ਜ਼ਕਰਯਾਹ
12 ਇਕ ਗੰਭੀਰ ਸੰਦੇਸ਼:
“ਇਜ਼ਰਾਈਲ ਬਾਰੇ ਯਹੋਵਾਹ ਦਾ ਸੰਦੇਸ਼।”
ਯਹੋਵਾਹ ਨੇ ਆਕਾਸ਼ ਨੂੰ ਤਾਣਿਆ ਹੈ,+
ਉਸ ਨੇ ਧਰਤੀ ਦੀ ਨੀਂਹ ਰੱਖੀ ਹੈ+
ਅਤੇ ਇਨਸਾਨ ਵਿਚ ਸਾਹ ਪਾਇਆ ਹੈ, ਉਹ ਐਲਾਨ ਕਰਦਾ ਹੈ:
2 “ਮੈਂ ਯਰੂਸ਼ਲਮ ਨੂੰ ਪਿਆਲਾ* ਬਣਾਵਾਂਗਾ ਜਿਸ ਵਿੱਚੋਂ ਪੀ ਕੇ ਆਲੇ-ਦੁਆਲੇ ਦੇ ਸਾਰੇ ਲੋਕ ਲੜਖੜਾਉਣਗੇ; ਅਤੇ ਯਹੂਦਾਹ ਤੇ ਯਰੂਸ਼ਲਮ ਨੂੰ ਘੇਰਾ ਪਾਇਆ ਜਾਵੇਗਾ।+ 3 ਉਸ ਦਿਨ ਮੈਂ ਯਰੂਸ਼ਲਮ ਨੂੰ ਸਾਰੇ ਲੋਕਾਂ ਲਈ ਇਕ ਭਾਰਾ ਪੱਥਰ ਬਣਾਵਾਂਗਾ। ਜਿਹੜੇ ਵੀ ਲੋਕ ਉਸ ਨੂੰ ਚੁੱਕਣਗੇ, ਉਹ ਸਾਰੇ ਬੁਰੀ ਤਰ੍ਹਾਂ ਜ਼ਖ਼ਮੀ ਹੋਣਗੇ;+ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਖ਼ਿਲਾਫ਼ ਇਕੱਠੀਆਂ ਹੋਣਗੀਆਂ।+ 4 ਉਸ ਦਿਨ,” ਯਹੋਵਾਹ ਕਹਿੰਦਾ ਹੈ, “ਮੈਂ ਘੋੜਿਆਂ ਵਿਚ ਹਫੜਾ-ਦਫੜੀ ਮਚਾ ਦੇਵਾਂਗਾ ਅਤੇ ਇਨ੍ਹਾਂ ਦੇ ਸਵਾਰਾਂ ਨੂੰ ਪਾਗਲ ਕਰ ਦੇਵਾਂਗਾ। ਮੈਂ ਆਪਣੀਆਂ ਨਜ਼ਰਾਂ ਯਹੂਦਾਹ ਦੇ ਘਰਾਣੇ ਉੱਤੇ ਰੱਖਾਂਗਾ, ਪਰ ਮੈਂ ਕੌਮਾਂ ਦੇ ਹਰ ਘੋੜੇ ਨੂੰ ਅੰਨ੍ਹਾ ਕਰ ਦੇਵਾਂਗਾ। 5 ਯਹੂਦਾਹ ਦੇ ਸ਼ੇਖ਼* ਆਪਣੇ ਦਿਲ ਵਿਚ ਕਹਿਣਗੇ, ‘ਯਰੂਸ਼ਲਮ ਦੇ ਵਾਸੀ ਆਪਣੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਕਰਕੇ ਮੇਰੀ ਤਾਕਤ ਹਨ।’+ 6 ਉਸ ਦਿਨ ਮੈਂ ਯਹੂਦਾਹ ਦੇ ਸ਼ੇਖ਼ਾਂ ਨੂੰ ਲੱਕੜਾਂ ਵਿਚਕਾਰ ਬਲ਼ਦੀ ਅੰਗੀਠੀ ਵਾਂਗ ਅਤੇ ਫ਼ਸਲ ਦੀਆਂ ਭਰੀਆਂ ਵਿਚਕਾਰ ਬਲ਼ਦੀ ਮਸ਼ਾਲ ਵਾਂਗ ਬਣਾਵਾਂਗਾ।+ ਉਹ ਸੱਜੇ ਅਤੇ ਖੱਬੇ ਪਾਸੇ ਦੇ ਸਾਰੇ ਲੋਕਾਂ ਨੂੰ ਭਸਮ ਕਰ ਦੇਣਗੇ;+ ਅਤੇ ਯਰੂਸ਼ਲਮ ਦੇ ਵਾਸੀ ਦੁਬਾਰਾ ਆਪਣੀ ਜਗ੍ਹਾ,* ਹਾਂ, ਯਰੂਸ਼ਲਮ ਵਿਚ ਵੱਸਣਗੇ।+
7 “ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਏਗਾ ਤਾਂਕਿ ਦਾਊਦ ਦੇ ਘਰਾਣੇ ਦੀ ਸ਼ਾਨ ਅਤੇ ਯਰੂਸ਼ਲਮ ਦੇ ਵਾਸੀਆਂ ਦੀ ਸ਼ਾਨ ਯਹੂਦਾਹ ਨਾਲੋਂ ਜ਼ਿਆਦਾ ਨਾ ਹੋਵੇ। 8 ਉਸ ਦਿਨ ਯਹੋਵਾਹ ਢਾਲ ਵਾਂਗ ਯਰੂਸ਼ਲਮ ਦੇ ਵਾਸੀਆਂ ਦੀ ਰਾਖੀ ਕਰੇਗਾ;+ ਉਸ ਦਿਨ ਉਨ੍ਹਾਂ ਵਿੱਚੋਂ ਠੋਕਰ ਖਾਣ ਵਾਲਾ* ਦਾਊਦ ਵਰਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ, ਹਾਂ, ਯਹੋਵਾਹ ਦੇ ਦੂਤ ਵਰਗਾ ਹੋਵੇਗਾ ਜੋ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਹੈ।+ 9 ਉਸ ਦਿਨ ਮੈਂ ਯਰੂਸ਼ਲਮ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ਼ ਕਰ ਕੇ ਹੀ ਰਹਾਂਗਾ।+
10 “ਮੈਂ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਮਿਹਰ ਕਰ ਕੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ ਅਤੇ ਲੋਕ ਮੇਰੇ ਅੱਗੇ ਬੇਨਤੀਆਂ ਕਰਨਗੇ। ਉਹ ਉਸ ਨੂੰ ਦੇਖਣਗੇ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ+ ਅਤੇ ਉਹ ਉਸ ʼਤੇ ਕੀਰਨੇ ਪਾਉਣਗੇ ਜਿਵੇਂ ਕਿ ਉਹ ਇਕਲੌਤੇ ਪੁੱਤਰ ਦੀ ਮੌਤ ʼਤੇ ਕੀਰਨੇ ਪਾ ਰਹੇ ਹੋਣ; ਅਤੇ ਉਹ ਉਸ ਲਈ ਰੋਣ-ਕੁਰਲਾਉਣਗੇ ਜਿਵੇਂ ਕਿ ਉਹ ਜੇਠੇ ਪੁੱਤਰ ਦੀ ਮੌਤ ʼਤੇ ਰੋਂਦੇ-ਕੁਰਲਾਉਂਦੇ ਹੋਣ। 11 ਉਸ ਦਿਨ ਯਰੂਸ਼ਲਮ ਵਿਚ ਇੰਨੇ ਵੈਣ ਪਾਏ ਜਾਣਗੇ ਜਿੰਨੇ ਮਗਿੱਦੋ ਦੇ ਮੈਦਾਨੀ ਇਲਾਕੇ ਹਦਦਰਿੰਮੋਨ ਵਿਚ ਪਾਏ ਗਏ ਸਨ।+ 12 ਸਾਰਾ ਦੇਸ਼ ਵੈਣ ਪਾਵੇਗਾ, ਹਰ ਪਰਿਵਾਰ ਅਲੱਗ-ਅਲੱਗ ਰੋਵੇਗਾ; ਦਾਊਦ ਦਾ ਘਰਾਣਾ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; ਨਾਥਾਨ ਦਾ ਘਰਾਣਾ+ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; 13 ਲੇਵੀ ਦਾ ਘਰਾਣਾ+ ਅਲੱਗ ਅਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; ਸ਼ਿਮਈ ਦਾ ਪਰਿਵਾਰ+ ਅਲੱਗ ਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ; 14 ਅਤੇ ਬਾਕੀ ਸਾਰੇ ਪਰਿਵਾਰ ਅਲੱਗ ਤੇ ਉਨ੍ਹਾਂ ਦੀਆਂ ਤੀਵੀਆਂ ਅਲੱਗ ਰੋਣ-ਕੁਰਲਾਉਣਗੀਆਂ।