ਰੋਮੀਆਂ ਨੂੰ ਚਿੱਠੀ
14 ਕਮਜ਼ੋਰ ਨਿਹਚਾ ਵਾਲੇ ਇਨਸਾਨ ਨੂੰ ਕਬੂਲ ਕਰੋ,+ ਪਰ ਉਸ ਦੇ ਨਿੱਜੀ ਵਿਚਾਰਾਂ ਕਰਕੇ ਉਸ ਨੂੰ ਦੋਸ਼ੀ ਨਾ ਠਹਿਰਾਓ। 2 ਇਕ ਇਨਸਾਨ ਆਪਣੀ ਨਿਹਚਾ ਕਰਕੇ ਸਾਰਾ ਕੁਝ ਖਾਂਦਾ ਹੈ, ਪਰ ਜਿਸ ਦੀ ਨਿਹਚਾ ਕਮਜ਼ੋਰ ਹੈ, ਉਹ ਸਬਜ਼ੀਆਂ ਹੀ ਖਾਂਦਾ ਹੈ। 3 ਸਾਰਾ ਕੁਝ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਨਹੀਂ ਖਾਂਦਾ। ਇਸੇ ਤਰ੍ਹਾਂ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਉਸ ਇਨਸਾਨ ਨੂੰ ਤੁੱਛ ਨਾ ਸਮਝੇ ਜਿਹੜਾ ਸਾਰਾ ਕੁਝ ਖਾਂਦਾ ਹੈ+ ਕਿਉਂਕਿ ਪਰਮੇਸ਼ੁਰ ਉਸ ਇਨਸਾਨ ਨੂੰ ਵੀ ਕਬੂਲ ਕਰਦਾ ਹੈ। 4 ਤੂੰ ਕਿਸੇ ਹੋਰ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?+ ਇਹ ਫ਼ੈਸਲਾ ਕਰਨ ਦਾ ਹੱਕ ਮਾਲਕ ਦਾ ਹੈ ਕਿ ਉਸ ਦਾ ਨੌਕਰ ਉਸ ਅੱਗੇ ਖੜ੍ਹਨ ਦੇ ਯੋਗ ਹੈ ਜਾਂ ਨਹੀਂ।+ ਉਸ ਨੂੰ ਖੜ੍ਹਾ ਕੀਤਾ ਜਾਵੇਗਾ ਕਿਉਂਕਿ ਯਹੋਵਾਹ* ਉਸ ਨੂੰ ਖੜ੍ਹਾ ਕਰ ਸਕਦਾ ਹੈ।
5 ਕੋਈ ਇਨਸਾਨ ਇਕ ਦਿਨ ਨੂੰ ਦੂਸਰੇ ਦਿਨਾਂ ਨਾਲੋਂ ਖ਼ਾਸ ਸਮਝਦਾ ਹੈ,+ ਪਰ ਕੋਈ ਹੋਰ ਇਨਸਾਨ ਸਾਰੇ ਦਿਨਾਂ ਨੂੰ ਬਰਾਬਰ ਸਮਝਦਾ ਹੈ।+ ਹਰ ਇਨਸਾਨ ਨੇ ਆਪਣੇ ਮਨ ਵਿਚ ਜੋ ਵੀ ਫ਼ੈਸਲਾ ਕੀਤਾ ਹੈ, ਉਸ ਉੱਤੇ ਪੂਰਾ ਯਕੀਨ ਰੱਖੇ। 6 ਜਿਹੜਾ ਇਨਸਾਨ ਕਿਸੇ ਦਿਨ ਨੂੰ ਖ਼ਾਸ ਸਮਝਦਾ ਹੈ, ਉਹ ਯਹੋਵਾਹ* ਲਈ ਇਸ ਨੂੰ ਖ਼ਾਸ ਸਮਝਦਾ ਹੈ। ਇਸੇ ਤਰ੍ਹਾਂ ਸਾਰਾ ਕੁਝ ਖਾਣ ਵਾਲਾ ਇਨਸਾਨ ਯਹੋਵਾਹ* ਲਈ ਖਾਂਦਾ ਹੈ ਕਿਉਂਕਿ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ;+ ਸਾਰਾ ਕੁਝ ਨਾ ਖਾਣ ਵਾਲਾ ਇਨਸਾਨ ਯਹੋਵਾਹ* ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।+ 7 ਅਸਲ ਵਿਚ, ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਨਹੀਂ ਜੀਉਂਦਾ+ ਅਤੇ ਨਾ ਹੀ ਕੋਈ ਆਪਣੇ ਲਈ ਮਰਦਾ ਹੈ। 8 ਜੇ ਅਸੀਂ ਜੀਉਂਦੇ ਹਾਂ, ਤਾਂ ਯਹੋਵਾਹ* ਲਈ ਜੀਉਂਦੇ ਹਾਂ+ ਅਤੇ ਜੇ ਅਸੀਂ ਮਰਦੇ ਹਾਂ, ਤਾਂ ਯਹੋਵਾਹ* ਲਈ ਮਰਦੇ ਹਾਂ। ਇਸ ਲਈ ਭਾਵੇਂ ਅਸੀਂ ਜੀਉਂਦੇ ਰਹੀਏ ਜਾਂ ਮਰੀਏ, ਅਸੀਂ ਯਹੋਵਾਹ* ਦੇ ਹੀ ਹਾਂ।+ 9 ਮਸੀਹ ਇਸੇ ਕਰਕੇ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ ਦਾ ਪ੍ਰਭੂ ਬਣੇ।+
10 ਪਰ ਤੂੰ ਆਪਣੇ ਭਰਾ ਉੱਤੇ ਦੋਸ਼ ਕਿਉਂ ਲਾਉਂਦਾ ਹੈਂ?+ ਜਾਂ ਤੂੰ ਉਸ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾਂਗੇ।+ 11 ਧਰਮ-ਗ੍ਰੰਥ ਵਿਚ ਲਿਖਿਆ ਹੈ: “ਯਹੋਵਾਹ* ਕਹਿੰਦਾ ਹੈ, ‘ਮੈਨੂੰ ਆਪਣੀ ਜਾਨ ਦੀ ਸਹੁੰ,+ ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ ਅਤੇ ਹਰ ਜ਼ਬਾਨ ਸਾਰਿਆਂ ਸਾਮ੍ਹਣੇ ਇਹ ਕਬੂਲ ਕਰੇਗੀ ਕਿ ਮੈਂ ਹੀ ਪਰਮੇਸ਼ੁਰ ਹਾਂ।’”+ 12 ਇਸ ਲਈ ਅਸੀਂ ਸਾਰੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦਿਆਂਗੇ।+
13 ਇਸ ਲਈ, ਆਓ ਆਪਾਂ ਅੱਗੇ ਤੋਂ ਇਕ-ਦੂਜੇ ਉੱਤੇ ਦੋਸ਼ ਨਾ ਲਾਈਏ,+ ਸਗੋਂ ਪੱਕਾ ਧਾਰ ਲਈਏ ਕਿ ਅਸੀਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਠੋਕਰ ਦਾ ਪੱਥਰ ਨਹੀਂ ਰੱਖਾਂਗੇ ਜਾਂ ਰੁਕਾਵਟ ਖੜ੍ਹੀ ਨਹੀਂ ਕਰਾਂਗੇ।+ 14 ਪ੍ਰਭੂ ਯਿਸੂ ਦਾ ਚੇਲਾ ਹੋਣ ਕਰਕੇ ਮੈਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿਚ ਅਸ਼ੁੱਧ ਨਹੀਂ ਹੁੰਦੀ।+ ਪਰ ਜੇ ਕੋਈ ਇਨਸਾਨ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਲਈ ਉਹ ਚੀਜ਼ ਅਸ਼ੁੱਧ ਹੁੰਦੀ ਹੈ। 15 ਜੇ ਤੇਰੇ ਭੋਜਨ ਤੋਂ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ।+ ਤੂੰ ਆਪਣੇ ਭੋਜਨ ਨਾਲ ਉਸ ਇਨਸਾਨ ਨੂੰ ਤਬਾਹ* ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+ 16 ਇਸ ਲਈ ਤੁਸੀਂ ਜਿਸ ਕੰਮ ਨੂੰ ਸਹੀ ਸਮਝਦੇ ਹੋ, ਉਸ ਕਰਕੇ ਲੋਕਾਂ ਵਿਚ ਤੁਹਾਡੀ ਬਦਨਾਮੀ ਨਾ ਹੋਵੇ। 17 ਕਿਉਂਕਿ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਖਾਣ-ਪੀਣ ਉੱਤੇ ਨਿਰਭਰ ਨਹੀਂ ਕਰਦਾ,+ ਸਗੋਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਹੀ ਕੰਮ ਕਰੀਏ, ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੀਏ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਖ਼ੁਸ਼ ਰਹੀਏ। 18 ਜਿਹੜਾ ਇਨਸਾਨ ਮਸੀਹ ਦਾ ਦਾਸ ਹੈ ਅਤੇ ਜਿਸ ਵਿਚ ਇਹ ਸਾਰੇ ਗੁਣ ਹਨ, ਉਸ ਇਨਸਾਨ ਤੋਂ ਪਰਮੇਸ਼ੁਰ ਅਤੇ ਲੋਕ ਖ਼ੁਸ਼ ਹੁੰਦੇ ਹਨ।
19 ਇਸ ਲਈ ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।+ 20 ਭੋਜਨ ਦੀ ਖ਼ਾਤਰ ਪਰਮੇਸ਼ੁਰ ਦਾ ਕੰਮ ਖ਼ਰਾਬ ਕਰਨੋਂ ਹਟ ਜਾਓ।+ ਇਹ ਸੱਚ ਹੈ ਕਿ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਇਹ ਉਦੋਂ ਹਾਨੀਕਾਰਕ* ਹੁੰਦੀਆਂ ਹਨ ਜਦੋਂ ਇਨ੍ਹਾਂ ਨੂੰ ਖਾਣ ਕਰਕੇ ਕਿਸੇ ਦੀ ਨਿਹਚਾ ਕਮਜ਼ੋਰ ਹੁੰਦੀ ਹੈ।+ 21 ਇਸ ਲਈ ਇਹੀ ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਅਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।+ 22 ਇਸ ਮਾਮਲੇ ਬਾਰੇ ਤੇਰੀ ਜੋ ਨਿਹਚਾ ਹੈ, ਤੂੰ ਉਸ ਨੂੰ ਪਰਮੇਸ਼ੁਰ ਸਾਮ੍ਹਣੇ ਆਪਣੇ ਤਕ ਹੀ ਰੱਖ। ਖ਼ੁਸ਼ ਹੈ ਉਹ ਇਨਸਾਨ ਜਿਹੜਾ ਆਪਣੇ ਫ਼ੈਸਲਿਆਂ ਕਰਕੇ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ। 23 ਪਰ ਜੇ ਉਹ ਮਨ ਵਿਚ ਸ਼ੱਕ ਹੁੰਦੇ ਹੋਏ ਵੀ ਕੁਝ ਖਾਂਦਾ ਹੈ, ਤਾਂ ਉਸ ਨੇ ਆਪਣੇ ਆਪ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਕਿਉਂਕਿ ਉਹ ਆਪਣੀ ਨਿਹਚਾ ਅਨੁਸਾਰ ਨਹੀਂ ਖਾਂਦਾ। ਵਾਕਈ, ਹਰ ਉਹ ਕੰਮ ਪਾਪ ਹੈ ਜੋ ਨਿਹਚਾ ਅਨੁਸਾਰ ਨਹੀਂ ਕੀਤਾ ਜਾਂਦਾ।