ਮੱਤੀ ਮੁਤਾਬਕ ਖ਼ੁਸ਼ ਖ਼ਬਰੀ
4 ਫਿਰ ਪਵਿੱਤਰ ਸ਼ਕਤੀ ਨੇ ਯਿਸੂ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ ਜਿੱਥੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।+ 2 ਯਿਸੂ ਨੂੰ 40 ਦਿਨ ਤੇ 40 ਰਾਤਾਂ ਵਰਤ ਰੱਖਣ ਤੋਂ ਬਾਅਦ ਭੁੱਖ ਲੱਗੀ। 3 ਉਦੋਂ ਸ਼ੈਤਾਨ ਉਸ ਨੂੰ ਭਰਮਾਉਣ+ ਆਇਆ ਤੇ ਕਹਿਣ ਲੱਗਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।” 4 ਪਰ ਉਸ ਨੇ ਜਵਾਬ ਦਿੱਤਾ: “ਇਹ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ* ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।’”+
5 ਇਸ ਤੋਂ ਬਾਅਦ, ਸ਼ੈਤਾਨ ਉਸ ਨੂੰ ਪਵਿੱਤਰ ਸ਼ਹਿਰ+ ਵਿਚ ਲੈ ਗਿਆ ਅਤੇ ਉਸ ਨੂੰ ਮੰਦਰ ਦੀ ਇਕ ਬਹੁਤ ਉੱਚੀ ਕੰਧ* ਉੱਤੇ ਖੜ੍ਹਾ ਕਰ ਕੇ+ 6 ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਛਾਲ ਮਾਰ ਦੇ ਕਿਉਂਕਿ ਇਹ ਲਿਖਿਆ ਹੈ: ‘ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ’ ਅਤੇ ‘ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।’”+ 7 ਯਿਸੂ ਨੇ ਉਸ ਨੂੰ ਕਿਹਾ: “ਇਹ ਵੀ ਲਿਖਿਆ ਹੈ: ‘ਤੂੰ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਨਾ ਪਰਖ।’”+
8 ਫਿਰ ਸ਼ੈਤਾਨ ਉਸ ਨੂੰ ਆਪਣੇ ਨਾਲ ਬਹੁਤ ਹੀ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ।+ 9 ਇਸ ਤੋਂ ਬਾਅਦ ਸ਼ੈਤਾਨ ਨੇ ਉਸ ਨੂੰ ਕਿਹਾ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।” 10 ਪਰ ਯਿਸੂ ਨੇ ਉਸ ਨੂੰ ਕਿਹਾ: “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ ਕਿਉਂਕਿ ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਮੱਥਾ ਟੇਕ+ ਅਤੇ ਉਸੇ ਇਕੱਲੇ ਦੀ ਹੀ ਭਗਤੀ* ਕਰ।’”+ 11 ਫਿਰ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ+ ਅਤੇ ਦੇਖੋ! ਦੂਤ ਆ ਕੇ ਉਸ ਦੀ ਸੇਵਾ ਕਰਨ ਲੱਗ ਪਏ।+
12 ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ,+ ਤਾਂ ਉਹ ਗਲੀਲ ਨੂੰ ਚਲਾ ਗਿਆ।+ 13 ਫਿਰ ਉਹ ਨਾਸਰਤ ਛੱਡ ਕੇ ਕਫ਼ਰਨਾਹੂਮ+ ਵਿਚ ਰਹਿਣ ਲੱਗ ਪਿਆ ਜੋ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕਿਆਂ ਵਿਚ ਪੈਂਦੀ ਝੀਲ ਦੇ ਕੰਢੇ ਉੱਤੇ ਹੈ 14 ਤਾਂਕਿ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਵੇ: 15 “ਹੇ ਗ਼ੈਰ-ਯਹੂਦੀਆਂ ਦੇ ਗਲੀਲ, ਹਾਂ, ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ, ਜੋ ਸਮੁੰਦਰ ਦੇ ਰਾਹ ʼਤੇ ਅਤੇ ਯਰਦਨ ਦੇ ਦੂਸਰੇ ਪਾਸੇ ਹੈਂ! 16 ਹਨੇਰੇ ਵਿਚ ਬੈਠੇ ਲੋਕਾਂ ਨੇ ਵੱਡਾ ਚਾਨਣ ਦੇਖਿਆ ਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ+ ਹੋਇਆ।”+ 17 ਉਸ ਸਮੇਂ ਤੋਂ ਯਿਸੂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”+
18 ਗਲੀਲ ਦੀ ਝੀਲ ਦੇ ਕੰਢੇ ਉੱਤੇ ਤੁਰਦਿਆਂ ਉਸ ਨੇ ਦੋ ਮਛੇਰੇ+ ਭਰਾਵਾਂ ਨੂੰ ਪਾਣੀ ਵਿਚ ਜਾਲ਼ ਪਾਉਂਦਿਆਂ ਦੇਖਿਆ; ਇਕ ਦਾ ਨਾਂ ਸ਼ਮਊਨ ਉਰਫ਼ ਪਤਰਸ+ ਸੀ ਅਤੇ ਦੂਜੇ ਦਾ ਨਾਂ ਅੰਦ੍ਰਿਆਸ। 19 ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।”+ 20 ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ* ਪਏ।+ 21 ਅੱਗੇ ਜਾ ਕੇ ਉਸ ਨੇ ਹੋਰ ਦੋ ਭਰਾਵਾਂ ਯਾਕੂਬ ਅਤੇ ਯੂਹੰਨਾ+ ਨੂੰ ਦੇਖਿਆ। ਉਹ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿਚ ਆਪਣੇ ਜਾਲ਼ ਠੀਕ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਬੁਲਾਇਆ।+ 22 ਉਹ ਉਸੇ ਵੇਲੇ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।
23 ਫਿਰ ਯਿਸੂ ਪੂਰੇ ਗਲੀਲ ਵਿਚ ਗਿਆ+ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ+ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬੀਮਾਰੀ ਤੇ ਸਰੀਰ ਦੀ ਕਮਜ਼ੋਰੀ ਨੂੰ ਠੀਕ ਕੀਤਾ।+ 24 ਪੂਰੇ ਸੀਰੀਆ ਵਿਚ ਉਸ ਬਾਰੇ ਖ਼ਬਰ ਫੈਲ ਗਈ ਅਤੇ ਲੋਕ ਉਨ੍ਹਾਂ ਸਾਰਿਆਂ ਲੋਕਾਂ ਨੂੰ ਉਸ ਕੋਲ ਲੈ ਕੇ ਆਏ ਜੋ ਕਸ਼ਟ ਸਹਿ ਰਹੇ ਸਨ ਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੁਖੀ ਸਨ,+ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ+ ਅਤੇ ਜਿਹੜੇ ਮਿਰਗੀ+ ਦੇ ਰੋਗੀ ਤੇ ਅਧਰੰਗੀ ਸਨ। ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। 25 ਇਸ ਕਰਕੇ ਗਲੀਲ, ਦਿਕਾਪੁਲਿਸ,* ਯਰੂਸ਼ਲਮ ਤੇ ਯਹੂਦਿਯਾ ਤੋਂ ਅਤੇ ਯਰਦਨ ਦਰਿਆ ਦੇ ਦੂਜੇ ਪਾਸਿਓਂ ਭੀੜਾਂ ਦੀਆਂ ਭੀੜਾਂ ਉਸ ਦੇ ਮਗਰ-ਮਗਰ ਤੁਰ ਪਈਆਂ।