ਅਫ਼ਸੀਆਂ ਨੂੰ ਚਿੱਠੀ
1 ਮੈਂ ਪੌਲੁਸ, ਪਰਮੇਸ਼ੁਰ ਦੀ ਇੱਛਾ ਅਨੁਸਾਰ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਅਫ਼ਸੁਸ+ ਦੇ ਪਵਿੱਤਰ ਸੇਵਕਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜੋ ਮਸੀਹ ਯਿਸੂ ਦੇ ਵਫ਼ਾਦਾਰ ਚੇਲੇ ਹਨ:
2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਸਾਨੂੰ ਮਸੀਹ ਦੇ ਨਾਲ ਏਕਤਾ ਵਿਚ ਹੋਣ ਕਰਕੇ ਪਵਿੱਤਰ ਸ਼ਕਤੀ ਦੁਆਰਾ ਸਵਰਗ ਵਿਚ ਹਰ ਤਰ੍ਹਾਂ ਦੀ ਬਰਕਤ ਦਿੱਤੀ ਹੈ+ 4 ਕਿਉਂਕਿ ਉਸ ਨੇ ਸਾਨੂੰ ਦੁਨੀਆਂ ਦੀ ਨੀਂਹ* ਰੱਖਣ ਤੋਂ ਪਹਿਲਾਂ ਮਸੀਹ ਦੇ ਨਾਲ ਹੋਣ ਲਈ ਚੁਣਿਆ ਸੀ ਤਾਂਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰੀਏ ਅਤੇ ਉਸ ਦੀ ਹਜ਼ੂਰੀ ਵਿਚ ਪਵਿੱਤਰ ਤੇ ਬੇਦਾਗ਼+ ਖੜ੍ਹੇ ਹੋਈਏ। 5 ਉਸ ਨੇ ਆਪਣੀ ਖ਼ੁਸ਼ੀ ਅਤੇ ਇੱਛਾ ਮੁਤਾਬਕ+ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਸੀ+ ਕਿ ਉਹ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਪੁੱਤਰਾਂ ਵਜੋਂ ਅਪਣਾਵੇਗਾ+ 6 ਤਾਂਕਿ ਉਸ ਨੇ ਮਿਹਰਬਾਨ ਹੋ ਕੇ ਆਪਣੇ ਪਿਆਰੇ ਪੁੱਤਰ ਰਾਹੀਂ+ ਸਾਡੇ ʼਤੇ ਜੋ ਅਪਾਰ ਕਿਰਪਾ ਕੀਤੀ, ਉਸ ਕਰਕੇ ਉਸ ਦੀ ਮਹਿਮਾ ਹੋਵੇ।+ 7 ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਸਦਕਾ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ+ ਅਤੇ ਸਾਡੇ ਪਾਪ ਮਾਫ਼ ਕੀਤੇ ਹਨ।+
8 ਉਸ ਨੇ ਸਾਡੇ ʼਤੇ ਦਿਲ ਖੋਲ੍ਹ ਕੇ ਅਪਾਰ ਕਿਰਪਾ ਕਰਨ ਦੇ ਨਾਲ-ਨਾਲ ਸਾਨੂੰ ਸਾਰੀ ਬੁੱਧ ਅਤੇ ਸਮਝ ਵੀ ਬਖ਼ਸ਼ੀ 9 ਜਦੋਂ ਉਸ ਨੇ ਸਾਨੂੰ ਆਪਣੀ ਇੱਛਾ ਬਾਰੇ ਪਵਿੱਤਰ ਭੇਤ+ ਦੱਸਿਆ। ਇਸ ਭੇਤ ਦੇ ਅਨੁਸਾਰ ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਮਕਸਦ ਰੱਖਿਆ ਕਿ 10 ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ,+ ਹਾਂ, ਮਸੀਹ ਦੇ ਅਧੀਨ ਕਰੇ 11 ਜਿਸ ਦੇ ਨਾਲ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਸਾਨੂੰ ਉਸ ਨਾਲ ਵਾਰਸ ਬਣਾਇਆ ਗਿਆ ਹੈ।+ ਇਸ ਦਾ ਫ਼ੈਸਲਾ ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਹੀ ਕੀਤਾ ਸੀ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਪੂਰਾ ਕਰਦਾ ਹੈ। 12 ਸਾਨੂੰ ਇਸ ਲਈ ਚੁਣਿਆ ਗਿਆ ਹੈ ਤਾਂਕਿ ਸਾਡੇ ਰਾਹੀਂ ਪਰਮੇਸ਼ੁਰ ਦੀ ਵਡਿਆਈ ਅਤੇ ਮਹਿਮਾ ਹੋਵੇ। ਅਸੀਂ ਮਸੀਹ ʼਤੇ ਆਸ ਰੱਖਣ ਵਾਲਿਆਂ ਵਿੱਚੋਂ ਪਹਿਲੇ ਹਾਂ। 13 ਪਰ ਤੁਸੀਂ ਵੀ ਸੱਚਾਈ ਦਾ ਸੰਦੇਸ਼ ਯਾਨੀ ਆਪਣੀ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣ ਕੇ ਮਸੀਹ ਉੱਤੇ ਆਸ ਲਾਈ। ਤੁਹਾਡੇ ਵਿਸ਼ਵਾਸ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਉਸ ਰਾਹੀਂ ਤੁਹਾਡੇ ਉੱਤੇ ਵੀ ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰ ਲਾਈ।+ 14 ਇਹ ਪਵਿੱਤਰ ਸ਼ਕਤੀ ਸਾਨੂੰ ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ।+ ਇਹ ਮੁਹਰ ਇਸ ਲਈ ਲਾਈ ਜਾਂਦੀ ਹੈ ਤਾਂਕਿ ਪਰਮੇਸ਼ੁਰ ਰਿਹਾਈ ਦੀ ਕੀਮਤ+ ਅਦਾ ਕਰ ਕੇ ਆਪਣੇ ਲੋਕਾਂ ਨੂੰ ਛੁਡਾਏ+ ਅਤੇ ਉਸ ਦੀ ਮਹਿਮਾ ਅਤੇ ਉਸਤਤ ਹੋਵੇ।
15 ਇਸ ਲਈ ਜਦੋਂ ਤੋਂ ਮੈਂ ਸੁਣਿਆ ਕਿ ਤੁਸੀਂ ਪ੍ਰਭੂ ਯਿਸੂ ਉੱਤੇ ਨਿਹਚਾ ਕਰਦੇ ਹੋ ਅਤੇ ਸਾਰੇ ਪਵਿੱਤਰ ਸੇਵਕਾਂ ਨਾਲ ਪਿਆਰ ਕਰਦੇ ਹੋ, 16 ਤਾਂ ਮੈਂ ਤੁਹਾਡੇ ਕਰਕੇ ਪਰਮੇਸ਼ੁਰ ਦਾ ਧੰਨਵਾਦ ਕਰਨ ਤੋਂ ਨਹੀਂ ਹਟਿਆ। ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ 17 ਕਿ ਮਹਿਮਾਵਾਨ ਪਿਤਾ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਹੈ, ਤੁਹਾਨੂੰ ਬੁੱਧ ਅਤੇ ਆਪਣੇ ਬਾਰੇ ਸਹੀ ਗਿਆਨ ਦੀ ਸਮਝ ਬਖ਼ਸ਼ੇ;+ 18 ਉਸ ਨੇ ਤੁਹਾਡੇ ਮਨ ਦੀਆਂ ਅੱਖਾਂ ਖੋਲ੍ਹੀਆਂ ਹਨ ਤਾਂਕਿ ਤੁਸੀਂ ਜਾਣ ਲਵੋ ਕਿ ਤੁਹਾਨੂੰ ਕਿਸ ਉਮੀਦ ਲਈ ਸੱਦਿਆ ਗਿਆ ਹੈ ਤੇ ਉਹ ਪਵਿੱਤਰ ਸੇਵਕਾਂ ਨੂੰ ਵਿਰਾਸਤ ਵਜੋਂ ਕਿਹੜੀਆਂ ਸ਼ਾਨਦਾਰ ਬਰਕਤਾਂ ਦੇਵੇਗਾ+ 19 ਅਤੇ ਤੁਸੀਂ ਇਹ ਵੀ ਜਾਣ ਲਵੋ ਕਿ ਉਸ ਦੀ ਤਾਕਤ ਕਿੰਨੀ ਬੇਜੋੜ ਅਤੇ ਮਹਾਨ ਹੈ ਜੋ ਨਿਹਚਾਵਾਨਾਂ ਉੱਤੇ ਯਾਨੀ ਸਾਡੇ ਉੱਤੇ ਅਸਰ ਪਾਉਂਦੀ ਹੈ।+ ਉਸ ਦੀ ਤਾਕਤ ਦੀ ਮਹਾਨਤਾ ਇਸ ਤੋਂ ਜ਼ਾਹਰ ਹੁੰਦੀ ਹੈ 20 ਕਿ ਉਸ ਨੇ ਇਹ ਤਾਕਤ ਵਰਤ ਕੇ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਅਤੇ ਉਸ ਨੂੰ ਸਵਰਗ ਵਿਚ ਆਪਣੇ ਸੱਜੇ ਹੱਥ ਬਿਠਾਇਆ।+ 21 ਉਸ ਨੂੰ ਹਰ ਸਰਕਾਰ, ਅਧਿਕਾਰ, ਤਾਕਤ, ਰਾਜ ਅਤੇ ਹਰ ਨਾਂ ਤੋਂ ਉੱਚਾ ਕੀਤਾ ਗਿਆ,+ ਨਾ ਸਿਰਫ਼ ਇਸ ਯੁਗ* ਵਿਚ, ਸਗੋਂ ਆਉਣ ਵਾਲੇ ਯੁਗ ਵਿਚ ਵੀ। 22 ਨਾਲੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ ਹਨ+ ਅਤੇ ਉਸ ਨੂੰ ਮੰਡਲੀ ਦਾ ਮੁਖੀ ਬਣਾ ਕੇ ਇਸ ਦੀਆਂ ਸਾਰੀਆਂ ਗੱਲਾਂ ਉੱਤੇ ਅਧਿਕਾਰ ਦਿੱਤਾ ਹੈ।+ 23 ਮੰਡਲੀ ਉਸ ਦਾ ਸਰੀਰ ਹੈ+ ਅਤੇ ਇਹ ਉਸ ਦੇ ਗੁਣਾਂ ਨਾਲ ਭਰੀ ਹੋਈ ਹੈ ਅਤੇ ਉਹ ਹਰ ਤਰ੍ਹਾਂ ਨਾਲ ਸਾਰੀਆਂ ਗੱਲਾਂ ਪੂਰੀਆਂ ਕਰਦਾ ਹੈ।