ਦੂਜਾ ਰਾਜਿਆਂ
4 ਹੁਣ ਨਬੀਆਂ ਦੇ ਪੁੱਤਰਾਂ+ ਦੀਆਂ ਪਤਨੀਆਂ ਵਿੱਚੋਂ ਇਕ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ: “ਤੇਰਾ ਸੇਵਕ, ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੇਰਾ ਸੇਵਕ ਹਮੇਸ਼ਾ ਯਹੋਵਾਹ ਦਾ ਡਰ ਮੰਨਦਾ ਸੀ।+ ਹੁਣ ਇਕ ਲੈਣਦਾਰ ਮੇਰੇ ਦੋਹਾਂ ਬੱਚਿਆਂ ਨੂੰ ਆਪਣੇ ਗ਼ੁਲਾਮ ਬਣਾ ਕੇ ਲਿਜਾਣ ਆਇਆ ਹੈ।” 2 ਇਹ ਸੁਣ ਕੇ ਅਲੀਸ਼ਾ ਨੇ ਉਸ ਨੂੰ ਕਿਹਾ: “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ? ਮੈਨੂੰ ਦੱਸ, ਤੇਰੇ ਘਰ ਵਿਚ ਕੀ ਕੁਝ ਹੈ?” ਉਸ ਨੇ ਜਵਾਬ ਦਿੱਤਾ: “ਤੇਰੀ ਦਾਸੀ ਦੇ ਘਰ ਤੇਲ ਦੀ ਇਕ ਕੁੱਪੀ* ਤੋਂ ਸਿਵਾਇ ਹੋਰ ਕੁਝ ਵੀ ਨਹੀਂ।”+ 3 ਫਿਰ ਉਸ ਨੇ ਕਿਹਾ: “ਜਾਹ, ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲਿਆ। ਥੋੜ੍ਹੇ ਜਿਹੇ ਨਾ ਲਿਆਈਂ। 4 ਫਿਰ ਤੂੰ ਆਪਣੇ ਮੁੰਡਿਆਂ ਨਾਲ ਅੰਦਰ ਜਾਈਂ ਤੇ ਦਰਵਾਜ਼ਾ ਬੰਦ ਕਰ ਲਈਂ। ਇਨ੍ਹਾਂ ਸਾਰੇ ਭਾਂਡਿਆਂ ਨੂੰ ਭਰੀਂ ਤੇ ਭਰ-ਭਰ ਕੇ ਇਕ ਪਾਸੇ ਰੱਖੀ ਜਾਈਂ।” 5 ਉਹ ਉਸ ਕੋਲੋਂ ਚਲੀ ਗਈ।
ਜਦੋਂ ਉਸ ਨੇ ਆਪਣੇ ਮੁੰਡਿਆਂ ਨਾਲ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ, ਤਾਂ ਮੁੰਡੇ ਉਸ ਨੂੰ ਭਾਂਡੇ ਫੜਾਈ ਗਏ ਤੇ ਉਹ ਭਰੀ ਗਈ।+ 6 ਜਦੋਂ ਭਾਂਡੇ ਭਰ ਗਏ, ਤਾਂ ਉਸ ਨੇ ਆਪਣੇ ਇਕ ਮੁੰਡੇ ਨੂੰ ਕਿਹਾ: “ਮੈਨੂੰ ਇਕ ਹੋਰ ਭਾਂਡਾ ਫੜਾ।”+ ਪਰ ਉਸ ਨੇ ਉਸ ਨੂੰ ਕਿਹਾ: “ਹੁਣ ਕੋਈ ਭਾਂਡਾ ਨਹੀਂ ਬਚਿਆ।” ਇਸ ਤੋਂ ਬਾਅਦ ਤੇਲ ਆਉਣਾ ਬੰਦ ਹੋ ਗਿਆ।+ 7 ਫਿਰ ਉਹ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਗਈ ਅਤੇ ਉਸ ਨੂੰ ਇਸ ਬਾਰੇ ਦੱਸਿਆ। ਉਸ ਨੇ ਉਸ ਔਰਤ ਨੂੰ ਕਿਹਾ: “ਜਾਹ, ਤੇਲ ਨੂੰ ਵੇਚ ਕੇ ਆਪਣਾ ਕਰਜ਼ਾ ਲਾਹ ਦੇ ਤੇ ਜੋ ਕੁਝ ਬਚੇਗਾ, ਉਸ ਨਾਲ ਆਪਣਾ ਤੇ ਆਪਣੇ ਪੁੱਤਰਾਂ ਦਾ ਗੁਜ਼ਾਰਾ ਕਰੀਂ।”
8 ਇਕ ਦਿਨ ਅਲੀਸ਼ਾ ਸ਼ੂਨੇਮ+ ਗਿਆ ਜਿੱਥੇ ਇਕ ਮੰਨੀ-ਪ੍ਰਮੰਨੀ ਔਰਤ ਰਹਿੰਦੀ ਸੀ ਅਤੇ ਉਸ ਨੇ ਜ਼ੋਰ ਪਾਇਆ ਕਿ ਉਹ ਉੱਥੇ ਖਾਣਾ ਖਾਵੇ।+ ਉਹ ਜਦੋਂ ਵੀ ਉੱਧਰੋਂ ਦੀ ਲੰਘਦਾ ਸੀ, ਤਾਂ ਉਹ ਉੱਥੇ ਰੁਕ ਕੇ ਖਾਣਾ ਖਾਂਦਾ ਸੀ। 9 ਇਸ ਲਈ ਉਸ ਨੇ ਆਪਣੇ ਪਤੀ ਨੂੰ ਕਿਹਾ: “ਮੈਨੂੰ ਪਤਾ ਹੈ ਕਿ ਇਹ ਬੰਦਾ ਪਰਮੇਸ਼ੁਰ ਦਾ ਪਾਕ ਬੰਦਾ ਹੈ ਜੋ ਅਕਸਰ ਇੱਧਰੋਂ ਦੀ ਲੰਘਦਾ ਹੈ। 10 ਕਿਉਂ ਨਾ ਆਪਾਂ ਛੱਤ ਉੱਪਰ ਇਕ ਛੋਟਾ ਜਿਹਾ ਕਮਰਾ+ ਬਣਾ ਦੇਈਏ? ਉੱਥੇ ਉਸ ਲਈ ਆਪਾਂ ਇਕ ਮੰਜਾ, ਇਕ ਮੇਜ਼, ਇਕ ਕੁਰਸੀ ਤੇ ਇਕ ਸ਼ਮਾਦਾਨ ਰੱਖ ਦਿਆਂਗੇ। ਫਿਰ ਉਹ ਜਦੋਂ ਵੀ ਸਾਡੇ ਕੋਲ ਆਵੇਗਾ, ਤਾਂ ਉੱਥੇ ਰਹਿ ਸਕਦਾ ਹੈ।”+
11 ਇਕ ਦਿਨ ਉਹ ਉੱਥੇ ਆਇਆ ਅਤੇ ਛੱਤ ʼਤੇ ਬਣੇ ਉਸ ਕਮਰੇ ਵਿਚ ਲੰਮਾ ਪੈਣ ਲਈ ਗਿਆ। 12 ਫਿਰ ਉਸ ਨੇ ਆਪਣੇ ਸੇਵਾਦਾਰ ਗੇਹਾਜੀ+ ਨੂੰ ਕਿਹਾ: “ਸ਼ੂਨੰਮੀ+ ਔਰਤ ਨੂੰ ਬੁਲਾ।” ਉਸ ਨੇ ਉਸ ਨੂੰ ਬੁਲਾਇਆ ਤੇ ਉਹ ਉਸ ਅੱਗੇ ਆ ਕੇ ਖੜ੍ਹ ਗਈ। 13 ਫਿਰ ਉਸ ਨੇ ਗੇਹਾਜੀ ਨੂੰ ਕਿਹਾ: “ਕਿਰਪਾ ਕਰ ਕੇ ਉਸ ਨੂੰ ਕਹਿ, ‘ਤੂੰ ਸਾਡੇ ਲਈ ਇੰਨੀ ਖੇਚਲ਼ ਕੀਤੀ ਹੈ।+ ਦੱਸ ਤੇਰੇ ਲਈ ਕੀ ਕੀਤਾ ਜਾਵੇ?+ ਕੀ ਤੇਰੇ ਵਾਸਤੇ ਮੈਂ ਰਾਜੇ ਜਾਂ ਫ਼ੌਜ ਦੇ ਮੁਖੀ ਨਾਲ ਗੱਲ ਕਰਾਂ?’”+ ਪਰ ਉਸ ਦਾ ਜਵਾਬ ਸੀ: “ਨਹੀਂ, ਮੈਨੂੰ ਕੋਈ ਪਰੇਸ਼ਾਨੀ ਨਹੀਂ, ਮੈਂ ਆਪਣੇ ਹੀ ਲੋਕਾਂ ਵਿਚ ਤਾਂ ਰਹਿ ਰਹੀ ਹਾਂ।” 14 ਇਸ ਲਈ ਉਸ ਨੇ ਕਿਹਾ: “ਤਾਂ ਫਿਰ ਉਸ ਲਈ ਕੀ ਕੀਤਾ ਜਾ ਸਕਦਾ ਹੈ?” ਗੇਹਾਜੀ ਨੇ ਕਿਹਾ: “ਉਸ ਦਾ ਕੋਈ ਪੁੱਤਰ ਨਹੀਂ ਹੈ+ ਤੇ ਉਸ ਦਾ ਪਤੀ ਬੁੱਢਾ ਹੋ ਗਿਆ ਹੈ।” 15 ਉਸ ਨੇ ਤੁਰੰਤ ਕਿਹਾ: “ਉਸ ਨੂੰ ਬੁਲਾ।” ਉਸ ਨੇ ਉਸ ਔਰਤ ਨੂੰ ਬੁਲਾਇਆ ਤੇ ਉਹ ਦਰਵਾਜ਼ੇ ਵਿਚ ਖੜ੍ਹ ਗਈ। 16 ਫਿਰ ਉਸ ਨੇ ਕਿਹਾ: “ਅਗਲੇ ਸਾਲ ਇਸੇ ਸਮੇਂ ਤੇਰੀ ਗੋਦ ਵਿਚ ਇਕ ਪੁੱਤਰ ਹੋਵੇਗਾ।”+ ਪਰ ਉਸ ਨੇ ਕਿਹਾ: “ਨਹੀਂ, ਮੇਰੇ ਮਾਲਕ, ਸੱਚੇ ਪਰਮੇਸ਼ੁਰ ਦੇ ਬੰਦੇ! ਤੂੰ ਆਪਣੀ ਦਾਸੀ ਨਾਲ ਝੂਠ ਨਾ ਬੋਲ।”
17 ਪਰ ਉਹ ਔਰਤ ਗਰਭਵਤੀ ਹੋਈ ਤੇ ਉਸ ਨੇ ਅਗਲੇ ਸਾਲ ਉਸੇ ਸਮੇਂ ਇਕ ਪੁੱਤਰ ਨੂੰ ਜਨਮ ਦਿੱਤਾ, ਠੀਕ ਜਿਵੇਂ ਅਲੀਸ਼ਾ ਨੇ ਉਸ ਨੂੰ ਕਿਹਾ ਸੀ। 18 ਬੱਚਾ ਵੱਡਾ ਹੋ ਗਿਆ ਤੇ ਉਹ ਇਕ ਦਿਨ ਆਪਣੇ ਪਿਤਾ ਕੋਲ ਗਿਆ ਜੋ ਵਾਢਿਆਂ ਦੇ ਨਾਲ ਸੀ। 19 ਉਹ ਆਪਣੇ ਪਿਤਾ ਨੂੰ ਵਾਰ-ਵਾਰ ਕਹਿ ਰਿਹਾ ਸੀ: “ਹਾਇ ਮੇਰਾ ਸਿਰ, ਹਾਇ ਮੇਰਾ ਸਿਰ!” ਫਿਰ ਉਸ ਦੇ ਪਿਤਾ ਨੇ ਸੇਵਾਦਾਰ ਨੂੰ ਕਿਹਾ: “ਇਹਨੂੰ ਇਹਦੀ ਮਾਂ ਕੋਲ ਲੈ ਜਾ।” 20 ਇਸ ਲਈ ਉਹ ਉਸ ਨੂੰ ਚੁੱਕ ਕੇ ਉਸ ਦੀ ਮਾਂ ਕੋਲ ਲੈ ਗਿਆ ਅਤੇ ਮੁੰਡਾ ਦੁਪਹਿਰ ਤਕ ਉਸ ਦੀ ਗੋਦੀ ਵਿਚ ਬੈਠਾ ਰਿਹਾ ਤੇ ਫਿਰ ਮਰ ਗਿਆ।+ 21 ਫਿਰ ਉਹ ਉੱਪਰ ਗਈ ਤੇ ਉਸ ਨੂੰ ਸੱਚੇ ਪਰਮੇਸ਼ੁਰ ਦੇ ਬੰਦੇ ਦੇ ਮੰਜੇ ਉੱਤੇ ਪਾ ਦਿੱਤਾ+ ਅਤੇ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਚਲੀ ਗਈ। 22 ਉਸ ਨੇ ਆਪਣੇ ਪਤੀ ਨੂੰ ਸੱਦਿਆ ਤੇ ਕਿਹਾ: “ਕਿਰਪਾ ਕਰ ਕੇ ਇਕ ਸੇਵਾਦਾਰ ਅਤੇ ਇਕ ਗਧਾ ਮੇਰੇ ਕੋਲ ਭੇਜ ਤਾਂਕਿ ਮੈਂ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਫਟਾਫਟ ਜਾਵਾਂ ਤੇ ਮੁੜ ਆਵਾਂ।” 23 ਪਰ ਉਸ ਨੇ ਕਿਹਾ: “ਤੂੰ ਅੱਜ ਉਸ ਨੂੰ ਕਿਉਂ ਮਿਲਣ ਜਾ ਰਹੀ ਹੈਂ? ਅੱਜ ਨਾ ਤਾਂ ਮੱਸਿਆ*+ ਹੈ ਤੇ ਨਾ ਹੀ ਸਬਤ।” ਉਸ ਨੇ ਜਵਾਬ ਦਿੱਤਾ: “ਸਭ ਠੀਕ ਹੈ।” 24 ਉਸ ਨੇ ਗਧੇ ʼਤੇ ਕਾਠੀ ਪਾਈ ਅਤੇ ਆਪਣੇ ਸੇਵਾਦਾਰ ਨੂੰ ਕਿਹਾ: “ਫਟਾਫਟ ਚੱਲ। ਜਦ ਤਕ ਮੈਂ ਨਾ ਕਹਾਂ, ਤੂੰ ਹੌਲੀ ਨਾ ਹੋਵੀਂ।”
25 ਉਹ ਕਰਮਲ ਪਹਾੜ ʼਤੇ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਗਈ। ਜਿਉਂ ਹੀ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਦੂਰੋਂ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਸੇਵਾਦਾਰ ਗੇਹਾਜੀ ਨੂੰ ਕਿਹਾ: “ਔਹ ਦੇਖ, ਸ਼ੂਨੰਮੀ ਔਰਤ! 26 ਕਿਰਪਾ ਕਰ ਕੇ ਉਸ ਕੋਲ ਭੱਜ ਕੇ ਜਾਹ ਤੇ ਉਸ ਤੋਂ ਪੁੱਛ, ‘ਕੀ ਤੂੰ ਠੀਕ ਹੈਂ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’” ਉਸ ਔਰਤ ਨੇ ਜਵਾਬ ਦਿੱਤਾ: “ਸਭ ਠੀਕ ਹੈ।” 27 ਪਹਾੜ ʼਤੇ ਸੱਚੇ ਪਰਮੇਸ਼ੁਰ ਦੇ ਬੰਦੇ ਕੋਲ ਪਹੁੰਚਦਿਆਂ ਹੀ ਉਸ ਨੇ ਉਸ ਦੇ ਪੈਰ ਫੜ ਲਏ।+ ਇਹ ਦੇਖ ਕੇ ਗੇਹਾਜੀ ਉਸ ਨੂੰ ਪਰੇ ਕਰਨ ਲਈ ਉਸ ਦੇ ਨੇੜੇ ਗਿਆ, ਪਰ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਕਿਹਾ: “ਉਸ ਨੂੰ ਕੁਝ ਨਾ ਕਹਿ ਕਿਉਂਕਿ ਉਹ ਬਹੁਤ ਦੁਖੀ ਹੈ।* ਯਹੋਵਾਹ ਨੇ ਮੇਰੇ ਕੋਲੋਂ ਇਹ ਗੱਲ ਲੁਕਾਈ ਤੇ ਮੈਨੂੰ ਦੱਸਿਆ ਨਹੀਂ।” 28 ਫਿਰ ਉਸ ਨੇ ਕਿਹਾ: “ਕੀ ਮੈਂ ਆਪਣੇ ਪ੍ਰਭੂ ਤੋਂ ਪੁੱਤਰ ਮੰਗਿਆ ਸੀ? ਕੀ ਮੈਂ ਨਹੀਂ ਸੀ ਕਿਹਾ, ‘ਤੂੰ ਮੈਨੂੰ ਝੂਠੀ ਉਮੀਦ ਨਾ ਦੇ’?”+
29 ਉਸੇ ਵੇਲੇ ਉਸ ਨੇ ਗੇਹਾਜੀ ਨੂੰ ਕਿਹਾ: “ਆਪਣੇ ਕੱਪੜੇ ਆਪਣੇ ਲੱਕ ਦੁਆਲੇ ਬੰਨ੍ਹ+ ਤੇ ਆਪਣੇ ਹੱਥ ਵਿਚ ਮੇਰੀ ਲਾਠੀ ਲੈ ਤੇ ਜਾਹ। ਜੇ ਤੈਨੂੰ ਰਾਹ ਵਿਚ ਕੋਈ ਮਿਲਿਆ, ਤਾਂ ਉਸ ਨੂੰ ਨਮਸਕਾਰ ਨਾ ਕਰੀਂ; ਜੇ ਕਿਸੇ ਨੇ ਤੈਨੂੰ ਨਮਸਕਾਰ ਕੀਤੀ, ਤਾਂ ਤੂੰ ਉਸ ਨੂੰ ਜਵਾਬ ਨਾ ਦੇਈਂ। ਜਾਹ ਤੇ ਮੇਰੀ ਲਾਠੀ ਮੁੰਡੇ ਦੇ ਚਿਹਰੇ ʼਤੇ ਰੱਖ ਦੇਈਂ।” 30 ਇਹ ਸੁਣ ਕੇ ਮੁੰਡੇ ਦੀ ਮਾਂ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਤੇ ਤੇਰੀ ਜਾਨ ਦੀ ਸਹੁੰ, ਮੈਂ ਤੇਰੇ ਬਗੈਰ ਨਹੀਂ ਜਾਣਾ।”+ ਇਸ ਲਈ ਉਹ ਉੱਠਿਆ ਤੇ ਉਸ ਨਾਲ ਚਲਾ ਗਿਆ। 31 ਗੇਹਾਜੀ ਉਨ੍ਹਾਂ ਦੇ ਅੱਗੇ-ਅੱਗੇ ਚਲਾ ਗਿਆ ਤੇ ਉਸ ਨੇ ਲਾਠੀ ਮੁੰਡੇ ਦੇ ਚਿਹਰੇ ʼਤੇ ਰੱਖ ਦਿੱਤੀ, ਪਰ ਉਹ ਹਿੱਲਿਆ ਨਹੀਂ ਤੇ ਨਾ ਹੀ ਕੁਝ ਬੋਲਿਆ।+ ਉਹ ਵਾਪਸ ਅਲੀਸ਼ਾ ਕੋਲ ਗਿਆ ਤੇ ਉਸ ਨੂੰ ਕਿਹਾ: “ਮੁੰਡਾ ਉੱਠਿਆ ਨਹੀਂ।”
32 ਜਦੋਂ ਅਲੀਸ਼ਾ ਘਰ ਵਿਚ ਆਇਆ, ਤਾਂ ਮੁੰਡਾ ਉਸ ਦੇ ਮੰਜੇ ʼਤੇ ਮਰਿਆ ਪਿਆ ਸੀ।+ 33 ਉਹ ਅੰਦਰ ਗਿਆ ਤੇ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ।+ 34 ਫਿਰ ਉਹ ਮੰਜੇ ʼਤੇ ਚੜ੍ਹ ਗਿਆ ਅਤੇ ਬੱਚੇ ਉੱਤੇ ਲੰਮਾ ਪੈ ਗਿਆ, ਉਸ ਨੇ ਆਪਣਾ ਮੂੰਹ ਮੁੰਡੇ ਦੇ ਮੂੰਹ ʼਤੇ ਰੱਖਿਆ, ਆਪਣੀਆਂ ਅੱਖਾਂ ਉਸ ਦੀਆਂ ਅੱਖਾਂ ਉੱਤੇ ਅਤੇ ਆਪਣੀਆਂ ਹਥੇਲੀਆਂ ਉਸ ਦੀਆਂ ਹਥੇਲੀਆਂ ਉੱਤੇ ਰੱਖੀਆਂ ਤੇ ਉਸ ਉੱਤੇ ਪਸਰਿਆ ਰਿਹਾ ਅਤੇ ਬੱਚੇ ਦਾ ਸਰੀਰ ਨਿੱਘਾ ਹੋਣ ਲੱਗ ਪਿਆ।+ 35 ਉਹ ਘਰ ਵਿਚ ਇੱਧਰ-ਉੱਧਰ ਤੁਰਨ ਲੱਗਾ। ਉਹ ਫਿਰ ਤੋਂ ਮੰਜੇ ਉੱਤੇ ਚੜ੍ਹ ਗਿਆ ਤੇ ਮੁੰਡੇ ਉੱਤੇ ਪਸਰ ਗਿਆ। ਮੁੰਡੇ ਨੇ ਸੱਤ ਵਾਰੀ ਛਿੱਕਾਂ ਮਾਰੀਆਂ ਤੇ ਉਸ ਤੋਂ ਬਾਅਦ ਆਪਣੀਆਂ ਅੱਖਾਂ ਖੋਲ੍ਹ ਲਈਆਂ।+ 36 ਫਿਰ ਅਲੀਸ਼ਾ ਨੇ ਗੇਹਾਜੀ ਨੂੰ ਬੁਲਾ ਕੇ ਕਿਹਾ: “ਸ਼ੂਨੰਮੀ ਔਰਤ ਨੂੰ ਬੁਲਾ।” ਉਸ ਨੇ ਉਸ ਔਰਤ ਨੂੰ ਬੁਲਾਇਆ ਤੇ ਉਹ ਉਸ ਕੋਲ ਅੰਦਰ ਆਈ। ਫਿਰ ਉਸ ਨੇ ਕਿਹਾ: “ਆਪਣੇ ਪੁੱਤਰ ਨੂੰ ਚੁੱਕ ਲੈ।”+ 37 ਉਹ ਅੰਦਰ ਆਈ ਤੇ ਉਸ ਦੇ ਪੈਰੀਂ ਪੈ ਗਈ ਅਤੇ ਉਸ ਅੱਗੇ ਜ਼ਮੀਨ ਤਕ ਸਿਰ ਝੁਕਾਇਆ। ਉਸ ਤੋਂ ਬਾਅਦ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਬਾਹਰ ਚਲੀ ਗਈ।
38 ਜਦੋਂ ਅਲੀਸ਼ਾ ਗਿਲਗਾਲ ਵਾਪਸ ਆਇਆ, ਤਾਂ ਦੇਸ਼ ਵਿਚ ਕਾਲ਼ ਪਿਆ ਹੋਇਆ ਸੀ।+ ਨਬੀਆਂ ਦੇ ਪੁੱਤਰ+ ਉਸ ਦੇ ਸਾਮ੍ਹਣੇ ਬੈਠੇ ਹੋਏ ਸਨ ਤੇ ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ:+ “ਇਕ ਵੱਡਾ ਸਾਰਾ ਪਤੀਲਾ ਚਾੜ੍ਹ ਤੇ ਨਬੀਆਂ ਦੇ ਪੁੱਤਰਾਂ ਲਈ ਤਰੀ ਬਣਾ।” 39 ਇਸ ਲਈ ਉਨ੍ਹਾਂ ਵਿੱਚੋਂ ਇਕ ਜਣਾ ਖੇਤ ਵਿੱਚੋਂ ਜੜ੍ਹੀ-ਬੂਟੀਆਂ ਲੈਣ ਗਿਆ ਤੇ ਉਸ ਨੂੰ ਇਕ ਜੰਗਲੀ ਵੇਲ ਮਿਲੀ। ਉਸ ਨੇ ਇਸ ਤੋਂ ਜੰਗਲੀ ਕੱਦੂ ਤੋੜ ਕੇ ਆਪਣੀ ਝੋਲ਼ੀ ਭਰ ਲਈ। ਫਿਰ ਉਹ ਵਾਪਸ ਆ ਗਿਆ ਤੇ ਇਨ੍ਹਾਂ ਨੂੰ ਕੱਟ ਕੇ ਪਤੀਲੇ ਵਿਚ ਪਾ ਦਿੱਤਾ। ਉਸ ਨੂੰ ਪਤਾ ਨਹੀਂ ਸੀ ਕਿ ਇਹ ਕੀ ਸਨ। 40 ਬਾਅਦ ਵਿਚ ਉਨ੍ਹਾਂ ਨੇ ਤਰੀ ਆਦਮੀਆਂ ਅੱਗੇ ਪਰੋਸੀ, ਪਰ ਇਸ ਨੂੰ ਪੀਂਦਿਆਂ ਸਾਰ ਉਹ ਉੱਚੀ-ਉੱਚੀ ਕਹਿਣ ਲੱਗੇ: “ਹੇ ਸੱਚੇ ਪਰਮੇਸ਼ੁਰ ਦੇ ਬੰਦਿਆ, ਪਤੀਲੇ ਵਿਚ ਮੌਤ ਹੈ ਮੌਤ।” ਉਹ ਇਸ ਨੂੰ ਪੀ ਨਾ ਸਕੇ। 41 ਇਸ ਲਈ ਉਸ ਨੇ ਕਿਹਾ: “ਥੋੜ੍ਹਾ ਜਿਹਾ ਆਟਾ ਲਿਆਓ।” ਇਸ ਨੂੰ ਪਤੀਲੇ ਵਿਚ ਸੁੱਟਣ ਤੋਂ ਬਾਅਦ ਉਸ ਨੇ ਕਿਹਾ: “ਇਹ ਲੋਕਾਂ ਅੱਗੇ ਪਰੋਸੋ।” ਹੁਣ ਪਤੀਲੇ ਵਿਚ ਕੁਝ ਵੀ ਨੁਕਸਾਨਦੇਹ ਨਹੀਂ ਸੀ।+
42 ਬਆਲ-ਸ਼ਲੀਸ਼ਾਹ+ ਤੋਂ ਇਕ ਆਦਮੀ ਆਇਆ ਤੇ ਉਹ ਸੱਚੇ ਪਰਮੇਸ਼ੁਰ ਦੇ ਬੰਦੇ ਲਈ ਜੌਆਂ ਦੀਆਂ 20 ਰੋਟੀਆਂ+ ਲਿਆਇਆ ਜੋ ਪੱਕੀ ਹੋਈ ਫ਼ਸਲ ਦੇ ਪਹਿਲੇ ਫਲ ਦੀਆਂ ਬਣੀਆਂ ਹੋਈਆਂ ਸਨ। ਨਾਲੇ ਉਹ ਨਵੇਂ ਅਨਾਜ ਦਾ ਇਕ ਥੈਲਾ ਵੀ ਲਿਆਇਆ।+ ਫਿਰ ਅਲੀਸ਼ਾ ਨੇ ਕਿਹਾ: “ਇਹ ਲੋਕਾਂ ਨੂੰ ਦੇ ਤਾਂਕਿ ਉਹ ਖਾਣ।” 43 ਪਰ ਉਸ ਦੇ ਸੇਵਾਦਾਰ ਨੇ ਕਿਹਾ: “ਮੈਂ 100 ਆਦਮੀਆਂ ਅੱਗੇ ਇਹ ਕਿਵੇਂ ਰੱਖ ਸਕਦਾ ਹਾਂ?”+ ਇਹ ਸੁਣ ਕੇ ਉਸ ਨੇ ਕਿਹਾ: “ਤੂੰ ਇਹ ਲੋਕਾਂ ਨੂੰ ਖਾਣ ਨੂੰ ਦੇ ਕਿਉਂਕਿ ਯਹੋਵਾਹ ਇਹ ਕਹਿੰਦਾ ਹੈ, ‘ਉਹ ਖਾਣਗੇ ਤੇ ਕੁਝ ਬਚ ਵੀ ਜਾਵੇਗਾ।’”+ 44 ਇਸ ਲਈ ਉਸ ਨੇ ਖਾਣਾ ਉਨ੍ਹਾਂ ਅੱਗੇ ਪਰੋਸਿਆ ਤੇ ਉਨ੍ਹਾਂ ਨੇ ਖਾਧਾ ਅਤੇ ਕੁਝ ਬਚ ਵੀ ਗਿਆ,+ ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।