ਦੂਜਾ ਰਾਜਿਆਂ
14 ਇਜ਼ਰਾਈਲ ਦੇ ਰਾਜੇ ਯਹੋਆਹਾਜ਼ ਦੇ ਪੁੱਤਰ ਯਹੋਆਸ਼+ ਦੇ ਰਾਜ ਦੇ ਦੂਜੇ ਸਾਲ ਵਿਚ ਯਹੂਦਾਹ ਦੇ ਰਾਜੇ ਯਹੋਆਸ਼ ਦਾ ਪੁੱਤਰ ਅਮਸਯਾਹ ਰਾਜਾ ਬਣ ਗਿਆ। 2 ਉਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਹੋਅੱਦੀਨ ਸੀ ਜੋ ਯਰੂਸ਼ਲਮ ਦੀ ਰਹਿਣ ਵਾਲੀ ਸੀ।+ 3 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਪਰ ਆਪਣੇ ਵੱਡ-ਵਡੇਰੇ ਦਾਊਦ ਵਾਂਗ ਨਹੀਂ।+ ਉਸ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਉਸ ਦੇ ਪਿਤਾ ਯਹੋਆਸ਼ ਨੇ ਕੀਤਾ ਸੀ।+ 4 ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ+ ਅਤੇ ਲੋਕ ਹਾਲੇ ਵੀ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+ 5 ਆਪਣੇ ਹੱਥ ਵਿਚ ਰਾਜ ਦੀ ਪਕੜ ਮਜ਼ਬੂਤ ਹੁੰਦਿਆਂ ਹੀ ਉਸ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਮਹਾਰਾਜ ਨੂੰ, ਹਾਂ, ਉਸ ਦੇ ਪਿਤਾ ਨੂੰ ਮਾਰਿਆ ਸੀ।+ 6 ਪਰ ਉਸ ਨੇ ਕਾਤਲਾਂ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਕਿਉਂਕਿ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਯਹੋਵਾਹ ਦਾ ਇਹ ਹੁਕਮ ਲਿਖਿਆ ਸੀ: “ਪੁੱਤਰਾਂ ਦੇ ਕਰਕੇ ਪਿਤਾਵਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਅਤੇ ਪਿਤਾਵਾਂ ਦੇ ਕਰਕੇ ਪੁੱਤਰਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ; ਪਰ ਹਰ ਕਿਸੇ ਨੂੰ ਉਸ ਦੇ ਆਪਣੇ ਹੀ ਪਾਪ ਕਰਕੇ ਮੌਤ ਦੀ ਸਜ਼ਾ ਦਿੱਤੀ ਜਾਵੇ।”+ 7 ਉਸ ਨੇ ਯੁੱਧ ਕਰ ਕੇ ਲੂਣ ਦੀ ਘਾਟੀ ਵਿਚ 10,000 ਅਦੋਮੀ ਆਦਮੀਆਂ+ ਨੂੰ ਮਾਰ ਸੁੱਟਿਆ+ ਅਤੇ ਸੀਲਾ ʼਤੇ ਕਬਜ਼ਾ ਕਰ ਲਿਆ+ ਤੇ ਇਸ ਦਾ ਨਾਂ ਯਾਕਥੇਲ ਰੱਖ ਦਿੱਤਾ ਗਿਆ ਅਤੇ ਅੱਜ ਤਕ ਇਸ ਦਾ ਇਹੀ ਨਾਂ ਹੈ।
8 ਫਿਰ ਅਮਸਯਾਹ ਨੇ ਇਜ਼ਰਾਈਲ ਦੇ ਰਾਜੇ ਯਹੋਆਸ਼ ਨੂੰ, ਜੋ ਯਹੋਆਹਾਜ਼ ਦਾ ਪੁੱਤਰ ਤੇ ਯੇਹੂ ਦਾ ਪੋਤਾ ਸੀ, ਇਹ ਸੰਦੇਸ਼ ਭੇਜਿਆ: “ਆਜਾ, ਹੋ ਜਾਵੇ ਯੁੱਧ ਵਿਚ ਇਕ-ਦੂਜੇ ਨਾਲ ਮੁਕਾਬਲਾ।”*+ 9 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਇਹ ਸੰਦੇਸ਼ ਭੇਜਿਆ: “ਲਬਾਨੋਨ ਦੀ ਕੰਡਿਆਲ਼ੀ ਬੂਟੀ ਨੇ ਲਬਾਨੋਨ ਦੇ ਦਿਆਰ ਨੂੰ ਸੰਦੇਸ਼ ਭੇਜਿਆ ਹੈ, ‘ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਦੇ।’ ਪਰ ਲਬਾਨੋਨ ਦਾ ਇਕ ਜੰਗਲੀ ਜਾਨਵਰ ਉੱਥੋਂ ਦੀ ਲੰਘਿਆ ਤੇ ਉਸ ਨੇ ਕੰਡਿਆਲ਼ੀ ਬੂਟੀ ਨੂੰ ਮਸਲ ਦਿੱਤਾ। 10 ਇਹ ਸੱਚ ਹੈ ਕਿ ਤੂੰ ਅਦੋਮ ਨੂੰ ਮਾਰਿਆ ਹੈ,+ ਇਸੇ ਕਰਕੇ ਤੇਰਾ ਮਨ ਘਮੰਡ ਨਾਲ ਫੁੱਲ ਗਿਆ ਹੈ। ਤੈਨੂੰ ਜੋ ਸ਼ਾਨੋ-ਸ਼ੌਕਤ ਮਿਲੀ ਹੈ, ਉਸ ਦਾ ਆਨੰਦ ਮਾਣ, ਪਰ ਆਪਣੇ ਘਰ* ਰਹਿ ਕੇ। ਤੂੰ ਕਿਉਂ ਮੁਸੀਬਤ ਨੂੰ ਸੱਦਾ ਦੇ ਰਿਹਾ ਹੈਂ ਜਿਸ ਕਰਕੇ ਤੂੰ ਆਪਣੇ ਨਾਲ-ਨਾਲ ਯਹੂਦਾਹ ਨੂੰ ਵੀ ਲੈ ਡੁੱਬੇਂਗਾ?” 11 ਪਰ ਅਮਸਯਾਹ ਨੇ ਉਸ ਦੀ ਗੱਲ ਨਹੀਂ ਸੁਣੀ।+
ਇਸ ਲਈ ਇਜ਼ਰਾਈਲ ਦਾ ਰਾਜਾ ਯਹੋਆਸ਼ ਗਿਆ ਅਤੇ ਯਹੂਦਾਹ ਦੇ ਬੈਤ-ਸ਼ਮਸ਼+ ਵਿਚ ਉਸ ਦਾ ਯਹੂਦਾਹ ਦੇ ਰਾਜੇ ਅਮਸਯਾਹ ਨਾਲ ਯੁੱਧ ਵਿਚ ਸਾਮ੍ਹਣਾ ਹੋਇਆ।+ 12 ਇਜ਼ਰਾਈਲ ਨੇ ਯਹੂਦਾਹ ਨੂੰ ਹਰਾ ਦਿੱਤਾ, ਇਸ ਲਈ ਹਰ ਕੋਈ ਆਪੋ-ਆਪਣੇ ਘਰ* ਭੱਜ ਗਿਆ। 13 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਬੈਤ-ਸ਼ਮਸ਼ ਵਿਚ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਫੜ ਲਿਆ ਜੋ ਯਹੋਆਸ਼ ਦਾ ਪੁੱਤਰ ਤੇ ਅਹਜ਼ਯਾਹ ਦਾ ਪੋਤਾ ਸੀ। ਫਿਰ ਉਹ ਯਰੂਸ਼ਲਮ ਆਏ ਤੇ ਉਸ ਨੇ ਇਫ਼ਰਾਈਮ+ ਦੇ ਫਾਟਕ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਯਾਨੀ ਯਰੂਸ਼ਲਮ ਦੀ ਕੰਧ ਦਾ 400 ਹੱਥ* ਲੰਬਾ ਹਿੱਸਾ ਢਾਹ ਦਿੱਤਾ। 14 ਉਸ ਨੇ ਉਹ ਸਾਰਾ ਸੋਨਾ-ਚਾਂਦੀ ਤੇ ਉਹ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਯਹੋਵਾਹ ਦੇ ਭਵਨ ਵਿਚ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਸਨ ਤੇ ਕੁਝ ਜਣਿਆਂ ਨੂੰ ਬੰਦੀ ਬਣਾ ਲਿਆ। ਫਿਰ ਉਹ ਸਾਮਰਿਯਾ ਨੂੰ ਵਾਪਸ ਚਲਾ ਗਿਆ।
15 ਯਹੋਆਸ਼ ਦੀ ਬਾਕੀ ਕਹਾਣੀ, ਉਸ ਦੇ ਕੰਮਾਂ, ਉਸ ਦੀ ਤਾਕਤ ਬਾਰੇ ਅਤੇ ਕਿਵੇਂ ਉਹ ਯਹੂਦਾਹ ਦੇ ਰਾਜੇ ਅਮਸਯਾਹ ਖ਼ਿਲਾਫ਼ ਲੜਿਆ, ਇਸ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 16 ਫਿਰ ਯਹੋਆਸ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਸਾਮਰਿਯਾ ਵਿਚ ਇਜ਼ਰਾਈਲ ਦੇ ਰਾਜਿਆਂ ਨਾਲ ਦਫ਼ਨਾ ਦਿੱਤਾ ਗਿਆ;+ ਅਤੇ ਉਸ ਦਾ ਪੁੱਤਰ ਯਾਰਾਬੁਆਮ*+ ਉਸ ਦੀ ਜਗ੍ਹਾ ਰਾਜਾ ਬਣ ਗਿਆ।
17 ਇਜ਼ਰਾਈਲ ਦੇ ਰਾਜੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੀ ਮੌਤ ਤੋਂ ਬਾਅਦ ਯਹੂਦਾਹ ਦੇ ਰਾਜੇ ਯਹੋਆਸ਼+ ਦਾ ਪੁੱਤਰ ਅਮਸਯਾਹ+ 15 ਸਾਲ ਜੀਉਂਦਾ ਰਿਹਾ।+ 18 ਅਮਸਯਾਹ ਦੀ ਬਾਕੀ ਕਹਾਣੀ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖੀ ਹੋਈ ਹੈ। 19 ਬਾਅਦ ਵਿਚ ਯਰੂਸ਼ਲਮ ਵਿਚ ਉਸ ਖ਼ਿਲਾਫ਼ ਸਾਜ਼ਸ਼ ਰਚੀ ਗਈ+ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਨ੍ਹਾਂ ਨੇ ਲਾਕੀਸ਼ ਵਿਚ ਉਸ ਦੇ ਪਿੱਛੇ ਬੰਦੇ ਭੇਜ ਕੇ ਉੱਥੇ ਉਸ ਨੂੰ ਜਾਨੋਂ ਮਾਰ ਦਿੱਤਾ। 20 ਉਹ ਘੋੜਿਆਂ ਉੱਤੇ ਉਸ ਨੂੰ ਵਾਪਸ ਲੈ ਆਏ ਤੇ ਉਸ ਨੂੰ ਯਰੂਸ਼ਲਮ ਵਿਚ ਦਾਊਦ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ।+ 21 ਫਿਰ ਯਹੂਦਾਹ ਦੇ ਸਾਰੇ ਲੋਕਾਂ ਨੇ ਅਜ਼ਰਯਾਹ*+ ਨੂੰ ਲਿਆ ਜੋ 16 ਸਾਲਾਂ ਦਾ ਸੀ+ ਅਤੇ ਉਸ ਨੂੰ ਉਸ ਦੇ ਪਿਤਾ ਅਮਸਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 22 ਰਾਜੇ* ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਤੋਂ ਬਾਅਦ ਉਸ ਨੇ ਏਲੱਥ+ ਨੂੰ ਦੁਬਾਰਾ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿਚ ਰਲ਼ਾ ਲਿਆ।+
23 ਯਹੂਦਾਹ ਦੇ ਰਾਜੇ ਯਹੋਆਸ਼ ਦੇ ਪੁੱਤਰ ਅਮਸਯਾਹ ਦੇ ਰਾਜ ਦੇ 15ਵੇਂ ਸਾਲ ਇਜ਼ਰਾਈਲ ਦੇ ਰਾਜੇ ਯਹੋਆਸ਼ ਦਾ ਪੁੱਤਰ ਯਾਰਾਬੁਆਮ+ ਸਾਮਰਿਯਾ ਵਿਚ ਰਾਜਾ ਬਣਿਆ ਅਤੇ ਉਸ ਨੇ 41 ਸਾਲ ਰਾਜ ਕੀਤਾ। 24 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਸਾਰੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 25 ਉਸ ਨੇ ਲੇਬੋ-ਹਮਾਥ*+ ਤੋਂ ਲੈ ਕੇ ਅਰਾਬਾਹ ਦੇ ਸਮੁੰਦਰ*+ ਤਕ ਇਜ਼ਰਾਈਲ ਦੇ ਸਾਰੇ ਇਲਾਕੇ ਨੂੰ ਵਾਪਸ ਲੈ ਲਿਆ। ਇਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਗਥ-ਹੇਫਰ+ ਵਿਚ ਰਹਿਣ ਵਾਲੇ ਆਪਣੇ ਸੇਵਕ ਯੂਨਾਹ+ ਨਬੀ ਰਾਹੀਂ ਕਿਹਾ ਸੀ ਜੋ ਅਮਿੱਤਈ ਦਾ ਪੁੱਤਰ ਸੀ। 26 ਯਹੋਵਾਹ ਨੇ ਦੇਖਿਆ ਸੀ ਕਿ ਇਜ਼ਰਾਈਲ ʼਤੇ ਕਿੰਨਾ ਅਤਿਆਚਾਰ ਹੋ ਰਿਹਾ ਸੀ।+ ਇਜ਼ਰਾਈਲ ਦੀ ਮਦਦ ਕਰਨ ਲਈ ਕੋਈ ਨਹੀਂ ਰਿਹਾ, ਇੱਥੋਂ ਤਕ ਕਿ ਬੇਸਹਾਰਾ ਤੇ ਕਮਜ਼ੋਰ ਵੀ ਨਹੀਂ। 27 ਪਰ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਆਕਾਸ਼ ਹੇਠੋਂ ਇਜ਼ਰਾਈਲ ਦਾ ਨਾਂ ਨਹੀਂ ਮਿਟਣ ਦੇਵੇਗਾ।+ ਇਸ ਲਈ ਉਸ ਨੇ ਯਹੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੀਂ ਉਨ੍ਹਾਂ ਨੂੰ ਬਚਾ ਲਿਆ।+
28 ਯਾਰਾਬੁਆਮ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ, ਉਸ ਦੀ ਤਾਕਤ, ਉਹ ਕਿਵੇਂ ਲੜਿਆ ਅਤੇ ਉਸ ਨੇ ਕਿਵੇਂ ਦਮਿਸਕ+ ਤੇ ਹਮਾਥ+ ਨੂੰ ਇਜ਼ਰਾਈਲ ਦੇ ਯਹੂਦਾਹ ਵਿਚ ਦੁਬਾਰਾ ਰਲ਼ਾ ਲਿਆ, ਇਸ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 29 ਫਿਰ ਯਾਰਾਬੁਆਮ ਆਪਣੇ ਪਿਉ-ਦਾਦਿਆਂ ਯਾਨੀ ਇਜ਼ਰਾਈਲ ਦੇ ਰਾਜਿਆਂ ਨਾਲ ਸੌਂ ਗਿਆ; ਉਸ ਦਾ ਪੁੱਤਰ ਜ਼ਕਰਯਾਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ।