ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
16 ਫਿਰ ਜਦੋਂ ਸਬਤ ਦਾ ਦਿਨ+ ਲੰਘ ਚੁੱਕਾ ਸੀ, ਤਾਂ ਮਰੀਅਮ ਮਗਦਲੀਨੀ ਅਤੇ ਯਾਕੂਬ ਦੀ ਮਾਂ ਮਰੀਅਮ+ ਅਤੇ ਸਲੋਮੀ ਨੇ ਯਿਸੂ ਦੇ ਸਰੀਰ ʼਤੇ ਮਲ਼ਣ ਲਈ ਮਸਾਲੇ* ਖ਼ਰੀਦੇ।+ 2 ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਉਹ ਤੁਰੀਆਂ ਅਤੇ ਸੂਰਜ ਚੜ੍ਹਨ ਤਕ ਕਬਰ ʼਤੇ ਪਹੁੰਚ ਗਈਆਂ।+ 3 ਉਹ ਇਕ-ਦੂਜੀ ਨੂੰ ਪੁੱਛ ਰਹੀਆਂ ਸਨ: “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਹਟਾਵੇਗਾ?” 4 ਪਰ ਜਦ ਉਨ੍ਹਾਂ ਨੇ ਨਜ਼ਰ ਚੁੱਕ ਕੇ ਦੇਖਿਆ, ਤਾਂ ਪੱਥਰ ਪਹਿਲਾਂ ਹੀ ਹਟਾਇਆ ਹੋਇਆ ਸੀ, ਭਾਵੇਂ ਉਹ ਬਹੁਤ ਹੀ ਵੱਡਾ ਪੱਥਰ ਸੀ।+ 5 ਜਦ ਉਹ ਕਬਰ ਦੇ ਅੰਦਰ ਵੜੀਆਂ, ਤਾਂ ਉਨ੍ਹਾਂ ਨੇ ਚਿੱਟਾ ਚੋਗਾ ਪਹਿਨੀ ਇਕ ਨੌਜਵਾਨ ਨੂੰ ਸੱਜੇ ਪਾਸੇ ਬੈਠਾ ਦੇਖਿਆ ਅਤੇ ਉਹ ਹੈਰਾਨ ਰਹਿ ਗਈਆਂ। 6 ਉਸ ਨੇ ਉਨ੍ਹਾਂ ਨੂੰ ਕਿਹਾ: “ਹੈਰਾਨ ਨਾ ਹੋਵੋ।+ ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨਾਸਰੀ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ। ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਹੈ,+ ਪਰ ਉਹ ਹੁਣ ਇੱਥੇ ਨਹੀਂ ਹੈ। ਆਹ ਦੇਖੋ, ਉਨ੍ਹਾਂ ਨੇ ਉਹਨੂੰ ਇੱਥੇ ਹੀ ਰੱਖਿਆ ਸੀ।+ 7 ਜਾ ਕੇ ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ, ‘ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਿਹਾ ਹੈ।+ ਤੁਸੀਂ ਉਸ ਨੂੰ ਉੱਥੇ ਮਿਲੋਗੇ, ਠੀਕ ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।’”+ 8 ਫਿਰ ਉਹ ਕਬਰ ਵਿੱਚੋਂ ਨਿਕਲ ਕੇ ਭੱਜ ਗਈਆਂ ਕਿਉਂਕਿ ਉਹ ਬਹੁਤ ਘਬਰਾਈਆਂ ਹੋਈਆਂ ਸਨ, ਨਾਲੇ ਹੈਰਾਨ ਵੀ ਸਨ। ਡਰੀਆਂ ਹੋਣ ਕਰਕੇ ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਦੱਸਿਆ।*+