ਗਲਾਤੀਆਂ ਨੂੰ ਚਿੱਠੀ
3 ਹੇ ਨਾਸਮਝ ਗਲਾਤੀਓ, ਕਿਸ ਨੇ ਤੁਹਾਨੂੰ ਭਰਮਾਇਆ ਹੈ?+ ਤੁਹਾਨੂੰ ਤਾਂ ਯਿਸੂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਬਾਰੇ ਇੰਨੀ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਜਿਵੇਂ ਕਿ ਇਹ ਤੁਹਾਡੀਆਂ ਅੱਖਾਂ ਸਾਮ੍ਹਣੇ ਹੋਇਆ ਹੋਵੇ।+ 2 ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ: ਕੀ ਤੁਹਾਨੂੰ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਵਿੱਤਰ ਸ਼ਕਤੀ ਮਿਲੀ ਸੀ ਜਾਂ ਫਿਰ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਨ ਕਰਕੇ?+ 3 ਕੀ ਤੁਸੀਂ ਇੰਨੇ ਨਾਸਮਝ ਹੋ? ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਣਾ ਸ਼ੁਰੂ ਕੀਤਾ ਸੀ। ਕੀ ਹੁਣ ਤੁਸੀਂ ਇਨਸਾਨੀ ਸੋਚ ਮੁਤਾਬਕ ਆਪਣੀ ਮੰਜ਼ਲ ʼਤੇ ਪਹੁੰਚਣਾ ਚਾਹੁੰਦੇ ਹੋ?+ 4 ਕੀ ਤੁਸੀਂ ਇੰਨੇ ਦੁੱਖ ਐਵੇਂ ਹੀ ਝੱਲੇ ਸਨ? ਮੈਂ ਨਹੀਂ ਮੰਨਦਾ ਕਿ ਤੁਸੀਂ ਸਾਰੇ ਦੁੱਖ ਐਵੇਂ ਹੀ ਝੱਲੇ ਸਨ। 5 ਇਸ ਲਈ, ਜਿਹੜਾ ਤੁਹਾਨੂੰ ਪਵਿੱਤਰ ਸ਼ਕਤੀ ਦਿੰਦਾ ਹੈ ਅਤੇ ਤੁਹਾਡੇ ਵਿਚ ਕਰਾਮਾਤਾਂ ਕਰਦਾ ਹੈ,+ ਕੀ ਉਹ ਇਸ ਲਈ ਕਰਦਾ ਹੈ ਕਿਉਂਕਿ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਦੇ ਹੋ ਜਾਂ ਫਿਰ ਇਸ ਕਰਕੇ ਕਿ ਤੁਸੀਂ ਖ਼ੁਸ਼ ਖ਼ਬਰੀ ਉੱਤੇ ਨਿਹਚਾ ਕਰਦੇ ਹੋ? 6 ਯਾਦ ਕਰੋ ਕਿ “ਅਬਰਾਹਾਮ ਨੇ ਯਹੋਵਾਹ* ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ।”+
7 ਤੁਸੀਂ ਇਹ ਗੱਲ ਤਾਂ ਜਾਣਦੇ ਹੀ ਹੋ ਕਿ ਜਿਹੜੇ ਲੋਕ ਨਿਹਚਾ ਮੁਤਾਬਕ ਚੱਲਦੇ ਹਨ, ਉਹ ਅਬਰਾਹਾਮ ਦੇ ਪੁੱਤਰ ਹਨ।+ 8 ਧਰਮ-ਗ੍ਰੰਥ ਨੇ ਪਹਿਲਾਂ ਹੀ ਦੱਸਿਆ ਸੀ ਕਿ ਪਰਮੇਸ਼ੁਰ ਗ਼ੈਰ-ਯਹੂਦੀ ਕੌਮਾਂ ਵਿੱਚੋਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਧਰਮੀ ਠਹਿਰਾਏਗਾ ਜਿਸ ਕਰਕੇ ਧਰਮ-ਗ੍ਰੰਥ ਨੇ ਅਬਰਾਹਾਮ ਨੂੰ ਪਹਿਲਾਂ ਹੀ ਇਹ ਖ਼ੁਸ਼ ਖ਼ਬਰੀ ਦੇ ਦਿੱਤੀ ਸੀ: “ਤੇਰੇ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤ ਮਿਲੇਗੀ।”+ 9 ਇਸ ਲਈ ਜਿਵੇਂ ਅਬਰਾਹਾਮ ਨੂੰ ਨਿਹਚਾ ਕਰਨ ਕਰਕੇ ਬਰਕਤਾਂ ਦਿੱਤੀਆਂ ਗਈਆਂ ਸਨ, ਉਸੇ ਤਰ੍ਹਾਂ ਨਿਹਚਾ ਮੁਤਾਬਕ ਚੱਲਣ ਵਾਲੇ ਲੋਕਾਂ ਨੂੰ ਵੀ ਬਰਕਤਾਂ ਦਿੱਤੀਆਂ ਜਾ ਰਹੀਆਂ ਹਨ।+
10 ਜਿਹੜੇ ਲੋਕ ਮੂਸਾ ਦੇ ਕਾਨੂੰਨ ਅਨੁਸਾਰ ਕੀਤੇ ਜਾਣ ਵਾਲੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ, ਉਹ ਸਾਰੇ ਸਰਾਪੇ ਹੋਏ ਹਨ ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ: “ਸਰਾਪਿਆ ਹੈ ਉਹ ਇਨਸਾਨ ਜਿਹੜਾ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਲਿਖੀ ਹਰ ਗੱਲ ਪੂਰੀ ਨਹੀਂ ਕਰਦਾ।”+ 11 ਇਸ ਤੋਂ ਇਲਾਵਾ, ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਮੂਸਾ ਦੇ ਕਾਨੂੰਨ ਦੇ ਜ਼ਰੀਏ ਕਿਸੇ ਨੂੰ ਧਰਮੀ ਨਹੀਂ ਠਹਿਰਾਉਂਦਾ+ ਕਿਉਂਕਿ ਲਿਖਿਆ ਹੋਇਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+ 12 ਮੂਸਾ ਦੇ ਕਾਨੂੰਨ ਦਾ ਨਿਹਚਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਇਸ ਵਿਚ ਲਿਖਿਆ ਹੈ, “ਜਿਹੜਾ ਇਨ੍ਹਾਂ ਹੁਕਮਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।”+ 13 ਮਸੀਹ ਨੇ ਸਾਨੂੰ ਖ਼ਰੀਦ ਕੇ+ ਮੂਸਾ ਦੇ ਕਾਨੂੰਨ ਦੇ ਸਰਾਪ ਤੋਂ ਮੁਕਤ ਕੀਤਾ ਹੈ। ਉਸ ਨੇ ਸਾਡਾ ਸਰਾਪ ਆਪਣੇ ʼਤੇ ਲੈ ਲਿਆ ਹੈ+ ਕਿਉਂਕਿ ਲਿਖਿਆ ਹੈ: “ਸੂਲ਼ੀ ਉੱਤੇ ਟੰਗਿਆ ਇਨਸਾਨ ਸਰਾਪਿਆ ਹੁੰਦਾ ਹੈ।”+ 14 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਅਬਰਾਹਾਮ ਨਾਲ ਜਿਨ੍ਹਾਂ ਬਰਕਤਾਂ ਦਾ ਵਾਅਦਾ ਕੀਤਾ ਗਿਆ ਸੀ, ਉਹ ਮਸੀਹ ਯਿਸੂ ਰਾਹੀਂ ਗ਼ੈਰ-ਯਹੂਦੀ ਕੌਮਾਂ ਨੂੰ ਮਿਲਣ+ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਨਿਹਚਾ ਕਰਕੇ ਵਾਅਦਾ ਕੀਤੀ ਹੋਈ ਪਵਿੱਤਰ ਸ਼ਕਤੀ ਮਿਲੇ।+
15 ਭਰਾਵੋ, ਮੈਂ ਤੁਹਾਨੂੰ ਇਕ ਮਿਸਾਲ ਦਿੰਦਾ ਹਾਂ: ਜਦੋਂ ਕੋਈ ਇਕਰਾਰ ਪੱਕਾ ਕਰ ਦਿੱਤਾ ਜਾਂਦਾ ਹੈ, ਚਾਹੇ ਕਿਸੇ ਇਨਸਾਨ ਨੇ ਹੀ ਇਸ ਨੂੰ ਪੱਕਾ ਕਿਉਂ ਨਾ ਕੀਤਾ ਹੋਵੇ, ਤਾਂ ਇਸ ਨੂੰ ਕੋਈ ਵੀ ਤੋੜ ਨਹੀਂ ਸਕਦਾ ਅਤੇ ਨਾ ਹੀ ਇਸ ਵਿਚ ਕੁਝ ਜੋੜ ਸਕਦਾ ਹੈ। 16 ਇਹ ਵਾਅਦੇ ਅਬਰਾਹਾਮ ਅਤੇ ਉਸ ਦੀ ਸੰਤਾਨ* ਨਾਲ ਕੀਤੇ ਗਏ ਸਨ।+ ਧਰਮ-ਗ੍ਰੰਥ ਇਹ ਨਹੀਂ ਕਹਿੰਦਾ: “ਅਤੇ ਤੇਰੀਆਂ ਸੰਤਾਨਾਂ* ਨੂੰ,” ਜਿਵੇਂ ਕਿ ਉਹ ਬਹੁਤੇ ਲੋਕਾਂ ਦੀ ਗੱਲ ਕਰ ਰਿਹਾ ਹੋਵੇ, ਪਰ ਉਹ ਸਿਰਫ਼ ਇਕ ਜਣੇ ਦੀ ਗੱਲ ਕਰ ਰਿਹਾ ਸੀ: “ਅਤੇ ਤੇਰੀ ਸੰਤਾਨ* ਨੂੰ,” ਜੋ ਕਿ ਮਸੀਹ ਹੈ।+ 17 ਮੇਰੇ ਕਹਿਣ ਦਾ ਮਤਲਬ ਹੈ: ਪਰਮੇਸ਼ੁਰ ਨੇ ਇਕਰਾਰ ਪਹਿਲਾਂ ਕੀਤਾ ਸੀ, ਜਦ ਕਿ ਮੂਸਾ ਦਾ ਕਾਨੂੰਨ 430 ਸਾਲ ਬਾਅਦ ਦਿੱਤਾ ਗਿਆ ਸੀ,+ ਇਸ ਲਈ ਇਹ ਕਾਨੂੰਨ ਇਸ ਇਕਰਾਰ ਨੂੰ ਅਤੇ ਉਸ ਦੇ ਵਾਅਦੇ ਨੂੰ ਰੱਦ ਨਹੀਂ ਕਰਦਾ। 18 ਜੇ ਮੂਸਾ ਦੇ ਕਾਨੂੰਨ ਦੇ ਰਾਹੀਂ ਵਿਰਾਸਤ ਮਿਲਦੀ ਹੈ, ਤਾਂ ਫਿਰ ਵਾਅਦੇ ਦਾ ਕੋਈ ਮਤਲਬ ਨਹੀਂ ਰਿਹਾ, ਪਰ ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਅਬਰਾਹਾਮ ਨੂੰ ਵਾਅਦੇ ਅਨੁਸਾਰ ਹੀ ਵਿਰਾਸਤ ਦਿੱਤੀ।+
19 ਤਾਂ ਫਿਰ, ਇਹ ਕਾਨੂੰਨ ਕਿਉਂ ਦਿੱਤਾ ਗਿਆ ਸੀ? ਸਾਡੇ ਪਾਪ ਜ਼ਾਹਰ ਕਰਨ ਲਈ।+ ਇਹ ਕਾਨੂੰਨ ਸੰਤਾਨ* ਦੇ ਆਉਣ ਤਕ ਹੀ ਰਹਿਣਾ ਸੀ+ ਜਿਸ ਨਾਲ ਵਾਅਦਾ ਕੀਤਾ ਗਿਆ ਸੀ। ਇਹ ਕਾਨੂੰਨ ਦੂਤਾਂ+ ਦੇ ਜ਼ਰੀਏ ਇਕ ਵਿਚੋਲੇ ਦੇ ਹੱਥੀਂ ਦਿੱਤਾ ਗਿਆ ਸੀ।+ 20 ਜਦੋਂ ਦੋ ਜਣੇ ਆਪਸ ਵਿਚ ਇਕਰਾਰ ਕਰਦੇ ਹਨ, ਤਾਂ ਵਿਚੋਲੇ ਦੀ ਲੋੜ ਪੈਂਦੀ ਹੈ। ਪਰ ਪਰਮੇਸ਼ੁਰ ਇਕੱਲੇ ਨੇ ਵਾਅਦਾ ਕੀਤਾ ਸੀ। 21 ਤਾਂ ਫਿਰ, ਕੀ ਇਹ ਕਾਨੂੰਨ ਪਰਮੇਸ਼ੁਰ ਦੇ ਵਾਅਦਿਆਂ ਦੇ ਖ਼ਿਲਾਫ਼ ਹੈ? ਬਿਲਕੁਲ ਨਹੀਂ ਕਿਉਂਕਿ ਜੇ ਕਿਸੇ ਕਾਨੂੰਨ ਰਾਹੀਂ ਇਨਸਾਨਾਂ ਨੂੰ ਜੀਵਨ ਮਿਲ ਸਕਦਾ, ਤਾਂ ਫਿਰ ਕਾਨੂੰਨ ਰਾਹੀਂ ਹੀ ਇਨਸਾਨ ਨੂੰ ਧਰਮੀ ਠਹਿਰਾਇਆ ਜਾਂਦਾ। 22 ਪਰ ਧਰਮ-ਗ੍ਰੰਥ ਨੇ ਹਰ ਇਨਸਾਨ ਨੂੰ ਪਾਪ ਦੇ ਹਵਾਲੇ ਕੀਤਾ ਹੋਇਆ ਹੈ ਤਾਂਕਿ ਯਿਸੂ ਮਸੀਹ ʼਤੇ ਨਿਹਚਾ ਕਰਨ ਵਾਲੇ ਲੋਕ ਪਰਮੇਸ਼ੁਰ ਦੇ ਵਾਅਦੇ ਦੇ ਵਾਰਸ ਬਣਨ।
23 ਪਰ ਮਸੀਹ ਉੱਤੇ ਨਿਹਚਾ ਕਰਨ* ਤੋਂ ਪਹਿਲਾਂ ਅਸੀਂ ਇਸ ਕਾਨੂੰਨ ਦੀ ਨਿਗਰਾਨੀ ਅਧੀਨ ਸੀ ਤੇ ਇਸ ਦੇ ਗ਼ੁਲਾਮ ਸੀ ਅਤੇ ਇਸ ਸਮੇਂ ਦੌਰਾਨ ਅਸੀਂ ਉਡੀਕ ਕਰ ਰਹੇ ਸੀ ਕਿ ਪਰਮੇਸ਼ੁਰ ਇਸ ਨਿਹਚਾ ਬਾਰੇ ਕੀ ਪ੍ਰਗਟ ਕਰੇਗਾ।+ 24 ਇਸ ਲਈ ਇਹ ਕਾਨੂੰਨ ਸਾਡਾ ਰਖਵਾਲਾ* ਬਣ ਕੇ ਸਾਨੂੰ ਮਸੀਹ ਕੋਲ ਲੈ ਕੇ ਆਇਆ ਹੈ+ ਤਾਂਕਿ ਸਾਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਜਾਵੇ।+ 25 ਪਰ ਹੁਣ ਅਸੀਂ ਮਸੀਹ ਉੱਤੇ ਨਿਹਚਾ ਕਰਦੇ ਹਾਂ,+ ਇਸ ਲਈ ਅਸੀਂ ਇਸ ਰਖਵਾਲੇ* ਦੇ ਅਧੀਨ ਨਹੀਂ ਹਾਂ।+
26 ਅਸਲ ਵਿਚ, ਮਸੀਹ ਯਿਸੂ+ ʼਤੇ ਨਿਹਚਾ ਕਰਨ ਕਰਕੇ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਹੋ।+ 27 ਤੁਸੀਂ ਸਾਰੇ ਬਪਤਿਸਮਾ ਲੈ ਕੇ ਮਸੀਹ ਨਾਲ ਏਕਤਾ ਵਿਚ ਹੋ ਅਤੇ ਤੁਸੀਂ ਮਸੀਹ ਨੂੰ ਪਹਿਨ ਲਿਆ ਹੈ।+ 28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+ 29 ਨਾਲੇ ਜੇ ਤੁਸੀਂ ਮਸੀਹ ਦੇ ਹੋ, ਤਾਂ ਤੁਸੀਂ ਅਸਲ ਵਿਚ ਅਬਰਾਹਾਮ ਦੀ ਸੰਤਾਨ*+ ਅਤੇ ਵਾਅਦੇ+ ਮੁਤਾਬਕ ਵਾਰਸ+ ਹੋ।