਾ।+ 24 ਤੂੰ ਜਿਸ ਜਗ੍ਹਾ ਪੈਰ ਰੱਖੇਂਗਾ, ਉਹ ਤੇਰੀ ਹੋ ਜਾਵੇਗੀ।+ ਤੇਰੇ ਇਲਾਕੇ ਦੀ ਸਰਹੱਦ ਉਜਾੜ ਤੋਂ ਲੈ ਕੇ ਲਬਾਨੋਨ ਤਕ ਅਤੇ ਫ਼ਰਾਤ ਦਰਿਆ ਤੋਂ ਲੈ ਕੇ ਪੱਛਮੀ ਸਮੁੰਦਰ* ਤਕ ਹੋਵੇਗੀ।+ 25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।
26 “ਦੇਖ, ਮੈਂ ਅੱਜ ਤੇਰੇ ਅੱਗੇ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ:+ 27 ਜੇ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਮੰਨੇਂਗਾ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ, ਤਾਂ ਤੈਨੂੰ ਬਰਕਤਾਂ ਮਿਲਣਗੀਆਂ+ 28 ਅਤੇ ਜੇ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਨਹੀਂ ਮੰਨੇਂਗਾ ਅਤੇ ਉਸ ਰਾਹ ʼਤੇ ਚੱਲਣਾ ਛੱਡ ਦੇਵੇਂਗਾ ਜਿਸ ਉੱਤੇ ਚੱਲਣ ਦਾ ਅੱਜ ਮੈਂ ਤੈਨੂੰ ਹੁਕਮ ਦੇ ਰਿਹਾ ਹਾਂ ਅਤੇ ਜੇ ਤੂੰ ਉਨ੍ਹਾਂ ਦੇਵਤਿਆਂ ਦੇ ਪਿੱਛੇ ਚੱਲੇਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ, ਤਾਂ ਤੈਨੂੰ ਸਰਾਪ ਲੱਗੇਗਾ।+
29 “ਜਦੋਂ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿਸ ਉੱਤੇ ਤੂੰ ਕਬਜ਼ਾ ਕਰਨਾ ਹੈ, ਤਾਂ ਤੂੰ ਗਰਿੱਜ਼ੀਮ ਪਹਾੜ ਕੋਲ ਬਰਕਤਾਂ ਦਾ ਐਲਾਨ ਕਰੀਂ* ਅਤੇ ਏਬਾਲ ਪਹਾੜ ਕੋਲ ਸਰਾਪ ਦਾ ਐਲਾਨ ਕਰੀਂ।*+ 30 ਇਹ ਦੋਵੇਂ ਪਹਾੜ ਯਰਦਨ ਦਰਿਆ ਦੇ ਦੂਸਰੇ ਪਾਸੇ ਪੱਛਮ ਵਿਚ ਕਨਾਨੀਆਂ ਦੇ ਦੇਸ਼ ਵਿਚ ਹਨ। ਕਨਾਨੀ ਲੋਕ ਗਿਲਗਾਲ ਦੇ ਸਾਮ੍ਹਣੇ ਮੋਰੇਹ ਦੇ ਵੱਡੇ ਦਰਖ਼ਤਾਂ ਕੋਲ ਅਰਾਬਾਹ ਵਿਚ ਰਹਿੰਦੇ ਹਨ।+ 31 ਤੂੰ ਯਰਦਨ ਦਰਿਆ ਪਾਰ ਕਰ ਕੇ ਉਸ ਦੇਸ਼ ʼਤੇ ਕਬਜ਼ਾ ਕਰਨ ਜਾ ਰਿਹਾ ਹੈਂ ਜੋ ਦੇਸ਼ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਵਾਲਾ ਹੈ।+ ਜਦੋਂ ਤੂੰ ਉਸ ਦੇਸ਼ ʼਤੇ ਕਬਜ਼ਾ ਕਰ ਲਵੇਂਗਾ ਅਤੇ ਉਸ ਵਿਚ ਰਹਿਣ ਲੱਗ ਪਵੇਂਗਾ, 32 ਤਾਂ ਤੂੰ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਧਿਆਨ ਨਾਲ ਪਾਲਣਾ ਕਰੀਂ ਜੋ ਅੱਜ ਮੈਂ ਤੈਨੂੰ ਦੇ ਰਿਹਾ ਹਾਂ।+