ਦੂਜਾ ਰਾਜਿਆਂ
3 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਰਾਜ ਦੇ 18ਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ 12 ਸਾਲ ਰਾਜ ਕੀਤਾ। 2 ਉਹ ਉਹੀ ਕਰਨ ਵਿਚ ਲੱਗਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਪਰ ਉਸ ਹੱਦ ਤਕ ਨਹੀਂ ਜਿੰਨਾ ਉਸ ਦੇ ਪਿਤਾ ਜਾਂ ਉਸ ਦੀ ਮਾਤਾ ਨੇ ਕੀਤਾ ਸੀ ਕਿਉਂਕਿ ਉਸ ਨੇ ਆਪਣੇ ਪਿਤਾ ਦੁਆਰਾ ਬਣਾਏ ਬਆਲ ਦੇ ਪੂਜਾ-ਥੰਮ੍ਹ ਨੂੰ ਹਟਾ ਦਿੱਤਾ ਸੀ।+ 3 ਪਰ ਉਹ ਉਹੀ ਪਾਪ ਕਰਨ ਵਿਚ ਲੱਗਾ ਰਿਹਾ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ ਉਸ ਨੇ ਉਹ ਪਾਪ ਕਰਨੇ ਛੱਡੇ ਨਹੀਂ।
4 ਮੋਆਬ ਦਾ ਰਾਜਾ ਮੇਸ਼ਾ ਭੇਡਾਂ ਪਾਲਦਾ ਸੀ ਅਤੇ ਉਹ ਇਜ਼ਰਾਈਲ ਦੇ ਰਾਜੇ ਨੂੰ ਨਜ਼ਰਾਨੇ ਵਜੋਂ 1,00,000 ਲੇਲੇ ਅਤੇ 1,00,000 ਭੇਡੂ ਦਿੰਦਾ ਹੁੰਦਾ ਸੀ ਜਿਨ੍ਹਾਂ ਦੀ ਉੱਨ ਨਹੀਂ ਕਤਰੀ ਹੁੰਦੀ ਸੀ। 5 ਅਹਾਬ ਦੇ ਮਰਦਿਆਂ ਹੀ+ ਮੋਆਬ ਦੇ ਰਾਜੇ ਨੇ ਇਜ਼ਰਾਈਲ ਦੇ ਰਾਜੇ ਖ਼ਿਲਾਫ਼ ਬਗਾਵਤ ਕਰ ਦਿੱਤੀ।+ 6 ਇਸ ਲਈ ਰਾਜਾ ਯਹੋਰਾਮ ਉਸ ਦਿਨ ਸਾਮਰਿਯਾ ਤੋਂ ਨਿਕਲਿਆ ਅਤੇ ਉਸ ਨੇ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ। 7 ਨਾਲੇ ਉਸ ਨੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਨੂੰ ਵੀ ਇਹ ਸੰਦੇਸ਼ ਭੇਜਿਆ: “ਮੋਆਬ ਦੇ ਰਾਜੇ ਨੇ ਮੇਰੇ ਖ਼ਿਲਾਫ਼ ਬਗਾਵਤ ਕਰ ਦਿੱਤੀ ਹੈ। ਕੀ ਤੂੰ ਮੇਰੇ ਨਾਲ ਮੋਆਬ ਖ਼ਿਲਾਫ਼ ਯੁੱਧ ਲੜਨ ਚੱਲੇਂਗਾ?” ਜਵਾਬ ਵਿਚ ਉਸ ਨੇ ਕਿਹਾ: “ਹਾਂ, ਮੈਂ ਜਾਵਾਂਗਾ।+ ਮੈਂ ਵੀ ਤੇਰੇ ਵਰਗਾ ਹੀ ਹਾਂ। ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ। ਮੇਰੇ ਘੋੜੇ ਵੀ ਤੇਰੇ ਘੋੜਿਆਂ ਵਰਗੇ ਹਨ।”+ 8 ਫਿਰ ਉਸ ਨੇ ਪੁੱਛਿਆ: “ਆਪਾਂ ਕਿਸ ਰਾਹ ਥਾਣੀਂ ਜਾਈਏ?” ਉਸ ਨੇ ਜਵਾਬ ਦਿੱਤਾ: “ਅਦੋਮ ਦੀ ਉਜਾੜ ਥਾਣੀਂ।”
9 ਫਿਰ ਇਜ਼ਰਾਈਲ ਦਾ ਰਾਜਾ ਯਹੂਦਾਹ ਦੇ ਰਾਜੇ ਅਤੇ ਅਦੋਮ+ ਦੇ ਰਾਜੇ ਨੂੰ ਨਾਲ ਲੈ ਕੇ ਤੁਰ ਪਿਆ। ਲਗਭਗ ਸੱਤ ਦਿਨ ਘੁਮਾਅਦਾਰ ਰਾਹਾਂ ਥਾਣੀਂ ਸਫ਼ਰ ਕਰਨ ਤੋਂ ਬਾਅਦ ਫ਼ੌਜੀਆਂ ਅਤੇ ਉਨ੍ਹਾਂ ਦੇ ਪਾਲਤੂ ਜਾਨਵਰਾਂ ਲਈ ਪਾਣੀ ਨਹੀਂ ਬਚਿਆ। 10 ਇਜ਼ਰਾਈਲ ਦੇ ਰਾਜੇ ਨੇ ਕਿਹਾ: “ਹਾਇ ਓਏ! ਯਹੋਵਾਹ ਨੇ ਸਾਨੂੰ ਤਿੰਨਾਂ ਰਾਜਿਆਂ ਨੂੰ ਇਸ ਲਈ ਸੱਦਿਆ ਹੈ ਤਾਂਕਿ ਉਹ ਸਾਨੂੰ ਮੋਆਬ ਦੇ ਹੱਥ ਵਿਚ ਦੇ ਦੇਵੇ!” 11 ਇਹ ਸੁਣ ਕੇ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਜਿਸ ਰਾਹੀਂ ਅਸੀਂ ਯਹੋਵਾਹ ਕੋਲੋਂ ਪੁੱਛ ਸਕੀਏ?”+ ਇਜ਼ਰਾਈਲ ਦੇ ਰਾਜੇ ਦੇ ਇਕ ਸੇਵਕ ਨੇ ਜਵਾਬ ਦਿੱਤਾ: “ਇੱਥੇ ਸ਼ਾਫਾਟ ਦਾ ਪੁੱਤਰ ਅਲੀਸ਼ਾ+ ਹੈ ਜੋ ਏਲੀਯਾਹ ਦੇ ਹੱਥਾਂ ʼਤੇ ਪਾਣੀ ਪਾਉਂਦਾ ਹੁੰਦਾ ਸੀ।”*+ 12 ਫਿਰ ਯਹੋਸ਼ਾਫ਼ਾਟ ਨੇ ਕਿਹਾ: “ਯਹੋਵਾਹ ਉਸ ਦੇ ਰਾਹੀਂ ਗੱਲ ਕਰਦਾ ਹੈ।” ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੋਸ਼ਾਫਾਟ ਤੇ ਅਦੋਮ ਦਾ ਰਾਜਾ ਹੇਠਾਂ ਉਸ ਕੋਲ ਗਏ।
13 ਅਲੀਸ਼ਾ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਤੇਰਾ ਮੇਰੇ ਨਾਲ ਕੀ ਵਾਸਤਾ?*+ ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾਹ।”+ ਪਰ ਇਜ਼ਰਾਈਲ ਦੇ ਰਾਜੇ ਨੇ ਉਸ ਨੂੰ ਕਿਹਾ: “ਨਹੀਂ, ਕਿਉਂਕਿ ਯਹੋਵਾਹ ਨੇ ਸਾਨੂੰ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ ਤਾਂਕਿ ਉਹ ਸਾਨੂੰ ਮੋਆਬ ਦੇ ਹੱਥ ਵਿਚ ਦੇ ਦੇਵੇ।” 14 ਅਲੀਸ਼ਾ ਨੇ ਜਵਾਬ ਦਿੱਤਾ: “ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਸੇਵਾ ਕਰਦਾ ਹਾਂ,* ਜੇ ਮੈਂ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ+ ਦਾ ਆਦਰ ਨਾ ਕਰਦਾ ਹੁੰਦਾ, ਤਾਂ ਮੈਂ ਤੇਰੇ ਵੱਲ ਦੇਖਣਾ ਤਕ ਨਹੀਂ ਸੀ ਤੇ ਨਾ ਹੀ ਤੇਰੇ ਵੱਲ ਕੋਈ ਧਿਆਨ ਦੇਣਾ ਸੀ।+ 15 ਹੁਣ ਇਕ ਰਬਾਬੀ*+ ਨੂੰ ਮੇਰੇ ਕੋਲ ਸੱਦੋ।” ਜਿਉਂ ਹੀ ਰਬਾਬੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ, ਯਹੋਵਾਹ ਦਾ ਹੱਥ ਅਲੀਸ਼ਾ ਉੱਤੇ ਆਇਆ।+ 16 ਉਸ ਨੇ ਕਿਹਾ, “ਯਹੋਵਾਹ ਇਹ ਕਹਿੰਦਾ ਹੈ: ‘ਇਸ ਘਾਟੀ ਵਿਚ ਥਾਂ-ਥਾਂ ਖਾਈਆਂ ਪੁੱਟੋ 17 ਕਿਉਂਕਿ ਯਹੋਵਾਹ ਇਹ ਕਹਿੰਦਾ ਹੈ: “ਨਾ ਤੁਹਾਨੂੰ ਹਨੇਰੀ ਚੱਲਦੀ ਨਜ਼ਰ ਆਵੇਗੀ ਤੇ ਨਾ ਤੁਹਾਨੂੰ ਮੀਂਹ ਪੈਂਦਾ ਨਜ਼ਰ ਆਵੇਗਾ; ਫਿਰ ਵੀ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ+ ਅਤੇ ਤੁਸੀਂ ਇਸ ਵਿੱਚੋਂ ਪੀਓਗੇ, ਹਾਂ, ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ।”’ 18 ਪਰ ਇਹ ਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਛੋਟਾ ਜਿਹਾ ਕੰਮ ਹੈ।+ ਉਹ ਤਾਂ ਮੋਆਬ ਨੂੰ ਵੀ ਤੁਹਾਡੇ ਹੱਥਾਂ ਵਿਚ ਦੇ ਦੇਵੇਗਾ।+ 19 ਤੁਸੀਂ ਹਰ ਕਿਲੇਬੰਦ ਸ਼ਹਿਰ+ ਅਤੇ ਹਰ ਵਧੀਆ ਸ਼ਹਿਰ ਨੂੰ ਢਾਹ ਸੁੱਟਿਓ ਅਤੇ ਹਰ ਵਧੀਆ ਦਰਖ਼ਤ ਨੂੰ ਵੱਢ ਸੁੱਟਿਓ। ਤੁਸੀਂ ਪਾਣੀ ਦੇ ਸਾਰੇ ਸੋਮਿਆਂ ਨੂੰ ਬੰਦ ਕਰ ਦੇਇਓ ਤੇ ਹਰ ਵਧੀਆ ਖੇਤ ਨੂੰ ਪੱਥਰਾਂ ਨਾਲ ਤਬਾਹ ਕਰ ਦੇਇਓ।”+
20 ਅਗਲੀ ਸਵੇਰ ਜਦੋਂ ਸਵੇਰ ਦੇ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਸੀ,+ ਤਾਂ ਅਚਾਨਕ ਅਦੋਮ ਦੀ ਦਿਸ਼ਾ ਵੱਲੋਂ ਪਾਣੀ ਆਉਣ ਲੱਗਾ ਅਤੇ ਸਾਰਾ ਇਲਾਕਾ ਪਾਣੀ ਨਾਲ ਭਰ ਗਿਆ।
21 ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜੇ ਉਨ੍ਹਾਂ ਖ਼ਿਲਾਫ਼ ਯੁੱਧ ਲੜਨ ਆਏ ਸਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਸਾਰੇ ਆਦਮੀਆਂ ਨੂੰ ਇਕੱਠਾ ਕੀਤਾ ਜੋ ਹਥਿਆਰ ਚਲਾ ਸਕਦੇ ਸਨ* ਅਤੇ ਉਹ ਸਰਹੱਦ ʼਤੇ ਤੈਨਾਤ ਹੋ ਗਏ। 22 ਜਦੋਂ ਉਹ ਸਵੇਰੇ ਤੜਕੇ ਉੱਠੇ, ਤਾਂ ਸੂਰਜ ਦੀ ਰੌਸ਼ਨੀ ਪਾਣੀ ʼਤੇ ਪੈ ਰਹੀ ਸੀ ਅਤੇ ਦੂਜੇ ਪਾਸੇ ਮੋਆਬੀਆਂ ਨੂੰ ਪਾਣੀ ਖ਼ੂਨ ਵਰਗਾ ਲਾਲ ਦਿਖਾਈ ਦੇ ਰਿਹਾ ਸੀ। 23 ਉਨ੍ਹਾਂ ਨੇ ਕਿਹਾ: “ਇਹ ਤਾਂ ਖ਼ੂਨ ਹੈ! ਉਨ੍ਹਾਂ ਰਾਜਿਆਂ ਨੇ ਪੱਕਾ ਇਕ-ਦੂਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਹੋਣਾ। ਤਾਂ ਫਿਰ, ਹੇ ਮੋਆਬੀਓ, ਚਲੋ ਲੁੱਟਣ ਚੱਲੀਏ!”+ 24 ਜਦੋਂ ਮੋਆਬੀ ਇਜ਼ਰਾਈਲ ਦੀ ਛਾਉਣੀ ਵਿਚ ਆਏ, ਤਾਂ ਇਜ਼ਰਾਈਲੀ ਉੱਠੇ ਤੇ ਉਨ੍ਹਾਂ ਨੇ ਮੋਆਬੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜੋ ਉਨ੍ਹਾਂ ਅੱਗਿਓਂ ਭੱਜ ਗਏ।+ ਉਹ ਮੋਆਬ ਵੱਲ ਵਧਦੇ ਗਏ ਅਤੇ ਪੂਰੇ ਰਾਹ ਮੋਆਬੀਆਂ ਨੂੰ ਖ਼ਤਮ ਕਰਦੇ ਗਏ। 25 ਉਨ੍ਹਾਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਹਰ ਆਦਮੀ ਨੇ ਹਰ ਵਧੀਆ ਖੇਤ ਵਿਚ ਇਕ-ਇਕ ਪੱਥਰ ਸੁੱਟ ਕੇ ਉਸ ਨੂੰ ਪੱਥਰਾਂ ਨਾਲ ਭਰ ਦਿੱਤਾ; ਉਨ੍ਹਾਂ ਨੇ ਪਾਣੀ ਦੇ ਹਰ ਸੋਮੇ ਨੂੰ ਬੰਦ ਕਰ ਦਿੱਤਾ+ ਅਤੇ ਉਨ੍ਹਾਂ ਨੇ ਹਰ ਵਧੀਆ ਦਰਖ਼ਤ ਨੂੰ ਵੱਢ ਸੁੱਟਿਆ।+ ਅਖ਼ੀਰ ਸਿਰਫ਼ ਕੀਰ-ਹਰਾਸਥ+ ਦੀਆਂ ਪੱਥਰਾਂ ਦੀਆਂ ਕੰਧਾਂ ਹੀ ਖੜ੍ਹੀਆਂ ਰਹਿ ਗਈਆਂ ਅਤੇ ਗੋਪੀਆ ਚਲਾਉਣ ਵਾਲਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ʼਤੇ ਹਮਲਾ ਕਰ ਦਿੱਤਾ।
26 ਜਦੋਂ ਮੋਆਬ ਦੇ ਰਾਜੇ ਨੇ ਦੇਖਿਆ ਕਿ ਉਹ ਯੁੱਧ ਹਾਰ ਗਿਆ ਹੈ, ਤਾਂ ਉਸ ਨੇ ਆਪਣੇ ਨਾਲ ਤਲਵਾਰਾਂ ਨਾਲ ਲੈਸ 700 ਬੰਦਿਆਂ ਨੂੰ ਲਿਆ ਅਤੇ ਫ਼ੌਜ ਨੂੰ ਚੀਰਦੇ ਹੋਏ ਅਦੋਮ ਦੇ ਰਾਜੇ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ;+ ਪਰ ਉਹ ਪਹੁੰਚ ਨਾ ਪਾਏ। 27 ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਲਿਆ ਜਿਸ ਨੇ ਉਸ ਦੀ ਜਗ੍ਹਾ ਰਾਜਾ ਬਣਨਾ ਸੀ ਅਤੇ ਕੰਧ ਉੱਤੇ ਉਸ ਦੀ ਹੋਮ-ਬਲ਼ੀ ਚੜ੍ਹਾ ਦਿੱਤੀ।+ ਇਜ਼ਰਾਈਲ ਖ਼ਿਲਾਫ਼ ਬਹੁਤ ਕ੍ਰੋਧ ਭੜਕਿਆ ਜਿਸ ਕਰਕੇ ਉਹ ਉਸ ਤੋਂ ਪਿੱਛੇ ਹਟ ਗਏ ਅਤੇ ਆਪਣੇ ਦੇਸ਼ ਵਾਪਸ ਮੁੜ ਗਏ।