ਚੌਦ੍ਹਵਾਂ ਅਧਿਆਇ
ਯਹੋਵਾਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਹੈ
1, 2. ਬਾਈਬਲ ਵਿਚ ਇਨਸਾਨਜਾਤ ਦੀ ਦਸ਼ਾ ਬਾਰੇ ਕੀ ਲਿਖਿਆ ਗਿਆ ਹੈ ਅਤੇ ਇਸ ਦਸ਼ਾ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ?
“ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਇਨ੍ਹਾਂ ਸ਼ਬਦਾਂ ਨਾਲ ਪੌਲੁਸ ਰਸੂਲ ਨੇ ਸਾਡੀ ਦਰਦਨਾਕ ਦਸ਼ਾ ਬਾਰੇ ਦੱਸਿਆ ਸੀ। ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਦੁੱਖ-ਦਰਦ, ਪਾਪ ਤੇ ਮੌਤ ਤੋਂ ਕੋਈ ਛੁਟਕਾਰਾ ਨਜ਼ਰ ਨਹੀਂ ਆਉਂਦਾ। ਪਰ ਯਹੋਵਾਹ ਇਨਸਾਨਾਂ ਵਾਂਗ ਕਮਜ਼ੋਰ ਨਹੀਂ ਹੈ। (ਗਿਣਤੀ 23:19) ਇਨਸਾਫ਼ ਦੇ ਪਰਮੇਸ਼ੁਰ ਨੇ ਸਾਨੂੰ ਦੁੱਖਾਂ ਤੋਂ ਬਚਾਉਣ ਲਈ ਨਿਸਤਾਰੇ ਦਾ ਮੁੱਲ ਭਰਨ ਦਾ ਪ੍ਰਬੰਧ ਕੀਤਾ ਹੈ।
2 ਇਹ ਪ੍ਰਬੰਧ ਇਨਸਾਨਾਂ ਲਈ ਯਹੋਵਾਹ ਦੀ ਸਭ ਤੋਂ ਵੱਡੀ ਦਾਤ ਹੈ। ਇਸ ਦੇ ਜ਼ਰੀਏ ਸਾਨੂੰ ਪਾਪ ਤੇ ਮੌਤ ਤੋਂ ਨਿਸਤਾਰਾ ਮਿਲ ਸਕਦਾ ਹੈ। (ਅਫ਼ਸੀਆਂ 1:7) ਇਸ ਦੇ ਆਧਾਰ ਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ, ਭਾਵੇਂ ਉਹ ਸਵਰਗ ਵਿਚ ਹੋਵੇ ਜਾਂ ਫਿਰਦੌਸ ਵਰਗੀ ਧਰਤੀ ਤੇ। (ਯੂਹੰਨਾ 3:16; 1 ਪਤਰਸ 1:4) ਪਰ ਨਿਸਤਾਰੇ ਦਾ ਇਹ ਮੁੱਲ ਹੈ ਕੀ? ਇਸ ਤੋਂ ਅਸੀਂ ਯਹੋਵਾਹ ਦੇ ਵਧੀਆ ਇਨਸਾਫ਼ ਬਾਰੇ ਕੀ ਸਿੱਖਦੇ ਹਾਂ?
ਨਿਸਤਾਰੇ ਦਾ ਮੁੱਲ ਭਰਨ ਦੀ ਜ਼ਰੂਰਤ ਕਿਉਂ ਪਈ?
3. (ੳ) ਇਨਸਾਨਾਂ ਨੂੰ ਪਾਪ ਤੋਂ ਰਿਹਾ ਕਰਾਉਣ ਦੀ ਲੋੜ ਕਿਉਂ ਪਈ ਸੀ? (ਅ) ਆਦਮ ਦੀ ਔਲਾਦ ਵਾਸਤੇ ਪਰਮੇਸ਼ੁਰ ਮੌਤ ਦੀ ਸਜ਼ਾ ਨੂੰ ਬਦਲ ਕਿਉਂ ਨਹੀਂ ਸਕਦਾ ਸੀ?
3 ਸਾਡੇ ਪਹਿਲੇ ਪਿਤਾ ਆਦਮ ਨੇ ਪਰਮੇਸ਼ੁਰ ਦੀ ਗੱਲ ਨਾ ਮੰਨ ਕੇ ਪਾਪ ਕੀਤਾ। ਇਸ ਕਰਕੇ ਉਸ ਦੀ ਔਲਾਦ ਨੂੰ ਵਿਰਸੇ ਵਿਚ ਪਾਪ ਮਿਲਿਆ ਜਿਸ ਦੇ ਨਤੀਜੇ ਵਜੋਂ ਬੀਮਾਰੀ, ਦੁੱਖ-ਦਰਦ ਤੇ ਮੌਤ ਆਈ। ਇਨਸਾਨਾਂ ਨੂੰ ਇਸ ਪਾਪ ਤੋਂ ਰਿਹਾ ਕਰਾਉਣ ਦੀ ਲੋੜ ਪਈ ਸੀ। (ਉਤਪਤ 2:17; ਰੋਮੀਆਂ 8:20) ਪਰਮੇਸ਼ੁਰ ਮੌਤ ਦੀ ਸਜ਼ਾ ਨੂੰ ਬਦਲ ਨਹੀਂ ਸਕਦਾ ਸੀ। ਜੇ ਉਹ ਜਜ਼ਬਾਤੀ ਹੋ ਕੇ ਮੌਤ ਦੀ ਸਜ਼ਾ ਨੂੰ ਬਦਲਦਾ, ਤਾਂ ਉਸ ਨੇ ਆਪਣਾ ਹੀ ਇਹ ਕਾਨੂੰਨ ਤੋੜਣਾ ਸੀ: “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਜੇ ਯਹੋਵਾਹ ਇਨਸਾਫ਼ ਦੇ ਆਪਣੇ ਹੀ ਮਿਆਰ ਤੋੜਦਾ, ਤਾਂ ਵਿਸ਼ਵ ਭਰ ਵਿਚ ਗੜਬੜੀ ਤੇ ਪਰੇਸ਼ਾਨੀ ਨੇ ਰਾਜ ਕਰਨਾ ਸੀ!
4, 5. (ੳ) ਸ਼ਤਾਨ ਨੇ ਯਹੋਵਾਹ ਨੂੰ ਬਦਨਾਮ ਕਿਸ ਤਰ੍ਹਾਂ ਕੀਤਾ ਸੀ ਅਤੇ ਯਹੋਵਾਹ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣ ਲਈ ਮਜਬੂਰ ਕਿਉਂ ਸੀ? (ਅ) ਸ਼ਤਾਨ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਕੀ ਦੋਸ਼ ਲਾਇਆ ਸੀ?
4 ਜਿਵੇਂ ਅਸੀਂ ਇਸ ਕਿਤਾਬ ਦੇ 12ਵੇਂ ਅਧਿਆਇ ਵਿਚ ਦੇਖਿਆ ਸੀ, ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਨਾਲ ਪਰਮੇਸ਼ੁਰ ਉੱਤੇ ਕਈ ਇਲਜ਼ਾਮ ਲੱਗੇ ਸਨ। ਸ਼ਤਾਨ ਨੇ ਪਰਮੇਸ਼ੁਰ ਦਾ ਨਾਂ ਬਦਨਾਮ ਕੀਤਾ ਸੀ। ਦਰਅਸਲ ਉਸ ਨੇ ਯਹੋਵਾਹ ਨੂੰ ਝੂਠਾ ਸੱਦਿਆ ਅਤੇ ਕਿਹਾ ਕਿ ਉਹ ਲੋਕਾਂ ਨੂੰ ਆਪਣੇ ਅਧੀਨ ਰਹਿਣ ਲਈ ਮਜਬੂਰ ਕਰਦਾ ਹੈ। (ਉਤਪਤ 3:1-5) ਧਰਤੀ ਨੂੰ ਧਰਮੀ ਇਨਸਾਨਾਂ ਨਾਲ ਭਰਨ ਦੇ ਪਰਮੇਸ਼ੁਰ ਦੇ ਮਕਸਦ ਦੇ ਰਾਹ ਵਿਚ ਰੋੜਾ ਅਟਕਾ ਕੇ ਸ਼ਤਾਨ ਨੇ ਪਰਮੇਸ਼ੁਰ ਬਾਰੇ ਇਹ ਵੀ ਕਿਹਾ ਕਿ ਉਹ ਕਾਮਯਾਬ ਨਹੀਂ ਹੋਵੇਗਾ। (ਉਤਪਤ 1:28; ਯਸਾਯਾਹ 55:10, 11) ਜੇ ਯਹੋਵਾਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਦੂਰ ਕਰਨ ਲਈ ਕੁਝ ਨਾ ਕੀਤਾ ਹੁੰਦਾ, ਤਾਂ ਕਈਆਂ ਦੂਤਾਂ ਅਤੇ ਇਨਸਾਨਾਂ ਨੂੰ ਉਸ ਦੀ ਹਕੂਮਤ ਉੱਤੇ ਇੰਨਾ ਭਰੋਸਾ ਨਹੀਂ ਹੋਣਾ ਸੀ।
5 ਸ਼ਤਾਨ ਨੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਵੀ ਦੋਸ਼ ਲਾਇਆ ਸੀ ਕਿ ਉਹ ਆਪਣੇ ਮਤਲਬ ਲਈ ਹੀ ਉਸ ਦੀ ਸੇਵਾ ਕਰਦੇ ਸਨ। ਉਸ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਪਰਤਾਇਆ ਜਾਵੇ, ਤਾਂ ਉਨ੍ਹਾਂ ਵਿੱਚੋਂ ਇਕ ਵੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। (ਅੱਯੂਬ 1:9-11) ਇਨਸਾਨੀ ਔਕੜਾਂ ਨੂੰ ਦੂਰ ਕਰਨ ਦੀ ਬਜਾਇ ਪਹਿਲਾਂ ਇਨ੍ਹਾਂ ਦੋਸ਼ਾਂ ਦੇ ਜਵਾਬ ਦੇਣੇ ਜ਼ਿਆਦਾ ਜ਼ਰੂਰੀ ਸਨ। ਯਹੋਵਾਹ ਸ਼ਤਾਨ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਮਜਬੂਰ ਸੀ। ਪਰ ਉਹ ਇਹ ਦੋਵੇਂ ਕੰਮ ਕਿਸ ਤਰ੍ਹਾਂ ਕਰ ਸਕਦਾ ਸੀ, ਸ਼ਤਾਨ ਨੂੰ ਜਵਾਬ ਦੇਣਾ ਅਤੇ ਇਨਸਾਨਜਾਤ ਨੂੰ ਬਚਾਉਣਾ?
ਨਿਸਤਾਰੇ ਲਈ ਬਰਾਬਰ ਦਾ ਮੁੱਲ
6. ਇਨਸਾਨਜਾਤ ਨੂੰ ਰਿਹਾ ਕਰਾਉਣ ਦੇ ਪ੍ਰਬੰਧ ਨੂੰ ਬਾਈਬਲ ਵਿਚ ਕੀ-ਕੀ ਸੱਦਿਆ ਗਿਆ ਹੈ?
6 ਯਹੋਵਾਹ ਨੇ ਇਸ ਮਸਲੇ ਦਾ ਅਜਿਹਾ ਹੱਲ ਕੱਢਿਆ ਜਿਸ ਬਾਰੇ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ ਸੀ। ਇਸ ਵਿਚ ਦਇਆ ਤੇ ਇਨਸਾਫ਼ ਦੋਵੇਂ ਸਨ, ਪਰ ਫਿਰ ਵੀ ਇਹ ਹੱਲ ਸੀ ਬੜਾ ਸਰਲ। ਬਾਈਬਲ ਵਿਚ ਇਸ ਪ੍ਰਬੰਧ ਬਾਰੇ ਗੱਲ ਕਰਦੇ ਹੋਏ ਮੁੱਲ ਭਰਨਾ, ਪ੍ਰਾਸਚਿਤ ਕਰਨਾ, ਛੁਡਾਉਣਾ ਤੇ ਮੇਲ ਕਰਾਉਣਾ ਵਰਗੇ ਸ਼ਬਦ ਵਰਤੇ ਗਏ ਹਨ। (ਜ਼ਬੂਰਾਂ ਦੀ ਪੋਥੀ 49:8; ਦਾਨੀਏਲ 9:24; ਗਲਾਤੀਆਂ 3:13; ਕੁਲੁੱਸੀਆਂ 1:20; ਇਬਰਾਨੀਆਂ 2:17) ਯਿਸੂ ਨੇ ਸਾਨੂੰ ਚੰਗੇ ਤਰੀਕੇ ਨਾਲ ਸਮਝਾਇਆ ਕਿ ਇਹ ਪ੍ਰਬੰਧ ਕੀ ਸੀ। ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।”—ਮੱਤੀ 20:28.
7, 8. (ੳ) ਬਾਈਬਲ ਵਿਚ “ਨਿਸਤਾਰੇ” ਜਾਂ “ਪ੍ਰਾਸਚਿਤ” ਸ਼ਬਦ ਦਾ ਕੀ ਅਰਥ ਹੈ? (ਅ) ਨਿਸਤਾਰੇ ਜਾਂ ਪ੍ਰਾਸਚਿਤ ਕਰਨ ਵਿਚ ਬਰਾਬਰ ਦਾ ਮੁੱਲ ਭਰਨਾ ਜ਼ਰੂਰੀ ਕਿਉਂ ਹੈ?
7 ਆਓ ਆਪਾਂ ਦੇਖੀਏ ਕਿ ਨਿਸਤਾਰੇ ਦਾ ਇਹ ਮੁੱਲ ਕੀ ਹੈ। ਜਿਸ ਯੂਨਾਨੀ ਸ਼ਬਦ ਦਾ ਇਹ ਤਰਜਮਾ ਹੈ, ਉਸ ਦਾ ਮਤਲਬ “ਮੁਕਤ ਜਾਂ ਰਿਹਾ ਕਰਨਾ” ਹੈ। ਇਹ ਸ਼ਬਦ ਉਸ ਸਮੇਂ ਵਰਤਿਆ ਜਾਂਦਾ ਸੀ ਜਦੋਂ ਜੰਗੀ ਕੈਦੀਆਂ ਨੂੰ ਰਿਹਾ ਕਰਾਉਣ ਲਈ ਰਕਮ ਅਦਾ ਕੀਤੀ ਜਾਂਦੀ ਸੀ। ਤਾਂ ਫਿਰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਨਿਸਤਾਰੇ ਦਾ ਮੁੱਲ ਉਹ ਰਕਮ ਹੈ ਜੋ ਕਿਸੇ ਤੋਂ ਕੋਈ ਚੀਜ਼ ਵਾਪਸ ਲੈਣ ਲਈ ਦਿੱਤੀ ਜਾਂਦੀ ਹੈ। ਬਾਈਬਲ ਦੇ ਇਬਰਾਨੀ ਹਿੱਸੇ ਵਿਚ ਜਿਸ ਸ਼ਬਦ ਦਾ ਤਰਜਮਾ ਨਿਸਤਾਰਾ ਜਾਂ ਪ੍ਰਾਸਚਿਤ ਕੀਤਾ ਗਿਆ ਹੈ, ਉਸ ਦਾ ਮਤਲਬ “ਲਿਪਣਾ, ਕੱਜਣਾ ਜਾਂ ਢਕਣਾ” ਹੈ। ਉਦਾਹਰਣ ਲਈ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਸੀ ਕਿ ਉਹ ਕਿਸ਼ਤੀ ਨੂੰ ਰਾਲ ਨਾਲ ਅੰਦਰੋਂ-ਬਾਹਰੋਂ ਲਿਪੇ ਜਾਂ ਢਕੇ। (ਉਤਪਤ 6:14) ਇਸ ਤੋਂ ਸਾਨੂੰ ਸਮਝਣ ਵਿਚ ਮਦਦ ਮਿਲਦੀ ਹੈ ਕਿ ਨਿਸਤਾਰੇ ਦਾ ਮਤਲਬ ਪਾਪਾਂ ਨੂੰ ਢਕਣਾ ਜਾਂ ਕੱਜਣਾ ਵੀ ਹੋ ਸਕਦਾ ਹੈ।—ਜ਼ਬੂਰਾਂ ਦੀ ਪੋਥੀ 65:3.
8 ਬਾਈਬਲ ਦੇ ਇਕ ਕੋਸ਼ ਦੇ ਅਨੁਸਾਰ ਇਸ ਇਬਰਾਨੀ ਸ਼ਬਦ “ਦਾ ਮਤਲਬ ਹਮੇਸ਼ਾ ਬਰਾਬਰ ਦੀ ਚੀਜ਼” ਹੁੰਦਾ ਹੈ। ਉਦਾਹਰਣ ਲਈ ਨੇਮ ਦੇ ਸੰਦੂਕ ਦਾ ਢੱਕਣ ਬਿਲਕੁਲ ਉਸ ਦੇ ਬਰਾਬਰ ਦਾ ਸੀ ਜਿਸ ਕਰਕੇ ਉਹ ਉਸ ਦੇ ਉੱਪਰ ਚੰਗੀ ਤਰ੍ਹਾਂ ਫਿੱਟ ਹੋ ਜਾਂਦਾ ਸੀ। ਇਸੇ ਤਰ੍ਹਾਂ ਪਾਪ ਨੂੰ ਢਕਣ ਜਾਂ ਇਸ ਦਾ ਨਿਸਤਾਰਾ ਕਰਨ ਦੀ ਕੀਮਤ ਪਾਪ ਤੋਂ ਹੋਏ ਨੁਕਸਾਨ ਦੇ ਬਰਾਬਰ ਹੋਣੀ ਚਾਹੀਦੀ ਹੈ। ਪਰਮੇਸ਼ੁਰ ਦੀ ਬਿਵਸਥਾ ਵਿਚ ਇਸਰਾਏਲ ਨੂੰ ਕਿਹਾ ਗਿਆ ਸੀ: “ਜਾਨ ਦੇ ਵੱਟੇ ਜਾਨ, ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ ਅਤੇ ਪੈਰ ਦੇ ਵੱਟੇ ਪੈਰ।”—ਬਿਵਸਥਾ ਸਾਰ 19:21.
9. ਵਫ਼ਾਦਾਰ ਸੇਵਕਾਂ ਨੇ ਪਰਮੇਸ਼ੁਰ ਨੂੰ ਜਾਨਵਰਾਂ ਦੀਆਂ ਬਲੀਆਂ ਕਿਉਂ ਚੜ੍ਹਾਈਆਂ ਸਨ ਅਤੇ ਯਹੋਵਾਹ ਦਾ ਇਨ੍ਹਾਂ ਬਲੀਦਾਨਾਂ ਬਾਰੇ ਕੀ ਵਿਚਾਰ ਸੀ?
9 ਹਾਬਲ ਤੇ ਦੂਸਰੇ ਵਫ਼ਾਦਾਰ ਸੇਵਕ ਪਰਮੇਸ਼ੁਰ ਨੂੰ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਹੁੰਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਸੀ ਕਿ ਉਹ ਪਾਪ ਬਾਰੇ ਅਤੇ ਉਸ ਤੋਂ ਰਿਹਾ ਹੋਣ ਦੀ ਲੋੜ ਬਾਰੇ ਜਾਣਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਵਾਅਦੇ ਵਿਚ ਨਿਹਚਾ ਵੀ ਕੀਤੀ ਕਿ ਪਰਮੇਸ਼ੁਰ ਆਪਣੀ “ਸੰਤਾਨ” ਰਾਹੀਂ ਮੁਕਤੀ ਦੇਵੇਗਾ। (ਉਤਪਤ 3:15; 4:1-4; ਲੇਵੀਆਂ 17:11; ਇਬਰਾਨੀਆਂ 11:4) ਯਹੋਵਾਹ ਨੇ ਇਨ੍ਹਾਂ ਬਲੀਦਾਨਾਂ ਨੂੰ ਸਵੀਕਾਰ ਕੀਤਾ ਅਤੇ ਇਨ੍ਹਾਂ ਦੇ ਚੜ੍ਹਾਉਣ ਵਾਲਿਆਂ ਨੂੰ ਧਰਮੀ ਠਹਿਰਾਇਆ। ਜਾਨਵਰ ਇਨਸਾਨ ਦੇ ਪਾਪ ਨੂੰ ਢੱਕ ਨਹੀਂ ਸਕਦੇ ਕਿਉਂਕਿ ਉਹ ਇਨਸਾਨ ਦੇ ਬਰਾਬਰ ਨਹੀਂ, ਪਰ ਉਨ੍ਹਾਂ ਤੋਂ ਨੀਵੇਂ ਹਨ। (ਜ਼ਬੂਰਾਂ ਦੀ ਪੋਥੀ 8:4-8) ਇਸ ਕਰਕੇ ਬਾਈਬਲ ਕਹਿੰਦੀ ਹੈ ਕਿ ਇਹ “ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।” (ਇਬਰਾਨੀਆਂ 10:1-4) ਅਜਿਹੇ ਬਲੀਦਾਨ ਤਾਂ ਅਸਲੀ ਬਲੀਦਾਨ ਦਾ ਪਰਛਾਵਾਂ ਹੀ ਸਨ।
ਨਿਸਤਾਰੇ ਦਾ ਮੁੱਲ ਕੀ ਹੈ?
10. (ੳ) ਮੁਕਤੀਦਾਤੇ ਲਈ ਕਿਸ ਦੇ ਬਰਾਬਰ ਹੋਣਾ ਜ਼ਰੂਰੀ ਸੀ ਅਤੇ ਕਿਉਂ? (ਅ) ਸਿਰਫ਼ ਇਕ ਹੀ ਇਨਸਾਨ ਦਾ ਬਲੀਦਾਨ ਕਾਫ਼ੀ ਕਿਉਂ ਸੀ?
10 ਪੌਲੁਸ ਰਸੂਲ ਨੇ ਕਿਹਾ ਕਿ “ਆਦਮ ਵਿੱਚ ਸੱਭੇ ਮਰਦੇ ਹਨ।” (1 ਕੁਰਿੰਥੀਆਂ 15:22) ਇਸ ਕਰਕੇ ਨਿਸਤਾਰੇ ਦਾ ਮੁੱਲ ਚੁਕਾਉਣ ਲਈ ਕਿਸੇ ਅਜਿਹੇ ਵਿਅਕਤੀ ਦੀ ਕੁਰਬਾਨੀ ਦੇਣ ਦੀ ਲੋੜ ਸੀ ਜੋ ਬਿਲਕੁਲ ਆਦਮ ਦੇ ਬਰਾਬਰ ਸੀ—ਇਕ ਮੁਕੰਮਲ ਆਦਮੀ। (ਰੋਮੀਆਂ 5:14) ਹੋਰ ਕੋਈ ਵੀ ਇਨਸਾਨ ਇਨਸਾਫ਼ ਦੀ ਤੱਕੜੀ ਦੇ ਪਲੜੇ ਨੂੰ ਬਰਾਬਰ ਨਹੀਂ ਕਰ ਸਕਦਾ ਸੀ। ਸਿਰਫ਼ ਇਕ ਮੁਕੰਮਲ ਇਨਸਾਨ ਹੀ ਸਾਰਿਆਂ ਲਈ ਪ੍ਰਾਸਚਿਤ ਕਰ ਸਕਦਾ ਸੀ ਕਿਉਂਕਿ ਉਹ ਆਦਮ ਦੇ ਐਨ ਬਰਾਬਰ ਸੀ ਅਤੇ ਉਸ ਤੋਂ ਮਿਲੀ ਮੌਤ ਦੀ ਸਜ਼ਾ ਦੇ ਅਧੀਨ ਨਹੀਂ ਸੀ। (1 ਤਿਮੋਥਿਉਸ 2:6, NW ) ਇਹ ਜ਼ਰੂਰੀ ਨਹੀਂ ਸੀ ਕਿ ਆਦਮ ਦੀ ਹਰ ਔਲਾਦ ਲਈ ਉਸ ਦੇ ਬਰਾਬਰ ਦੇ ਕਿਸੇ ਇਨਸਾਨ ਦੀ ਬਲੀ ਚੜ੍ਹਾਈ ਜਾਵੇ। ਪੌਲੁਸ ਰਸੂਲ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ ਸੀ: ‘ਇੱਕ ਹੀ ਮਨੁੱਖ ਯਾਨੀ ਆਦਮ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ।’ (ਰੋਮੀਆਂ 5:12) ਕਿਉਂ ਜੋ ਇਕ “ਮਨੁੱਖ ਦੇ ਰਾਹੀਂ ਮੌਤ” ਆਈ ਸੀ, ਇਸ ਲਈ ਪਰਮੇਸ਼ੁਰ ਨੇ ਇਕ ਹੀ ‘ਮਨੁੱਖ ਦੇ ਰਾਹੀਂ’ ਨਿਸਤਾਰੇ ਦਾ ਬੰਦੋਬਸਤ ਕੀਤਾ ਹੈ। (1 ਕੁਰਿੰਥੀਆਂ 15:21) ਕਿਸ ਤਰ੍ਹਾਂ?
ਨਿਸਤਾਰੇ ਲਈ ਬਰਾਬਰ ਦਾ ਮੁੱਲ
11. (ੳ) ਮੁਕਤੀਦਾਤੇ ਨੂੰ “ਹਰੇਕ ਮਨੁੱਖ ਲਈ ਮੌਤ ਦਾ ਸੁਆਦ” ਕਿਸ ਤਰ੍ਹਾਂ ਚੱਖਿਆ ਸੀ? (ਅ) ਆਦਮ ਅਤੇ ਹੱਵਾਹ ਨੂੰ ਨਿਸਤਾਰੇ ਤੋਂ ਫ਼ਾਇਦਾ ਕਿਉਂ ਨਹੀਂ ਹੋ ਸਕਦਾ ਸੀ? (ਫੁਟਨੋਟ ਦੇਖੋ।)
11 ਯਹੋਵਾਹ ਨੇ ਬੰਦੋਬਸਤ ਕੀਤਾ ਕਿ ਇਕ ਮੁਕੰਮਲ ਇਨਸਾਨ ਆਪਣੀ ਜਾਨ ਦਾ ਬਲੀਦਾਨ ਦੇਣ ਲਈ ਤਿਆਰ ਹੋਵੇ। ਰੋਮੀਆਂ 6:23 ਦੇ ਅਨੁਸਾਰ “ਪਾਪ ਦੀ ਮਜੂਰੀ ਤਾਂ ਮੌਤ ਹੈ।” ਆਪਣੀ ਜਾਨ ਕੁਰਬਾਨ ਕਰਦੇ ਹੋਏ ਮੁਕਤੀਦਾਤੇ ਨੇ “ਹਰੇਕ ਮਨੁੱਖ ਲਈ ਮੌਤ ਦਾ ਸੁਆਦ” ਚੱਖਿਆ ਸੀ। ਅਸੀਂ ਇਸ ਨੂੰ ਦੂਸਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਨੇ ਆਦਮ ਦੇ ਪਾਪ ਦੀ ਮਜ਼ਦੂਰੀ ਭਰੀ ਸੀ। (ਇਬਰਾਨੀਆਂ 2:9; 2 ਕੁਰਿੰਥੀਆਂ 5:21; 1 ਪਤਰਸ 2:24) ਕਾਨੂੰਨੀ ਤੌਰ ਤੇ ਇਸ ਦੇ ਨਤੀਜੇ ਬੜੇ ਵੱਡੇ ਸਨ। ਆਦਮ ਦੀ ਆਗਿਆਕਾਰ ਔਲਾਦ ਦੇ ਸਿਰ ਤੋਂ ਮੌਤ ਦੀ ਸਜ਼ਾ ਹਟਾ ਕੇ ਇਸ ਪ੍ਰਬੰਧ ਨੇ ਪਾਪ ਦੀ ਜੜ੍ਹ ਨੂੰ ਪੁੱਟ ਸੁੱਟਣਾ ਹੈ।a—ਰੋਮੀਆਂ 5:16.
12. ਉਦਾਹਰਣ ਦਿਓ ਕਿ ਇਕ ਕਰਜ਼ਾ ਲਾਹੁਣ ਨਾਲ ਕਈਆਂ ਨੂੰ ਲਾਭ ਕਿਸ ਤਰ੍ਹਾਂ ਹੋ ਸਕਦਾ ਹੈ।
12 ਉਦਾਹਰਣ ਲਈ: ਮੰਨ ਲਓ ਤੁਸੀਂ ਅਜਿਹੇ ਸ਼ਹਿਰ ਵਿਚ ਰਹਿੰਦੇ ਹੋ ਜਿੱਥੇ ਦੇ ਤਕਰੀਬਨ ਸਾਰੇ ਲੋਕ ਇਕ ਵੱਡੇ ਕਾਰਖ਼ਾਨੇ ਵਿਚ ਨੌਕਰੀ ਕਰਦੇ ਹਨ। ਤੁਸੀਂ ਤੇ ਤੁਹਾਡੇ ਗੁਆਂਢੀ ਆਪਣੀ ਮਿਹਨਤ ਨਾਲ ਸੋਹਣੀ ਤਨਖ਼ਾਹ ਘਰ ਲਿਆਉਂਦੇ ਹੋ ਅਤੇ ਸੁੱਖ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੋ। ਪਰ ਇਕ ਦਿਨ ਕਾਰਖ਼ਾਨਾ ਬੰਦ ਹੋ ਜਾਂਦਾ ਹੈ ਤੇ ਤੁਹਾਡਾ ਸੁੱਖ ਉੱਡ ਜਾਂਦਾ ਹੈ। ਇਸ ਦਾ ਕਾਰਨ ਕੀ ਹੈ? ਕਾਰਖ਼ਾਨੇ ਦਾ ਮੈਨੇਜਰ ਰਿਸ਼ਵਤਖ਼ੋਰ ਨਿਕਲਦਾ ਹੈ ਅਤੇ ਕਾਰਖ਼ਾਨੇ ਦਾ ਦਿਵਾਲਾ ਕੱਢ ਦਿੰਦਾ ਹੈ। ਹੁਣ ਤੁਹਾਡੇ ਸਾਰਿਆਂ ਕੋਲ ਨੌਕਰੀ ਨਾ ਹੋਣ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਤੋਰਨਾ ਨਾਮੁਮਕਿਨ ਹੈ। ਤੁਹਾਡਾ ਪਰਿਵਾਰ ਸਿਰਫ਼ ਇੱਕੋ ਆਦਮੀ ਦੇ ਭ੍ਰਿਸ਼ਟਾਚਾਰ ਕਰਕੇ ਦੁੱਖ-ਤਕਲੀਫ਼ ਝੱਲਦਾ ਹੈ। ਕੀ ਇਸ ਮੁਸ਼ਕਲ ਤੋਂ ਕੋਈ ਰਾਹਤ ਹੈ? ਜੀ ਹਾਂ! ਇਕ ਅਮੀਰ ਬੰਦਾ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਉਹ ਜਾਣਦਾ ਹੈ ਕਿ ਕਾਰਖ਼ਾਨੇ ਨੂੰ ਦੁਬਾਰਾ ਚਲਾਉਣ ਦੇ ਬਹੁਤ ਫ਼ਾਇਦੇ ਹਨ। ਉਸ ਨੂੰ ਇਸ ਦੇ ਸਾਰੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਤਰਸ ਆਉਂਦਾ ਹੈ। ਉਹ ਬੰਦੋਬਸਤ ਕਰਦਾ ਹੈ ਕਿ ਕਾਰਖ਼ਾਨੇ ਦਾ ਸਾਰਾ ਕਰਜ਼ਾ ਲਾਹਿਆ ਜਾਵੇ ਅਤੇ ਉਹ ਮੁੜ ਖੋਲ੍ਹਿਆ ਜਾਵੇ। ਇਸ ਕਰਜ਼ੇ ਨੂੰ ਲਾਹੁਣ ਨਾਲ ਸਾਰੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਆਦਮ ਦੇ ਕਰਜ਼ੇ ਨੂੰ ਲਾਹੁਣ ਦੁਆਰਾ ਲੱਖਾਂ-ਕਰੋੜਾਂ ਇਨਸਾਨਾਂ ਨੂੰ ਲਾਭ ਹੋਇਆ ਹੈ।
ਇਨਸਾਨਾਂ ਨੂੰ ਰਿਹਾ ਕਰਾਉਣ ਲਈ ਮੁੱਲ ਕੌਣ ਭਰਦਾ ਹੈ?
13, 14. (ੳ) ਯਹੋਵਾਹ ਨੇ ਇਨਸਾਨਜਾਤ ਵਾਸਤੇ ਨਿਸਤਾਰੇ ਦੇ ਮੁੱਲ ਦਾ ਬੰਦੋਬਸਤ ਕਿਸ ਤਰ੍ਹਾਂ ਕੀਤਾ ਸੀ? (ਅ) ਨਿਸਤਾਰੇ ਦਾ ਮੁੱਲ ਕਿਸ ਨੂੰ ਦਿੱਤਾ ਜਾਣਾ ਸੀ ਅਤੇ ਇਸ ਦੀ ਜ਼ਰੂਰਤ ਕਿਉਂ ਪਈ ਸੀ?
13 ਸਿਰਫ਼ ਯਹੋਵਾਹ ਹੀ ਉਸ ‘ਲੇਲੇ’ ਦਾ ਪ੍ਰਬੰਧ ਕਰ ਸਕਦਾ ਸੀ “ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰਨਾ 1:29) ਪਰ ਪਰਮੇਸ਼ੁਰ ਨੇ ਇਨਸਾਨਜਾਤ ਨੂੰ ਬਚਾਉਣ ਵਾਸਤੇ ਸਾਰਿਆਂ ਦੂਤਾਂ ਵਿੱਚੋਂ ਉਸ ਦੂਤ ਨੂੰ ਘੱਲਿਆ ਸੀ ਜੋ ਯਹੋਵਾਹ ਦੇ ਸੇਵਕਾਂ ਤੇ ਲਾਏ ਸ਼ਤਾਨ ਦੇ ਇਲਜ਼ਾਮਾਂ ਦਾ ਜਵਾਬ ਦੇ ਕੇ ਉਸ ਦਾ ਮੂੰਹ ਬੰਦ ਕਰ ਸਕਦਾ ਸੀ। ਜੀ ਹਾਂ, ਯਹੋਵਾਹ ਨੇ ਇਸ ਕੰਮ ਲਈ ਆਪਣੇ ਇਕਲੌਤੇ ਪੁੱਤਰ ਨੂੰ ਚੁਣਿਆ ‘ਜਿਸ ਤੋਂ ਉਸ ਦਾ ਜੀ ਪਰਸੰਨ ਹੈ।’ (ਯਸਾਯਾਹ 42:1) ਯਹੋਵਾਹ ਨੇ ਉਸ ਨੂੰ ਭੇਜ ਕੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਪਰਮੇਸ਼ੁਰ ਦਾ ਪੁੱਤਰ ਆਪਣੇ ਸਵਰਗੀ ਰੂਪ ਤੋਂ “ਆਪਣੇ ਆਪ ਨੂੰ ਸੱਖਣਾ” ਕਰਨ ਲਈ ਤਿਆਰ ਸੀ। (ਫ਼ਿਲਿੱਪੀਆਂ 2:7) ਕਰਾਮਾਤੀ ਢੰਗ ਨਾਲ ਯਹੋਵਾਹ ਨੇ ਆਪਣੇ ਸਵਰਗੀ ਜੇਠੇ ਪੁੱਤਰ ਦੀ ਜਾਨ ਅਤੇ ਸ਼ਖ਼ਸੀਅਤ ਨੂੰ ਮਰਿਯਮ ਨਾਂ ਦੀ ਕੁਆਰੀ ਯਹੂਦਣ ਦੀ ਕੁੱਖ ਵਿਚ ਪਾ ਦਿੱਤਾ। (ਲੂਕਾ 1:27, 35) ਧਰਤੀ ਉੱਤੇ ਉਸ ਦਾ ਨਾਂ ਯਿਸੂ ਰੱਖਿਆ ਗਿਆ ਸੀ। ਪਰ ਕਾਨੂੰਨੀ ਤੌਰ ਤੇ ਉਹ ਦੂਜਾ ਆਦਮ ਸੱਦਿਆ ਗਿਆ ਕਿਉਂ ਜੋ ਉਹ ਹਰ ਤਰ੍ਹਾਂ ਆਦਮ ਦੇ ਬਰਾਬਰ ਸੀ। (1 ਕੁਰਿੰਥੀਆਂ 15:45, 47; ਰੋਮੀਆਂ 5:14) ਇਸ ਲਈ ਯਿਸੂ ਆਪਣੀ ਕੁਰਬਾਨੀ ਦੇ ਕੇ ਪਾਪੀ ਇਨਸਾਨਜਾਤ ਦੀ ਰਿਹਾਈ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਸਕਦਾ ਸੀ।
14 ਨਿਸਤਾਰੇ ਦਾ ਮੁੱਲ ਕਿਸ ਨੂੰ ਦਿੱਤਾ ਜਾਣਾ ਸੀ? ਜ਼ਬੂਰਾਂ ਦੀ ਪੋਥੀ 49:7 ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਇਹ “ਪਰਮੇਸ਼ੁਰ ਨੂੰ” ਦਿੱਤਾ ਜਾਣਾ ਸੀ। ਪਰ ਕੀ ਯਹੋਵਾਹ ਨੇ ਆਪ ਹੀ ਇਹ ਮੁੱਲ ਦੇਣ ਦਾ ਪਹਿਲਾਂ ਬੰਦੋਬਸਤ ਨਹੀਂ ਕੀਤਾ ਸੀ? ਜੀ ਹਾਂ, ਪਰ ਇਸ ਤਰ੍ਹਾਂ ਕਰਨ ਨਾਲ ਇਹ ਫ਼ਜ਼ੂਲ ਤੇ ਰਸਮੀ ਨਹੀਂ ਬਣ ਜਾਂਦਾ ਜਿਵੇਂ ਕਿਤੇ ਕੋਈ ਆਪਣੀ ਇਕ ਜੇਬ ਵਿੱਚੋਂ ਪੈਸੇ ਕੱਢ ਕੇ ਦੂਜੀ ਜੇਬ ਵਿਚ ਪਾ ਲਵੇ। ਇਹ ਗੱਲ ਸਮਝੀ ਜਾਣੀ ਚਾਹੀਦੀ ਹੈ ਕਿ ਇਹ ਇਕ ਕਾਨੂੰਨੀ ਕਾਰਵਾਈ ਹੈ। ਭਾਵੇਂ ਯਹੋਵਾਹ ਨੂੰ ਕਾਫ਼ੀ ਕੀਮਤ ਚੁਕਾਉਣੀ ਪਈ, ਫਿਰ ਵੀ ਉਸ ਨੇ ਨਿਸਤਾਰੇ ਦਾ ਮੁੱਲ ਭਰ ਕੇ ਦਿਖਾਇਆ ਕਿ ਉਹ ਆਪਣੇ ਮੁਕੰਮਲ ਇਨਸਾਫ਼ ਉੱਤੇ ਦ੍ਰਿੜ੍ਹ ਰਹਿੰਦਾ ਹੈ।—ਉਤਪਤ 22:7, 8, 11-13; ਇਬਰਾਨੀਆਂ 11:17; ਯਾਕੂਬ 1:17.
15. ਇਹ ਜ਼ਰੂਰੀ ਕਿਉਂ ਸੀ ਕਿ ਯਿਸੂ ਦੁੱਖ ਸਹਿ ਕੇ ਮਰੇ?
15 ਸੰਨ 33 ਵਿਚ ਯਿਸੂ ਆਪਣੀ ਮਰਜ਼ੀ ਨਾਲ ਨਿਸਤਾਰੇ ਦਾ ਮੁੱਲ ਭਰਨ ਲਈ ਹਰ ਦੁੱਖ ਝੱਲਣ ਲਈ ਤਿਆਰ ਸੀ। ਯਿਸੂ ਨੇ ਝੂਠੇ ਇਲਜ਼ਾਮਾਂ ਅਧੀਨ ਗਿਰਫ਼ਤਾਰ ਹੋਣ, ਦੋਸ਼ੀ ਠਹਿਰਾਏ ਜਾਣ ਅਤੇ ਸੂਲੀ ਤੇ ਟੰਗੇ ਜਾਣ ਦਾ ਵਿਰੋਧ ਨਹੀਂ ਕੀਤਾ। ਕੀ ਇਹ ਜ਼ਰੂਰੀ ਸੀ ਕਿ ਯਿਸੂ ਇੰਨਾ ਦੁੱਖ ਸਹੇ? ਜੀ ਹਾਂ, ਕਿਉਂਕਿ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ਦਾ ਸਵਾਲ ਅਜੇ ਖੜ੍ਹਾ ਸੀ। ਪਰ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਯਹੋਵਾਹ ਨੇ ਹੇਰੋਦੇਸ ਦੇ ਹੱਥੋਂ ਯਿਸੂ ਦਾ ਕਤਲ ਨਹੀਂ ਹੋਣ ਦਿੱਤਾ ਸੀ ਜਦੋਂ ਉਹ ਅਜੇ ਬੱਚਾ ਹੀ ਸੀ।b (ਮੱਤੀ 2:13-18) ਪਰ ਜਦ ਯਿਸੂ ਵੱਡਾ ਹੋ ਗਿਆ ਸੀ, ਤਾਂ ਉਹ ਸਭ ਕੁਝ ਚੰਗੀ ਤਰ੍ਹਾਂ ਸਮਝ ਕੇ ਸ਼ਤਾਨ ਦੇ ਹਮਲਿਆਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦਾ ਸੀ। ਯਿਸੂ ਨੇ ਇੰਨੇ ਦੁੱਖ ਸਹਿ ਕੇ ਅਤੇ “ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ” ਰਹਿ ਕੇ ਪੂਰੀ ਤਰ੍ਹਾਂ ਸਾਬਤ ਕੀਤਾ ਕਿ ਯਹੋਵਾਹ ਦੇ ਅਜਿਹੇ ਭਗਤ ਹਨ ਜੋ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਨ। (ਇਬਰਾਨੀਆਂ 7:26) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਆਪਣੇ ਆਖ਼ਰੀ ਸਾਹਾਂ ਤੇ ਯਿਸੂ ਨੇ ਫ਼ਖ਼ਰ ਨਾਲ ਕਿਉਂ ਕਿਹਾ ਸੀ: “ਪੂਰਾ ਹੋਇਆ ਹੈ।”—ਯੂਹੰਨਾ 19:30.
ਮੁਕਤੀ ਦਾ ਕੰਮ ਪੂਰਾ ਕਰਨਾ
16, 17. (ੳ) ਯਿਸੂ ਨੇ ਆਪਣਾ ਮੁਕਤੀ ਦਾ ਕੰਮ ਕਿਸ ਤਰ੍ਹਾਂ ਜਾਰੀ ਰੱਖਿਆ ਸੀ? (ਅ) ਇਹ ਕਿਉਂ ਜ਼ਰੂਰੀ ਸੀ ਕਿ ਯਿਸੂ “ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼” ਹੋਵੇ?
16 ਮੁਕਤੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ। ਯਿਸੂ ਦੀ ਮੌਤ ਤੋਂ ਤੀਜੇ ਦਿਨ ਬਾਅਦ ਯਹੋਵਾਹ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ। (ਰਸੂਲਾਂ ਦੇ ਕਰਤੱਬ 3:15; 10:40) ਇਸ ਮਹੱਤਵਪੂਰਣ ਕੰਮ ਦੇ ਜ਼ਰੀਏ ਯਹੋਵਾਹ ਨੇ ਆਪਣੇ ਪੁੱਤਰ ਨੂੰ ਸਿਰਫ਼ ਉਸ ਦੀ ਵਫ਼ਾਦਾਰੀ ਦਾ ਇਨਾਮ ਹੀ ਨਹੀਂ ਦਿੱਤਾ, ਪਰ ਉਸ ਨੂੰ ਪ੍ਰਧਾਨ ਜਾਜਕ ਹੋਣ ਦੇ ਨਾਤੇ ਆਪਣਾ ਮੁਕਤੀ ਦਾ ਕੰਮ ਪੂਰਾ ਕਰਨ ਦਾ ਮੌਕਾ ਵੀ ਦਿੱਤਾ। (ਰੋਮੀਆਂ 1:4; 1 ਕੁਰਿੰਥੀਆਂ 15:3-8) ਪੌਲੁਸ ਰਸੂਲ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ: “ਪਰ ਜਾਂ ਮਸੀਹ . . . ਪਰਧਾਨ ਜਾਜਕ ਹੋ ਕੇ ਆਇਆ ਤਾਂ . . . ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।”—ਇਬਰਾਨੀਆਂ 9:11, 12, 24.
17 ਮਸੀਹ ਆਪਣਾ ਲਹੂ ਸਵਰਗ ਵਿਚ ਨਹੀਂ ਲੈ ਜਾ ਸਕਦਾ ਸੀ। (1 ਕੁਰਿੰਥੀਆਂ 15:50) ਇਸ ਦੀ ਬਜਾਇ ਉਹ ਉਸ ਚੀਜ਼ ਨੂੰ ਸਵਰਗ ਵਿਚ ਲੈ ਕੇ ਗਿਆ ਜਿਸ ਨੂੰ ਇਹ ਲਹੂ ਦਰਸਾਉਂਦਾ ਸੀ ਯਾਨੀ ਉਸ ਦੀ ਕੁਰਬਾਨ ਕੀਤੀ ਗਈ ਮੁਕੰਮਲ ਇਨਸਾਨੀ ਜਾਨ ਦੀ ਕੀਮਤ। ਜੀ ਉੱਠਣ ਤੋਂ ਬਾਅਦ ਉਸ ਨੇ ਪਰਮੇਸ਼ੁਰ ਦੇ ਸਨਮੁਖ ਜਾ ਕੇ ਸਾਰੀ ਪਾਪੀ ਇਨਸਾਨਜਾਤ ਦੇ ਨਿਸਤਾਰੇ ਵਾਸਤੇ ਆਪਣੀ ਜਾਨ ਦੀ ਕੀਮਤ ਪੇਸ਼ ਕੀਤੀ। ਕੀ ਯਹੋਵਾਹ ਨੇ ਇਹ ਬਲੀਦਾਨ ਕਬੂਲ ਕੀਤਾ ਸੀ? ਜੀ ਹਾਂ ਅਤੇ ਪੰਤੇਕੁਸਤ ਦੇ ਦਿਨ, ਸੰਨ 33 ਵਿਚ ਇਹ ਗੱਲ ਜ਼ਾਹਰ ਹੋ ਗਈ ਸੀ ਜਦੋਂ ਯਰੂਸ਼ਲਮ ਵਿਚ ਯਿਸੂ ਦੇ 120 ਚੇਲਿਆਂ ਉੱਤੇ ਪਵਿੱਤਰ ਆਤਮਾ ਆਈ ਸੀ। (ਰਸੂਲਾਂ ਦੇ ਕਰਤੱਬ 2:1-4) ਭਾਵੇਂ ਉਹ ਘਟਨਾ ਬੜੀ ਸ਼ਾਨਦਾਰ ਸੀ, ਪਰ ਇਹ ਤਾਂ ਨਿਸਤਾਰੇ ਦੇ ਪਹਿਲੇ ਲਾਭ ਹੀ ਸਨ, ਅਜੇ ਹੋਰ ਕਈ ਲਾਭ ਹੋਣੇ ਸਨ।
ਨਿਸਤਾਰੇ ਦੇ ਲਾਭ
18, 19. (ੳ) ਮਸੀਹ ਦੇ ਲਹੂ ਰਾਹੀਂ ਕੀਤੇ ਗਏ ਮੇਲ-ਮਿਲਾਪ ਦੇ ਜ਼ਰੀਏ ਕਿਹੜੇ ਦੋ ਵੱਖਰੇ ਸਮੂਹਾਂ ਨੂੰ ਲਾਭ ਹੋ ਰਹੇ ਹਨ? (ਅ) “ਵੱਡੀ ਭੀੜ” ਦੇ ਲੋਕਾਂ ਨੂੰ ਨਿਸਤਾਰੇ ਤੋਂ ਹੁਣ ਕੀ ਲਾਭ ਹੋ ਰਹੇ ਹਨ ਤੇ ਭਵਿੱਖ ਵਿਚ ਕੀ ਲਾਭ ਹੋਣਗੇ?
18 ਕੁਲੁੱਸੀਆਂ ਨੂੰ ਚਿੱਠੀ ਲਿਖ ਕੇ ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਨੂੰ ਚੰਗਾ ਲੱਗਾ ਕਿ ਉਹ ਮਸੀਹ ਦੇ ਲਹੂ ਦੇ ਰਾਹੀਂ ਸਾਰੀਆਂ ਚੀਜ਼ਾਂ ਨਾਲ ਸੁਲ੍ਹਾ ਕਰੇ। ਪੌਲੁਸ ਨੇ ਅੱਗੇ ਇਹ ਵੀ ਸਮਝਾਇਆ ਕਿ ਇਸ ਮੇਲ-ਮਿਲਾਪ ਵਿਚ ਦੋ ਵੱਖਰੇ ਸਮੂਹਾਂ ਦੀ ਗੱਲ ਕੀਤੀ ਗਈ ਸੀ, ਯਾਨੀ ‘ਅਕਾਸ਼ ਉਤਲੀਆਂ ਵਸਤਾਂ’ ਅਤੇ ‘ਧਰਤੀ ਉਤਲੀਆਂ ਵਸਤਾਂ।’ (ਕੁਲੁੱਸੀਆਂ 1:19, 20; ਅਫ਼ਸੀਆਂ 1:10) ‘ਅਕਾਸ਼ ਉਤਲੀਆਂ ਵਸਤਾਂ’ ਵਿਚ 1,44,000 ਮਸੀਹੀ ਹਨ ਜਿਨ੍ਹਾਂ ਦੀ ਯਿਸੂ ਮਸੀਹ ਦੇ ਨਾਲ ਜਾਜਕ ਅਤੇ ਰਾਜਿਆਂ ਵਜੋਂ ਸਵਰਗ ਤੋਂ ਧਰਤੀ ਉੱਤੇ ਰਾਜ ਕਰਨ ਦੀ ਉਮੀਦ ਹੈ। (ਪਰਕਾਸ਼ ਦੀ ਪੋਥੀ 5:9, 10; 7:4; 14:1-3) ਉਨ੍ਹਾਂ ਦੇ ਰਾਹੀਂ ਇਕ ਹਜ਼ਾਰ ਸਾਲ ਦੇ ਸਮੇਂ ਦੌਰਾਨ ਆਗਿਆਕਾਰ ਇਨਸਾਨਜਾਤ ਨੂੰ ਹੌਲੀ-ਹੌਲੀ ਨਿਸਤਾਰੇ ਦੇ ਲਾਭ ਹਾਸਲ ਹੋਣਗੇ।—1 ਕੁਰਿੰਥੀਆਂ 15:24-26; ਪਰਕਾਸ਼ ਦੀ ਪੋਥੀ 20:6; 21:3, 4.
19 ‘ਧਰਤੀ ਉਤਲੀਆਂ ਵਸਤਾਂ’ ਉਹ ਲੋਕ ਹਨ ਜਿਨ੍ਹਾਂ ਨੂੰ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜ਼ਿੰਦਾ ਰਹਿਣ ਦੀ ਆਸ ਹੈ। ਪਰਕਾਸ਼ ਦੀ ਪੋਥੀ 7:9-17 ਵਿਚ ਉਨ੍ਹਾਂ ਨੂੰ “ਵੱਡੀ ਭੀੜ” ਸੱਦਿਆ ਗਿਆ ਹੈ ਜੋ ਆ ਰਹੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ। ਪਰ ਉਨ੍ਹਾਂ ਨੂੰ ਨਿਸਤਾਰੇ ਦੇ ਲਾਭ ਹਾਸਲ ਕਰਨ ਲਈ ਵੱਡੀ ਬਿਪਤਾ ਦੇ ਖ਼ਤਮ ਹੋਣ ਤਕ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਹੀ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੋਇਆ ਹੈ। ਕਿਉਂ ਜੋ ਉਹ ਯਿਸੂ ਦੇ ਬਲੀਦਾਨ ਵਿਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਨੂੰ ਹੁਣ ਵੀ ਉਸ ਪ੍ਰਬੰਧ ਤੋਂ ਰੂਹਾਨੀ ਲਾਭ ਹਾਸਲ ਹੁੰਦੇ ਹਨ। ਉਹ ਪਰਮੇਸ਼ੁਰ ਦੇ ਦੋਸਤ ਹੋਣ ਕਰਕੇ ਧਰਮੀ ਠਹਿਰਾਏ ਗਏ ਹਨ! (ਯਾਕੂਬ 2:23) ਯਿਸੂ ਦੇ ਬਲੀਦਾਨ ਸਦਕਾ ਉਹ “ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ” ਜਾ ਸਕਦੇ ਹਨ। (ਇਬਰਾਨੀਆਂ 4:14-16) ਜਦ ਉਨ੍ਹਾਂ ਤੋਂ ਗ਼ਲਤੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਮਾਫ਼ੀ ਮਿਲਦੀ ਹੈ। (ਅਫ਼ਸੀਆਂ 1:7) ਪਾਪੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਅੰਤਹਕਰਣ ਸਾਫ਼ ਹੈ। (ਇਬਰਾਨੀਆਂ 9:9; 10:22; 1 ਪਤਰਸ 3:21) ਪਰਮੇਸ਼ੁਰ ਨਾਲ ਮੇਲ-ਮਿਲਾਪ ਕਰਨਾ ਸਿਰਫ਼ ਇਕ ਉਮੀਦ ਹੀ ਨਹੀਂ ਹੈ, ਪਰ ਅਸੀਂ ਅੱਜ ਵੀ ਇਹ ਕਰ ਸਕਦੇ ਹਾਂ! (2 ਕੁਰਿੰਥੀਆਂ 5:19, 20) ਹਜ਼ਾਰ ਸਾਲ ਦੇ ਸਮੇਂ ਦੌਰਾਨ ਉਹ ਹੌਲੀ-ਹੌਲੀ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ” ਕਰਨਗੇ।—ਰੋਮੀਆਂ 8:21.
20. ਨਿਸਤਾਰੇ ਦੇ ਪ੍ਰਬੰਧ ਬਾਰੇ ਸੋਚ ਕੇ ਤੁਹਾਡੇ ਉੱਤੇ ਨਿੱਜੀ ਤੌਰ ਤੇ ਕੀ ਅਸਰ ਪੈਂਦਾ ਹੈ?
20 ਨਿਸਤਾਰੇ ਦਾ ਪ੍ਰਬੰਧ ਕਰਨ ਲਈ “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:25) ਇਹ ਪ੍ਰਬੰਧ ਸਰਲ ਹੋਣ ਦੇ ਨਾਲ-ਨਾਲ ਇੰਨਾ ਡੂੰਘਾ ਹੈ ਕਿ ਇਸ ਬਾਰੇ ਸੋਚ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। (ਰੋਮੀਆਂ 11:33) ਇਸ ਬਾਰੇ ਸੋਚ ਕੇ ਸਾਡੇ ਵਿਚ ਇਸ ਲਈ ਕਦਰ ਵਧਦੀ ਹੈ ਤੇ ਅਸੀਂ ਇਨਸਾਫ਼ ਦੇ ਪਰਮੇਸ਼ੁਰ ਨੇੜੇ ਰਹਿਣਾ ਚਾਹੁੰਦੇ ਹਾਂ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ “ਧਰਮ ਅਤੇ ਨਿਆਉਂ ਨਾਲ ਪ੍ਰੀਤ” ਰੱਖਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਾਂਗੇ।—ਜ਼ਬੂਰਾਂ ਦੀ ਪੋਥੀ 33:5.
a ਆਦਮ ਅਤੇ ਹੱਵਾਹ ਨੂੰ ਨਿਸਤਾਰੇ ਤੋਂ ਫ਼ਾਇਦਾ ਨਹੀਂ ਹੋ ਸਕਦਾ ਸੀ। ਜਾਣ-ਬੁੱਝ ਕੇ ਕਤਲ ਕਰਨ ਵਾਲੇ ਇਨਸਾਨ ਬਾਰੇ ਮੂਸਾ ਦੀ ਬਿਵਸਥਾ ਵਿਚ ਇਸ ਤਰ੍ਹਾਂ ਕਿਹਾ ਗਿਆ ਸੀ: “ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਿਓ ਜੋ ਮੌਤ ਦਾ ਦੋਸ਼ੀ ਹੋਵੇ।” (ਗਿਣਤੀ 35:31) ਇਹ ਸਪੱਸ਼ਟ ਹੈ ਕਿ ਆਦਮ ਤੇ ਹੱਵਾਹ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਾਣ-ਬੁੱਝ ਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਹਮੇਸ਼ਾ ਦੀ ਜ਼ਿੰਦਗੀ ਨੂੰ ਤਿਆਗ ਦਿੱਤਾ ਸੀ।
b ਆਦਮ ਦੇ ਪਾਪ ਦਾ ਹਰਜਾਨਾ ਭਰਨ ਲਈ ਯਿਸੂ ਨੂੰ ਮੁਕੰਮਲ ਨਿਆਣੇ ਵਜੋਂ ਨਹੀਂ, ਪਰ ਮੁਕੰਮਲ ਆਦਮੀ ਵਜੋਂ ਮਰਨਾ ਪੈਣਾ ਸੀ। ਯਾਦ ਰੱਖੋ ਕਿ ਆਦਮ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ ਅਤੇ ਉਹ ਆਪਣੇ ਪਾਪ ਦੀ ਗੰਭੀਰਤਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਨਤੀਜੇ ਕੀ ਨਿਕਲਣਗੇ। ਇਸ ਕਰਕੇ “ਛੇਕੜਲਾ ਆਦਮ” ਬਣਨ ਲਈ ਅਤੇ ਪਾਪ ਦਾ ਪ੍ਰਾਸਚਿਤ ਕਰਨ ਲਈ ਇਹ ਜ਼ਰੂਰੀ ਸੀ ਕਿ ਯਿਸੂ ਸੋਚ-ਸਮਝ ਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਫ਼ੈਸਲਾ ਕਰੇ। (1 ਕੁਰਿੰਥੀਆਂ 15:45, 47) ਇਸ ਤਰ੍ਹਾਂ ਯਿਸੂ ਦੀ ਆਗਿਆਕਾਰੀ ਅਤੇ ਉਸ ਦੀ ਬਲੀਦਾਨ-ਰੂਪੀ ਮੌਤ “ਧਰਮ ਦੇ ਇੱਕ ਕੰਮ” ਵਜੋਂ ਗਿਣੀ ਗਈ।—ਰੋਮੀਆਂ 5:18, 19.