ਦੂਜਾ ਰਾਜਿਆਂ
18 ਇਜ਼ਰਾਈਲ ਦੇ ਰਾਜੇ ਏਲਾਹ ਦੇ ਪੁੱਤਰ ਹੋਸ਼ੇਆ+ ਦੇ ਰਾਜ ਦੇ ਤੀਜੇ ਸਾਲ ਯਹੂਦਾਹ ਦੇ ਰਾਜੇ ਆਹਾਜ਼+ ਦਾ ਪੁੱਤਰ ਹਿਜ਼ਕੀਯਾਹ+ ਰਾਜਾ ਬਣਿਆ। 2 ਉਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਬੀ* ਸੀ ਜੋ ਜ਼ਕਰਯਾਹ ਦੀ ਧੀ ਸੀ।+ 3 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਠੀਕ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+ 4 ਉਸ ਨੇ ਹੀ ਉੱਚੀਆਂ ਥਾਵਾਂ ਨੂੰ ਢਾਹਿਆ ਸੀ,+ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕੀਤਾ ਅਤੇ ਪੂਜਾ-ਖੰਭੇ* ਨੂੰ ਵੱਢ ਸੁੱਟਿਆ ਸੀ।+ ਉਸ ਨੇ ਤਾਂਬੇ ਦੇ ਸੱਪ ਨੂੰ ਵੀ ਚੂਰ-ਚੂਰ ਕਰ ਦਿੱਤਾ ਸੀ ਜੋ ਮੂਸਾ ਨੇ ਬਣਾਇਆ ਸੀ;+ ਕਿਉਂਕਿ ਉਸ ਸਮੇਂ ਤਕ ਇਜ਼ਰਾਈਲ ਦੇ ਲੋਕ ਇਸ ਅੱਗੇ ਬਲ਼ੀਆਂ ਚੜ੍ਹਾ ਰਹੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ। ਇਸ ਨੂੰ ਤਾਂਬੇ ਦੇ ਸੱਪ ਦੀ ਮੂਰਤ* ਕਿਹਾ ਜਾਂਦਾ ਸੀ। 5 ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਰੱਖਿਆ;+ ਯਹੂਦਾਹ ਦੇ ਸਾਰੇ ਰਾਜਿਆਂ ਵਿੱਚੋਂ ਉਸ ਵਰਗਾ ਕੋਈ ਵੀ ਨਹੀਂ ਹੋਇਆ, ਨਾ ਉਸ ਤੋਂ ਪਹਿਲਾਂ ਤੇ ਨਾ ਹੀ ਉਸ ਤੋਂ ਬਾਅਦ। 6 ਉਸ ਨੇ ਯਹੋਵਾਹ ਨੂੰ ਘੁੱਟ ਕੇ ਫੜੀ ਰੱਖਿਆ।+ ਉਹ ਉਸ ਦੇ ਪਿੱਛੇ ਚੱਲਣੋਂ ਨਹੀਂ ਹਟਿਆ; ਉਹ ਉਨ੍ਹਾਂ ਹੁਕਮਾਂ ਨੂੰ ਮੰਨਦਾ ਰਿਹਾ ਜੋ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ। 7 ਅਤੇ ਯਹੋਵਾਹ ਉਸ ਦੇ ਨਾਲ ਸੀ। ਉਹ ਜਿੱਥੇ ਵੀ ਗਿਆ, ਉਸ ਨੇ ਬੁੱਧ ਤੋਂ ਕੰਮ ਲਿਆ। ਉਸ ਨੇ ਅੱਸ਼ੂਰ ਦੇ ਰਾਜੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਸ ਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ।+ 8 ਉਸ ਨੇ ਪਹਿਰੇਦਾਰਾਂ ਦੇ ਬੁਰਜ ਤੋਂ ਲੈ ਕੇ ਕਿਲੇਬੰਦ ਸ਼ਹਿਰ ਤਕ* ਗਾਜ਼ਾ ਅਤੇ ਇਸ ਦੇ ਇਲਾਕਿਆਂ ਵਿਚ ਫਲਿਸਤੀਆਂ ਨੂੰ ਵੀ ਹਰਾ ਦਿੱਤਾ।+
9 ਰਾਜਾ ਹਿਜ਼ਕੀਯਾਹ ਦੇ ਰਾਜ ਦੇ ਚੌਥੇ ਸਾਲ ਯਾਨੀ ਇਜ਼ਰਾਈਲ ਦੇ ਰਾਜੇ ਏਲਾਹ ਦੇ ਪੁੱਤਰ ਹੋਸ਼ੇਆ+ ਦੇ ਰਾਜ ਦੇ ਸੱਤਵੇਂ ਸਾਲ ਅੱਸ਼ੂਰ ਦਾ ਰਾਜਾ ਸ਼ਲਮਨਸਰ ਸਾਮਰਿਯਾ ਖ਼ਿਲਾਫ਼ ਆਇਆ ਤੇ ਇਸ ਦੀ ਘੇਰਾਬੰਦੀ ਕਰਨ ਲੱਗਾ।+ 10 ਉਨ੍ਹਾਂ ਨੇ ਤਿੰਨ ਸਾਲਾਂ ਬਾਅਦ ਇਸ ʼਤੇ ਕਬਜ਼ਾ ਕਰ ਲਿਆ;+ ਹਿਜ਼ਕੀਯਾਹ ਦੇ ਰਾਜ ਦੇ ਛੇਵੇਂ ਸਾਲ ਜੋ ਇਜ਼ਰਾਈਲ ਦੇ ਰਾਜੇ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਗਿਆ। 11 ਫਿਰ ਅੱਸ਼ੂਰ ਦਾ ਰਾਜਾ ਇਜ਼ਰਾਈਲ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਿਆ+ ਅਤੇ ਉਨ੍ਹਾਂ ਨੂੰ ਹਲਹ ਅਤੇ ਗੋਜ਼ਾਨ ਨਦੀ ʼਤੇ ਸਥਿਤ ਹਾਬੋਰ ਵਿਚ ਅਤੇ ਮਾਦੀਆਂ ਦੇ ਸ਼ਹਿਰਾਂ ਵਿਚ ਵਸਾ ਦਿੱਤਾ।+ 12 ਇਹ ਇਸ ਕਰਕੇ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਨਹੀਂ ਸੁਣੀ, ਸਗੋਂ ਉਸ ਦੇ ਇਕਰਾਰ ਨੂੰ ਤੋੜਦੇ ਰਹੇ ਯਾਨੀ ਉਨ੍ਹਾਂ ਸਾਰੀਆਂ ਗੱਲਾਂ ਦੀ ਉਲੰਘਣਾ ਕਰਦੇ ਰਹੇ ਜਿਨ੍ਹਾਂ ਨੂੰ ਮੰਨਣ ਦਾ ਹੁਕਮ ਯਹੋਵਾਹ ਦੇ ਸੇਵਕ ਮੂਸਾ ਨੇ ਦਿੱਤਾ ਸੀ।+ ਉਨ੍ਹਾਂ ਨੇ ਨਾ ਇਹ ਗੱਲਾਂ ਸੁਣੀਆਂ ਤੇ ਨਾ ਹੀ ਮੰਨੀਆਂ।
13 ਰਾਜਾ ਹਿਜ਼ਕੀਯਾਹ ਦੇ ਰਾਜ ਦੇ 14ਵੇਂ ਸਾਲ ਅੱਸ਼ੂਰ+ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਖ਼ਿਲਾਫ਼ ਆਇਆ ਅਤੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ।+ 14 ਇਸ ਲਈ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿਚ ਇਹ ਸੰਦੇਸ਼ ਭੇਜਿਆ: “ਮੇਰੇ ਤੋਂ ਗ਼ਲਤੀ ਹੋਈ ਹੈ। ਮੇਰੇ ਕੋਲੋਂ ਪਿੱਛੇ ਹਟ ਜਾ ਅਤੇ ਤੂੰ ਮੇਰੇ ਤੋਂ ਜੋ ਮੰਗੇਂਗਾ, ਮੈਂ ਤੈਨੂੰ ਦੇ ਦਿਆਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ 300 ਕਿੱਕਾਰ* ਚਾਂਦੀ ਅਤੇ 30 ਕਿੱਕਾਰ ਸੋਨਾ ਜੁਰਮਾਨਾ ਲਾਇਆ। 15 ਹਿਜ਼ਕੀਯਾਹ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਜਿੰਨੀ ਚਾਂਦੀ ਮਿਲੀ, ਉਸ ਨੇ ਉਹ ਸਾਰੀ ਦੇ ਦਿੱਤੀ।+ 16 ਉਸ ਸਮੇਂ ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ+ ਅਤੇ ਚੁਗਾਠਾਂ ਲਾਹ ਕੇ ਅੱਸ਼ੂਰ ਦੇ ਰਾਜੇ ਨੂੰ ਦੇ ਦਿੱਤੀਆਂ ਜਿਨ੍ਹਾਂ ਨੂੰ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਆਪ ਮੜ੍ਹਿਆ* ਸੀ।+
17 ਫਿਰ ਅੱਸ਼ੂਰ ਦੇ ਰਾਜੇ ਨੇ ਲਾਕੀਸ਼+ ਤੋਂ ਤਰਤਾਨ,* ਰਬਸਾਰੀਸ* ਅਤੇ ਰਬਸ਼ਾਕੇਹ* ਨੂੰ ਵੱਡੀ ਸਾਰੀ ਫ਼ੌਜ ਨਾਲ ਯਰੂਸ਼ਲਮ ਵਿਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ।+ ਉਹ ਯਰੂਸ਼ਲਮ ਗਏ ਅਤੇ ਉੱਪਰਲੇ ਸਰੋਵਰ ਦੀ ਖਾਲ਼ ਕੋਲ ਤੈਨਾਤ ਹੋ ਗਏ ਜੋ ਧੋਬੀ ਦੇ ਮੈਦਾਨ ਦੇ ਰਾਜਮਾਰਗ ʼਤੇ ਹੈ।+ 18 ਜਦੋਂ ਉਨ੍ਹਾਂ ਨੇ ਰਾਜੇ ਨੂੰ ਬਾਹਰ ਆਉਣ ਲਈ ਕਿਹਾ, ਤਾਂ ਹਿਲਕੀਯਾਹ ਦਾ ਪੁੱਤਰ ਅਲਯਾਕੀਮ,+ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾਹ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਉਨ੍ਹਾਂ ਕੋਲ ਬਾਹਰ ਆਏ।
19 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ʼਤੇ ਭਰੋਸਾ ਹੈ?+ 20 ਤੂੰ ਕਹਿੰਦਾ ਹੈਂ, ‘ਮੇਰੇ ਕੋਲ ਰਣਨੀਤੀ ਤੇ ਯੁੱਧ ਕਰਨ ਲਈ ਤਾਕਤ ਹੈ,’ ਪਰ ਇਹ ਖੋਖਲੀਆਂ ਗੱਲਾਂ ਹਨ। ਤੂੰ ਕਿਹਦੇ ਉੱਤੇ ਭਰੋਸਾ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕਰਨ ਦੀ ਜੁਰਅਤ ਕੀਤੀ?+ 21 ਦੇਖ! ਤੂੰ ਇਸ ਦਰੜੇ ਹੋਏ ਕਾਨੇ ਮਿਸਰ ਦੀ ਮਦਦ ʼਤੇ ਭਰੋਸਾ ਕਰ ਰਿਹਾ ਹੈਂ।+ ਜੇ ਕੋਈ ਆਦਮੀ ਇਹਦਾ ਸਹਾਰਾ ਲੈਣ ਲਈ ਇਸ ਨੂੰ ਫੜੇ, ਤਾਂ ਇਹ ਉਸ ਦੀ ਹਥੇਲੀ ਵਿਚ ਖੁੱਭ ਕੇ ਆਰ-ਪਾਰ ਹੋ ਜਾਵੇਗਾ। ਮਿਸਰ ਦਾ ਰਾਜਾ ਫ਼ਿਰਊਨ ਉਨ੍ਹਾਂ ਸਾਰਿਆਂ ਲਈ ਇਸੇ ਤਰ੍ਹਾਂ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ। 22 ਅਤੇ ਜੇ ਤੁਸੀਂ ਮੈਨੂੰ ਕਹਿੰਦੇ ਹੋ, ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ,’+ ਤਾਂ ਕੀ ਉਹ ਉਹੀ ਨਹੀਂ ਜਿਸ ਦੀਆਂ ਉੱਚੀਆਂ ਥਾਵਾਂ ਅਤੇ ਵੇਦੀਆਂ ਨੂੰ ਹਿਜ਼ਕੀਯਾਹ ਨੇ ਢਾਹ ਸੁੱਟਿਆ+ ਤੇ ਹੁਣ ਉਹ ਯਹੂਦਾਹ ਤੇ ਯਰੂਸ਼ਲਮ ਨੂੰ ਕਹਿੰਦਾ ਹੈ, ‘ਤੁਸੀਂ ਯਰੂਸ਼ਲਮ ਵਿਚ ਇਸ ਵੇਦੀ ਅੱਗੇ ਮੱਥਾ ਟੇਕੋ’?”’+ 23 ਇਸ ਲਈ ਹੁਣ ਮੇਰੇ ਮਾਲਕ ਅੱਸ਼ੂਰ ਦੇ ਰਾਜੇ ਨਾਲ ਇਹ ਸ਼ਰਤ ਲਾ: ਮੈਂ ਤੈਨੂੰ 2,000 ਘੋੜੇ ਦਿਆਂਗਾ ਜੇ ਤੂੰ ਉਨ੍ਹਾਂ ਲਈ ਸਵਾਰ ਲਿਆ ਕੇ ਦਿਖਾਵੇਂ।+ 24 ਜੇ ਨਹੀਂ ਲਿਆ ਸਕਦਾ, ਤਾਂ ਫਿਰ ਤੂੰ ਕਿੱਦਾਂ ਮੇਰੇ ਮਾਲਕ ਦੇ ਸੇਵਕਾਂ ਵਿੱਚੋਂ ਸਭ ਤੋਂ ਮਾਮੂਲੀ ਰਾਜਪਾਲ ਨੂੰ ਭਜਾ ਸਕਦਾ ਹੈਂ ਕਿਉਂਕਿ ਤੂੰ ਤਾਂ ਰਥਾਂ ਅਤੇ ਘੋੜਸਵਾਰਾਂ ਲਈ ਮਿਸਰ ʼਤੇ ਭਰੋਸਾ ਕਰਦਾ ਹੈਂ? 25 ਕੀ ਮੈਂ ਯਹੋਵਾਹ ਦੀ ਇਜਾਜ਼ਤ ਤੋਂ ਬਿਨਾਂ ਇਸ ਜਗ੍ਹਾ ਨੂੰ ਤਬਾਹ ਕਰਨ ਆਇਆ ਹਾਂ? ਯਹੋਵਾਹ ਨੇ ਆਪ ਮੈਨੂੰ ਕਿਹਾ ਹੈ, ‘ਇਸ ਦੇਸ਼ ʼਤੇ ਚੜ੍ਹਾਈ ਕਰ ਕੇ ਇਸ ਨੂੰ ਤਬਾਹ ਕਰ ਦੇ।’”
26 ਇਹ ਸੁਣ ਕੇ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾਹ+ ਅਤੇ ਯੋਆਹ ਨੇ ਰਬਸ਼ਾਕੇਹ+ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਸੇਵਕਾਂ ਨਾਲ ਅਰਾਮੀ* ਭਾਸ਼ਾ+ ਵਿਚ ਗੱਲ ਕਰ ਕਿਉਂਕਿ ਅਸੀਂ ਇਹ ਭਾਸ਼ਾ ਸਮਝ ਸਕਦੇ ਹਾਂ; ਸਾਡੇ ਨਾਲ ਯਹੂਦੀਆਂ ਦੀ ਭਾਸ਼ਾ ਵਿਚ ਗੱਲ ਨਾ ਕਰ ਕਿਉਂਕਿ ਜਿਹੜੇ ਲੋਕ ਕੰਧ ਉੱਤੇ ਹਨ, ਤੇਰੀ ਗੱਲ ਸੁਣ ਰਹੇ ਹਨ।”+ 27 ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਤੈਨੂੰ ਕੀ ਲੱਗਦਾ, ਕੀ ਮੇਰੇ ਮਾਲਕ ਨੇ ਸਿਰਫ਼ ਤੇਰੇ ਮਾਲਕ ਨੂੰ ਤੇ ਤੈਨੂੰ ਹੀ ਇਹ ਗੱਲਾਂ ਦੱਸਣ ਲਈ ਮੈਨੂੰ ਭੇਜਿਆ ਹੈ? ਕੀ ਕੰਧ ਉੱਤੇ ਬੈਠੇ ਇਨ੍ਹਾਂ ਆਦਮੀਆਂ ਨੂੰ ਵੀ ਦੱਸਣ ਲਈ ਨਹੀਂ ਜਿਹੜੇ ਤੁਹਾਡੇ ਨਾਲ ਆਪਣਾ ਹੀ ਗੂੰਹ ਖਾਣਗੇ ਤੇ ਆਪਣਾ ਹੀ ਪਿਸ਼ਾਬ ਪੀਣਗੇ?”
28 ਫਿਰ ਰਬਸ਼ਾਕੇਹ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਯਹੂਦੀਆਂ ਦੀ ਭਾਸ਼ਾ ਵਿਚ ਕਿਹਾ: “ਮਹਾਨ ਰਾਜੇ, ਹਾਂ, ਅੱਸ਼ੂਰ ਦੇ ਰਾਜੇ ਦਾ ਸੰਦੇਸ਼ ਸੁਣੋ।+ 29 ਰਾਜਾ ਇਹ ਕਹਿੰਦਾ ਹੈ, ‘ਹਿਜ਼ਕੀਯਾਹ ਦੇ ਧੋਖੇ ਵਿਚ ਨਾ ਆਓ ਕਿਉਂਕਿ ਉਹ ਤੁਹਾਨੂੰ ਮੇਰੇ ਹੱਥੋਂ ਨਹੀਂ ਬਚਾ ਸਕਦਾ।+ 30 ਨਾਲੇ ਹਿਜ਼ਕੀਯਾਹ ਦੀਆਂ ਇਨ੍ਹਾਂ ਗੱਲਾਂ ਵਿਚ ਆ ਕੇ ਯਹੋਵਾਹ ਉੱਤੇ ਭਰੋਸਾ ਨਾ ਕਰੋ: “ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ ਅਤੇ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”+ 31 ਹਿਜ਼ਕੀਯਾਹ ਦੀ ਗੱਲ ਨਾ ਸੁਣੋ ਕਿਉਂਕਿ ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਮੇਰੇ ਨਾਲ ਸੁਲ੍ਹਾ ਕਰ ਲਓ ਅਤੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ* ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਤੋਂ ਖਾਵੇਗਾ ਤੇ ਆਪਣੇ ਹੀ ਖੂਹ ਦਾ ਪਾਣੀ ਪੀਵੇਗਾ 32 ਜਦ ਤਕ ਮੈਂ ਆ ਕੇ ਤੁਹਾਨੂੰ ਉਸ ਦੇਸ਼ ਵਿਚ ਨਾ ਲੈ ਜਾਵਾਂ ਜੋ ਤੁਹਾਡੇ ਆਪਣੇ ਦੇਸ਼ ਵਰਗਾ ਹੈ,+ ਹਾਂ, ਅਨਾਜ ਤੇ ਨਵੇਂ ਦਾਖਰਸ ਦਾ ਦੇਸ਼, ਰੋਟੀ ਤੇ ਅੰਗੂਰਾਂ ਦੇ ਬਾਗ਼ਾਂ ਦਾ ਦੇਸ਼, ਜ਼ੈਤੂਨ ਦੇ ਦਰਖ਼ਤਾਂ ਅਤੇ ਸ਼ਹਿਦ ਦਾ ਦੇਸ਼। ਫਿਰ ਤੁਸੀਂ ਜੀਉਂਦੇ ਰਹੋਗੇ ਤੇ ਮਰੋਗੇ ਨਹੀਂ। ਹਿਜ਼ਕੀਯਾਹ ਦੀ ਗੱਲ ਨਾ ਸੁਣੋ ਕਿਉਂਕਿ ਉਹ ਤੁਹਾਨੂੰ ਇਹ ਕਹਿ ਕੇ ਗੁਮਰਾਹ ਕਰ ਰਿਹਾ ਹੈ, ‘ਯਹੋਵਾਹ ਸਾਨੂੰ ਬਚਾਵੇਗਾ।’ 33 ਕੀ ਕੌਮਾਂ ਦਾ ਕੋਈ ਵੀ ਦੇਵਤਾ ਅੱਸ਼ੂਰ ਦੇ ਰਾਜੇ ਦੇ ਹੱਥੋਂ ਆਪਣੇ ਦੇਸ਼ ਨੂੰ ਬਚਾ ਸਕਿਆ? 34 ਹਮਾਥ+ ਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫਰਵਾਇਮ,+ ਹੀਨਾ ਤੇ ਇਵਾਹ ਦੇ ਦੇਵਤੇ ਕਿੱਥੇ ਹਨ? ਕੀ ਉਹ ਸਾਮਰਿਯਾ ਨੂੰ ਮੇਰੇ ਹੱਥੋਂ ਬਚਾ ਪਾਏ?+ 35 ਉਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਇਆ ਜੋ ਯਹੋਵਾਹ ਯਰੂਸ਼ਲਮ ਨੂੰ ਮੇਰੇ ਹੱਥੋਂ ਬਚਾ ਸਕੇ?”’”+
36 ਪਰ ਲੋਕ ਚੁੱਪ ਰਹੇ ਅਤੇ ਉਨ੍ਹਾਂ ਨੇ ਜਵਾਬ ਵਿਚ ਇਕ ਸ਼ਬਦ ਵੀ ਨਾ ਕਿਹਾ ਕਿਉਂਕਿ ਰਾਜੇ ਦਾ ਹੁਕਮ ਸੀ, “ਤੁਸੀਂ ਉਹਨੂੰ ਜਵਾਬ ਨਾ ਦੇਇਓ।”+ 37 ਪਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾਹ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਆਪਣੇ ਕੱਪੜੇ ਪਾੜੀ ਹਿਜ਼ਕੀਯਾਹ ਕੋਲ ਆਏ ਤੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।